
ਕੁਝ ਸੀਨੀਅਰ ਪੁਲੀਸ ਅਫਸਰਾਂ ਅਤੇ ਹੋਰਨਾਂ ਸਰਕਾਰੀ ਵਿਭਾਗਾਂ ਦੇ ਕੁਝ ਅਫਸਰਾਂ ਵੱਲੋਂ ਆਪਣੇ ਜੂਨੀਅਰ ਅਫਸਰਾਂ ਅਤੇ ਮਾਤਹਿਤ ਅਮਲੇ ਦੇ ਮਾੜੇ ਆਚਰਨ ਤੇ ਖੁਨਾਮੀਆਂ ਨੂੰ ਸ਼ਹਿ ਦੇਣ, ਛੁਪਾਉਣ ਜਾਂ ਅਣਡਿੱਠ ਕਰਨ ਦਾ ਮੰਦਭਾਗਾ ਰੁਝਾਨ ਚੱਲ ਰਿਹਾ ਹੈ। ਵਫ਼ਾਦਾਰੀ ਅਤੇ ਹਮਾਇਤ ਦੀ ਗ਼ਲਤ ਧਾਰਨਾ ਨਾਲ ਅਨੁਸ਼ਾਸਨ ਭੰਗ ਹੋਣ ਅਤੇ ਅਗਾਂਹ ਅਜਿਹੇ ਮਾਤਹਿਤ ਅਮਲੇ ਵੱਲੋਂ ਘੋਰ ਦੁਰਾਚਾਰ ਲਈ ਰਾਹ ਖੁੱਲ੍ਹਦਾ ਹੈ। ਪੰਜਾਬ ਵਿੱਚ ਅੱਸੀਵਿਆਂ ਦੇ ਅਖ਼ੀਰ ਅਤੇ ਨੱਬੇਵਿਆਂ ਦੇ ਸ਼ੁਰੂ ਵਿੱਚ ਅਜਿਹਾ ਵਾਪਰਦਾ ਰਹਿੰਦਾ ਸੀ ਜਦੋਂ ਝੂਠੇ ਪੁਲੀਸ ਮੁਕਾਬਲੇ ਸੂਬਾਈ ਪੁਲੀਸ ਦਾ ਨੇਮ ਹੀ ਬਣ ਗਿਆ ਸੀ।
ਅੱਸੀਵਿਆਂ ਦੇ ਮੱਧ ਵਿੱਚ ਕੋਟਾ ਅਤੇ ਦਿੱਲੀ ਵਿਚਾਲੇ ਹਵਾਈ ਸੇਵਾ ਸ਼ੁਰੂ ਕੀਤੀ ਗਈ ਸੀ। ਹਵਾਈ ਅੱਡੇ ’ਤੇ ਬਣੇ ਛੋਟੇ ਜਿਹੇ ਸ਼ੈਲਟਰ ’ਚੋਂ ਇਸ ਦਾ ਦਫ਼ਤਰ ਚਲਦਾ ਸੀ। ਕੋਟਾ ਵਿੱਚ ਡਿਵੀਜ਼ਨ ਦੇ ਜਨਰਲ ਕਮਾਂਡਿੰਗ ਅਫਸਰ (ਜੀਓਸੀ) ਜੋ ਰਾਜਸਥਾਨ ਵਿੱਚ ਸਭ ਤੋਂ ਸੀਨੀਅਰ ਫ਼ੌਜੀ ਅਫਸਰ ਸੀ, ਨੂੰ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਤਲਾਸ਼ੀ ਲੈਣ ਲਈ ਰੋਕ ਲਿਆ ਗਿਆ। ਜੀਓਸੀ ਨੇ ਵਰਦੀ ਪਹਿਨੀ ਹੋਈ ਸੀ ਅਤੇ ਜਿੱਥੇ ਡੀਐੱਸਪੀ ਖੜ੍ਹਾ ਸੀ, ਜਦੋਂ ਜੀਓਸੀ ਉੱਥੇ ਪਹੁੰਚੇ ਸਨ ਤਾਂ ਮਿਲਟਰੀ ਪੁਲੀਸ ਦੇ ਕਰਮੀਆਂ ਸਹਿਤ ਪਾਇਲਟ ਜੀਪ ਨੂੰ ਦੇਖਿਆ ਜਾ ਸਕਦਾ ਸੀ। ਜੀਓਸੀ ਨੇ ਡੀਐੱਸਪੀ ਨੂੰ ਆਪਣੇ ਸਰੀਰ ਦੀ ਤਲਾਸ਼ੀ ਲੈਣ ਦੀ ਆਗਿਆ ਨਾ ਦਿੱਤੀ। ਡੀਐੱਸਪੀ ਕਾਫ਼ੀ ਅੜਬ ਨਿਕਲਿਆ ਤੇ ਉਸ ਨੇ ਬਦਸਲੂਕੀ ਕੀਤੀ।
ਦਿੱਲੀ ਤੋਂ ਵਾਪਸੀ ’ਤੇ ਜੀਓਸੀ ਨੇ ਜੈਪੁਰ ਵਿੱਚ ਡੀਜੀਪੀ ਨੂੰ ਉਸ ਡੀਐੱਸਪੀ ਦੇ ਵਿਹਾਰ ਬਾਰੇ ਪੱਤਰ ਲਿਖਿਆ। ਡੀਜੀਪੀ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਉਨ੍ਹਾਂ ਦੇ ਇੱਕ ਮਾਤਹਿਤ ਅਫਸਰ ਨੇ ਜਵਾਬ ਲਿਖਦਿਆਂ, ਡੀਐੱਸਪੀ ਦੇ ਵਿਹਾਰ ਨੂੰ ਸਹੀ ਠਹਿਰਾ ਦਿੱਤਾ। ਜੀਓਸੀ ਨੇ ਸਟਾਫ ਚੈਨਲਾਂ ਰਾਹੀਂ ਕੇਸ ਦੀ ਪੈਰਵੀ ਕੀਤੀ। ਅੰਤ ਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ (ਪੀਐੱਮਓ) ਨੇ ਪੁਲੀਸ ਨੂੰ ਹਦਾਇਤ ਕੀਤੀ ਕਿ ਡੀਐੱਸਪੀ ਨੂੰ ਮੁਅੱਤਲ ਕਰ ਕੇ ਉਸ ਖ਼ਿਲਾਫ਼ ਅਨੁਸ਼ਾਸਨਹੀਣਤਾ ਅਤੇ ਬੁਰੇ ਵਿਹਾਰ ਦੀ ਜਾਂਚ ਕਰਵਾਈ ਜਾਵੇ। ਬੀਤੀ 13-14 ਮਾਰਚ ਦੀ ਰਾਤ ਨੂੰ ਪਟਿਆਲਾ ਵਿੱਚ ਇੱਕ ਘਟਨਾ ਵਾਪਰੀ ਜਿਸ ਵਿੱਚ ਸਿਵਲ ਕੱਪਡਿ਼ਆਂ ਵਿੱਚ ਚਾਰ ਪੁਲੀਸ ਅਫਸਰਾਂ ਅਤੇ ਅੱਠ ਹੋਰ ਪੁਲੀਸ ਕਰਮੀਆਂ ਨੇ ਫ਼ੌਜ ਦੇ ਸੇਵਾ ਨਿਭਾਅ ਰਹੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਉਦੋਂ ਕੀਤੀ ਜਦੋਂ ਉਹ ਸੜਕ ਕਿਨਾਰੇ ਬਣੇ ਢਾਬੇ ਤੋਂ ਖਾਣਾ ਖਾ ਰਹੇ ਸਨ। ਦੱਸਿਆ ਜਾਂਦਾ ਹੈ ਕਿ ਪੁਲੀਸ ਕਰਮੀਆਂ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਕਰ ਕੇ ਸ਼ਰਾਬ ਤੋਂ ਇਲਾਵਾ ਉਨ੍ਹਾਂ ਨੂੰ ਅਥਾਰਿਟੀ ਦੇ ਨਸ਼ੇ ਦਾ ਵੀ ਅਸਰ ਰਿਹਾ ਹੋਵੇਗਾ।
ਕੀ ਕਾਰਨ ਹੈ ਕਿ ਚਾਰਾਂ ’ਚੋਂ ਕਿਸੇ ਇੱਕ ਨੇ ਵੀ ਬਾਕੀਆਂ ਨੂੰ ਕਰਨਲ ਤੇ ਉਸ ਦੇ ਪੁੱਤਰ ਉਪਰ ਹਮਲਾ ਕਰਨ ਤੋਂ ਰੋਕਣ ਦਾ ਯਤਨ ਨਹੀਂ ਕੀਤਾ। ਉਦੋਂ ਵੀ ਨਹੀਂ ਜਦੋਂ ਕਰਨਲ ਉਨ੍ਹਾਂ ਨੂੰ ਦੱਸ ਰਿਹਾ ਸੀ ਕਿ ਉਹ ਫ਼ੌਜੀ ਅਫਸਰ ਹੈ ਅਤੇ ਉਸ ਨੇ ਆਪਣਾ ਸ਼ਨਾਖਤੀ ਪੱਤਰ ਵੀ ਦਿਖਾਇਆ। ਪੁਲੀਸ ਅਫਸਰਾਂ ਤੇ ਕਰਮੀਆਂ ਨੇ ਤਦ ਵੀ ਉਸ ਨੂੰ ਕੁੱਟਣਾ ਜਾਰੀ ਰੱਖਿਆ ਅਤੇ ਉਸ ਦਾ ਸ਼ਨਾਖਤੀ ਕਾਰਡ ਵੀ ਖੋਹ ਲਿਆ। ਉਹ ਜ਼ਮੀਨ ’ਤੇ ਬੇਸੁੱਧ ਪਏ ਫ਼ੌਜੀ ਅਫਸਰ ਨੂੰ ਸੋਟੀਆਂ ਨਾਲ ਕੁੱਟਦੇ ਰਹੇ ਅਤੇ ਆਪਣੇ ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਉਸ ਦੇ ਪੁੱਤਰ ਦੀ ਵੀ ਕੁੱਟਮਾਰ ਕਰਦੇ ਰਹੇ। ਇਨ੍ਹਾਂ ਪੁਲੀਸ ਕਰਮੀਆਂ ਨੇ ਫ਼ੌਜੀ ਅਫਸਰ ਦੇ ਪੁੱਤਰ ਨੂੰ ਕਿਹਾ ਕਿ ਜੇ ਅਗਲੀ ਸਵੇਰ ਤੱਕ ਉਹ ਇਸ ਐਨਕਾਊਂਟਰ ਤੋਂ ਜ਼ਿੰਦਾ ਬਚ ਗਏ ਤਾਂ ਆ ਕੇ ਆਪਣਾ ਸ਼ਨਾਖਤੀ ਕਾਰਡ ਲੈ ਜਾਣ।
ਇੱਕ ਦਿਨ ਪਹਿਲਾਂ ਹੀ ਇਨ੍ਹਾਂ ਪੁਲੀਸ ਕਰਮੀਆਂ ਨੇ ਮੁਕਾਬਲਾ ਬਣਾਇਆ ਸੀ ਅਤੇ ਰਾਤ ਨੂੰ ਇੱਕ ਹੋਰ ਮੁਕਾਬਲਾ ਹੋ ਗਿਆ। ਪੁਲੀਸ ਕਰਮੀਆਂ ਨੇ ਜਿਵੇਂ ਕਰਨਲ ਨੂੰ ਕੁੱਟਿਆ, ਉਹ ਉਸ ਦੀ ਹੱਤਿਆ ਦੀ ਕੋਸ਼ਿਸ਼ ਤੋਂ ਘੱਟ ਨਹੀਂ ਸੀ। ਕਰਨਲ ਦੀ ਬਾਂਹ ਅਤੇ ਉਸ ਦੇ ਪੁੱਤਰ ਦੇ ਨੱਕ ਦੀ ਹੱਡੀ ਟੁੱਟ ਗਈ। ਕਰਨਲ ਦੀ ਪਤਨੀ ਨੇ ਇਹ ਮਾਮਲਾ ਉਠਾਇਆ ਤੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਲਈ ਉਹ ਹਰ ਦਰਵਾਜ਼ਾ ਖੜਕਾਉਂਦੀ ਰਹੀ। ਐੱਸਐੱਸਪੀ (ਪਟਿਆਲਾ) ਨੇ ਮਾਮਲਾ ਰਫ਼ਾ-ਦਫ਼ਾ ਕਰਨ ਲਈ ਕਰਨਲ ਦੇ ਪਰਿਵਾਰ ਅਤੇ ਪੁਲੀਸ ਅਫਸਰਾਂ ਵਿਚਕਾਰ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਕਰਮੀਆਂ ਨੇ ਆਪਣੇ ਵਿਹਾਰ ਲਈ ਕਰਨਲ ਦੇ ਪਰਿਵਾਰ ਕੋਲੋਂ ਮੁਆਫ਼ੀ ਮੰਗੀ ਪਰ ਨਾਲ ਹੀ ਗੁੱਝੇ ਢੰਗ ਨਾਲ ਧਮਕੀ ਦਿੱਤੀ ਕਿ ਪਰਿਵਾਰ ਨੇ ਪਟਿਆਲਾ ਸ਼ਹਿਰ ਵਿੱਚ ਹੀ ਰਹਿਣਾ ਹੈ ਜਿੱਥੇ ਉਹ ਰਹਿੰਦੇ ਹਨ।
ਜੇ ਇਨ੍ਹਾਂ ਪੁਲੀਸ ਅਫਸਰਾਂ ਦੇ ਪਿਛਲੇ ਰਿਕਾਰਡ ਦੀ ਘੋਖ ਕੀਤੀ ਜਾਵੇ ਤਾਂ ਪਤਾ ਲੱਗੇਗਾ ਕਿ ਉਨ੍ਹਾਂ ਵੱਲੋਂ ਪਹਿਲਾਂ ਕੀਤੀਆਂ ਗਲ਼ਤ ਕਾਰਵਾਈਆਂ ਨੂੰ ਕਿਵੇਂ ਛੁਪਾਇਆ ਗਿਆ ਜਾਂ ਸ਼ਾਇਦ ਨਵਾਜਿਆ ਵੀ ਗਿਆ ਹੋਵੇ। ਇਹ ਗੰਭੀਰ ਅਪਰਾਧਕ ਘਟਨਾ ਤੋਂ ਦੋ ਕੁ ਦਿਨ ਬਾਅਦ ਉਸ ਢਾਬਾ ਮਾਲਕ ਦੇ ਨਾਂ ’ਤੇ ਕੁਝ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਝੂਠੀ ਐੱਫਆਈਆਰ ਦਰਜ ਕਰ ਲਈ ਗਈ। ਇਸ ਐੱਫਆਈਆਰ ਦੇ ਦੋ ਪਹਿਲੂ ਸਮਝ ਤੋਂ ਪਰ੍ਹੇ ਸਨ। ਪਹਿਲਾ, ਅਪਰਾਧ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਅਣਪਛਾਤਿਆਂ ਵਜੋਂ ਦਰਸਾਇਆ ਗਿਆ ਅਤੇ ਇਹ ਗੱਲ ਦਰਜ ਕੀਤੀ ਗਈ ਕਿ ਜਦੋਂ ਘਟਨਾ ਵਾਪਰੀ ਤਾਂ ਕਰਨਲ ਤੇ ਉਸ ਦੇ ਪੁੱਤਰ ਸ਼ਰਾਬ ਪੀ ਰਹੇ ਸਨ। ਦੂਜਾ, ਇਨ੍ਹਾਂ ਪੁਲੀਸ ਕਰਮੀਆਂ ਦੇ ਨਾਂ ਅਤੇ ਹੋਰ ਵੇਰਵਿਆਂ ਬਾਰੇ ਪੁਲੀਸ ਨੂੰ ਪਤਾ ਸੀ ਅਤੇ ਕਰਨਲ ਅਤੇ ਉਸ ਦੇ ਪੁੱਤਰ ਦੀ ਮੈਡੀਕਲ ਜਾਂਚ ਸਿਵਲ ਹਸਪਤਾਲ ਵਿੱਚ ਕੀਤੀ ਗਈ ਜਿਸ ਤੋਂ ਪਤਾ ਲੱਗਿਆ ਕਿ ਉਨ੍ਹਾਂ ਨੇ ਸ਼ਰਾਬ ਨਹੀਂ ਪੀਤੀ ਹੋਈ ਸੀ। ਇਸ ਤੋਂ ਬਾਅਦ ਸੀਨੀਅਰ ਪੁਲੀਸ ਅਫਸਰਾਂ ਵੱਲੋਂ ਕਰਨਲ ਦੇ ਪਰਿਵਾਰ ਅਤੇ ਪੁਲੀਸ ਕਰਮੀਆਂ ਵਿਚਕਾਰ ਸਮਝੌਤਾ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ।
ਦੂਜੀ ਐੱਫਆਈਆਰ ਕਰਨਲ ਪੁਸ਼ਪਿੰਦਰ ਸਿੰਘ ਵੱਲੋਂ ਅੱਠ ਦਿਨਾਂ ਬਾਅਦ ਦਰਜ ਕਰਵਾਈ ਗਈ, ਉਹ ਵੀ ਤਦ ਜਦੋਂ ਇਹ ਮਾਮਲਾ ਜਨਤਕ ਤੌਰ ’ਤੇ ਉਜਾਗਰ ਹੋ ਗਿਆ ਅਤੇ ਸਾਬਕਾ ਫ਼ੌਜੀਆਂ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ। ਜ਼ਾਹਰਾ ਤੌਰ ’ਤੇ ਇਸ ਘਟਨਾ ਵਿਚ ਸ਼ਾਮਿਲ ਚਾਰਾਂ ’ਚੋਂ ਇੱਕ ਇੰਸਪੈਕਟਰ ਦਾ ਨਾਂ ਐੱਫਆਈਆਰ ਵਿੱਚ ਬਾਹਰ ਰੱਖੇ ਜਾਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। ਇਨ੍ਹਾਂ ਪੁਲੀਸ ਕਰਮੀਆਂ ਨੂੰ ਸਿਰਫ਼ ਮੁਅੱਤਲ ਕੀਤਾ ਗਿਆ, ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤੇ ਉਹ ਵੀ ਉਦੋਂ ਜਦੋਂ ਐੱਸਐੱਸਪੀ ਉੱਪਰ ਦਬਾਅ ਬਣਾਇਆ ਗਿਆ। ਪੁਲੀਸ ਨੇ ਇਸ ਕੇਸ ਦੀ ਜਾਂਚ ਲਈ ਸੀਨੀਅਰ ਪੁਲੀਸ ਅਫਸਰਾਂ ਦੀ ਟੀਮ ਬਣਾਈ। ਬਹਰਹਾਲ, ਪਹਿਲੀ ਨਜ਼ਰੇ ਇਹ ਫ਼ੌਜਦਾਰੀ ਹਮਲੇ ਦੀ ਘਟਨਾ ਹੈ ਜਿਸ ਵਿਚ ਕਰਨਲ ਦੀ ਜਾਨ ਜਾ ਸਕਦੀ ਸੀ ਤੇ ਅਜਿਹੇ ਗੰਭੀਰ ਕੇਸ ਨੂੰ ਵਿਭਾਗੀ ਜਾਂਚ ਨਾਲ ਨਹੀਂ ਨਜਿੱਠਿਆ ਜਾ ਸਕਦਾ। ਕਰਨਲ ਦੀ ਪਤਨੀ ਨੇ ਸੀਨੀਅਰ ਪੁਲੀਸ ਅਫਸਰਾਂ ਨੂੰ ਮਿਲਣ ਦੀਆਂ ਬੇਹਿਸਾਬ ਕੋਸ਼ਿਸ਼ਾਂ ਕੀਤੀਆਂ ਪਰ ਉਹ ਉਨ੍ਹਾਂ ਨੂੰ ਮਿਲ ਨਾ ਸਕੀ ਜਾਂ ਹੋ ਸਕਦਾ ਹੈ ਕਿ ਉਹ ਰੁੱਝੇ ਹੋਣ। ਅੰਤ ਨੂੰ 31 ਮਾਰਚ ਨੂੰ ਮੁੱਖ ਮੰਤਰੀ ਨੇ ਉਸ ਨੂੰ ਮਿਲਣ ਦਾ ਸਮਾਂ ਦੇ ਦਿੱਤਾ।
ਕਰਨਲ ਦੀ ਪਤਨੀ ਵੱਲੋਂ ਸੀਨੀਅਰ ਪੁਲੀਸ ਅਫਸਰਾਂ ਨੂੰ ਦਿੱਤੀਆਂ ਅਪੀਲਾਂ ਪ੍ਰਤੀ ਮਿਲੇ ਹੁੰਗਾਰੇ ਤੋਂ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਸ਼ਾਇਦ ਪਾਰਦਰਸ਼ਤਾ ਦੀ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ। ਥੋੜ੍ਹੀ ਦੇਰ ਬਾਅਦ, ਹਾਈ ਕੋਰਟ ਵਿੱਚ ਕਰਨਲ ਬਾਠ ਦੀ ਅਰਜ਼ੀ ’ਤੇ ਸੁਣਵਾਈ ਮੁਕੱਰਰ ਹੋਈ। ਇਸ ਬਾਰੇ ਦੋ ਅਰਜ਼ੀਆਂ ਨੂੰ ਇਕੱਠਿਆਂ ਕਰ ਕੇ ਅਦਾਲਤ ਨੇ ਕੇਸ ’ਤੇ ਸੁਣਵਾਈ ਸ਼ੁਰੂ ਕਰ ਦਿੱਤੀ। ਕੋਈ ਸਮਾਂ ਸੀ ਜਦੋਂ ਪੰਜਾਬ ਪੁਲੀਸ ਨੂੰ ਦੇਸ਼ ਦੀ ਬਿਹਤਰੀਨ ਪੁਲੀਸ ਮੰਨਿਆ ਜਾਂਦਾ ਸੀ ਪਰ ਅੱਜ ਇਸ ਦਾ ਪੱਧਰ ਨੀਵਾਂ ਚਲਿਆ ਗਿਆ ਹੈ। ਇਸ ਨਿਘਾਰ ਨੂੰ ਠੱਲ੍ਹ ਪਾਈ ਜਾਣੀ ਚਾਹੀਦੀ ਹੈ। ਲਾਕਾਨੂੰਨੀਅਤ, ਨਸ਼ਿਆਂ ਦੇ ਵਹਾਓ ਅਤੇ ਨਕਲੀ ਏਜੰਸੀਆਂ ਵੱਲੋਂ ਨੌਜਵਾਨਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਦੂਜੇ ਦੇਸ਼ਾਂ ’ਚ ਭੇਜਣ ਦਾ ਅਮਲ ਬੇਰੋਕ ਜਾਰੀ ਹੈ। ਭ੍ਰਿਸ਼ਟਾਚਾਰ ਵੀ ਚੱਲ ਰਿਹਾ ਹੈ। ਪੰਜਾਬ ਪੁਲੀਸ ’ਚ ਬਹੁਤ ਸਾਰੇ ਕਾਬਿਲ ਅਫਸਰ ਹਨ। ਗ਼ੈਰ-ਕਾਨੂੰਨੀ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਉਨ੍ਹਾਂ ਨੂੰ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ।