
ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਮਹਾਕੁੰਭ ਨੂੰ ਲੈ ਕੇ ਫੜ੍ਹਾਂ ਮਾਰਨ ਦੇ ਚੱਕਰ ਵਿੱਚ ਵਿਵਾਦ ’ਚ ਘਿਰ ਗਏ ਹਨ। ਉਨ੍ਹਾ ਚਾਰ ਮਾਰਚ ਨੂੰ ਅਸੰਬਲੀ ਵਿੱਚ ਪ੍ਰਯਾਗਰਾਜ ਦੇ ਅਰੈਲ ਇਲਾਕੇ ਦੇ ਮਲਾਹ ਪਿੰਟੂ ਮਹਿਰਾ ਦੀ ਕਹਾਣੀ ਸੁਣਾਈ ਕਿ ਕਿਵੇਂ ਉਸ ਨੇ 130 ਕਿਸ਼ਤੀਆਂ ਨਾਲ 45 ਦਿਨਾਂ ’ਚ 30 ਕਰੋੜ ਰੁਪਏ ਦੀ ਕਮਾਈ ਕੀਤੀ। ਯੋਗੀ ਨੇ ਇਸ ਨੂੰ ਮਹਾਕੁੰਭ ਦੀ ਆਰਥਕ ਸਫਲਤਾ ਅਤੇ ਮਲਾਹਾਂ ਲਈ ਰੁਜ਼ਗਾਰ ਦੇ ਮੌਕਿਆਂ ਦੀ ਮਿਸਾਲ ਦੱਸਿਆ। ਉਨ੍ਹਾ ਮੁਤਾਬਕ ਹਰ ਕਿਸ਼ਤੀ ਨੇ ਰੋਜ਼ਾਨਾ 50-52 ਹਜ਼ਾਰ ਰੁਪਏ ਕਮਾਏ, ਜੋ ਮੇਲੇ ਦੌਰਾਨ ਸ਼ਰਧਾਲੂਆਂ ਦੀ ਭਾਰੀ ਭੀੜ ਕਾਰਨ ਸੰਭਵ ਹੋਇਆ।
ਪਿੰਟੂ ਦੀ ਮੀਡੀਆ ਵਿੱਚ ਕਾਫੀ ਚਰਚਾ ਰਹੀ ਹੈ। ਉਸ ਨੇ ਖੁਦ ਦੱਸਿਆ ਸੀ ਕਿ ਮਾਂ ਤੇ ਪਤਨੀ ਦੇ ਗਹਿਣੇ ਗਿਰਵੀ ਰੱਖ ਕੇ ਉਸ ਨੇ 70 ਨਵੀਂਆਂ ਕਿਸ਼ਤੀਆਂ ਖਰੀਦੀਆਂ ਸਨ, ਜਿਸ ਨਾਲ ਉਸ ਦਾ ਬੇੜਾ 60 ਤੋਂ ਵਧ ਕੇ 130 ਦਾ ਹੋ ਗਿਆ। ਇਸ ਰਿਸਕ ਨੇ ਉਸ ਨੂੰ ਕਰੋੜਪਤੀ ਬਣਾ ਦਿੱਤਾ, ਪਰ ਹੁਣ ਉਸ ਦੀ ਕਹਾਣੀ ਵਿੱਚ ਨਵਾਂ ਮੋੜ ਆ ਗਿਆ ਹੈ। ਪਿੰਟੂ ਦਾ ਕ੍ਰਿਮੀਨਲ ਰਿਕਾਰਡ ਸਾਹਮਣੇ ਆਉਣ ਤੋਂ ਬਾਅਦ ਯੋਗੀ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ। ਯੋਗੀ ਦੇ ਦਾਅਵੇ ਦੇ ਦੋ ਦਿਨ ਬਾਅਦ ਇਹ ਖਬਰ ਸਾਹਮਣੇ ਆ ਗਈ ਕਿ ਪਿੰਟੂ ਅਰੈਲ ਦਾ ਬਦਨਾਮ ਅਪਰਾਧੀ ਹੈ। ਉਸ ’ਤੇ ਹੱਤਿਆ, ਜਬਰੀ ਵਸੂਲੀ ਤੇ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਦੇ ਗੰਭੀਰ ਦੋਸ਼ ਹਨ। ਨੈਨੀ ਥਾਣੇ ਦੇ ਇੰਚਾਰਜ ਵੈਭਵ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਉਹ ਦੋ ਸਾਲ ਪਹਿਲਾਂ ਇੱਕ ਮਾਮਲੇ ’ਚ ਜੇਲ੍ਹ ਤੋਂ ਬਾਹਰ ਆਇਆ ਸੀ।
ਤਿੰਨ ਹਫਤੇ ਪਹਿਲਾਂ ਉਸ ਨੂੰ ਮਲਾਹਾਂ ਤੋਂ ਰੰਗਦਾਰੀ ਮੰਗਣ ਲਈ ਨਾਮਜ਼ਦ ਕੀਤਾ ਗਿਆ ਸੀ। ਉਹ ਦੂਹਰੇ ਕਤਲ ਕੇਸ ਵਿੱਚ ਵੀ ਛੇ ਮਹੀਨੇ ਜੇਲ੍ਹ ’ਚ ਰਹਿ ਆਇਆ ਹੈ। ਖਬਰਾਂ ਇਹ ਵੀ ਹਨ ਕਿ ਪਿੰਟੂ ਤੇ ਉਸ ਦਾ ਪਰਵਾਰ ਸੰਗਮ ਤੇ ਨੇੜੇ-ਤੇੜੇ ਦੇ ਘਾਟਾਂ ’ਤੇ ਬਦਮਾਸ਼ੀ ਲਈ ਬਦਨਾਮ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਜਿਹੜੇ ਮਹਾਕੁੰਭ ਦੀ ਸਿਆਸੀ ਲਾਹਾ ਲੈਣ ਲਈ ਵਰਤੋਂ ਦੇ ਸ਼ੁਰੂ ਤੋਂ ਹੀ ਅਲੋਚਕ ਰਹੇ ਹਨ, ਦਾ ਕਹਿਣਾ ਹੈ ਕਿ ਯੋਗੀ ਸਰਕਾਰ ਨੇ ਪਹਿਲਾਂ ਠੱਗ ਨਾਲ ਕਰਾਰ ਕਰ ਲਿਆ ਤੇ ਹੁਣ ਯੋਗੀ ਨਾਮਜ਼ਦ ਅਪਰਾਧੀ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਰਹੇ ਹਨ। ਉਨ੍ਹਾ ਪੁੱਛਿਆ ਹੈ ਕਿ ਕੀ ਪਿੰਟੂ ਨੇ ਆਪਣੀ ਕਮਾਈ ’ਤੇ ਟੈਕਸ ਚੁਕਾਏ ਹਨ ਅਤੇ ਕੀ ਉਸ ਦੀ ਕਹਾਣੀ ਸ਼ਰਧਾਲੂਆਂ ਦੀ ਲੁੱਟ ਦਾ ਨਤੀਜਾ ਨਹੀਂ? ਆਪੋਜ਼ੀਸ਼ਨ ਇਹ ਦੋਸ਼ ਲਾ ਰਹੀ ਹੈ ਕਿ ਯੋਗੀ ਸਰਕਾਰ ਵਿੱਚ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ ਅਤੇ ਪਿੰਟੂ ਇਸ ਦੀ ਮਿਸਾਲ ਹੈ।
ਕਾਂਗਰਸ ਆਗੂ ਅਜੈ ਰਾਜ ਮੁਤਾਬਕ ਮਹਾਕੁੰਭ ਵਿੱਚ ਕਰੋੜਾਂ ਸ਼ਰਧਾਲੂਆਂ ਦੇ ਪੁੱਜਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਨੇ ਆਪਣੇ ਹੀ ਅੰਕੜਿਆਂ ਦਾ ਸੱਚ ਬਿਆਨ ਕਰ ਦਿੱਤਾ ਹੈ। ਮੇਲਾ ਅਥਾਰਟੀ ਨੇ ਕਿਸ਼ਤੀ ਦਾ ਕਿਰਾਇਆ 75-150 ਰੁਪਏ ਪ੍ਰਤੀ ਵਿਅਕਤੀ ਮਿੱਥਿਆ ਸੀ ਤਾਂ ਫਿਰ ਪਿੰਟੂ ਰੋਜ਼ਾਨਾ 50 ਹਜ਼ਾਰ ਰੁਪਏ ਕਿਵੇਂ ਕਮਾ ਗਿਆ? ਇੱਕ ਕਿਸ਼ਤੀ ਵਿੱਚ ਵੱਧ ਤੋਂ ਵੱਧ ਅੱਠ ਬੰਦੇ ਬੈਠ ਸਕਦੇ ਸਨ। ਜੇ ਔਸਤਨ 100 ਰੁਪਏ ਪ੍ਰਤੀ ਵਿਅਕਤੀ ਤੇ ਅੱਠ ਯਾਤਰੀਆਂ ਦੇ ਹਿਸਾਬ ਨਾਲ ਗਿਣਤੀ ਕੀਤੀ ਜਾਵੇ ਤਾਂ ਇੱਕ ਕਿਸ਼ਤੀ ਨਾਲ 800 ਰੁਪਏ ਪ੍ਰਤੀ ਟਿ੍ਰਪ ਦੀ ਕਮਾਈ ਹੋ ਸਕਦੀ ਸੀ।