
* ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਕੱਚ ਸੱਚ
ਯੂਨੈਸਕੋ ਦੀ ਮਰ ਰਹੀਆਂ ਬੋਲੀਆਂ ਦੀ ਲਿਸਟ ਵਿੱਚ ਪੰਜਾਬੀ ਦਾ ਨਾ ਆਉਣ ਤੋਂ ਬਾਅਦ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਇਸ ਨੂੰ ਬਚਾਉਣ ਅਤੇ ਵਿਕਸਤ ਕਰਨ ਦੇ ਨਾ ਹੇਠ ਵੀ ਚੰਗਾ ਖ਼ਾਸਾ ਕਾਰੋਬਾਰ ਵਿਸ਼ਵ ਭਰ ਵਿੱਚ ਚਲ ਰਿਹਾ ਹੈ। ਇਸ ਤੋਂ ਪਾਕਿਸਤਾਨ ਵਿਚਲਾ ਬੁੱਧੀਜੀਵੀ ਵਰਗ ਵੀ ਪਿੱਛੇ ਨਹੀਂ ਰਿਹਾ। ਹਰ ਆਏ ਦਿਨ ਉਥੇ ਪੰਜਾਬੀ ਕਾਨਫਰੰਸਾਂ ਹੋ ਰਹੀਆਂ ਹਨ। ਇਸ ਤਹਿਰੀਕ ਵਿੱਚ ਕੰਮ ਕਰਨ ਵਾਲੇ ਸਭ ਤਰ੍ਹਾਂ ਦੇ ਲੋਕ ਹਨ। ਜਿਨ੍ਹਾਂ ਵਿੱਚ ਕੁਝ ਇੱਕ ਗੰਭੀਰ ਕਿਸਮ ਦੇ ਪੰਜਾਬੀ ਵਿਦਵਾਨ ਵੀ ਹਨ ਅਤੇ ਬਹੁਤਾਤ ਵਿੱਚ ਵਗਦੀ ਗੰਗਾ ਵਿੱਚੋ ਹੱਥ ਧੋਣ ਵਾਲੇ ਲੋਕ ਵੀ ਖਾਸੀ ਗਿਣਤੀ ਵਿਚ ਸਰਗਰਮ ਹਨ। ਇਨ੍ਹਾਂ ਵਿਚ ਸ਼ੋਸ਼ਲ ਮੀਡੀਆ ਵਿੱਚ ਸਰਗਰਮ ਲੋਕ ਜੋ ਪਹਿਲਾਂ ਪਹਿਲ ਵੰਡ ਵੇਲੇ ਦੇ ਵਿਛੜਿਆਂ ਨੂੰ ਮਿਲਾਉਣ ਵਾਲੇ ਪਰਉਪਕਾਰੀ ਕੰਮ ਵਿੱਚ ਸਾਹਮਣੇ ਆਏ ਅਤੇ ਚੜ੍ਹਦੇ ਲਹਿੰਦੇ ਪੰਜਾਬ ਦੇ ਲੋਕਾਂ ਵਿਚ ਨਾਮਣਾ ਖੱਟ ਕੇ ਮਸ਼ਹੂਰ ਵੀ ਹੋਏ, ਹੁਣ ਉਹਨਾਂ ਵਿਚੋਂ ਵਧੇਰੇ ਇਸ ਲਹਿਰ ਦੇ ਸਿਰ ਸੁਆਰ ਹੋ ਕੇ ਚੰਗਾ ਬਿਜਨਸ ਕਰ ਰਹੇ ਹਨ ਅਤੇ ਇਸ ਤੇ ਕਿਸੇ ਨੂੰ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ। ਦੂਸਰੀ ਸ੍ਰੇਣੀ ਕਾਲਜ ਯੂਨੀਵਰਸਿਟੀਆਂ ਵਿੱਚ ਪੜ੍ਹਾਉਦੇ ਅਧਿਆਪਕਾਂ ਦੀ ਹੈ।
ਜਿਨ੍ਹਾਂ ਦਾ ਪਿਛੋਕੜ ਪੜ੍ਹੇ ਲਿਖੇ ਹੋਣ ਕਾਰਨ ਸੁਭਾਵਿਕ ਤੌਰ ਤੇ ਕੁੱਝ ਨਾ ਕੁੱਝ ਲਿਖਣ ਦੀ ਪ੍ਰਕਿਰਿਆ ਨਾਲ ਵੀ ਹੁੰਦਾ ਹੈ, ਉਹ ਵੀ ਇਸ ਵਿੱਚ ਸਰਗਰਮ ਭੂਮਿਕਾ ਨਿਭਾਉਦੇ ਹਨ। ਜਿੰਨ੍ਹਾਂ ਦੀ ਬਦੌਲਤ ਹਰ ਆਏ ਦਿਨ ਆਲਮੀ ਪੰਜਾਬੀ ਕਾਨਫ਼ਰੰਸਾਂ ਦਾ ਜ਼ਿਕਰ ਅਸੀਂ ਤੁਸੀਂ ਸੁਣਦੇ ਹਾਂ। ਇਸ ਵਿੱਚ ਵੀ ਬੁਰਾ ਕੁੱਝ ਵੀ ਨਹੀਂ ਪਰ ਕੁੱਝ ਇੱਕ ਨੂੰ ਛੱਡ ਦੇਈਏ ਤਾਂ ਇਹਨਾਂ ਕਾਨਫਰੰਸਾਂ ਵਿੱਚ ਵੀ ਕੁੱਝ ਕੱਢਣ ਪਾਉਣ ਲਈ ਨਹੀਂ ਹੁੰਦਾ ਹੈ, ਹਾਂ ਇੱਕ ਗੱਲ ਜ਼ਰੂਰ ਹੁੰਦੀ ਹੈ ਕੁੱਝ ਇੱਕ ਲੋਕਾਂ ਦੀ ਚੌਧਰ ਦੀ ਭੁੱਖ ਸ਼ਾਂਤ ਹੁੰਦੀ ਹੈ। ਉਸ ਤਰ੍ਹਾਂ ਪ੍ਰਾਪਤੀ ਏਨੀ ਕੁ ਹੁੰਦੀ ਹੈ ਕਿ ਬਾਹਰਲੇ ਮੁਲਕਾਂ ਤੋਂ ਆਏ ਪੰਜਾਬੀਆਂ ਵਿੱਚੋਂ ਕੁੱਝ ਕੁ ਜੋ ਪਹਿਲਾ ਹੀ ਉਹਨਾਂ ਦੇ ਸੰਪਰਕ ਵਿਚ ਹੁੰਦੇ ਹਨ ਜਾ ਸੰਪਰਕ ਕਰ ਲਏ ਜਾਂਦੇ ਹਨ, ਨੂੰ ਸਟੇਜ ਉਤੇ ਜਗਾ ਦੇ ਦਿੱਤੀ ਜਾਂਦੀ ਹੈ ਅਤੇ ਆਪੋ ਆਪਣੀ ਕਾਨਫਰੰਸ ਨੂੰ ਇਨਰਨੈਸ਼ਨਲ ਬਣਾ ਲਿਆ ਜਾਂਦਾ ਹੈ। ਕਾਲਜਾਂ ਦੇ ਪ੍ਰੋਫੈਸਰ ਲੋਕਾਂ ਨੂੰ ਇੱਕ ਹੋਰ ਵੀ ਸੁਵਿਧਾ ਹੁੰਦੀ ਹੈ ਕਿ ਇੱਕ ਤਾ ਕਾਲਜਾਂ ਵਿੱਚ ਬਣੇ ਆਡੀਟੋਰੀਅਮ, ਲੈਕਚਰ ਹਾਲ ਮੁਫ਼ਤ ਵਿੱਚ ਮਿਲ ਜਾਂਦੇ ਹਨ ਦੂਸਰਾ ਦਰਸ਼ਕਾਂ ਦੀ ਭੀੜ ਇਕੱਠੀ ਕਰਨੀ ਵੀ ਆਸਾਨ ਹੁੰਦੀ ਹੈ। ਵੱਖ ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਦਰਸ਼ਕ ਅਤੇ ਸਰੋਤੇ ਬਣਾ ਕੇ ਤਾੜੀਆਂ ਵਜਾ ਲਈਆਂ ਜਾਂਦੀਆਂ ਹਨ।
ਅੰਬਾਲੇ ਵਾਲੇ ਪੂਰਨ ਦੇ ਢਾਬੇ ਦੀ ਨਿਆਈ ਸਭ ਤੋਂ ਪੁਰਾਣੀ ਅਤੇ ਵੱਡੀ ਕਾਨਫਰੰਸ ਦੇ ਫੱਟੇ ਲਗਾ ਲਏ ਜਾਂਦੇ ਹਨ। ਵਿਦੇਸ਼ਾਂ ਵਿੱਚ ਵੀ ਇਸ ਪੰਜਾਬੀ ਲਹਿਰ ਦੇ ਆਪਣੇ ਰੰਗ ਢੰਗ ਹਨ ਪਰ ਕਾਰੋਬਾਰ ਇਥੇ ਵੀ ਚਲਦਾ ਹੈ। ਪ੍ਰੋਫੈਸਰ ਲੋਕ ਤਾਂ ਆਪਣੇ ਕੈਰੀਅਰ ਨੂੰ ਅੱਗੇ ਵਧਾਉਣ ਲਈ ਪੇਪਰ ਪੜ੍ਹਨ ਅਤੇ ਇੰਟਰਨੈਸ਼ਨਲ ਕਾਨਫ਼ਰੰਸ ਵਿਚ ਸ਼ਾਮਲ ਹੋਣ ਦੇ ਸਰਟੀਫ਼ਿਕੇਟ ਲੈਣ ਖ਼ਾਤਰ ਸ਼ਮੂਲੀਅਤ ਕਰਦੇ ਹਨ ਅਤੇ ਨਕਲ ਦੀ ਨਾਲ ਤਫ਼ਰੀਹ ਕਰਨ ਦਾ ਸ਼ਰਫ਼ ਵੀ ਹਾਂਸਲ ਹੋ ਜਾਂਦਾ ਹੈ ਪਰ ਹੁਣ ਤਾਂ ਇਹ ਮਿਆਰ ਡਿੱਗਦਾ ਡਿੱਗਦਾ ਛੋਟੇ ਛੋਟੇ ਸਕੂਲ ਪੱਧਰ ਦੇ ਮਾਸਟਰਾਂ ਅਤੇ ਕਲਰਕਾਂ ਨੂੰ ਸ਼ਾਮਲ ਕਰਨ ਅਤੇ ਕਰਵਾਉਣ ਤੀਕ ਪਹੁੰਚ ਚੁੱਕਾ ਹੈ ਇਸ ਦਾ ਮਤਲਬ ਹਰਗਿਜ਼ ਇਹ ਨਹੀਂ ਹੈ ਕਿ ਸਕੁਲ ਦੇ ਅਧਿਆਪਕ ਅਤੇ ਮਾਸਟਰ ਬੁੱਧੀ ਪੱਖੋਂ ਕਿਸੇ ਤੋਂ ਊਣੇ ਹੁੰਦੇ ਹਨ ਪਰ ਜਿਵੇ ਸ਼ਿਫਾਰਸ਼ਾ ਅਤੇ ਕਾਨਫ਼ਰੰਸ ਵਿੱਚ ਸ਼ਾਮਲ ਕਰਨ ਲਈ ਵੀਜ਼ੇ ਲਗਵਾਉਣ ਦੇ ਵੱਖਰੇ ਅੰਦਾਜ਼ ਦੇ ਧੰਦੇ ਈਜ਼ਾਦ ਹੋ ਚੁੱਕੇ ਹਨ ਉਸ ਦੀ ਚਰਚਾ ਵੀ ਸਾਹਿਤਕ ਅਤੇ ਗੈਰ ਸਾਹਿਤਕ ਹਲਕਿਆਂ ਵਿੱਚ ਜ਼ੋਰਾਂ ਤੇ ਹੈ। ਇਥੇ ਵੀ ਮੁਕਾਬਲੇਬਾਜ਼ੀ ਅਤੇ ਸਭ ਤੋਂ ਪੁਰਾਣੀ ਅਤੇ ਅਸਲੀ ਦੁਕਾਨ ਵਾਲਾ ਕੰਮ ਚਲਦਾ ਹੈ।
ਕੋਈ 8ਵੀ ਅਤੇ ਕੋਈ 15ਵੀ ਕਾਨਫਰੰਸ ਦਾ ਦਾਹਵਾ ਠੋਕਦਾ ਹੈ ਪਰ ਪ੍ਰਾਪਤੀ ਦੇ ਨਾਂ ਹੇਠ ਕੁੱਝ ਵੀ ਨਹੀਂ। ਇਸ ਤੇ ਇਹ ਕਹਿ ਕੇ ਸਬਰ ਸੰਤੋਖ ਕਰਨਾ ਵਾਜਬ ਹੈ ਕਿ ਚਲੋ ਕੁੱਝ ਹੋਰ ਨਾ ਸਹੀ ਪੰਜਾਬੀ ਦੀ ਗੱਲ ਤਾਂ ਤੁਰਦੀ ਹੈ। ਇਹਨਾਂ ਕਾਨਫਰੰਸ ਨਾਲ ਜੁੜਦੀ ਇੱਕ ਹੋਰ ਦਿਲਚਸਪ ਗੱਲ ਇਹ ਵੀ ਹੈ ਕਿ ਇਸ ਦੌਰਾਨ ਡਾਕਟਰ ਆਫ ਲਿਟਰੇਚਰ ਦੀ ਗਿਣਤੀ ਵਿੱਚ ਭਾਰੀ ਵਾਧਾ ਨੋਟ ਕੀਤਾ ਗਿਆ ਹੈ। ਉਸ ਤਰ੍ਹਾਂ ਵੇਖਣ ਨੂੰ ਅਤੇ ਮਹਿਸੂਸ ਕਰਨ ਨੂੰ ਇਸ ਗੱਲ ਦਾ ਸੁਆਗਤ ਕਰਨਾ ਬਣਦਾ ਹੈ ਕਿ ਪੰਜਾਬੀ ਭਾਈਚਾਰੇ ਦਾ ਵਿੱਦਿਅਕ ਪੱਖ ਤੋਂ ਵਿਕਾਸ ਹੋ ਰਿਹਾ ਹੈ। ਉਸ ਤਰ੍ਹਾਂ ਇਹ ਵਰਤਾਰਾ ਕੋਈ ਬਿਲਕੁਲ ਨਵਾਂ ਨਵੇਕਲਾ ਨਹੀਂ ਹੈ। ਇਸ ਦੀਆਂ ਕਈ ਵੰਨਗੀਆਂ ਪਹਿਲਾ ਤੋਂ ਹੀ ਮੌਜੂਦ ਹਨ। ਮੈ ਜਦ ਨਵਾਂ ਨਿਵੇਲਾ ਇੱਥੇ ਕਨੇਡਾ ਵਿੱਚ ਆਇਆ ਤਾਂ ਕਿਸੇ ਸੱਜਣ ਨੇ ਮੈਨੂੰ ਲੇਖਕਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਸਾਡੇ ਸਮਾਜ ਵਿਚ ਤਿੰਨ ਤਰ੍ਹਾਂ ਦੇ ਲੇਖ਼ਕ ਅਕਸਰ ਮਿਲਦੇ ਹਨ। ਇੱਕ ਤਾਂ ਉਹ ਜਿਨ੍ਹਾਂ ਨੂੰ ਅਸੀਂ ਸੱਚ ਮੁੱਚ ਦੇ ਲੇਖਕ ਕਹਿ ਸਕਦੇ ਹਾਂ, ਜਿਨ੍ਹਾਂ ਨੇ ਆਪਣੀ ਮੌਲਿਕ ਲੇਖਣੀ ਅਤੇ ਵੱਖ ਵੱਖ ਵਿਧਾ ਵਿੱਚ ਆਪਣੀਆ ਲਿਖਤਾਂ ਰਾਹੀ ਆਪਣਾ ਮੁਕਾਮ ਖੁਦ ਬਣਾਇਆ ਹੁੰਦਾ ਹੈ। ਦੂਸਰੇ ਉਹ ਕਲਮ ਘੜੀਸ ਵੀ ਬਹੁਤ ਹਨ ਜੋ ਬਿਨਾਂ ਸਿਰ ਪੈਰ ਕਲਮ ਵਾਹੁੰਦੇ ਹਨ ਬਲਕਿ ਸਥਾਂਪਤ ਲੇਖਕਾਂ ਤੋਂ ਵਧੇਰੇ ਕਾਗਜ਼ ਕਾਲੇ ਕਰਦੇ ਹਨ।
ਜਿਨ੍ਹਾਂ ਦਾ ਅਦਬ ਨਾਲ, ਸਾਹਿਤ ਨਾਲ ਤਾਂ ਦੂਰ ਸਮਾਜਿਕ ਸਰੋਕਾਰਾਂ ਨਾਲ ਵੀ ਕੋਈ ਵਾਹ ਵਾਸਤਾ ਨਹੀਂ ਹੁੰਦਾਂ ਅਤੇ ਤੀਸਰੀ ਕਿਸਮ ਉਨ੍ਹਾਂ ਲੋਕਾਂ ਦੀ ਹੈ, ਜਿਨ੍ਹਾਂ ਲਈ ਖਾਹਮਖ਼ਾਹ ਸ਼ਬਦ ਬਹੁਤ ਢੁੱਕਦਾ ਹੈ, ਜਿਨ੍ਹਾਂ ਦਾ ਲਿਖਣ ਪ੍ਰਕਿਆਂ ਨਾਲ ਕੋਈ ਬਹੁਤਾ ਸੰਬੰਧ ਨਹੀਂ, ਪਰ ਉਹ ਹਰ ਸਾਹਿਤ ਸਭ ਵਿਚ ਮੌਜੂਦ ਹੁੰਦੇ ਹਨ, ਬਲਕਿ ਪ੍ਰਧਾਨਗੀ ਮੰਡਲ ਦਾ ਸ਼ਿੰਗਾਰ ਅਤੇ ਚੌਧਰੀ ਮਹਿਮਾ ਮੰਡਲ ਦੇ ਪ੍ਰਮੁੱਖ ਦਾਹਵੇਦਾਰ ਬਣੇ ਹੋਏ ਵੇਖਦੇ ਹਾਂ। ਆਪੇ ਬਣੇ ਲੇਖਕਾਂ ਦੀ ਇਹ ਜਮਾਤ ਜਿਨ੍ਹਾਂ ਦੀ ਸਾਹਿਤ ਵਿਚ ਕੋਈ ਭਾਗੀਦਾਰੀ ਹੈ ਹੀ ਨਹੀਂ ਅੱਜ ਕੱਲ ਹਰ ਜਗਾ ਵਧੇਰੇ ਨਜ਼ਰ ਆਉਂਦੀ ਹੈ, ਪਰ ਇਹ ਸਭ ਆਪਣੇ ਆਪ ਨੂੰ ਸ਼੍ਰੋਮਣੀ ਸਾਹਿਤਕਾਰ ਹੋਣ ਦਾ ਭਰਮ ਪਾਲ ਕੇ ਰੱਖਦੇ ਹਨ। ਜੇਕਰ ਹੁਣ ਦੇ ਨਕਲੀ ਡਾਕਟਰ ਆਫ ਲਿਟਰੇਚਰ ਦੇ ਵਰਤਾਰੇ ਨੂੰ ਘੜੱਮ ਚੌਧਰੀਆਂ ਦੀ ਇਸ ਜਮਾਤ ਦੀ ਕਾਢ ਅਤੇ ਮਜਬੂਰੀ ਵਜੋਂ ਸਮਝ ਸਕੀਏ ਤਾ ਠੀਕ ਰਹੇਗਾ। ਸ਼ੁਰੂ ਸ਼ੁਰੂ ਵਿੱਚ ਕੁੱਝ ਗਿਣਵੇਂ ਚੁਣਵੇਂ ਲੋਕ ਆਪਣੇ ਆਪ ਨੂੰ ਪੀਐਚ ਡੀ ਹੋਣ ਦੀ ਝੂਠੀ ਦਾਹਵੇਦਾਰੀ ਵਜੋਂ ਪੇਸ਼ ਕਰਦੇ ਸਨ। ਪਰ ਇਹ ਲੋਕ ਆਪੇ ਹੀ ਆਪਣਾ ਭਾਂਡਾ ਚੋਰਾਹੇ ਵਿਚ ਭੰਨ ਬੈਠਦੇ ਸਨ, ਇੱਕ ਆਪੋ ਬਣਿਆ ਪੀਐਚ ਡੀ ਦੂਸਰੇ ਆਪਣੇ ਵਰਗੇ ਅਜਿਹੇ ਬੰਦੇ ਬਾਰੇ ਕਾਨਾਫੂਸੀ ਕਰਦਾ ਕਹਿੰਦਾ ਰਹਿਣ ਦਿਓ ਜੀ ਮੈ ਤਾ ਇਹਨੂੰ ਚਿਰ ਤੋਂ ਜਾਂਣਦਾ ਕਿਥੋਂ ਕੀਤੀ ਹੈ, ਇਹਨੇ ਪੀਐਚ ਡੀ, ਸਭ ਝੂਠ ਹੈ ਅਤੇ ਦੂਸਰਾ ਇਸੇ ਤਰ੍ਹਾਂ ਪਹਿਲੇ ਬਾਰੇ ਕਹਿੰਦਾ ਅਤੇ ਕਰਦਾ।
ਇਸ ਤਰਾਂ ਦੋਵਾਂ ਦਾ ਕੱਚਾ ਭਾਂਡਾ ਭੱਜ ਜਾਂਦਾ ‘ਤੇ ਨੰਗ ਸਾਹਮਣੇ ਆ ਜਾਂਦਾ ਪਰ ਸਾਡੇ ਸਮਾਜ ਵਿੱਚ ਅਜਿਹੇ ਲੋਕਾਂ ਨੂੰ ਪ੍ਰਵਾਨ ਕਰ ਲੈਣ ਦੀ ਆਦਤ ਹੈ ਕਿਉਂਕਿ ਸਾਡੇ ਸੱਭਿਆਚਾਰ ਵਿੱਚ ਕਿਸੇ ਦੀ ਨਿੰਦਾ ਕਰਨ ਦੀ ਸਖ਼ਤ ਮਨਾਹੀ ਹੈ। ਫਿਰ ਉਹਨਾਂ ਨੂੰ ਸਾਹਿਤ ਸਭਾਵਾਂ ਦੇ ਸਟੇਜ਼ ਸੰਚਾਲਕ ਡਾਕਟਰ ਸਾਹਿਬ ਨਾਂ ਨਾਲ ਸੰਬੋਧਨ ਕਰਕੇ ਸਟੇਜ ‘ਤੇ ਆਉਣ ਦਾ ਸੱਦਾ ਦਿੰਦੇ ਹਨ, ਜਿਸ ਨਾਲ ਉਹਨਾਂ ਦੇ ਡਾਕਟਰ ਹੋਣ ਦੀ ਪੱਕੀ ਮੋਹਰ ਵੀ ਲੱਗ ਜਾਂਦੀ ਹੈ ਅਤੇ ਉਹਨਾਂ ਲੋਕ ਦਾ ਹੌਸਲਾ ਹੋਰ ਵੀ ਪਰਪੱਕ ਹੋ ਜਾਂਦਾ ਮਜੇ ਦੀ ਗੱਲ ਇਹ ਹੈ ਕਿ ਐਡਾ ਵੱਡਾ ਝੂਠ ਉਹ ਲੋਕ ਏਨੇ ਹੌਸਲੇ ਨਾਲ ਬੋਲਣ ਦੇ ਮਾਹਿਰ ਬਣ ਜਾਂਦੇ ਹਨ ਕਿ ਕੋਈ ਸ਼ੱਕ ਸੁਭਾ ਕਰਨਾ ਵਾਜਬ ਹੀ ਨਹੀਂ ਰਹਿੰਦਾ। ਇੱਕ ਦੋ ਮੌਕਿਆਂ ਤੇ ਸਟੇਜ ਸਕੱਤਰ ਸਾਹਿਬ ਨੂੰ ਮੇਰੇ ਵਰਗੇ ਕਿਸੇ ਨੇ ਇਹ ਕਹਿ ਕਿ ਵੀ ਵੇਖਿਆ ਹੈ ਕਿ ਇਸ ਤਰ੍ਹਾਂ ਨਾਲ ਸਾਹਮਣੇ ਬੈਠੇ ਉਹਨਾਂ ਲੋਕ ਦੀ ਤੋਹੀਨ ਹੁੰਦੀ ਹੈ, ਜਿਨ੍ਹਾਂ ਨੇ ਮਿਹਨਤ ਭਰਪੂਰ ਖੋਜ ਕਾਰਜ ਕਰਕੇ ਇਹ ਸਭ ਪ੍ਰਾਪਤ ਕੀਤਾ ਹੁੰਦਾ ਹੈ ਅਤੇ ਡਾਕਟਰ ਅਖਵਾਉਣ ਦੇ ਅਸਲੀ ਹੱਕਦਾਰ ਹਨ । ਮੈ ਇਹ ਵੀ ਜਾਨਣਾ ਚਾਹਿਆ ਕਿ ਤੁਹਾਨੂੰ ਇਨ੍ਹਾਂ ਦੀ ਪੀਐਚ ਡੀ ਬਾਰੇ ਕਿੰਨੀ ਕੁ ਜਾਣਕਾਰੀ ਹੈ ਤਾਂ ਜੁਆਬ ਇਹ ਸੀ ਕਿ ਉਹ ਖੁਦ ਆਪਣੇ ਆਪ ਨੂੰ ਡਾਕਟਰ ਲਿਖਦੇ ਹਨ ਏਨਾ ਕਿ ਘੱਟ ਹੈ । ਇੱਕ ਦਿਲਚਸਪ ਕਿੱਸਾ ਤੁਹਾਡੇ ਨਾਲ ਸਾਂਝਾ ਕਰਨਾ ਕੁਥਾਂ ਨਹੀਂ ਹੋਵੇਗਾ।
ਮੇਰਾ ਇੱਕ ਮਿੱਤਰ ਪਿਆਰਾ ਅਜਿਹਾ ਡਾਕਟਰ ਹੋਣ ਦਾ ਦਾਹਵੇਦਾਰ ਹੈ ਅਤੇ ਉਹ ਹਮੇਸ਼ਾ ਓਪਰਿਆਂ ਦੀ ਮਹਿਫਲ ਵਿੱਚ ਇਹ ਦਾਹਵਾ ਠੋਕ ਕੇ ਆਪਣੀ ਪੈਂਠ ਬਨਵਾਉਣ ਦਾ ਮਾਹਿਰ ਵਿਅਕਤੀ ਹੈ। ਕਹਿਣ ਨੂੰ ਅਸੀਂ ਐਨ ਆਰ ਆਈ ਵੱਡੀਆਂ ਵੱਡੀਆਂ ਉਪਦੇਸ਼ ਭਰੀਆਂ ਗੱਲਾਂ ਕਰਕੇ ਪਿੱਛੇ ਛੱਡੇ ਮੁਲਕ ਦੀਆਂ ਬੁਰਾਈਆਂ ਨੂੰ ਭੰਡਦੇ ਨਹੀਂ ਥੱਕਦੇ ਅਤੇ ਉਥੇ ਵੱਸਦੇ ਲੋਕਾਂ ਨੂੰ ਭੈੜੀਆਂ ਆਦਤਾਂ ਦੇ ਸ਼ਿਕਾਰ ਦੱਸਦੇ ਹੀ ਰਹਿੰਦੇ ਹਾਂ ਪਰ ਖੁਦ ਉਹਨਾਂ ਕੁਰੀਤੀਆਂ ਤੋਂ ਬਾਹਰ ਨਹੀਂ ਨਿਕਲ ਸਕੇ। ਆਪਣੇ ਦੋਸਤ ਅਤੇ ਆਪੇ ਬਣੇ ਡਾਕਟਰ ਦਾ ਦਿਲਚਸਪ ਕਿੱਸਾ ਸਾਂਝਾ ਕਰਦਾ ਹਾਂ। ਅਸੀਂ ਇਕੱਠੇ ਕਿਧਰੇ ਇੱਥੇ ਕਨੇਡਾ ਵਿੱਚ ਜਾਬ ਕਰਦੇ ਸੀ ਅਤੇ ਮੇਰੇ ਮਿੱਤਰ ਨੇ ਇਹੀ ਗੱਪ ਇੱਕ ਪਾਕਿਸਤਾਨੀ ਦੋਸਤ ਅੱਗੇ ਹਾਕ ਦਿੱਤੀ ਉਸ ਦੀ ਬਦਕਿਸਮਤੀ ਵੇਖੋ ਕਿ ਅੱਗੋਂ ਪਾਕਿਸਤਾਨੀ ਮਿੱਤਰ ਪੀਐਚ ਡੀ ਦੇ ਨਿਯਮਾਂ ਅਤੇ ਕਾਰਜ਼ ਸ਼ੈਲੀ ਦਾ ਥੋੜ੍ਹਾ ਬਹੁਤ ਜਾਣੂ ਸੀ, ਉਸ ਨੇ ਸਹਿਜ ਸੁਭਾਅ ਹੀ ਪੁੱਛ ਲਿਆ ਤੁਹਾਡਾ ਪੀਐਚ ਡੀ ਦਾ ਸਨਾਪਿਜ਼ ਕਿਹੜਾ ਸੀ। ਸਾਡੇ ਅਖੌਤੀ ਡਾਕਟਰ ਵੀਰ ਦਾ ਉੱਤਰ ਵੀ ਬੜਾ ਮਜ਼ੇਦਾਰ ਸੀ ਆਖਣ ਲੱਗਾ ਜੀ ਬੜੀ ਦੇਰ ਹੋ ਗਈ ਹੁਣ ਏਨੇ ਚਿਰ ਬਾਅਦ ਕਿਥੇ ਯਾਦ ਰਹਿੰਦਾ, ਇਹ ਸਭ ਕੁੱਝ ਪਾਠਕ ਸਮਝ ਸਕਦੇ ਹਨ ਕਿ ਇਹ ਅੰਦਾਜ਼ਾ ਲਗਾਉਣਾ ਕਿੰਨਾ ਕੁ ਮੁਸ਼ਕਲ ਕੰਮ ਹੈ ਕਿ ਉਸ ਪੀਐਚ ਡੀ ਵਾਲੇ ਭੱਦਰਪੁਰਸ਼ ਦੀ ਦਾਹਵੇਦਾਰੀ ਵਿੱਚ ਕਿੰਨਾ ਕੁ ਦਮ ਖ਼ਮ ਹੈ ਪਰ ਸਭ ਉਸ ਨੂੰ ਡਾਕਟਰ ਸਾਹਿਬ ਕਹਿ ਕੇ ਸੰਬੋਧਨ ਹੁੰਦੇ ਹਨ।
ਇਸ ਤੋਂ ਇਲਾਵਾ ਇਹਨਾਂ ਪੀਐਚ ਡੀ ਵਾਲੇ ਡਾਕਟਰਾਂ ਦੀ ਇੱਕ ਜਮਾਤ ਅਜਿਹੀ ਵੀ ਹੈ ਜਿਨ੍ਹਾਂ ਨੂੰ ਪੁਰਾਣੇ ਸਮਿਆਂ ਵਿੱਚ ਸਿਆਣੇ ਲੋਕ ਛੋਲੇ ਦੇ ਕੇ ਪਾਸ ਹੋਏ ਕਹਿੰਦੇ ਹੁੰਦੇ ਸਨ। ਜਿਨ੍ਹਾਂ ਕੋਲ ਯੂਨੀਵਰਿਸਟੀਆਂ ਵਲੋਂ ਪ੍ਰਦਾਨ ਕੀਤੀ ਡਿਗਰੀ ਤਾਂ ਹੈ ਪਰ ਵਿਦਵਤਾ ਪੱਖੋਂ ਉਹ ਊਣੇ ਹੀ ਹਨ। ਇਹਨਾਂ ਵਿਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਆਪ ਕੋਈ ਖ਼ੋਜ ਦਾ ਕੰਮ ਕੀਤਾ ਹੀ ਨਹੀਂ ਹੁੰਦਾ। ਪੰਜਾਬੀ ਯੂਨੀਵਰਿਸਟੀ ਦੇ ਸਾਬਕਾ ਉਪ ਕੁਲਪਤੀ ਅਰਵਿੰਦ ਅਨੁਸਾਰ ਮਟੀਰੀਅਲ ਇਕੱਠਾ ਕਰਕੇ ਥੀਸਿਜ਼ ਲਿਖ ਲੈਣ ਜਾ ਛਪਵਾ ਲੈਣ ਨੂੰ ਡਾਕਟਰੇਟ ਦੀ ਡਿਗਰੀ ਦਾ ਅਧਾਰ ਬਣਾਇਆ ਗਿਆ ਹੈ, ਉਹ ਪੁੱਛਦੇ ਹਨ ਇਸ ਸਭ ਕਾਸੇ ਵਿਚ ਖ਼ੋਜ ਹੈ ਕਿੱਥੇ ? ਅਤੇ ਕੁੱਝ ਹੋਰ ਆਪਣੇ ਗਾਇਡ ਦੀ ਖੁਸ਼ਾਮਦ ਜਾਂ ਹੋਰ ਕੁੱਝ ਦਾਅ ਪੇਚ ਵਰਤ ਕੇ ਇਹ ਡਿਗਰੀਆਂ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਂਦੇ ਹਨ। ਤੁਸੀਂ ਕਦੀ ਅਜਿਹੇ ਡਾਕਟਰਾਂ ਦੀ ਸੰਗਤ ਵਿਚ ਬੈਠੋਗੇ ਤਾਂ ਪਤਾ ਲੱਗੇਗਾ ਕਿ ਫਲਾਂ ਫਲਾਂ ਵਿਅਕਤੀ ਨੇ ਕਿਵੇਂ ਕਿਵੇਂ ਜੋੜ ਤੋੜ ਕਰਕੇ ਸਫਲਤਾ ਹਾਸਲ ਕੀਤੀ ਹੋਈ ਹੈ।
ਯੂਨੀਵਰਿਸਟੀਆਂ ਵਿੱਚ ਭਰਿਸ਼ਟ ਵਿਦਵਾਨਾਂ ਦੀ ਗਿਣਤੀ ਵੀ ਕਾਫੀ ਹੈ ਜੋ ਗਾਇਡ ਦਾ ਕੰਮ ਪੇਸ਼ੇਵਰ ਵਿਅਕਤੀ ਦੇ ਤੌਰ ਤੇ ਕਰਦੇ ਹਨ। ਇਹੋ ਜਿਹਾ ਇੱਕ ਹੀ ਅਖੌਤੀ ਵਿਦਵਾਨ ਹੋਰ ਕਈ ਆਪਣੇ ਵਰਗੇ ਸ਼ਗਿਰਦਾ ਨੂੰ ਗੁਪਤ ਅਯੋਗ ਤੌਰ ਤਰੀਕਿਆਂ ਨੂੰ ਵਰਤ ਕੇ ਡਿਗਰੀਆਂ ਦਿਵਾਉਂਦਾ ਹੈ। ਇਸਤਰੀ ਰਿਸਰਚ ਫੈਲੋ, ਔਰਤ ਵਿਦਿਆਰਥੀਆਂ ਅਤੇ ਪਰਅਧਿਆਪਕਾਵਾਂ ਨੂੰ ਹੋਰ ਵੀ ਕਠਿਨ ਹਲਾਤਾਂ ਦਾ ਸਾਹਮਣਾ ਕਰਨ ਦੇ ਕਿੱਸੇ ਸੁਣਨ ਵਿਚ ਆਉਦੇ ਰਹਿੰਦੇ ਹਨ ਬਹੁਤ ਵੇਰ ਤਾ ਸਰੀਰਕ ਸਮਝੌਤਿਆਂ ਦੀ ਗੱਲ ਵੀ ਚਲਦੀ ਹੈ। ਹੁਣ ਤਾਂ ਕਈ ਅਜਿਹੇ ਡਾਕਟਰੇਟ ਦੀ ਡਿਗਰੀ ਵਾਲੇ ਵਿਦਵਾਨ ਲੋਕਾਂ ਦੇ ਨਾਂ ਵੀ ਨਸ਼ਰ ਹੋ ਚੁੱਕੇ ਹਨ, ਜਿਨ੍ਹਾਂ ਨੇ ਦੂਸਰਿਆਂ ਦੇ ਕੀਤੇ ਕੰਮ ਨੂੰ ਹੀ ਹੂ- ਬ- ਹੁ ਕਾਪੀ ਕਰਕੇ ਡਿਗਰੀਆਂ ਹਾਂਸਲ ਕੀਤੀਆਂ ਹੋਈਆਂ ਹਨ। ਬੁੱਧ ਸਿੰਘ ਨੀਲੋਂ ਵਰਗੇ ਬੇਬਾਕ ਅਤੇ ਸੁਹਿਰਦ ਲੇਖਕਾਂ ਨੇ ਇਹਨਾਂ ਲੋਕਾਂ ਦੇ ਕੱਚੇ ਚਿੱਠੇ ਸਬੂਤ ਸਾਹਿਤ ਨਸ਼ਰ ਕੀਤੇ ਹੋਏ ਹਨ।
ਉਹਨਾਂ ਦਾ ਕਹਿਣਾ ਹੈ ਕਿ ਅੱਜ ਦੇ ਜਮਾਨੇ ਵਿਚ ਪੀਐਚ ਡੀ ਇੱਕ ਝੂਠ ਦੀ ਦੁਕਾਨ ਤੋਂ ਵੱਧ ਕੁੱਝ ਵੀ ਨਹੀਂ। ਉਹ ਦਾਹਵਾ ਕਰਦੇ ਹਨ ਕਿ 1990 ਤੋਂ ਬਾਅਦ ਇਹ ਕੰਮ ਜ਼ੋਰਾਂ ਤੇ ਚੱਲਿਆ ਹੈ ਬਹੁਤਾਤ ਵਿਚ ਲੋਕਾਂ ਨੇ ਪੁਰਾਣੇ ਵਿਦਵਾਨਾਂ ਦੇ ਖੋਜ ਕੀਤੇ ਕੰਮ ਨੂੰ ਕਾਪੀ ਕਰਕੇ ਬੁੱਤਾ ਸਾਰਿਆਂ ਹੈ , ਪਰ ਜਦੋ ਸਮਾਜ ਦੇ ਹਰ ਵਰਗ ਦੀ ਨੈਤਿਕਤਾ ਦਾ ਬੁਰਾ ਹਾਲ ਹੋਵੇ ਕਿਸੇ ਇੱਕ ਵਰਗ ਤੋਂ ਸਚਾਈ ਅਤੇ ਉਚ ਕਦਰਾਂ ਕੀਮਤਾਂ ਦੀ ਉਮੀਦ ਪਾਲਣੀ ਵਾਜਬ ਨਹੀਂ ਹੈ ਇਸ ਲਈ ਇੱਥੇ ਵੀ ਸਭ ਚਲਦਾ ਹੈ ਵਾਲਾ ਫ਼ਾਰਮੂਲਾ ਅਪਲਾਈ ਹੁੰਦਾ ਹੈ। ਜਦੋਂ ਦਾ ਆਲਮੀ ਪੰਜਾਬੀ ਕਾਨਫਰੰਸਾਂ ਦਾ ਦੌਰ ਚੱਲਿਆ ਹੈ ਇਸ ਜਮਾਤ ਵਿੱਚ ਨਵੇਂ ਨਵੇਲੇ ਡਾਕਟਰਾਂ ਦੀ ਚੋਖੀ ਮਿਕਦਾਰ ਵਿੱਚ ਸ਼ਮੂਲੀਅਤ ਹੋਈ ਹੈ। ਹੁਣ ਤਾਂ ਇਥੇ ਵਿਦੇਸ਼ਾ ਵਿੱਚ ਦੰਦ ਕਥਾਵਾਂ ਚਲ ਰਹੀਆਂ ਹਨ ਕਿ 25-30 ਹਜ਼ਾਰ ਡਾਲਰਾਂ ਦੀ ਸਮਰੱਥਾ ਵਾਲਾ ਕੋਈ ਵੀ ਵਿਅਕਤੀਭਾਵੇਂ ਉਸ ਨੇ ਕਦੀ ਕਾਲਜ ਦਾ ਮੂੰਹ ਵੀ ਨਾ ਵੇਖਿਆ ਹੋਵੇ, ਡਾਕਟਰੇਟ ਦੀ ਡਿਗਰੀ ਸੌਖਿਆਂ ਹੀ ਲੈ ਸਕਦਾ ਹੈ ਉਹ ਵੀ ਭਾਰਤ ਬੰਗਲਾ ਦੇਸ਼ ਜਾਂ ਪਾਕਿਸਤਾਨ ਵਰਗੇ ਕਿਸੇ ਪਛੜੇ ਮੁਲਕ ਦੀ ਯੂਨੀਵਰਿਸਟੀ ਵੱਲ ਝਾਕਣ ਦੋ ਲੋੜ ਤੋਂ ਬਿਨਾ, ਹੁਣ ਸਗੋਂ ਅਮਰੀਕਾ ਵਰਗੇ ਵਿਕਸਤ ਮੁਲਕਾਂ ਦੀਆਂ ਯੂਨੀਵਰਿਸਟੀਆਂ ਵਿੱਚ ਇਹ ਸੇਵਾ ਉਪਲੱਭਦ ਹੈ। ਅੱਜ ਸਾਡੇ ਤੁਹਾਡੇ ਆਲੇ ਦੁਆਲੇ ਦੇ ਸਰਕਲ ਵਿੱਚ ਕੋਈ ਪਲੰਬਰ ,ਬੇਸਮੇਂਟ ਦੀ ਮੁਰੰਮਤ ਕਰਨ ਵਾਲਾ ,ਦੁਕਾਨ ਦਾਰ ,ਹਲਵਾਈ ਜਾਂ ਨਾਈ ਡਾਕਟਰ ਸਾਹਿਬ ਅਖਵਾਉਂਦਾ ਹੋਵੇ ਤਾ ਹੈਰਾਨ ਹੋਣ ਦੀ ਲੋੜ੍ਹ ਨਹੀਂ।
ਹਰਜੀਤ ਸਿੰਘ ਗਿੱਲ
ਮੋਬਾਇਲ +91988945127
ਕਨੇਡਾ +16475420007
Er.harjeetgill@gmail.com