ਰਾਈਜ਼ਿੰਗ ਬੀਸਟ ਬਾਕਸਿੰਗ ਕਲੱਬ ਵੱਲੋਂ ਰਾਮ ਕ੍ਰਿਸ਼ਨ ਗਊਸ਼ਾਲਾ ਵਿੱਚ ਰੁੱਖ ਲਗਾ ਕੇ ਵਾਤਾਵਰਣ ਸੰਭਾਲ ਦਾ ਦਿੱਤਾ ਸੰਦੇਸ਼
ਫਗਵਾੜਾ, 28 ਜੁਲਾਈ (ਏ.ਡੀ.ਪੀ ਨਿਊਜ਼) – ਰਾਈਜ਼ਿੰਗ ਬੀਸਟ ਬਾਕਸਿੰਗ ਕਲੱਬ, ਫਗਵਾੜਾ ਵੱਲੋਂ ਰਾਮ ਕ੍ਰਿਸ਼ਨ ਗਊਸ਼ਾਲਾ ਦੇ ਸਹਿਯੋਗ ਨਾਲ ਗਊਸ਼ਾਲਾ ਹਦੂਦ ਅੰਦਰ ਰੁੱਖ ਲਗਾਉਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਸਮਾਜ ਸੇਵੀ ਮੁਹਿੰਮ ਵਿੱਚ ਕਲੱਬ ਦੇ ਖਿਡਾਰੀਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਵੱਖ-ਵੱਖ ਕਿਸਮ ਦੇ ਬੂਟੇ ਲਗਾਏ ਅਤੇ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੱਤਾ। ਇਸ ਮੌਕੇ ਕਲੱਬ ਦੇ ਕੋਚ ਪ੍ਰਿੰਸ ਕੌਲ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਹਰ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇੱਕ ਖਿਡਾਰੀ ਨੂੰ ਖੇਡਾਂ ਦੇ ਨਾਲ-ਨਾਲ ਸਮਾਜਿਕ ਅਤੇ ਵਾਤਾਵਰਣ ਸੁਰੱਖਿਆ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਵੀ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਮਿਲ ਸਕੇ।
ਇਸ ਮੌਕੇ ਰਾਮ ਕ੍ਰਿਸ਼ਨ ਗਊਸ਼ਾਲਾ ਦੇ ਜਨਰਲ ਸਕੱਤਰ ਸੰਜੀਵ ਜੀ ਨੇ ਰੁੱਖਾਂ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਰੁੱਖ ਮਨੁੱਖੀ ਜੀਵਨ ਦਾ ਆਧਾਰ ਹਨ। ਇਹ ਨਾ ਸਿਰਫ਼ ਸਾਨੂੰ ਸ਼ੁੱਧ ਹਵਾ ਅਤੇ ਆਕਸੀਜਨ ਪ੍ਰਦਾਨ ਕਰਦੇ ਹਨ, ਸਗੋਂ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਸਾਰੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਨਿਯਮਿਤ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅੰਕੀਤ, ਯੁਵਰਾਜ, ਭਾਰਤੀ, ਬਿੰਦੀਆ, ਬਾਵੀਕ, ਜਪਜੀਤ ਸਿੰਘ, ਨਵਨੀਤ, ਪੰਕੀਤਾ, ਜਸਕਰਨ, ਅੰਸ਼ਿਕਾ ਜੈਸਵਾਲ, ਵੈਸ਼ਨਵੀ ਵਾਨੀ, ਪੀਯੂਸ਼, ਮਨਵੀਰ, ਅੰਸ਼, ਅਨਾਮਿਕਾ, ਬੰਧਨਾ, ਨਵਿਸ਼, ਡੌਲੀ, ਸਿਮਰਨ, ਨਵਨੀਤ, ਨੀਸ਼ੂ, ਕਾਰਤਿਕ ਚੌਹਾਨ, ਤੁਸ਼ਾਰ ਸੂਰੀ, ਜਸਕਾਰ ਅਤੇ ਹੋਰ ਖਿਡਾਰੀ ਹਾਜ਼ਰ ਸਨ।
ਅੰਤ ਵਿੱਚ ਕਲੱਬ ਦੇ ਖਿਡਾਰੀਆਂ ਨੇ ਸੰਕਲਪ ਲਿਆ ਕਿ ਉਹ ਭਵਿੱਖ ਵਿੱਚ ਵੀ ਅਜਿਹੀਆਂ ਸਮਾਜ ਸੇਵੀ ਅਤੇ ਵਾਤਾਵਰਣ ਸੰਭਾਲ ਨਾਲ ਸਬੰਧਤ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਰਹਿਣਗੇ ਅਤੇ ਲੋਕਾਂ ਨੂੰ ਵੀ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰਨਗੇ।
Share this content:



Post Comment