
ਨਵੀਂ ਦਿੱਲੀ, 9 ਅਪ੍ਰੈਲ – ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਈ ਜਾ ਚੁੱਕੀ ਆਗੂ ਸ਼ੇਖ ਹਸੀਨਾ ਨੇ ਉਨ੍ਹਾਂ ਦੀ ਪਾਰਟੀ ਆਵਾਮੀ ਲੀਗ ਦੇ ਸਮਰਥਕਾਂ ਨਾਲ ਸੋਸ਼ਲ ਮੀਡੀਆ ’ਤੇ ਗੱਲਬਾਤ ਦੌਰਾਨ ਦੇਸ਼ ਪਰਤਣ ਦਾ ਸੰਕਲਪ ਲਿਆ। ਉਨ੍ਹਾਂ ਨਾਲ ਹੀ ਵਾਅਦਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ। ਆਵਾਮੀ ਲੀਗ ਦੀ ਪ੍ਰਧਾਨ ਨੇ ਕਿਹਾ, ‘‘ਅੱਲ੍ਹਾ ਨੇ ਮੈਨੂੰ ਕਿਸੇ ਕਾਰਨ ਜਿਊਂਦਾ ਰੱਖਿਆ ਹੈ ਅਤੇ ਉਹ ਦਿਨ ਆਵੇਗਾ ਜਦੋਂ ਨਿਆਂ ਮਿਲੇਗਾ।’’ ਪਿਛਲੇ ਸਾਲ ਦੇਸ਼ ਵਿੱਚ ਰਾਖਵਾਂਕਰਨ ਵਿਵਾਦ ਨੂੰ ਲੈ ਕੇ ਹੋਏ ਬੇਮਿਸਾਲ ਵਿਦਿਆਰਥੀ ਪ੍ਰਦਰਸ਼ਨਾਂ ਤੋਂ ਬਾਅਦ ਸਰਕਾਰ ਡਿੱਗਣ ਮਗਰੋਂ ਉਨ੍ਹਾਂ ਨੇ ਭਾਰਤ ਵਿੱਚ ਸ਼ਰਨ ਲਈ।
ਉਨ੍ਹਾਂ ਕਿਹਾ, ‘‘ਮੈਂ ਇਕ ਹੀ ਦਿਨ ਵਿੱਚ ਆਪਣੇ ਪਿਤਾ, ਮਾਤਾ, ਭਰਾ ਤੇ ਸਾਰਿਆਂ ਨੂੰ ਗੁਆ ਦਿੱਤਾ ਅਤੇ ਫਿਰ ਉਨ੍ਹਾਂ ਨੇ ਸਾਨੂੰ ਦੇਸ਼ ਨਹੀਂ ਪਰਤਣ ਦਿੱਤਾ। ਮੈਨੂੰ ਆਪਣੇ ਲੋਕਾਂ ਨੂੰ ਗੁਆਉਣ ਦਾ ਦਰਦ ਹੈ। ਅੱਲ੍ਹਾ ਮੇਰੀ ਰੱਖਿਆ ਕਰਦਾ ਰਹਿੰਦਾ ਹੈ, ਸ਼ਾਇਦ ਉਹ ਮੇਰੇ ਰਾਹੀਂ ਕੁਝ ਚੰਗਾ ਕਰਵਾਉਣਾ ਚਾਹੁੰਦਾ ਹੈ। ਜਿਨ੍ਹਾਂ ਲੋਕਾਂ ਨੇ ਇਹ ਅਪਰਾਧ ਕੀਤੇ ਹਨ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਮੇਰਾ ਸੰਕਲਪ ਹੈ।’’ ਸੋਸ਼ਲ ਮੀਡੀਆ ’ਤੇ ਆਪਣੇ ਸਮਰਥਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਬੰਗਲਾਦੇਸ਼ ਸਰਕਾਰ ਦੇ ਅੰਤਰਿਮ ਮੁਖੀ ਮੁਹੰਮਦ ਯੂਨਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਅਜਿਹਾ ਵਿਅਕਤੀ ਹੈ ਜਿਸ ਨੇ ਕਦੇ ਵੀ ਲੋਕਾਂ ਨਾਲ ਪਿਆਰ ਨਹੀਂ ਕੀਤਾ।