ਕੁੱਝ ਕਹਿ ਰਹੀ ਹੈ ਜੱਲਿਆਂਵਾਲਾ ਬਾਗ਼ ਦੀ ਹਵਾ
ਅਪਰੈਲ 13, 1919 ਦਾ ਦਿਹਾੜਾ ਇਤਿਹਾਸ ਦੇ ਸਫ਼ੇ ’ਤੇ ਖ਼ੂਨੀ ਵਿਸਾਖੀ ਦਾ ਦਿਹਾੜਾ ਬਣ ਕੇ ਉਕਰਿਆ ਗਿਆ ਜਦੋਂ ਪਲਾਂ ਛਿਣਾਂ ਅੰਦਰ ਜੱਲਿਆਂਵਾਲਾ ਬਾਗ਼ ਵਿੱਚ ਜੁੜੇ ਨਿਹੱਥੇ ਬੇਦੋਸ਼ੇ ਲੋਕਾਂ ਉਪਰ ਗੋਲੀਆਂ ਦੀ ਅੰਨ੍ਹੇਵਾਹ ਵਾਛੜ ਕਰ ਕੇ ਬਾਗ਼ ਅਤੇ ਬਾਗ਼ ਅੰਦਰਲੇ ਖੂਹ ਨੂੰ ਲੋਥਾਂ ਨਾਲ ਭਰ ਦਿੱਤਾ। ਜੱਲਿਆਂਵਾਲਾ ਬਾਗ ਇਤਿਹਾਸ ਦਾ ਅਜਿਹਾ ਪ੍ਰੇਰਨਾਦਾਇਕ ਸਫ਼ਾ ਬਣ ਗਿਆ ਕਿ ਜਿੱਥੋਂ ਗ਼ਦਰੀ, ਬੱਬਰ ਅਕਾਲੀ, ਨੌਜਵਾਨ ਭਾਰਤ ਸਭਾ ਊਧਮ ਸਿੰਘ ਅਤੇ ਸਮੇਂ ਸਮੇਂ ਦੀਆਂ ਇਨਕਲਾਬੀ ਲੋਕ ਲਹਿਰਾਂ ਅਤੇ ਉਨ੍ਹਾਂ ਦੇ ਨਾਇਕਾਂ ਨੇ ਪ੍ਰੇਰਣਾ ਲਈ।
ਬੀਤੇ ਵਰ੍ਹਿਆਂ ਅੰਦਰ ਇਸ ਇਤਿਹਾਸਕ ਕੌਮੀ ਵਿਰਾਸਤ ਦਾ ਹੁਲੀਆ ਵਿਗਾੜ ਕੇ ਇਸ ਨੂੰ ਸੈਰਗਾਹ ਬਣਾਉਣ ਦੀਆਂ ਸਕੀਮਾਂ ਘੜੀਆਂ ਜਾਣ ਲੱਗੀਆਂ। ਪੰਜਾਬ ਨੇ ਅੱਖ ਉਘਾੜੀ। ਅੰਮ੍ਰਿਤਸਰ ਸ਼ਹਿਰ ਅੰਦਰ ਜ਼ਬਰਦਸਤ ਮਾਰਚ ਹੋਇਆ। ਬਾਗ਼ ਦੇ ਮੁੱਖ ਦੁਆਰ ਅੱਗੇ ਧਰਨੇ ਅਤੇ ਵਿਖਾਵੇ ਹੋਏ। ਜਨਤਕ ਆਵਾਜ਼ ਕਾਰਨ ਵਕਤੀ ਤੌਰ ’ਤੇ ਇਹ ਸਿਲਸਿਲਾ ਰੋਕ ਲਿਆ ਗਿਆ। ਦਰਸ਼ਕਾਂ ਲਈ ਟਿਕਟਾਂ ਲਾਉਣ, ਟਿਕਟ ਖਿੜਕੀਆਂ ਉਪਰ ਮਸ਼ੀਨਾਂ ਲਾਉਣ ਦਾ ਕੰਮ ਜਾਗਦੀ ਲੋਕਾਈ ਦੀ ਆਵਾਜ਼ ਕਾਰਨ ਰੋਕਣਾ ਪਿਆ। ਜਾਗਦੀ ਅੱਖ ਵਾਲੇ ਲੋਕਾਂ ਨੇ ਉਸ ਵੇਲੇ ਵੀ ਖ਼ਬਰਦਾਰ ਕੀਤਾ ਸੀ ਕਿ ਇਹ ਕੌਮਾ ਹੀ ਹੈ ਫ਼ੁੱਲ ਸਟਾਪ ਨਹੀਂ। ਲਗਾਤਾਰ ਚੌਕੰਨੇ ਰਹਿਣ ਦੀ ਲੋੜ ਹੈ। ਇਨ੍ਹਾਂ ਦਿਨਾਂ ਅੰਦਰ ਇਹ ਬੋਲ ਫਿਰ ਸੱਚ ਨਿਕਲੇ।
ਕੀ ਤੁਸੀਂ ਇਨ੍ਹਾਂ ਦਿਨਾਂ ਵਿੱਚ ਜੱਲਿਆਂਵਾਲਾ ਬਾਗ਼ ਅੰਮ੍ਰਿਤਸਰ ਗਏ ਹੋ ? ਜੇ ਨਹੀਂ ਗਏ ਤਾਂ ਜ਼ਰੂਰ ਜਾਣ ਦੀ ਕੋਸ਼ਿਸ਼ ਕਰਨਾ। ਤੁਹਾਡੇ ਸ਼ਹੀਦ ਤੁਹਾਨੂੰ ਬੁਲਾ ਰਹੇ ਨੇ। ਉਨ੍ਹਾਂ ਦੀ ਆਵਾਜ਼ ਸੁਣੋ। ਲਹੂ ਰੱਤੇ ਇਤਿਹਾਸ ਨੂੰ ਆਪਣੀ ਬੁੱਕਲ ਵਿੱਚ ਸਾਂਭ ਸਾਂਭ ਰੱਖਦਾ ਆ ਰਿਹਾ ਜੱਲਿਆਂਵਾਲਾ ਬਾਗ ਅੱਜ ਤੁਹਾਡੇ ਨਾਲ ਆਪਣੇ ਦਰਦ ਸਾਂਝੇ ਕਰਨਾ ਲੋਚਦਾ ਹੈ। ਉਸ ਨੂੰ ਸ਼ਿਕਵਾ ਹੈ ਕਿ ਤੁਸੀਂ ਬਾਗ਼ ਨੂੰ ਕੁਝ ਤਾਂ ਵੈਸੇ ਹੀ ਭੁੱਲ ਭੁਲਾ ਗਏ। ਕੁਝ ਰਸਮੀ ਆਉਂਦੇ ਹੋ। ਕੁਝ ਲਾਗੇ ਤਾਗੇ ਆ ਕੇ ਐਨ ਗੁਆਂਢ ’ਚੋਂ ਮੁੜ ਜਾਂਦੇ ਹੋ। ਬਾਰਾਂ ਵਰ੍ਹਿਆਂ ਦਾ ਇੱਕ ਅੱਲ੍ਹੜ ਨੌਜਵਾਨ ਭਗਤ ਸਿੰਘ ਤਾਂ ਜੱਲਿਆਂਵਾਲਾ ਬਾਗ ਦੀ ਲਹੂ ਭਿੱਜੀ ਮਿੱਟੀ ਸ਼ੀਸ਼ੀ ਵਿੱਚ ਅਦਬ ਨਾਲ ਮੱਥੇ ਨੂੰ ਲਗਾ ਕੇ ਲੈ ਕੇ ਜਾਂਦਾ ਹੈ। ਕੀ ਤੁਹਾਨੂੰ ਜੱਲਿਆਂਵਾਲਾ ਬਾਗ਼ ਦਾ ਇਤਿਹਾਸ ਭੁਲ ਗਿਆ ਹੈ?
ਇੱਕ ਵਾਰ ਫੇਰ ਉੱਚੀ ਆਵਾਜ਼ ਦੇ ਰਿਹੈ ਜੱਲਿਆਂਵਾਲਾ ਬਾਗ਼। ਤੁਸੀਂ ਜ਼ਰੂਰ ਜਾ ਕੇ ਆਓ। ਤੁਹਾਨੂੰ ਖੂਹ ਦੀ ਜ਼ੋਰਦਾਰ ਗੂੰਜ ਮੁੜ ਘਰ ਗਿਆਂ ਨੂੰ ਸੌਣ ਨਹੀਂ ਦੇਵੇਗੀ। ਬਾਗ਼ ਦੀਆਂ ਕੰਧਾਂ, ਇੱਕੋ ਇੱਕ ਤੰਗ ਗਲ਼ੀ, ਮਸ਼ੀਨ ਗੰਨ ਬੀੜਨ ਵਾਲੀ ਨਿਸ਼ਾਨਬੱਧ ਕੀਤੀ ਇਤਿਹਾਸਕ ਥਾਂ, ਲੋਥਾਂ ਨਾਲ ਭਰਿਆ ਖੂਹ, ਕੰਧਾਂ ਵਿੱਚੋਂ ਬੋਲਦੇ ਗੋਲੀਆਂ ਦੇ ਨਿਸ਼ਾਨ, ਯਾਦਗਾਰੀ ਆਰਟ ਗੈਲਰੀਆਂ, ਇਤਿਹਾਸਕ ਦਸਤਾਵੇਜ਼, ਪ੍ਰਮਾਣਿਕ ਰਿਕਾਰਡ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਣਗੇ ਕਿ ਉਹ ਕੌਣ ਹੈ ਜੋ ਇਤਿਹਾਸਕ ਵਿਰਾਸਤ ਨਾਲ ਛੇੜ ਛਾੜ ਕਰ ਰਿਹੈ। ਇਸ ਦੀ ਮੌਲਿਕਤਾ ਕਿਸ ਨੂੰ ਚੰਗੀ ਨਹੀਂ ਲੱਗਦੀ। ਕਿਉਂ ਕੋਈ ਇਸਨੂੰ ਬਦਲਣ ਲਈ ਤਰਲੋਮੱਛੀ ਹੋ ਰਿਹੈ। ਅਜਿਹੀ ਚਿੰਤਾਜਨਕ ਵਿਥਿਆ ਜੱਲਿਆਂਵਾਲਾ ਬਾਗ਼ ਅੱਜ ਆਪਣੇ ਮੂੰਹੋਂ ਬੋਲਦਾ ਹੈ। ਇਸ ਦੀ ਮਿੱਟੀ ਦਾ ਕਣ-ਕਣ ਇਤਿਹਾਸ ਹੈ। ਇਸ ਦੀਆਂ ਦੀਵਾਰਾਂ ਤੁਹਾਡੇ ਨਾਲ ਦਰਦ ਕਹਾਣੀ ਸਾਂਝੀ ਕਰਦੀਆਂ ਪ੍ਰਤੀਤ ਹੁੰਦੀਆਂ ਹਨ।
ਜੱਲਿਆਂਵਾਲਾ ਬਾਗ਼ ਦੀ ਗੈਲਰੀ ਵਿੱਚ ਪਹਿਲਾਂ ਲੱਗੀਆਂ ਪਰਿਵਾਰਾਂ ਵੱਲੋਂ ਭੇਟ ਕੀਤੀਆਂ ਸ਼ਹੀਦਾਂ ਦੀਆਂ ਤਸਵੀਰਾਂ ਕਿੱਥੇ ਗਈਆਂ ? ਸ਼ਹੀਦਾਂ ਦੇ ਲਹੂ ਨਾਲ ਲਥਪਥ ਮ੍ਰਿਤਕ ਦੇਹਾਂ ਦੇ ਪਹਿਨੇ ਕੱਪੜਿਆਂ ਦੀਆਂ ਜੇਬਾਂ ਵਿਚੋਂ ਜੋ ਕਰੰਸੀ ਸਿੱਕੇ ਪ੍ਰਾਪਤ ਹੋਏ ਸਨ ਉਹ ਬਾਗ਼ ਦੀਆਂ ਗੈਲਰੀਆਂ ਵਿੱਚ ਇਤਿਹਾਸਕ ਧਰੋਹਰ ਵਜੋਂ ਰੱਖੇ ਹੋਏ ਸਨ, ਅੱਜ ਕੱਲ੍ਹ ਉਹ ਕਿੱਥੇ ਹਨ। ਹਿੰਦੂਆਂ, ਸਿੱਖਾਂ, ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਦਾ 13 ਅਪਰੈਲ 1919 ਨੂੰ ਖ਼ੂਨੀ ਵਿਸਾਖੀ ਮੌਕੇ ਸਾਂਝੀ ਗਲਵੱਕੜੀ ਪਾ ਕੇ ਸ਼ਹੀਦੀ ਜਾਮ ਪੀ ਜਾਣਾ ਸਾਡੇ ਆਜ਼ਾਦੀ ਸੰਗਰਾਮ ਦੀ ਅਮੁੱਲੀ ਇਤਿਹਾਸਕ ਵਿਰਾਸਤ ਹੈ। ਇਹ ਸ਼ਹੀਦਾਂ ਦੀ ਸਾਂਝੀ ਸੂਚੀ ਪੜ੍ਹਨ ਵਾਲੇ ਹਰ ਦਰਸ਼ਕ ਨੂੰ ਇਤਿਹਾਸ ਉਂਗਲ ਫੜ ਕੇ ਅਤੀਤ, ਵਰਤਮਾਨ ਅਤੇ ਭਵਿੱਖ ਨਾਲ ਕਦਮ ਮਿਲਾ ਕੇ ਸਾਂਝੇ ਤੌਰ ’ਤੇ ਤੁਰਨ ਦੀ ਜਾਂਚ ਸਿਖਾਉਂਦਾ ਹੈ। ਉਹ ਲੋਕ ਕੌਣ ਨੇ ਜਿਨ੍ਹਾਂ ਨੂੰ ਇਸ ਸਾਂਝ ਨਾਲ਼ ਨਫ਼ਰਤ ਹੈ। ਜੇ ਨਹੀਂ ਤਾਂ ਉਹ ਸ਼ਹੀਦਾਂ ਦੀ ਸੂਚੀ ਕਿੱਥੇ ਗਈ ?
ਖੂਨੀ ਕਾਂਡ ਦੇ ਇੱਕ ਜਾਣੇ-ਪਛਾਣੇ ਮੁਜ਼ਰਿਮ ਮਾਈਕਲ ਓ’ਡਵਾਇਰ ਖਿਲਾਫ਼ ਅਦਾਲਤ ਵਿੱਚ ਲੋਕਾਂ ਨਾਲ ਡਟ ਕੇ ਖੜ੍ਹਨ ਵਾਲੇ ਵਕੀਲ ਚੇਤੁਰ ਸੰਕਰਨ ਨਾਇਰ ਦੇ ਨਾਮ ਦੀ ਤਖ਼ਤੀ ਅਤੇ ਤਸਵੀਰ ਜੋ ਪਹਿਲਾਂ ਗੈਲਰੀ ਨੰਬਰ ਇੱਕ ਵਿੱਚ ਸਥਾਪਤ ਸੀ ਹੁਣ ਗਾਇਬ ਹੋਣਾ ਬੇਹੱਦ ਅਫ਼ਸੋਸਨਾਕ ਅਤੇ ਚਿੰਤਾ ਦਾ ਵਿਸ਼ਾ ਹੈ। ਸਮੂਹ ਲੋਕ ਹਿਤੈਸ਼ੀ ਅਤੇ ਲੋਕ ਇਤਿਹਾਸ ਦੀਆਂ ਵਾਰਸ ਸੰਸਥਾਵਾਂ ਨੂੰ ਜੱਲਿਆਂਵਾਲਾ ਬਾਗ਼ ਦੇ ਚੇਅਰਮੈਨ ਅਤੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਗੈਲਰੀਆਂ ਵਿੱਚ ਇਤਿਹਾਸਕ ਵਸਤਾਂ/ਹਵਾਲਿਆਂ ਦੀ ਸਾਂਭ-ਸੰਭਾਲ ਅਤੇ ਗੈਲਰੀਆਂ ਵਿੱਚ ਉਨ੍ਹਾਂ ਦੀ ਵਾਪਸੀ ਦੀ ਜਾਮਨੀ ਕਰਨ ਲਈ ਮੰਗ ਪੱਤਰਾਂ ਅਤੇ ਵਫ਼ਦ ਦੇ ਰੂਪ ਵਿੱਚ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਇਹ ਵੀ ਮੰਗ ਵੀ ਕੀਤੀ ਜਾਣੀ ਚਾਹੀਦੀ ਹੈ ਕਿ ਕੌਮੀ ਯਾਦਗਾਰੀ ਇਬਾਦਤਗਾਹ ਜੱਲਿਆਂਵਾਲਾ ਬਾਗ਼ ਨੂੰ ਕਿਸੇ ਵੀ ਕਿਸਮ ਦੀਆਂ ਨਿੱਜੀ ਕੰਪਨੀਆਂ ਦੇ ਅਧਿਕਾਰ ਖੇਤਰ ਵਿੱਚ ਨਾ ਲਿਆਂਦਾ ਜਾਵੇ। ਇਸ ਦੀ ਥਾਂ ਜਾਣੇ-ਪਛਾਣੇ ਇਤਿਹਾਸਕਾਰਾਂ ਅਤੇ ਟਰੱਸਟ ਦੀ ਨਿਗਰਾਨੀ ਹੇਠ ਹਕੀਕੀ ਇਤਿਹਾਸ ਨੂੰ ਸਲਾਮਤ ਰੱਖਣਾ ਯਕੀਨੀ ਬਣਾਇਆ ਜਾਏ।
ਜੱਲਿਆਂਵਾਲਾ ਬਾਗ਼ ਦੀ ਇਤਿਹਾਸਕ ਵਿਰਾਸਤ ਨੂੰ ਸਹਿਜੇ ਸਹਿਜੇ ਸੈਰਗਾਹ ’ਚ ਤਬਦੀਲ ਕੀਤੇ ਜਾਣ ਬਾਰੇ ਜੋ ਕਈ ਵਰ੍ਹੇ ਪਹਿਲਾਂ ਹੀ ਖਦਸ਼ੇ ਪ੍ਰਗਟਾਏ ਸਨ ਹੁਣ ਉਨ੍ਹਾਂ ਦੀ ਹੀ ਪੁਸ਼ਟੀ ਹੋ ਰਹੀ ਹੈ। ਇਹ ਖਦਸ਼ੇ ਦੂਰ ਕਰ ਕਰਨ ਦੀ ਲੋੜ ਹੈ। ਲਾਈਟ ਐਂਡ ਸਾਊਂਡ ਪ੍ਰੋਗਰਾਮ ਦੀ ਸਕ੍ਰਿਪਟ ਮੁਲਕ ਦੇ ਨਾਮਵਰ ਵਿਦਵਾਨਾਂ, ਇਤਿਹਾਸਕਾਰਾਂ ਅਤੇ ਕੌਮੀ ਵਿਰਾਸਤ ਨਾਲ ਜੁੜੀਆਂ ਯਾਦਗਾਰਾਂ ਸਬੰਧੀ ਨਾਮਵਰ ਸ਼ਖ਼ਸੀਅਤਾਂ ਸੰਸਥਾਵਾਂ ਨੂੰ ਅਧਿਕਾਰਤ ਕੀਤਾ ਜਾਏ। ਇਨ੍ਹਾਂ ਦਿਨਾਂ ਵਿੱਚ ਜੱਲਿਆਂਵਾਲਾ ਬਾਗ ਦੀ ਇਤਿਹਾਸਕ ਧਰੋਹਰ ਨਾਲ ਛੇੜ-ਛਾੜ ਕਰਨ ਦੀ ਇਸ ਘਟਨਾ ਨੂੰ ਇਤਿਹਾਸ ਦੇ ਪਾਰਖੂਆਂ ਵੱਲੋਂ ਕੌਮੀ ਮੰਚ ’ਤੇ ਸਾਹਮਣੇ ਆ ਰਹੀਆਂ ਘਟਨਾਵਾਂ ਨਾਲ ਵੀ ਜੋੜ ਕੇ
ਦੇਖਿਆ ਜਾ ਰਿਹਾ ਹੈ। ਕਾਕੋਰੀ ਕਾਂਡ ਦੇ ਸ਼ਹੀਦਾਂ ਦੇ ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) ਵਿਚਲੇ ਬੁੱਤਾਂ ਨੂੰ ਤੋੜਨ, ਦਿੱਲੀ ਅੰਦਰ ਵਿਦਿਆਰਥੀਆਂ ਦੇ ਵਿਖਾਵੇ ਵਿੱਚੋਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਸ਼ਹੀਦਾਂ ਦੀਆਂ ਤਸਵੀਰਾਂ ਖੋਹਣਾ ਅੱਜਕੱਲ੍ਹ ਜੱਲਿਆਂਵਾਲਾ ਬਾਗ਼ ਦਾ ਮੁਹਾਂਦਰਾ ਬਦਲਣ ਦੇ ਅਣਦੱਸੇ ਕਦਮ ਚੁੱਕਣਾ, ਕਿਸੇ ਨਾ ਕਿਸੇ ਰੂਪ ਵਿੱਚ ਸਾਮਰਾਜੀਆਂ ਖਿਲਾਫ਼ ਲੋਕ ਰੋਹ ਦੇ ਪ੍ਰਤੀਕਾਂ ਨੂੰ ਲੋਕਾਂ ਦੀ ਨਜ਼ਰ ਤੋਂ ਲਾਂਭੇ ਕਰਨ ਦੀ ਯੋਜਨਾ ਦਾ ਇਜ਼ਹਾਰ ਜਾਪਦਾ ਹੈ।
ਸਾਮਰਾਜੀ ਕਾਰਪੋਰੇਟ ਘਰਾਣਿਆਂ ਦੀਆਂ ਸ਼ਰਤਾਂ ਨੂੰ ਖਿੜੇ ਮੱਥੇ ਪ੍ਰਵਾਨ ਕਰ ਕੇ ਜਿਵੇਂ ਪੰਜਾਬ ਸਮੇਤ ਦੇਸ਼ ਦੇ ਬੂਹੇ ਸਪਾਟ ਖੋਲ੍ਹੇ ਜਾ ਰਹੇ ਹਨ ਇਸ ਵਰਤਾਰੇ ਖਿਲਾਫ਼ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਇਸ ਆਵਾਜ਼ ਨੂੰ ਊਰਜਾ ਮਿਲਦੀ ਹੈ, ਜੱਲਿਆਂਵਾਲਾ ਬਾਗ਼ ਦੀ ਮਹਾਨ ਵਿਰਾਸਤ ਤੋਂ। ਇਹੋ ਕੰਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਰਾਸਤੀ ਯਾਦਗਾਰ ’ਤੇ ਵੀ ਦੇਖਣ ਨੂੰ ਮਿਲਦਾ ਹੈ। ਹਾਈਵੇਅ ਤੋਂ ਯਾਦਗਾਰ ਦੇ ਐਨ ਮੁੱਖੜੇ ’ਤੇ ਲੱਗਾ ਭਗਤ ਸਿੰਘ ਦਾ ਬੁੱਤ ਪਿੱਛੇ ਕਰ ਦੇਣਾ, ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਓਹਲੇ ਵਿਸ਼ਾਲ ਚਾਰਦੀਵਾਰੀ ਵਿੱਚ ਹੋਣ ਵਾਲਾ ਕੰਮ ਪਾਰਦਰਸ਼ੀ ਢੰਗ ਨਾਲ ਨਾ ਕਰਨਾ ਅਨੇਕਾਂ ਤਰ੍ਹਾਂ ਦੇ ਸ਼ੰਕਿਆਂ ਨੂੰ ਜਨਮ ਦਿੰਦਾ ਹੈ।
Share this content:



Post Comment