LPU ਜਲੰਧਰ ਨੇ ਕੌਮੀ ਬਾਸਕਟਬਾਲ ਟੂਰਨਾਮੈਂਟ ਜਿੱਤਿਆ
23, ਅਪ੍ਰੈਲ – ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ (ਧਾਰੀਵਾਲ) ਵਿੱਚ ਸੰਸਥਾ ਦੇ ਸੰਸਥਾਪਕ ਅਮਰਜੀਤ ਕੌਰ ਅਤੇ ਸੰਸਥਾਪਕ ਚੇਅਰਮੈਨ ਤਰਸੇਮ ਸਿੰਘ ਦੀ ਯਾਦ ਵਿੱਚ ਤੀਜਾ ਕੌਮੀ ਪੱਧਰੀ ਓਪਨ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ। ਸੰਸਥਾ ਦੇ ਚੇਅਰਮੈਨ ਸੁਰਜੀਤ ਸਿੰਘ, ਡਾਇਰੈਕਟਰ ਪ੍ਰਿਤਪਾਲ ਸਿੰਘ ਅਤੇ ਪ੍ਰਿੰਸੀਪਲ ਸੈਮੂਅਲ ਦਾਸ ਦੇ ਪ੍ਰਬੰਧਾਂ ਹੇਠ ਹੋਏ ਦੋ ਰੋਜ਼ਾ ਟੂਰਨਾਮੈਂਟ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਚੋਟੀ ਦੀਆਂ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦਾ ਉਦਘਾਟਨ ਥਾਣਾ ਧਾਰੀਵਾਲ ਦੇ ਮੁਖੀ ਪਰਮਿੰਦਰ ਸਿੰਘ, ਸਬ ਇੰਸਪੈਕਟਰ ਗੁਰਪ੍ਰੀਤ ਕੌਰ ਅਤੇ ਸਬ ਇੰਸਪੈਕਟਰ ਰਣਬੀਰ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। ਸਰਪੰਚ ਜਗਤਾਰ ਸਿੰਘ ਸਿੱਧਵਾਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਟੂਰਨਾਮੈਂਟ ਵਿੱਚ ਆਰ ਬੀ ਸੀ ਕਲੱਬ ਜੰਮੂ, ਆਰਮੀ ਸਪੋਰਟਸ ਸੈਂਟਰ ਨਵੀਂ ਦਿੱਲੀ, ਐੱਲ ਪੀ ਯੂ ਜਲੰਧਰ, 22 ਰਾਜਪੂਤ ਆਰਮੀ ਡੇਰਾ ਬਾਬਾ ਨਾਨਕ, ਮੁਹਾਲੀ ਬਾਸਕਟਬਾਲ ਕਲੱਬ, ਕੋਟਕਪੂਰਾ ਕਲੱਬ, ਸਪੋਰਟਸ ਅਥਾਰਿਟੀ ਆਫ ਇੰਡੀਆ, ਬਟਾਲਾ ਕਲੱਬ, ਗੁਰੂ ਰਾਮਦਾਸ ਅਕੈਡਮੀ ਗੁਰਦਾਸਪੁਰ, ਫਤਹਿਗੜ੍ਹ ਸਾਹਿਬ ਕਲੱਬ, ਨਦੌਣ ਆਰਮੀ (ਹਿਮਾਚਲ ਪ੍ਰਦੇਸ਼) ਅਤੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਦੀਆਂ ਟੀਮਾਂ ਵਿਚਕਾਰ ਸਖ਼ਤ ਮੁਕਾਬਲੇ ਹੋਏ। ਫਾਈਨਲ ਮੁਕਾਬਲਿਆਂ ਵਿੱਚ ਐੱਲ ਪੀ ਯੂ ਜਲੰਧਰ ਦੀ ਟੀਮ ਪਹਿਲੇ, ਨਦੌਣ ਆਰਮੀ (ਹਿਮਾਚਲ ਪ੍ਰਦੇਸ਼) ਦੂਜੇ ਅਤੇ ਆਰਮੀ ਸਪੋਰਟਸ ਸੈਂਟਰ ਨਵੀਂ ਦਿੱਲੀ ਤੀਜੇ ਸਥਾਨ ’ਤੇ ਰਹੀ।
ਇਨਾਮ ਵੰਡ ਸਮਾਗਮ ਵਿੱਚ ਮੁੱਖ ਮਹਿਮਾਨ ਡੀ ਐੱਸ ਪੀ (ਇੰਟੈਲੀਜੈਂਸ) ਗੁਰਦਾਸਪੁਰ ਕੁਲਵਿੰਦਰ ਸਿੰਘ ਗਿੱਲ ਅਤੇ ਪ੍ਰਬੰਧਕਾਂ ਵੱਲੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਟੀਮਾਂ ਨੂੰ ਕ੍ਰਮਵਾਰ 31 ਹਜ਼ਾਰ, 21 ਹਜ਼ਾਰ ਅਤੇ 5100 ਰੁਪਏ ਦੀ ਇਨਾਮੀ ਰਕਮ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਡੀ ਐੱਸ ਪੀ ਸ੍ਰੀ ਗਿੱਲ ਨੇ ਕਿਹਾ ਕਿ ਅਜਿਹੇ ਟੂਰਨਾਮੈਂਟ ਨੌਜਵਾਨਾਂ ਅੰਦਰ ਅਨੁਸ਼ਾਸਨ ਅਤੇ ਖੇਡ ਭਾਵਨਾ ਪੈਦਾ ਕਰਦੇ ਹਨ। ਚੇਅਰਮੈਨ ਸੁਰਜੀਤ ਸਿੰਘ ਨੇ ਸਾਰੀਆਂ ਟੀਮਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਅਤੇ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਵੀ ਵਧੇਰੇ ਰੁਚੀ ਰੱਖਣ ਲਈ ਪ੍ਰਰਿਆ।
Share this content:



Post Comment