
ਪੰਜ ਪਿਆਰਿਆਂ ਦੀ ਸਾਜਨਾ ਕਰ ਕੇ ਗੁਰੂ ਜੀ ਨੇ ਅੰਮ੍ਰਿਤ ਦੀ ਪਹੁਲ ਛਕਾ ਕੇ ਖ਼ਾਲਸਾ ਪੰਥ ਦੀ ਰਚਨਾ ਕੀਤੀ। ਇਹ ਪੰਜ ਪਿਆਰੇ ਗੁਰੂ ਦੇ ਉਹ ਸਿਧਾਂਤ ਸਨ ਜੋ ਸਮੇਂ ਦੀ ਲੋੜ ਬਣੇ-ਦਇਆ, ਧਰਮ, ਹਿੰਮਤ, ਮੋਕਮ ਅਤੇ ਸਾਹਿਬਤਾ। ਅਨੰਦਪੁਰ ਦੀ ਧਰਤੀ ’ਤੇ ਹੋਇਆ ਇਹ ਅਲੌਕਿਕ ਦ੍ਰਿਸ਼ ਵਿਲੱਖਣਤਾ ਦੀ ਪਛਾਣ ਬਣ ਗਿਆ। ਅੰਮ੍ਰਿਤ ਸੰਚਾਰ ਦੌਰਾਨ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣਾ ਸਿੱਖ ਇਤਿਹਾਸ ਦਾ ਕ੍ਰਾਂਤੀਕਾਰੀ ਪਲ ਸੀ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ੁਰੂ ਕੀਤਾ ਗਿਆ ਇਹ ਸਮਾਗਮ ਸਿੱਖ ਭਾਈਚਾਰੇ ਲਈ ਨਵੀਂ ਨੀਵ ਬਣ ਗਿਆ। ਖੰਡੇ ਨਾਲ ਹਿਲਾ ਕੇ ਤਿਆਰ ਕੀਤਾ ਗਿਆ ਅੰਮ੍ਰਿਤ ਪੰਜ ਪਿਆਰਿਆਂ ਦੀ ਸ਼ੁੱਧਤਾ ਤੇ ਖ਼ਾਲਸੇ ਦੀ ਸ਼ੁਰੂਆਤ ਦਾ ਪ੍ਰਤੀਕ ਸੀ।
ਇਹ ਸੰਸਕਾਰ, ਜਿਸ ਨੇ ਰੂਹਾਨੀ ਤੇ ਜੰਗੀ ਤੱਤ ਨੂੰ ਜੋੜਿਆ, ਖ਼ਾਲਸੇ ਦੇ ਜਨਮ ਦਾ ਸੰਕੇਤ ਬਣਿਆ। ਪੰਜ ਪਿਆਰੇ ਪਵਿੱਤਰਤਾ, ਹਿੰਮਤ ਤੇ ਸ਼ਰਧਾ ਨਾਲ ਜੀਵਨ ਜਿਉਣ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਦੀ ਸਾਜਨਾ ਏਕਤਾ ਤੇ ਸਮਾਨਤਾ ਦੇ ਸਿਧਾਂਤਾਂ ’ਤੇ ਆਧਾਰਤ ਸੀ ਜਿੱਥੇ ਜਾਤ ਤੇ ਵਰਗ ਦੀਆਂ ਰੁਕਾਵਟਾਂ ਨੂੰ ਤੋੜ ਕੇ ਹਰ ਪਿਛੋਕੜ ਦਾ ਵਿਅਕਤੀ ਖ਼ਾਲਸੇ ਦਾ ਹਿੱਸਾ ਬਣ ਸਕਦਾ ਸੀ। ਗੁਰੂ ਜੀ ਦੀ ਦ੍ਰਿਸ਼ਟੀ ਖ਼ਾਲਸੇ ਲਈ ਸਮਾਨਤਾ ਭਰੀ ਸੀ।
ਪੰਜ ਪਿਆਰੇ ਇਸ ਦ੍ਰਿਸ਼ਟੀਕੋਣ ਦੀ ਮੂਰਤੀ ਬਣੇ ਤੇ ਭਿੰਨ ਪਰ ਸੰਯੁਕਤ ਭਾਈਚਾਰੇ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਹਿੰਮਤ, ਵਚਨਬੱਧਤਾ ਤੇ ਹਉਮੈ ਤੋਂ ਪਰੇ ਹੋ ਕੇ ਸਮਰਪਣ ਦੀ ਮਿਸਾਲ ਪੇਸ਼ ਕੀਤੀ। ਸਮਾਗਮ ’ਚ ਉਨ੍ਹਾਂ ਦੀ ਭੂਮਿਕਾ ਨੇ ਨਿਰਸਵਾਰਥਤਾ ਤੇ ਸ਼ਰਧਾ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਹ ਸਿੱਖ ਭਾਈਚਾਰੇ ਲਈ ਪ੍ਰੇਰਨਾ ਦਾ ਸਰੋਤ ਬਣੇ ਜੋ ਉਨ੍ਹਾਂ ਨੂੰ ਸਿੱਖ ਸਿਧਾਂਤਾਂ ਅਨੁਸਾਰ ਜਿਉਣ ਲਈ ਪ੍ਰੇਰਿਤ ਕਰਦੇ ਹਨ। ਪੰਜ ਪਿਆਰੇ ਖ਼ਾਲਸੇ ਦੇ ਆਦਰਸ਼ ਬਣ ਗਏ ਹਨ ਜੋ ਰੂਹਾਨੀ ਤੇ ਨੈਤਿਕ ਯਾਤਰਾ ’ਚ ਸਿੱਖ ਭਾਈਚਾਰੇ ਨੂੰ ਮਾਰਗਦਰਸ਼ਨ ਦਿੰਦੇ ਹਨ। ਉਹ ਸਿੱਖ ਧਰਮ ਦੇ ਮੂਲ ਸਿਧਾਂਤਾਂ ਦੇ ਪ੍ਰਤੀਕ ਹਨ ਤੇ ਉਨ੍ਹਾਂ ਦੀ ਵਿਰਾਸਤ ਸਿਰਫ਼ ਇਤਿਹਾਸਕ ਬਹਾਦਰੀ ਤੱਕ ਸੀਮਤ ਨਹੀਂ ਰਹੀ ਸਗੋਂ ਸੰਸਾਰ ਭਰ ’ਚ ਗੂੰਜਦੀ ਰਹਿੰਦੀ ਹੈ। ਉਹ ਬਹਾਦਰੀ, ਸਮਾਨਤਾ ਤੇ ਸ਼ਰਧਾ ਦੇ ਸਥਾਈ ਆਦਰਸ਼ ਹਨ।