
ਮਾਇਆਵਤੀ ਨੇ ਐਤਵਾਰ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਕੌਮੀ ਕੋਆਰਡੀਨੇਟਰ ਤੇ ਆਪਣੇ ਜਾਨਸ਼ੀਨ ਅਹੁਦੇ ਤੋਂ ਹਟਾਉਣ ਦੇ ਬਾਅਦ ਸੋਮਵਾਰ ਬਹੁਜਨ ਸਮਾਜ ਪਾਰਟੀ ਵਿੱਚੋਂ ਹੀ ਬਾਹਰ ਕਰ ਦਿੱਤਾ। ਆਕਾਸ਼ ਆਨੰਦ ਨਾਲ ਇਹ ਭਾਣਾ ਪਹਿਲੀ ਵਾਰ ਨਹੀਂ ਵਾਪਰਿਆ। ਪਿਛਲੀ ਮਈ ਵਿੱਚ ਵੀ ਮਾਇਆਵਤੀ ਨੇ ਆਕਾਸ਼ ਆਨੰਦ ਨੂੰ ਕੌਮੀ ਕੋਆਰਡੀਨੇਟਰ ਬਣਾ ਕੇ ਇੱਕ ਮਹੀਨੇ ਅੰਦਰ ਹਟਾ ਦਿੱਤਾ ਸੀ। ਕੇਂਦਰ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਲਗਾਤਾਰ ਹੇਠਾਂ ਨੂੰ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੀ ਚਾਰ ਵਾਰ ਮੁੱਖ ਮੰਤਰੀ ਰਹੀ ਮਾਇਆਵਤੀ ਦੀ ਇਸ ਅਰਸੇ ਦੌਰਾਨ ਭੇਦਭਰੀ ਕਾਰਜਸ਼ੈਲੀ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ। ਸੰਨ 2017 ਦੀਆਂ ਯੂ ਪੀ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਨੇ 22.23 ਫੀਸਦੀ ਵੋਟਾਂ ਹਾਸਲ ਕਰਕੇ 19 ਸੀਟਾਂ ਜਿੱਤੀਆਂ ਸਨ। ਲੋਕ ਸਭਾ-2019 ਦੀਆਂ ਚੋਣਾਂ ਬਸਪਾ ਨੇ ਯੂ ਪੀ ਵਿੱਚ ਸਮਾਜਵਾਦੀ ਪਾਰਟੀ ਤੇ ਲੋਕ ਦਲ ਨਾਲ ਮਿਲ ਕੇ ਲੜੀਆਂ ਸਨ ਤੇ ਉਸ ਨੂੰ 10 ਸੀਟਾਂ ਉੱਤੇ ਜਿੱਤ ਪ੍ਰਾਪਤ ਹੋਈ ਸੀ। ਅਗਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਬਸਪਾ ਨੇ ਇਕੱਲਿਆਂ ਲੜੀਆਂ ਸਨ।
ਇਓਂ ਕਿਹਾ ਜਾ ਸਕਦਾ ਹੈ ਕਿ ਮਾਇਆਵਤੀ ਨੇ ਇਹ ਚੋਣਾਂ ਬੇਦਿਲੀ ਨਾਲ ਲੜੀਆਂ ਤੇ ਘਰੋਂ ਨਹੀਂ ਸੀ ਨਿਕਲੀ। ਇਸੇ ਕਾਰਨ ਬਸਪਾ ਵਿਧਾਨ ਸਭਾ ਦੀ ਸਿਰਫ਼ ਇੱਕ ਸੀਟ ਜਿੱਤ ਸਕੀ ਸੀ ਤੇ ਇਸ ਦਾ ਵੋਟ ਸ਼ੇਅਰ 12.88 ਫ਼ੀਸਦੀ ਤੱਕ ਡਿਗ ਗਿਆ ਸੀ। ਇਨ੍ਹਾਂ ਚੋਣਾਂ ਵਿੱਚ ਬਸਪਾ ਨੇ ਬਹੁਤੇ ਹਲਕਿਆਂ ਵਿੱਚ ਅਜਿਹੇ ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ਵੋਟਾਂ ਦੀ ਵੰਡ ਕਰਕੇ ਭਾਜਪਾ ਦੀ ਜਿੱਤ ਦਾ ਰਾਹ ਸੁਖਾਲਾ ਕੀਤਾ ਸੀ। ਲੋਕ ਸਭਾ ਦੀਆਂ 2024 ਦੀਆਂ ਚੋਣਾਂ ਵਿੱਚ ਬਸਪਾ ਨੇ ਦੇਸ਼-ਭਰ ’ਚ 488 ਸੀਟਾਂ ਲੜੀਆਂ ਤੇ ਇੱਕ ਵੀ ਸੀਟ ਨਾ ਜਿੱਤ ਸਕੀ ਸੀ। ਇਸ ਦਾ ਵੋਟ ਸ਼ੇਅਰ ਕੌਮੀ ਪੱਧਰ ਉਤੇ 2.04 ਫੀਸਦੀ ਤੇ ਯੂ ਪੀ ਵਿੱਚ 9.39 ਫੀਸਦੀ ਤੱਕ ਡਿਗ ਗਿਆ ਸੀ।
ਲੋਕ ਸਭਾ ਦੀਆਂ 2024 ਚੋਣਾਂ ਤੋਂ ਪਹਿਲਾਂ ਜਦੋਂ ਉਸ ਨੇ ਬਸਪਾ ਦੀ ਵਾਗਡੋਰ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਸੌਂਪੀ ਤਾਂ ਬਸਪਾ ਵਰਕਰਾਂ ਨੂੰ ਇੱਕ ਆਸ ਦੀ ਕਿਰਨ ਦਿਖਾਈ ਦਿੱਤੀ ਸੀ। ਬਸਪਾ ਵਰਕਰਾਂ ਨੇ ਆਕਾਸ਼ ਆਨੰਦ ਨੂੰ ਹੱਥਾਂ ਉੱਤੇ ਚੁੱਕ ਲਿਆ ਸੀ। ਪਰ ਛੇਤੀ ਹੀ ਮਾਇਆਵਤੀ ਨੇ ਆਪਣੇ ਇੱਕ ਅਜੀਬੋ-ਗਰੀਬ ਫੈਸਲੇ ਰਾਹੀਂ ਆਕਾਸ਼ ਆਨੰਦ ਦੇ ਹੇਠੋਂ ਕੁਰਸੀ ਖਿੱਚ ਲਈ ਤੇ ਉਸ ਉੱਤੇ ਬਿਆਨ ਜਾਂ ਇੰਟਰਵਿਊ ਦੇਣ ’ਤੇ ਵੀ ਪਾਬੰਦੀ ਲਾ ਦਿੱਤੀ ਸੀ। ਆਕਾਸ਼ ਆਨੰਦ ਵਿਰੁੱਧ ਇਸ ਕਾਰਵਾਈ ਨੇ ਮਾਇਆਵਤੀ ਬਾਰੇ ਇਸ ਵਿਚਾਰ, ਕਿ ਉਹ ਭਾਜਪਾ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਨੂੰ ਪੁਖਤਾ ਕਰ ਦਿੱਤਾ ਸੀ। ਹੋਇਆ ਇਹ ਸੀ ਕਿ ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਆਕਾਸ਼ ਆਨੰਦ ਨੇ ਸੀਤਾਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਸੀ। ਆਕਾਸ਼ ਆਨੰਦ ਨੇ ਆਪਣੇ ਭਾਸ਼ਣ ਵਿੱਚ ਭਾਜਪਾ ਉੱਤੇ ਤਿੱਖੇ ਹਮਲੇ ਕੀਤੇ ਤੇ ਉਸ ਨੂੰ ਅੱਤਵਾਦੀਆਂ ਦੀ ਪਾਰਟੀ ਕਿਹਾ ਸੀ।
ਇਸ ਤੋਂ ਤੁਰੰਤ ਬਾਅਦ ਮਾਇਆਵਤੀ ਨੇ ਆਕਾਸ਼ ਆਨੰਦ ਨੂੰ ਸਭ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਸੀ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਮਾਇਆਵਤੀ ਨੇ ਇਹ ਕਾਰਵਾਈ ਅਮਿਤ ਸ਼ਾਹ ਦਾ ਫੋਨ ਆਉਣ ਉੱਤੇ ਕੀਤੀ ਸੀ। ਇਸ ਵਾਰ ਕੀ ਹੋਇਆ ਤੇ ਕਿਸ ਦੇ ਫੋਨ ਆਉਣ ਉੱਤੇ ਮਾਇਆਵਤੀ ਨੇ ਇਹ ਕਾਰਵਾਈ ਕੀਤੀ, ਇਸ ਬਾਰੇ ਸਿਰਫ਼ ਅੰਦਾਜ਼ੇ ਲਾਏ ਜਾ ਸਕਦੇ ਹਨ। ਮਾਇਆਵਤੀ ਨੇ ਆਕਾਸ਼ ਆਨੰਦ ਨੂੰ 2023 ਜੂਨ ਵਿੱਚ ਮੁੜ ਆਪਣਾ ਜਾਨਸ਼ੀਨ ਤੇ ਕੌਮੀ ਕੋਆਰਡੀਨੇਟਰ ਬਣਾ ਦਿੱਤਾ ਸੀ, ਕਿਉਂਕਿ ਪਾਰਟੀ ਦਾ ਕਾਡਰ ਇਸ ਲਈ ਦਬਾਅ ਪਾ ਰਿਹਾ ਸੀ। ਬੀਤੀ 2 ਮਾਰਚ ਨੂੰ ਆਕਾਸ਼ ਆਨੰਦ ਜਦੋਂ ਮੁੜ ਸਭ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਤਾਂ ਕਾਂਗਰਸੀ ਆਗੂ ਉਦਿਤ ਰਾਜ ਨੇ ਇੱਕ ਟਵੀਟ ਰਾਹੀਂ ਮਾਇਆਵਤੀ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਸੀ, ‘‘ਮਾਇਆਵਤੀ ਆਪਣੀ ਪਾਰਟੀ ਨੂੰ ਖ਼ਤਮ ਕਰ ਰਹੀ ਹੈ ਤੇ ਬਸਪਾ ਅੰਦਰ ਦਲਿਤਾਂ ਲਈ ਕੋਈ ਥਾਂ ਨਹੀਂ ਬਚੀ।
ਬਸਪਾ ਵਰਕਰਾਂ ਨੂੰ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਇਸ ਤੋਂ ਤੁਰੰਤ ਬਾਅਦ ਆਕਾਸ਼ ਆਨੰਦ ਨੇ ਵੀ ਇੱਕ ਟਵੀਟ ਕਰਕੇ ਕਿਹਾ, ‘‘ਮਾਇਆਵਤੀ ਜੀ ਵੱਲੋਂ ਮੈਨੂੰ ਪਾਰਟੀ ਦੇ ਸਭ ਅਹੁਦਿਆਂ ਤੋਂ ਮੁਕਤ ਕਰਨ ਦਾ ਫੈਸਲਾ ਮੇਰੇ ਲਈ ਭਾਵਨਾਤਮਕ ਤੇ ਨਾਲ ਹੀ ਇੱਕ ਵੱਡੀ ਚੁਣੌਤੀ ਹੈ। ਪ੍ਰੀਖਿਆ ਕਠਿਨ ਹੈ ਤੇ ਲੜਾਈ ਲੰਮੀ ਹੈ। ਅਜਿਹੇ ਮੌਕੇ ਉੱਤੇ ਸਬਰ ਤੇ ਸੰਕਲਪ ਹੀ ਸੱਚੇ ਸਾਥੀ ਹੁੰਦੇ ਹਨ। ਮੈਂ ਆਖਰੀ ਸਾਹ ਤੱਕ ਆਪਣੇ ਸਮਾਜ ਦੇ ਹੱਕ ਦੀ ਲੜਾਈ ਲੜਦਾ ਰਹਾਂਗਾ। ਇਸ ਟਵੀਟ ਤੋਂ ਬਾਅਦ ਮਾਇਆਵਤੀ ਹੋਰ ਲੋਹੀ-ਲਾਖੀ ਹੋ ਗਈ ਤੇ ਉਸ ਨੇ ਆਨੰਦ ਨੂੰ ਪਾਰਟੀ ਵਿੱਚੋਂ ਹੀ ਬਾਹਰ ਕਰ ਦਿੱਤਾ।