ਜਦੋਂ ਇਤਿਹਾਸ ਪੁੱਛੇਗਾ?

ਇਤਿਹਾਸ ਕਦੇ ਵੀ ਸਿਰਫ ਤਰੀਕਾਂ ਤੇ ਘਟਨਾਵਾਂ ਦੀ ਲੜੀ ਨਹੀਂ ਹੁੰਦਾ, ਉਹ ਇਨਸਾਨੀ ਜ਼ਮੀਰ ਦਾ ਸ਼ੀਸ਼ਾ ਵੀ ਹੁੰਦਾ ਹੈ। ਉਹ ਸਵਾਲ ਪੁੱਛਦਾ ਹੈ, ਟਟੋਲਦਾ ਹੈ ਤੇ ਲਲਕਾਰਦਾ ਹੈ। ਆਉਣ ਵਾਲੇ ਜ਼ਮਾਨੇ ਵਿੱਚ ਜਦੋਂ ਫਲਸਤੀਨ ਦੀ ਧੂੜ ਤੇ ਰਾਖ਼ ਵਿੱਚੋਂ ਕੋਈ ਬੱਚਾ ਉੱਠੇਗਾ, ਜਦ ਕਿਸੇ ਮਾਂ ਦੀਆਂ ਅੱਖਾਂ ਆਪਣੇ ਸ਼ਹੀਦ ਬੇਟੇ/ ਬੇਟੀ ਦੀ ਤਸਵੀਰ ’ਤੇ ਟਿਕਣਗੀਆਂ, ਤਦ ਇਤਿਹਾਸ ਵੀ ਚੀਖ ਕੇ ਪੁੱਛੇਗਾ : ਜਦੋਂ ਫਲਸਤੀਨ ਦੀ ਧਰਤੀ ’ਤੇ ਮੌਤ ਨੱਚ ਰਹੀ ਸੀ, ਤਦ ਦੁਨੀਆ ਦੀਆਂ ਤਮਾਮ ਹਕੂਮਤਾਂ ਚੁੱਪ ਕਿਉ ਸਨ? ਫਲਸਤੀਨ ’ਤੇ ਕਬਜ਼ਾ ਕੋਈ ਅਚਾਨਕ ਹੋਈ ਘਟਨਾ ਨਹੀਂ, ਸਗੋਂ ਇਹ ਯੋਜਨਾਬੱਧ ਬਸਤੀਵਾਦ ਦਾ ਨਤੀਜਾ ਹੈ। 1917 ਦੇ ਬੈਲਫੋਰ ਐਲਾਨਨਾਮੇ ਤੋਂ ਲੈ ਕੇ 1948 ਵਿੱਚ ਇਜ਼ਰਾਈਲ ਦੇ ਗਠਨ ਤੇ ਉਸ ਤੋਂ ਬਾਅਦ ਦੀਆਂ ਸੈਂਕੜੇ ਕੂਟਨੀਤਕ ਨਾਕਾਮੀਆਂ ਨੇ ਇਹ ਸਾਬਤ ਕੀਤਾ ਹੈ ਕਿ ਇਹ ਪੂਰੀ ਯੋਜਨਾ ਇੱਕ ਲੰਮੇ ਤੋਂ ਚੱਲ ਰਹੀ ਬਸਤੀਵਾਦੀ ਰਣਨੀਤੀ ਦਾ ਹਿੱਸਾ ਸੀ। ਉਦੋਂ ਤੋਂ ਹੁਣ ਤੱਕ ਫਲਸਤੀਨੀ ਧਰਤੀ ’ਤੇ ਲਗਾਤਾਰ ਬੰਬ ਸੁੱਟੇ ਜਾ ਰਹੇ ਹਨ, ਕਬਜ਼ੇ ਕੀਤੇ ਜਾ ਰਹੇ ਹਨ ਤੇ ਬਸਤੀਆਂ ਵਸਾਈਆਂ ਜਾ ਰਹੀਆਂ ਹਨ। ਲੱਖਾਂ ਲੋਕ ਬੇਘਰ ਕਰ ਦਿੱਤੇ ਗਏ, ਸੈਂਕੜੇ ਪਿੰਡ ਮਿਟਾ ਦਿੱਤੇ ਗਏ।

ਇਹ ਸਿਰਫ ਇੱਕ ਭੂਗੋਲਿਕ ਲੜਾਈ ਨਹੀਂ, ਸਗੋਂ ਇਹ ਇੱਕ ਸੱਭਿਆਗਤ ਬੇਇਨਸਾਫੀ ਦੀ ਗਵਾਹੀ ਹੈ। ਫਲਸਤੀਨ ਨੂੰ ਤਬਾਹ ਕਰਨ ’ਤੇ ਤੁਲੇ ਇਜ਼ਰਾਈਲ ਨੂੰ ਅਮਰੀਕਾ ਨੇ ਹਰ ਕੌਮਾਂਤਰੀ ਮੰਚ ’ਤੇ ਢਾਲ ਬਣ ਕੇ ਬਚਾਇਆ ਹੈ। ਇਜ਼ਰਾਈਲ ਤੇ ਉਸ ਦੇ ਹਮਾਇਤੀ ਦੇਸ਼ ਹੀ ਨਹੀਂ, ਸਗੋਂ ਉਹ ਤਮਾਮ ਦੇਸ਼ ਵੀ ਫਲਸਤੀਨ ਦੇ ਕਤਲ ਵਿੱਚ ਸ਼ਾਮਲ ਹਨ, ਜਿਹੜੇ ਜਾਂ ਤਾਂ ਖਾਮੋਸ਼ ਤਮਾਸ਼ਾਈ ਹਨ ਜਾਂ ਇਸ ਜੰਗ ਵਿੱਚ ਆਪਣੀ ਤਰੱਕੀ ਦੇ ਰਾਹ ਲੱਭ ਰਹੇ ਹਨ। ਕੁਝ ਨੇ ਤਾਂ ਖਾਮੋਸ਼ੀ ਤਾਣ ਲਈ ਤਾਂ ਕੁਝ ਨੇ ਇਜ਼ਰਾਈਲ ਵੱਲ ਦੋਸਤੀ ਦੇ ਹੱਥ ਵਧਾ ਦਿੱਤੇ। ਸਿਆਸੀ ਸੁਆਰਥ ਨੇ ਇਨਸਾਨੀ ਹਮਦਰਦੀ ਨੂੰ ਨਿਗਲ ਲਿਆ ਹੈ। ਇਸਲਾਮੀ ਭਰਾਤਰੀਭਾਵ ਵਜੋਂ ਮੁਸਲਮ ਦੇਸ਼ਾਂ ਤੋਂ ਫਲਸਤੀਨ ਦੀ ਮਦਦ ਦੀਆਂ ਉਮੀਦਾਂ ਵੱਧ ਕੀਤੀਆਂ ਜਾਂਦੀਆਂ ਸਨ, ਪਰ ਜਾਰਡਨ, ਤੁਰਕੀ, ਸਾਊਦੀ ਅਰਬ ਤੇ ਹੋਰਨਾਂ ਅਰਬ ਦੇਸ਼ਾਂ ਨੇ ਸਾਬਤ ਕਰ ਦਿੱਤਾ ਹੈ ਕਿ ਸੱਤਾ ਤੇ ਦੌਲਤ ਹੀ ਦੋਸਤੀ ਤੇ ਦੁਸ਼ਮਣੀ ਦੀ ਬੁਨਿਆਦ ਹੈ, ਅਕੀਦਾ ਜਾਂ ਮਜ਼ਹਬ ਨਹੀਂ।

ਸੰਯੁਕਤ ਰਾਸ਼ਟਰ, ਮਨੁੱਖੀ ਅਧਿਕਾਰ ਤੇ ਕੌਮਾਂਤਰੀ ਅਦਾਲਤ ਵਰਗੀਆਂ ਤਮਾਮ ਸੰਸਥਾਵਾਂ ਨੇ ਸਿਰਫ ਬਿਆਨਬਾਜ਼ੀ ਨਾਲ ਡੰਗ ਸਾਰਿਆ ਹੈ। ਇਜ਼ਰਾਈਲ ਖਿਲਾਫ ਇਨ੍ਹਾਂ ਕੁਝ ਨਹੀਂ ਕੀਤਾ। ਇਨ੍ਹਾਂ ਦੀ ਨਾਕਾਮੀ ਨੇ ਇਹ ਸਵਾਲ ਉਠਾਇਆ ਹੈ ਕਿ ਕੀ ਇਹ ਸੰਸਥਾਵਾਂ ਸਿਰਫ ਤਾਕਤਵਰ ਦੇਸ਼ਾਂ ਦੇ ਹਿੱਤਾਂ ਦੀ ਰਾਖੀ ਲਈ ਹਨ। ਜਦੋਂ ਇਤਿਹਾਸ ਦੀ ਅਦਾਲਤ ਲੱਗੇਗੀ ਤੇ ਗਵਾਹੀ ਵਿੱਚ ਫਲਸਤੀਨ ਦੇ ਟੁੱਟੇ ਘਰ, ਵਹਿੰਦਾ ਲਹੂ ਤੇ ਗੂੰਗੀਆਂ ਲਾਸ਼ਾਂ ਪੇਸ਼ ਹੋਣਗੀਆਂ, ਤਦ ਇੱਕ ਸਵਾਲ ਗੂੰਜੇਗਾਕੀ ਤੁਸੀਂ ਵੀ ਉਨ੍ਹਾਂ ਵਿੱਚੋਂ ਹੋ, ਜਿਹੜੇ ਇਸ ਜ਼ੁਲਮ ’ਤੇ ਖਾਮੋਸ਼ ਰਹੇ? ਹੁਣ ਵੀ ਵਕਤ ਹੈ ਸੱਚ ਦਾ ਸਾਥ ਦੇਣ ਦਾ, ਜ਼ੁਲਮ ਖਿਲਾਫ ਬੋਲਣ ਦਾ ਅਤੇ ਫਲਸਤੀਨ ਦੀ ਆਵਾਜ਼ ਬਣਨ ਦਾ। ਲੋਕ ਇਜ਼ਰਾਈਲ ਵਿਰੁੱਧ ਆਵਾਜ਼ ਤਾਂ ਉਠਾ ਰਹੇ ਹਨ, ਪਰ ਫਲਸਤੀਨ ਨੂੰ ਬਚਾਉਣ ਲਈ ਕੋਈ ਵੱਡੀ ਤਾਕਤ ਸਾਹਮਣੇ ਨਹੀਂ ਆ ਰਹੀ।

ਸਾਂਝਾ ਕਰੋ

ਪੜ੍ਹੋ

ਤੜਕਸਾਰ ਵਾਪਰਿਆ ਹਾਦਸਾ, ਇਮਾਰਤ ਡਿੱਗਣ ਕਾਰਨ ਚਾਰ

ਨਵੀਂ ਦਿੱਲੀ, 19 ਅਪ੍ਰੈਲ – ਦਿੱਲੀ ਦੇ ਮੁਸਤਫਾਬਾਦ ਖੇਤਰ ਵਿਚ...