ਪੰਜਾਬੀ ਨਾਵਲਕਾਰ ਤੇ ਕਹਾਣੀਕਾਰ ਨਿੰਦਰ ਗਿੱਲ ਦਾ ਦੇਹਾਂਤ

ਪੰਜਾਬੀ ਨਾਵਲਕਾਰ ਤੇ ਕਹਾਣੀਕਾਰ ਨਿੰਦਰ ਗਿੱਲ ਦਾ ਅੱਜ ਦੇਹਾਂਤ ਹੋ ਗਿਆ। ਨਿੰਦਰ ਗਿੱਲ ਸਵੀਡਨ ਵਿੱਚ ਲੰਮਾ ਸਮਾਂ ਗੁਜ਼ਾਰਨ ਮਗਰੋਂ ਬੀਤੀ 4 ਨਵੰਬਰ ਨੂੰ ਆਪਣੇ ਜੱਦੀ ਪਿੰਡ ਜੰਡਾਲੀ ਪਰਤੇ ਸਨ। ਇਸ ਮੌਕੇ ਸਥਾਨਕ ਪੰਜਾਬੀ ਭਵਨ ਵਿੱਚ ਜੁੜੇ ਲੇਖਕਾਂ ਡਾ. ਲਖਵਿੰਦਰ ਜੌਹਲ, ਡਾ. ਗੁਰਇਕਬਾਲ ਸਿੰਘ, ਪ੍ਰੋ. ਗੁਰਭਜਨ ਸਿੰਘ ਗਿੱਲ, ਤ੍ਰੈਲੋਚਨ ਲੋਚੀ, ਕਹਾਣੀਕਾਰ ਸੁਖਜੀਤ, ਪੰਜਾਬੀ ਕਵੀ ਬਲਦੇਵ ਸਿੰਘ ਝੱਜ, ਮਨਦੀਪ ਸਿੰਘ ਘੁਮਾਣ ਡਡਿਆਣਾ, ਸੰਦੀਪ ਸਮਰਾਲਾ, ਕਰਮਜੀਤ ਗਰੇਵਾਲ, ਸਤੀਸ਼ ਗੁਲਾਟੀ ਤੇ ਮਨਦੀਪ ਕੌਰ ਭਮਰਾ ਨੇ ਦੁੱਖ ਪ੍ਰਗਟਾਇਆ ਹੈ। ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਗੁਰਦੀਪ ਸਿੰਘ ਨਿਜ਼ਾਮਪੁਰ ਨੇ ਦੱਸਿਆ ਕਿ ਨਿੰਦਰ ਗਿੱਲ ਨਮਿੱਤ ਭੋਗ ਤੇ ਅੰਤਿਮ ਅਰਦਾਸ 22 ਨਵੰਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਜੰਡਾਲੀ, ਤਹਿਸੀਲ ਪਾਇਲ, ਲੁਧਿਆਣਾ ਵਿੱਚ ਹੋਵੇਗੀ। ਨਿੰਦਰ ਗਿੱਲ ਨੂੰ ਵਧੇਰੇ ਉਨ੍ਹਾਂ ਦੇ ਨਾਵਲਾਂ ਵਿੱਚ ਪੰਜਾਬ ਦੇ ਅੱਸਵਿਆਂ ਦੇ ਸੰਕਟ ਨੂੰ ਡੂੰਘਾਈ ਨਾਲ ਚਿਤਰਣ ਦੇ ਹੁਨਰ ਕਰਕੇ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਨਾਵਲ ‘ਪੈਂਡੇ’, ‘ਪੰਜਾਬ 84 ਚੋਣ ਹਲਕਾ ਪਾਇਲ’, ‘ਦਹਿਸ਼ਤ ਦੇ ਦਿਨਾਂ ਵਿੱਚ’, ‘ਵਿੱਚ ਵਿਚਾਲੇ’, ‘ਉਹ ਤਿੰਨ ਦਿਨ’ ਤੇ ‘ਸਹਿਮਤੀ ਤੋਂ ਬਾਅਦ’ ਉਨ੍ਹਾਂ ਦੀ ਵੱਖਰੀ ਛਾਪ ਦਾ ਸਬੂਤ ਹਨ। ਦੋ ਮੌਲਿਕ ਕਹਾਣੀ ਸੰਗ੍ਰਹਿਆਂ ‘ਜ਼ਿੰਦਗੀ ਦੇ ਇਸ਼ਤਿਹਾਰ’ ਤੇ ‘ਸੁੰਨ ਸਰਾਂ’ ਤੋਂ ਬਿਨਾਂ ਉਨ੍ਹਾਂ ਨੇ ਤਰਲੋਚਨ ਝਾਂਡੇ ਨਾਲ ‘ਅਸੀਂ ਜਿਉਂਦੇ ਅਸੀਂ ਜਾਗਦੇ’ ਕਹਾਣੀ ਸੰਗ੍ਰਹਿ ਦੀ ਸੰਪਾਦਨਾ ਵੀ ਕੀਤੀ। ਨਿੰਦਰ ਗਿੱਲ ਦੀ ਪ੍ਰੇਰਨਾ ਨਾਲ ਹੀ ਅਜਾਇਬ ਚਿਤਰਕਾਰ ਦੀ ਪ੍ਰਧਾਨਗੀ ਤੇ ਬਲਬੀਰ ਆਤਿਸ਼ ਦੀ ਜਨਰਲ ਸਕੱਤਰੀ ਵਿੱਚ ਪੀਏਯੂ ਸਾਹਿਤ ਸਭਾ ਦੀ ਸਥਾਪਨਾ ਕੀਤੀ ਗਈ ਸੀ।

ਸਾਂਝਾ ਕਰੋ