ਗਊ ਰੱਖਿਅਕਾਂ ਦਾ ਕਹਿਰ

ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੇ ਕੇਂਦਰ ਦੀ ਸੱਤਾ ਉੱਤੇ ਕਾਬਜ਼ ਹੋਣ ਤੋਂ ਬਾਅਦ ਗਊ ਤਸਕਰੀ ਦੇ ਨਾਂਅ ਉੱਤੇ ਮਾਸੂਮ ਲੋਕਾਂ ਦੀਆਂ ਹੱਤਿਆਵਾਂ ਦਾ ਸ਼ੁਰੂ ਹੋਇਆ ਸਿਲਸਿਲਾ ਲਗਾਤਾਰ ਜਾਰੀ ਹੈ। ਦਾਦਰੀ ਦੇ ਮੁਹੰਮਦ ਅਖਲਾਕ ਨੂੰ ਹਿੰਦੂਤਵੀ ਭੀੜ ਵੱਲੋਂ ਕਤਲ ਕੀਤੇ ਜਾਣ ਨਾਲ ਗਊ ਹੱਤਿਆ ਦੇ ਮਾਮਲਿਆਂ ਵਿੱਚ ਮੁੱਖ ਤੌਰ ਉੱਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਅੱਗੇ ਵਧ ਕੇ ਹੁਣ ਇਹ ਹਿੰਦੂ ਨੌਜਵਾਨਾਂ ਦੀਆਂ ਹੱਤਿਆਵਾਂ ਤੱਕ ਪਹੁੰਚ ਗਿਆ ਹੈ।
ਛੇ ਕੁ ਮਹੀਨੇ ਪਹਿਲਾਂ ਆਰੀਅਨ ਮਿਸ਼ਰਾ ਨਾਂਅ ਦੇ ਨੌਜਵਾਨ ਨੂੰ ਗਊ ਰੱਖਿਅਕਾਂ ਨੇ ਹਰਿਆਣਾ ਦੇ ਫਰੀਦਾਬਾਦ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪੰਜ ਅਖੌਤੀ ਗਊ ਰੱਖਿਅਕਾਂ ਨੇ ਮੋਟਰਸਾਈਕਲ ਉੱਤੇ ਜਾ ਰਹੇ ਆਰੀਅਨ ਮਿਸ਼ਰਾ ਦਾ ਕਈ ਕਿਲੋਮੀਟਰ ਤੱਕ ਪਿੱਛਾ ਕਰਕੇ ਉਸ ਨੂੰ ਗੋਲੀ ਮਾਰ ਦਿੱਤੀ।

ਹੁਣ ਤਾਜ਼ਾ ਘਟਨਾ ਹਰਿਆਣਾ ਦੇ ਪਲਵਲ ਦੀ ਹੈ, ਜਿੱਥੇ ਇੱਕ ਹਫ਼ਤਾ ਪਹਿਲਾਂ ਪੰਜ ਗਊ ਰੱਖਿਅਕਾਂ ਨੇ ਇੱਕ ਟਰੱਕ ਡਰਾਈਵਰ ਅਤੇ ਉਸ ਦੇ ਸਹਿਯੋਗੀ (ਕਲੀਨਰ) ਨੂੰ ਗਊ ਤਸਕਰੀ ਦੇ ਸ਼ੱਕ ਵਿੱਚ ਅਗਵਾ ਕਰਕੇ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ ਕਲੀਨਰ ਦੀ ਮੌਤ ਹੋ ਗਈ ਸੀ। ਇੱਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਅਨੁਸਾਰ ਪਲਵਲ ਦੀ ਕਰਾਈਮ ਬਰਾਂਚ (ਸੀ ਆਈ ਏ) ਦੇ ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੰਜੇ ਮੁਲਜ਼ਮ ਇੱਕ ਗਊ ਰੱਖਿਆ ਜਥੇਬੰਦੀ ਨਾਲ ਜੁੜੇ ਹੋਏ ਹਨ। ਕਰਾਈਮ ਬਰਾਂਚ ਦੇ ਡਿਪਟੀ ਐੱਸ ਪੀ ਮਨੋਜ ਵਰਮਾ ਨੇ ਦੱਸਿਆ ਕਿ ਡਰਾਈਵਰ ਬਾਲਕਿਸ਼ਨ ਤੇ ਉਸ ਦਾ ਸਹਿਯੋਗੀ ਸੰਦੀਪ ਬੀਤੀ 22 ਫ਼ਰਵਰੀ ਦੀ ਰਾਤ ਨੂੰ ਰਾਜਸਥਾਨ ਤੋਂ ਦੋ ਮੁਵੈਸ਼ੀ ਲੈ ਕੇ ਉੱਤਰ ਪ੍ਰਦੇਸ਼ ਦੇ ਲਖਨਊ ਨੂੰ ਜਾ ਰਹੇ ਸਨ। ਡਰਾਈਵਰ ਰਸਤਾ ਭੁੱਲ ਕੇ ਕਿਸੇ ਸ਼ਿਕਾਰ ਦੀ ਭਾਲ ਵਿੱਚ ਬੈਠੇ ਮੁਲਜ਼ਮਾਂ ਦੇ ਕੋਲ ਪਹੁੰਚ ਗਿਆ, ਜੋ ਮੋਟਰਸਾਈਕਲਾਂ ਉੱਤੇ ਸਨ।

ਇਨ੍ਹਾਂ ਅਖੌਤੀ ਗਊ ਰੱਖਿਅਕਾਂ ਨੇ ਇਨ੍ਹਾਂ ਦੋਹਾਂ ਨੂੰ ਅਗਵਾ ਕਰ ਲਿਆ ਤੇ ਬੁਰੀ ਤਰ੍ਹਾਂ ਕੁੱਟਿਆ। ਦੋਸ਼ੀਆਂ ਨੇ ਦੋਹਾਂ ਨੂੰ ਲਾਠੀਆਂ, ਤਲਵਾਰਾਂ ਤੇ ਹਥੌੜਿਆਂ ਨਾਲ ਮਾਰਿਆ। ਇਸ ਤੋਂ ਬਾਅਦ ਦੋਸ਼ੀਆਂ ਨੇ ਦੋਹਾਂ ਨੂੰ ਮਰਿਆ ਸਮਝ ਕੇ ਗੁਰੂਗਰਾਮ ਦੇ ਸੋਹਨਾ ਵਿਖੇ ਨਹਿਰ ਵਿੱਚ ਸੁੱਟ ਦਿੱਤਾ। ਡਰਾਈਵਰ ਬਾਲਕਿਸ਼ਨ ਕਿਸੇ ਤਰ੍ਹਾਂ ਤੈਰ ਕੇ ਨਹਿਰ ਵਿੱਚੋਂ ਬਾਹਰ ਆ ਗਿਆ ਤੇ ਉਸ ਨੇ ਪੁਲਸ ਕੋਲ ਪਹੰੁਚ ਕੇ ਸ਼ਿਕਾਇਤ ਦਰਜ ਕਰਾ ਦਿੱਤੀ। ਬਾਲਕਿਸ਼ਨ ਦੀ ਸ਼ਿਕਾਇਤ ਉੱਤੇ ਪੁਲਸ ਨੇ ਜਾਂਚ ਸ਼ੁਰੂ ਕਰਕੇ ਦੋਸ਼ੀਆਂ ਦੀ ਗਿ੍ਰਫ਼ਤਾਰੀ ਲਈ ਇਨਾਮੀ ਰਾਸ਼ੀ ਦਾ ਐਲਾਨ ਕਰ ਦਿੱਤਾ।

ਕਲੀਨਰ ਸੰਦੀਪ ਦੀ ਲਾਸ਼ 8 ਦਿਨ ਬਾਅਦ 2 ਮਾਰਚ ਨੂੰ ਸੋਹਨਾ ਤੋਂ 15 ਕਿਲੋਮੀਟਰ ਦੂਰ ਨਹਿਰ ਵਿੱਚੋਂ ਬਰਾਮਦ ਕਰ ਲਈ ਗਈ। ਮਿ੍ਰਤਕ ਸੰਦੀਪ ਰਾਜਸਥਾਨ ਦੇ ਗੰਗਾਨਗਰ ਦਾ ਰਹਿਣ ਵਾਲਾ ਸੀ। ਪੁਲਸ ਨੇ ਇਸ ਮਾਮਲੇ ਵਿੱਚ ਸਭ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿੱਚੋਂ ਤਿੰਨ ਪੰਕਜ, ਨਿਖਲ ਤੇ ਦੇਵਰਾਜ ਪਲਵਲ ਦੇ ਰਹਿਣ ਵਾਲੇ ਹਨ, ਜਦੋਂ ਕਿ ਪਵਨ ਗੁਰੂਗਰਾਮ ਤੇ ਨਰੇਸ਼ ਨੂੰਹ ਦਾ ਨਿਵਾਸੀ ਹੈ।

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...