ਫਿਰਕਾਪ੍ਰਸਤ-ਕਾਰਪੋਰੇਟੀ ਗੱਠਜੋੜ

ਕਈ ਵਾਰ ਕਹੇ-ਸੁਣੇ ਤੋਂ ਵੱਧ ਸਹੀ ਤਰੀਕੇ ਨਾਲ ਦੇਖੀਆਂ ਗਈਆਂ ਛਵੀਆਂ ਹੀ ਸਭ ਕੁਝ ਉਜਾਗਰ ਕਰ ਦਿੰਦੀਆਂ ਹਨ। ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੇ ਛਤਰਪੁਰ ਦੇ ਪ੍ਰਵਚਨਕਰਤਾ ਧੀਰੇਂਦਰ ਸ਼ਾਸਤਰੀ ਦੇ ਦੋ ਸਮਾਰੋਹਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਮੌਜੂਦਗੀ ਇਸੇ ਤਰ੍ਹਾਂ ਦੀ ਇੱਕ ਮਿਸਾਲ ਹੈ। ਇਹ ਬਾਗੇਸ਼ਵਰ ਧਾਮ ‘ਸਰਕਾਰ’ ਵਿੱਚ ਵਿਧੀ ਵੱਲੋਂ ਸਥਾਪਤ ਤੇ ਭਾਰਤ ਦੇ ਸੰਵਿਧਾਨ ਦੇ ਆਧਾਰ ’ਤੇ ਸੰਚਾਲਤ ‘ਭਾਰਤ ਸਰਕਾਰ’ ਦੀ ਹਾਜ਼ਰੀ ਸੀ। ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ‘ਬਾਗੇਸ਼ਵਰ ਸਰਕਾਰ’ ਵੱਲੋਂ ਬਣਾਏ ਗਏ ਕੈਂਸਰ ਹਸਪਤਾਲ ਦਾ ਨੀਂਹ ਪੱਥਰ ਰੱਖਣ ਦੇ ਨਾਂਅ ’ਤੇ ਗਏ ਤਾਂ ਅਗਲੇ ਦਿਨ ਰਾਸ਼ਟਰਪਤੀ ਇੱਕ ਸਮੂਹਕ ਵਿਆਹ ਸਮਾਰੋਹ ’ਚ ਅਸ਼ੀਰਵਾਦ ਦੇਣ ਗਈ। ਉੱਥੇ ਜੋ ਵੀ ਹੋਇਆ, ਉਹ ਹਿੰਦੂਤਵਵਾਦੀ ਫਿਰਕਾਪ੍ਰਸਤੀ ਤੇ ਕਾਰਪੋਰੇਟ ਦੇ ਗੱਠਜੋੜ ਦਾ ਵਿਸਤਾਰ ਹੀ ਸੀ। ਬਾਗੇਸ਼ਵਰ ਧਾਮ ਸਰਕਾਰ ਵਾਲਾ ਧੀਰੇਂਦਰ ਸ਼ਾਸਤਰੀ ਬਾਕੀ ਜੋ ਵੀ ਹੋਵੇ ਸੰਤ ਜਾਂ ਸਾਧੂ ਤਾਂ ਕਿਸੇ ਪਾਸਿਓਂ ਨਹੀਂ ਹੈ। ਫਿਰ ਉਸ ਵਿੱਚ ਅਜਿਹਾ ਕੀ ਹੈ ਕਿ ਦੇਸ਼ ਦੀ ਸਰਕਾਰ ਉਸ ਦੀ ਸਰਕਾਰ ਦੇ ਸੱਦੇ ’ਤੇ ਬੁੰਦੇਲਖੰਡ ਵਿੱਚ ਪੈਂਦੇ ਛਤਰਪੁਰ ਦੇ ਵੀ ਅੰਦਰਲੇ ਹਿੱਸੇ ਵਿੱਚ ਵਿਸ਼ਾਲ ਆਕਾਰ ਲੈਂਦੇ ਧਾਮ ਵਿੱਚ ਜਾ ਪੁੱਜੀ।

ਧੀਰੇਂਦਰ ਸ਼ਾਸਤਰੀ ਦੀ ਇੱਕੋ-ਇੱਕ ਖਾਸੀਅਤ ਹੈ, ਹੱਦ ਤੱਕ ਜਨੂੰਨ ਭੜਕਾਉਣਾ। ਹਾਲ ਹੀ ਵਿੱਚ ਲੱਗੇ ਮਹਾਂਕੁੰਭ ਮੇਲੇ ਦੌਰਾਨ ਉਸ ਨੇ ਦੋ ਬਿਆਨ ਦਿੱਤੇ ਸੀ। ਪਹਿਲੇ ਵਿੱਚ ਕਿਹਾ ਸੀ ਕਿ ਜਿਹੜਾ ਹਿੰਦੂ ਮਹਾਂਕੁੰਭ ਵਿੱਚ ਨਹੀਂ ਆਵੇਗਾ, ਉਹ ਦੇਸ਼ਧ੍ਰੋਹੀ ਹੈ। ਜਦੋਂ ਮੇਲੇ ਵਿੱਚ ਭਗਦੜ ਮਚੀ ਤੇ ਕਈ ਲੋਕ ਕੁਚਲ ਕੇ ਮਾਰੇ ਗਏ ਤਾਂ ਬਿਆਨ ਦਿੱਤਾ ਕਿ ਗੰਗਾ ਕੰਢੇ ਮਰਨ ਵਾਲੇ ਦੀ ਮੌਤ ਨਹੀਂ ਹੁੰਦੀ, ਉਸ ਦਾ ਮੋਕਸ਼ ਹੋ ਜਾਂਦਾ ਹੈ ਅਤੇ ਫਿਰ ਮਰਨਾ ਤਾਂ ਸਭ ਨੇ ਹੈ, ਕੋਈ 20 ਸਾਲ ਬਾਅਦ ਮਰੇਗਾ ਤਾਂ ਕੋਈ 30 ਸਾਲ ਬਾਅਦ। ਇਸੇ ਖਾਸੀਅਤ ਕਰਕੇ ਉਹ ਭਾਜਪਾ ਤੇ ਆਰ ਐੱਸ ਐੱਸ ਨੂੰ ਪਿਆਰਾ ਲੱਗਦਾ ਹੈ। ਧੀਰੇਂਦਰ ਸ਼ਾਸਤਰੀ ਫਾਸ਼ੀਵਾਦ ਦੇ ਭਾਰਤੀ ਸੰਸਕਰਣ ਹਿੰਦੂਤਵ, ਜਿਸ ਦਾ ਹਿੰਦੂ ਧਰਮ ਦੀਆਂ ਮਾਨਤਾਵਾਂ ਜਾਂ ਪਰੰਪਰਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਵੱਲੋਂ ਕਾਇਮ ਕੀਤੇ ਜਾ ਰਹੇ ‘ਧਰਮ’ ਅਤੇ ਉਸ ਦੇ ਪ੍ਰਤੀਕ ਦੇ ਰੂਪ ਵਿੱਚ ਖੜ੍ਹੇ ਕੀਤੇ ਜਾ ਰਹੇ ਬਾਬਿਆਂ ਦੀ ਕੜੀ ਦਾ ਹਿੱਸਾ ਹੈ।

ਉਸ ਨੇ ਇੱਕ ਵਾਰ ਕਿਹਾ ਕਿ ਸਾਰੇ ਇਸਾਈ ਤੇ ਮੁਸਲਮਾਨ ਹਿੰਦੂ ਹਨ, ਕਿਉਕਿ ਉਹ ਹਿੰਦੁਸਤਾਨ ਵਿੱਚ ਰਹਿੰਦੇ ਹਨ ਤੇ ਅਗਲੇ ਪ੍ਰਵਚਨ ਵਿੱਚ ਬੋਲਿਆ ਕਿ ਦੇਸ਼ ਵਿੱਚ ਹਿੰਦੂਆਂ ਦੀ ਆਬਾਦੀ ਘੱਟ ਹੋ ਰਹੀ ਹੈ ਅਤੇ ਗਜ਼ਵਾ-ਇ-ਹਿੰਦ ਚਾਹੁੰਣ ਵਾਲਿਆਂ ਦੀ ਵਧਦੀ ਆਬਾਦੀ ਦੇਸ਼ ਲਈ ਘਾਤਕ ਹੈ, ਅਜਿਹੇ ਵਿੱਚ ਹਿੰਦੂਆਂ ਨੂੰ ਇੱਕ ਦੀ ਥਾਂ ਚਾਰ ਬੱਚੇ ਪੈਦਾ ਕਰਨੇ ਜ਼ਰੂਰੀ ਹਨ। ਅਜਿਹੇ ਵਿਅਕਤੀ ਤੇ ਉਸ ਦੇ ਅਦਾਰੇ ਨਾਲ ਖੜ੍ਹੇ ਹੋ ਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਸਭ ਨੂੰ ਕੀ ਦਿਖਾਉਣਾ ਚਾਹੁੰਦੇ ਹਨ? ਕਿਸ ਤਰ੍ਹਾਂ ਦੇ ਆਦਰਸ਼ ਪੇਸ਼ ਕਰਨਾ ਚਾਹੁੰਦੇ ਹਨ, ਇਸ ਨੂੰ ਦੁਹਰਾਉਣ ਦੀ ਲੋੜ ਨਹੀਂ ਹੈ। ਰਾਸ਼ਟਰਪਤੀ ਮੁਰਮੂ ਨੇ ਭਾਰਤ ਦੀ ਪਰੰਪਰਾ ਵਿੱਚ ਸਦੀਆਂ ਤੋਂ ਆਪਣੇ ਕਰਮ ਤੇ ਧਰਮ ਨਾਲ ਸੰਤਾਂ ਵੱਲੋਂ ਲੋਕਾਂ ਨੂੰ ਰਾਹ ਦਿਖਾਉਣ ਅਤੇ ਕੁਰੀਤੀਆਂ ਤੇ ਅੰਧਵਿਸ਼ਵਾਸਾਂ ਖਿਲਾਫ ਜਾਗਰੂਕ ਕਰਨ ਦੀ ਗੱਲ ਕਹੀ।ਹਾਲਾਂਕਿ ਇਸ ਸੰਦਰਭ ਵਿੱਚ ਜਿਨ੍ਹਾਂ ਗੁਰੂ ਨਾਨਕ, ਰਵਿਦਾਸ ਤੇ ਤੁਕਾਰਾਮ ਦਾ ਜ਼ਿਕਰ ਕੀਤਾ, ਉਨ੍ਹਾਂ ਵਿੱਚੋਂ ਕੋਈ ਵੀ ਸਨਾਤਨੀ ਨਹੀਂ ਸੀ।

ਸਹੀ ਮਾਅਨਿਆਂ ਵਿੱਚ ਇਹ ਸਾਰੇ ਸਨਾਤਨ ਦੀ ਜੜ੍ਹਤਾ ਖਿਲਾਫ ਲੋਕਾਂ ਨੂੰ ਜਗਾਉਣ ਵਾਲੇ ਸੁਧਾਰਕ ਸਨ। ਰਾਸ਼ਟਰਪਤੀ ਨੇ ਸੰਤਾਂ ਵੱਲੋਂ ਮਹਿਲਾਵਾਂ ਨੂੰ ਸਮਾਜ ਵਿੱਚ ਬਣਦਾ ਸਥਾਨ ਦਿਵਾਉਣ ਲਈ ਪਾਏ ਯੋਗਦਾਨ ਦਾ ਜ਼ਿਕਰ ਕੀਤਾ, ਪਰ ਧੀਰੇਂਦਰ ਸ਼ਾਸਤਰੀ ਨੇ ਇਸ ਮੌਕੇ ਕਿਹਾ ਕਿ ਜਿਹੜੀ ਇਸਤਰੀ ਦੀ ਮਾਂਗ ਵਿੱਚ ਸਿੰਧੂਰ ਤੇ ਗਲੇ ਵਿੱਚ ਮੰਗਲਸੂਤਰ ਨਾ ਹੋਵੇ ਤਾਂ ਸਮਝੋ ਕਿ ਉਹ ਅਜਿਹਾ ਖਾਲੀ ਪਲਾਟ ਹੈ, ਜਿਸ ਨੂੰ ਦੇਖਣ-ਸੰਭਾਲਣ ਵਾਲਾ ਕੋਈ ਹੈ। ਜਿਸ ਦੇ ਇਹ ਦੋਨੋਂ ਹਨ, ਉਸ ਨੂੰ ਦੇਖ ਕੇ ਲੋਕ ਸਮਝ ਲੈਂਦੇ ਹਨ ਕਿ ਇਸ ਦੀ ਰਜਿਸਟਰੀ ਹੋ ਚੁੱਕੀ ਹੈ। ਮਹਿਲਾਵਾਂ ਨੂੰ ਸੰਪਤੀ ਤੇ ਰਜਿਸਟਰੀ ਕਰਾ ਕੇ ਕਬਜ਼ੇ ਵਿੱਚ ਲੈਣ ਵਰਗੀ ਸੋਚ ਰੱਖਣ ਵਾਲੇ ਬਾਬੇ ਨੇ ਇਸ ਤੋਂ ਵੀ ਵਧ ਕੇ ਇਹ ਗੱਲ ਕਹੀ ਕਿ ਸਭ ਤੋਂ ਵੱਧ ਸਰਾਪ ਤਾਂ ਬਿਊਟੀ ਪਾਰਲਰ ਵਾਲਿਆਂ ਨੂੰ ਲੱਗੇਗਾ, ਜੋ ਕਾਲੀ ਜਾਮਣ ਉੱਪਰ ਵੀ ਏਨਾ ਫਾਊਂਡੇਸ਼ਨ ਲਾ ਦਿੰਦੇ ਹਨ। ਬਾਬੇ ਨੇ ਮੋਦੀ ਨੂੰ ਇੱਕ ਅਜਿਹਾ ਪ੍ਰਧਾਨ ਮੰਤਰੀ ਦੱਸਿਆ, ਜਿਸ ਨੂੰ ਡੋਨਾਲਡ ਟਰੰਪ ਵੀ ਭਾਰਤ ਦਾ ਮਹਾਨ ਪੀ ਐੱਮ ਦੱਸਦਾ ਹੈ।

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...