Loading Now

ਪੇਰੂ ਯਾਤਰਾ ਦਾ ਫ਼ਾਲਤੂ ਕਾਂਡ/ਡਾ. ਚਰਨਜੀਤ ਸਿੰਘ ਪੰਨੂ

ਪੇਰੂ ਯਾਤਰਾ ਦਾ ਫ਼ਾਲਤੂ ਕਾਂਡ/ਡਾ. ਚਰਨਜੀਤ ਸਿੰਘ ਪੰਨੂ

ਕੁਸਕੋ ਦੇ ‘ਕਲੀਨਿਕਾ ਪੈਰੂਵਾਨਾ ਸਵੀਜ਼ਾ ਐਮਰਜੈਂਸੀ ਹਸਪਤਾਲ’ ਵਿਚ ਪਿਆ ਮੈਂ ਆਪਣੇ ਜਲਦੀ ਤੰਦਰੁਸਤ ਹੋਣ ਦੀ ਉਡੀਕ ਵਿਚ ਮਿੰਟ ਸਕਿੰਟ ਗਿਣ ਰਿਹਾ ਹਾਂ। ਮੇਰੇ ਆਲੇ-ਦੁਆਲੇ ਨਰਸਾਂ ਡਾਕਟਰ ਬੜੀ ਗੰਭੀਰਤਾ ਨਾਲ ਪੈਰਾਂ ਦੀਆਂ ਤਲੀਆਂ ਵਿਚ ਤੀਲ੍ਹੇ ਜਿਹੇ ਫੇਰਦੇ ਜਲੂਣ ਕਰਦੇ, ਹੱਥਾਂ ਦੀਆਂ ਤਲੀਆਂ ਛੂਹ ਕੇ ਮੇਰੀ ਪ੍ਰਤੀਕਿਰਿਆ ਵੇਖਦੇ, ਮੇਰੀਆਂ ਅੱਖਾਂ ਖੋਲ੍ਹ ਕੇ ਨੀਝ ਲਾਉਂਦੇ ਪੁਸ਼ਟੀ ਕਰ ਰਹੇ ਹਨ ਕਿ ਮੇਰੇ ਨੈਣਾਂ ਪ੍ਰਾਣਾਂ ਵਿਚ ਜਾਨ ਹੈ! ਜੇ ਹੈ ਤਾਂ ਕਿੰਨੀ ਕੁ? ਉਨ੍ਹਾਂ ਦੀਆਂ ਚਿੰਤਨਸ਼ੀਲ ਅਲਾਮਤਾਂ ਤੋਂ ਜਾਪਦਾ ਹੈ ਕਿ ਮਾਮਲਾ ਗੜਬੜ ਹੈ।
ਮੈਂ ਇਸ ਲਾਲਚ ਵੱਸ ਆਇਆ ਸੀ ਕਿ ਇਹ ਯਾਤਰਾ ਮੇਰੀ ਜ਼ਿੰਦਗੀ ਦੀ ਸਾਂਭਣ ਯੋਗ ਸੁਨਹਿਰੀ ਯਾਦ ਬਣੇਗੀ, ਪਰ ਹੁਣ ਇਹ ਸ਼ਾਇਦ ਮੇਰਾ ਆਪਣਾ ਆਖ਼ਰੀ ਸਫ਼ਰ ਬਣਨ ਜਾ ਰਿਹਾ ਹੈ! ਚੁਰਾਸੀਵੇਂ ਤੱਕ ਪਹੁੰਚਦੇ ਤਾਂ ਮਨੁੱਖ ਦੀਆਂ ਹੱਡੀਆਂ ਪੱਸਲੀਆਂ ਕਬਰਾਂ ਦਾ ਰਸਤਾ ਟੋਲ਼ਦੀਆਂ ਨੇ! ਤੇ ਤੂੰ ਇਨ੍ਹਾਂ ਅਣਦੇਖੇ ਪਹਾੜਾਂ, ਖੱਡਾਂ, ਦਰਿਆਵਾਂ ਵਿਚੋਂ ਸੁਰਗਾਂ ਦੇ ਨਜ਼ਾਰੇ ਟੋਲਦਾ ਫਿਰਦੋਂ! ਮੈਨੂੰ ਜਿਵੇਂ ਕਿਸੇ ਨੇ ਤਾਹਨਾ ਮਾਰਿਆ ਹੈ! ਆਪਣੇ ਆਪ ਨੇ! ਜਾਂ ‘ਕੁਸਕੋ’ ਨੇ। ਪੰਜ ਲੱਖ ਤੋਂ ਵਧੀਕ ਇਸ ਦੇ ਪੱਕੇ ਬਾਸ਼ਿੰਦੇ ਤੇ ਦਸ ਵੀਹ ਹਜਾਰ ਹੋਰ ਯਾਤਰੀ ਇਸ ਦੀਆਂ ਜਟਾਵਾਂ ਵਿਚੋਂ ਹਰ ਰੋਜ਼ ਆਕਸੀਜਨ ਚੁੰਘਦੇ ਆਪਣੀ ਜੀਵਨ ਜੋਤ ਜਗਾਉਂਦੇ ਹਨ, ਇਹ ਕਦੇ ਅੱਕਦਾ ਥੱਕਦਾ ਨਹੀਂ ਪਰ ਮੇਰੀ ਵਾਰੀ ਆਈ ਪਤੀਲਾ ਖੜਕੇ! ਮੈਨੂੰ ਬਣਾਉਟੀ ਸਲੰਡਰ ਵੱਲ ਤੋਰ ਦਿੱਤਾ! ਇਹ ਕੀ ਗੁਸਤਾਖ਼ੀ! ਮੈਂ ਤੇਰਾ ਕੀ ਵਿਗਾੜਿਆ!’ ਕੁਸਕੋ ਦੀ ਖ਼ੁਸ਼ਕ ਬੇਰੁਖ਼ੀ ਤੇ ਮੈਨੂੰ ਰੰਜ ਹੁੰਦਾ ਹੈ। ਤੂੰ ਏਨੀ ਵੱਡੀ ਜੀਵਨ ਦਾਤੀ! ਕੁਦਰਤ ਨੇ ਤੈਨੂੰ ਬੇਸ਼ੁਮਾਰ ਰਹਿਮਤਾਂ ਬਖਸ਼ਿਸ਼ ਕੀਤੀਆਂ ਨੇ। ਮੈਂ ਏਨੇ ਸ਼ਗਨਾਂ ਨਾਲ ਤੇਰੀ ਦੇਹਲੀ ਪਹੁੰਚਿਆ ਹਾਂ ਤੇ ਤੇ ਤੂੰ ਆਕਸੀਜਨ ਦੇ ਟੋਕਰੇ ਹੀ ਕਿਧਰੇ ਛੁਪਾ ਕੇ ਦਰਵਾਜ਼ੇ ਭੇੜ ਲਏ! ਮੈਂ ਕਿਹੜਾ ਪੰਡਾਂ ਭਰ ਕੇ ਨਾਲ ਲੈ ਜਾਣੀ ਸੀ! ਮੇਰੇ ਨਾਲ ਇਹ ਵਿਤਕਰੇ ਭਰਪੂਰ ਭਾਣਾ ਕਿਉਂ ਵਰਤਾਇਆ?’ ਆਕਸੀਜਨ ਦੀ ਥੋੜ੍ਹ ਇੱਕ ਅੰਨ੍ਹੇ ਇਮਤਿਹਾਨ ਵਾਂਗ ਮੇਰੇ ਸਾਹ ਰੋਕ ਕੇ ਖੜ੍ਹੀ ਹੋ ਗਈ!
ਮੈਂ ਹੈਰਾਨ ਪਰੇਸ਼ਾਨ! ਬਾਰ ਬਾਰ ਡੂੰਘੇ ਸਾਹ ਲੈ ਕੇ ਆਪਣੇ ਆਪ ਨੂੰ ਜਿਊਂਦਾ ਹੋਣ ਦੇ ਲੱਛਣ ਸੁਨਿਸ਼ਚਿਤ ਕਰਨਾ ਚਾਹੁੰਦਾ ਹਾਂ। ਮੈਂ ਤਾਂ ਚੰਗਾ ਭਲਾ ਹਾਂ! ਇਹਨਾਂ ਐਵੇਂ ਨਾਜ਼ੁਕ ਸਥਿਤੀ ਗਰਦਾਨ ਕੇ ਹਊਆ ਖੜ੍ਹਾ ਕਰ ਦਿੱਤਾ! ਮੈਂ ਬਿਸਤਰ ਤੇ ਲੇਟਿਆ, ਨਾਲ਼ੀਆਂ ਵਿਚ ਪਰੋਤਾ ਆਤਮ ਪੜਚੋਲ ਕਰਨਾ ਚਾਹੁੰਦਾ ਹਾਂ।
ਅਜੇ ਕੱਲ੍ਹ ਦੀ ਤਾਂ ਗੱਲ ਹੈ। ਮੈਂ ਬੱਚਿਆਂ ਨਾਲ ਪੇਰੁ ਦੇਸ਼ ਵਿਚਲੇ ਦੁਨੀਆਂ ਦੇ ਸੱਤਵੇਂ ਅਜੂਬੇ ਮਾਚੂ ਪਿੱਛੂ, ਦੇ ਦਰਸ਼ਨਾਂ ਲਈ ਨਿਕਲਿਆ ਸੀ। ਮੰਜ਼ਿਲ ਤੱਕ ਪਹੁੰਚਣ ਵਾਸਤੇ ਮੁੱਖ ਦੁਆਰ ਜਾਂ ਬੇਸ ਕੈਂਪ ਕੁਸਕੋ ਹੀ ਮੰਨਿਆ ਜਾਂਦਾ ਹੈ। ਸ਼ਿਮਲੇ ਸ਼ਹਿਰ ਵਾਂਗ ਉੱਚੀ ਚੋਟੀ ਦੀ ਢਲਾਣ ਤੇ ਲਟਕਦੇ ਝਿਲਮਿਲ ਕਰਦੇ ਕੁਸਕੋ ਸ਼ਹਿਰ ਦੀ ਪ੍ਰਕਰਮਾ ਕਰਦੇ ਅਗਾਊਂ ਰਿਜ਼ਰਵ ਕਰਵਾਏ ‘ਲਗਜ਼ਰੀ ਹੋਟਲ ਪਲਾਸੀਓ ਡੈੱਲ ਇੰਕਾ’ ਵਿਚ ਪਹੁੰਚੇ। ਤਿੰਨ ਕਮਰਿਆਂ ਦੀਆਂ ਚਾਬੀਆਂ ਲੈ ਕੇ ਖ਼ੁਸ਼ੀ ਨਾਲ ਆਪਣੇ ਕਮਰੇ ਸੰਭਾਲ ਲਏ।
‘ਤੁਹਾਡਾ ਡਿਨਰ ਦਾ ਸਮਾਂ ਦਸ ਵਜੇ ਹੈ। ਕਿਰਪਾ ਕਰ ਕੇ ਪਹਿਲਾਂ ਸਾਡੀ ਸੇਵਾ ਕਬੂਲ ਕਰ ਲਓ, ਕਿਉਂਕਿ ਅਸੀਂ ਦਸ ਵਜੇ ਤੋਂ ਬਾਅਦ ਦੇਰ ਨਹੀਂ ਕਰਦੇ। ਸਾਡਾ ਸਟਾਫ਼ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਘਰ ਜਾਣ ਦੀ ਉਡੀਕ ਕਰਦਾ ਹੈ।’ ਰਿਸੈੱਪਸ਼ਨ ਦੇ ਜ਼ਰੂਰੀ ਸੁਨੇਹੇ ਨਾਲ ਨਹਾਉਣ ਦਾ ਵੀ ਸਮਾਂ ਨਾ ਮਿਲਿਆ। ਹੱਥ-ਮੂੰਹ ‘ਤੇ ਛਿੱਟੇ ਮਾਰੇ ਤੇ ਡਾਈਨਿੰਗ ਹਾਲ ਪਹੁੰਚ ਗਏ।
ਡਾਈਨਿੰਗ ਹਾਲ ਵਿਚ ਹੋਟਲ ਦੇ ਸੇਵਾਦਾਰਾਂ ਨੇ ਫੁਰਤੀ ਨਾਲ ਛੇ ਯਾਤਰੀਆਂ ਲਈ ਦੋ ਟੇਬਲ ਜੋੜ ਕੇ ਖੁੱਲ੍ਹੀ ਜਗ੍ਹਾ ਤਿਆਰ ਕਰ ਦਿੱਤੀ। ਹਰ ਇੱਕ ਦੇ ਹੱਥ ਵਿਚ ਭੋਜਨ ਸੂਚੀ ਦੀ ਇੱਕ-ਇੱਕ ਕਾਪੀ ਆ ਗਈ। ਨਵੇਂ ਮਹਿਮਾਨਾਂ ਦੇ ਸਵਾਗਤ ਲਈ ਉਨ੍ਹਾਂ ਦੇ ਚਿਹਰਿਆਂ ਤੋਂ ਨਵੇਂ ਚਾਅ ਸਾਫ਼ ਉੱਛਲ ਰਹੇ ਸਨ।
ਰੈਸਟਰਾਂ ਦੀ ਰੀਤ ਅਨੁਸਾਰ ਮੁੱਖ ਭੋਜਨ ਤੋਂ ਪਹਿਲਾਂ ਭੁੱਖ-ਉਕਸਾਊ ਐਪੀਟਾਈਜ਼ਰ ਛੋਟੇ-ਛੋਟੇ ਸਨੈਕਸ ਪਰੋਸੇ ਜਾਂਦੇ ਹਨ। ਬੱਚਿਆਂ ਨੂੰ ਵੀ ਨਵੀਆਂ ਚੀਜ਼ਾਂ ਅਜ਼ਮਾਉਣ ਦਾ ਸ਼ੌਕ ਹੈ। ਬਿਨਾਂ ਕਿਸੇ ਵੱਡੇ ਆਰਡਰ ਦੇ, ਮੇਜ਼ ਉੱਤੇ ਬਰੈੱਡ ਦੇ ਟੁਕੜੇ, ਚਾਕਲੇਟ ਦੇ ਛੋਟੇ ਪੀਸ, ਮੱਖਣ ਦੀਆਂ ਟਿੱਕੀਆਂ ਅਤੇ ਹੋਰ ਨਿਕ-ਸੁਕ ਸਜ ਗਏ। ਡਰਿੰਕ ਬਾਰੇ ਪੁੱਛਣ ਤੇ ਕਿਸੇ ਨੇ ਕੋਕ ਮੰਗੀ, ਕਿਸੇ ਨੇ ਨਿੰਬੂ ਪਾਣੀ ਤੇ ਕਿਸੇ ਨੇ ਗਾਜਰ ਜੂਸ।
‘ਡੈਡ, ਤੁਸੀਂ ਕੁੱਝ ਲੈ ਲਓ।’ ਦਲਵੀਰ ਮੇਰੇ ਵੱਲ ਸਿੱਧਾ ਹੋਇਆ।
‘ਨਹੀਂ, ਅੱਜ ਨਹੀਂ।’ ਮੈਂ ਉਸ ਦੇ ਗੁਪਤ ਸੁਆਲ ਦਾ ਜੁਆਬ ਉਸੇ ਭਾਸ਼ਾ ਵਿਚ ਦੇ ਦਿੱਤਾ।
‘ਪਾਣੀ ਲੈ ਲਓ।’ ਅਮਨ ਨੇ ਸਿਫ਼ਾਰਿਸ਼ ਕਰਦੇ ਪਾਣੀ ਦਾ ਗਲਾਸ ਮੇਰੇ ਸਾਹਮਣੇ ਸਰਕਾ ਦਿੱਤਾ।
‘ਪਾਣੀ ਮੈਂ ਖਾਣੇ ਦੇ ਨਾਲ ਨਹੀਂ ਪੀਂਦਾ। ਜਾਂ ਤਾਂ ਅੱਧਾ ਘੰਟਾ ਪਹਿਲਾਂ, ਜਾਂ ਫਿਰ ਅੱਧਾ ਘੰਟਾ ਬਾਅਦ।’ ਮੇਰੀ ਆਦਤ ਅੰਦਰੋਂ ਬੋਲ ਪਈ।
‘ਅੱਜ ਕੁਸਕੋ ਦੀ ਟਰਾਈ ਕਰ ਕੇ ਦੇਖੋ।’ ਦਲਵੀਰ ਹੱਥ ਵਿਚ ਦਾਰੂ ਵਾਲੀ ਮੀਮੋ ਖੋਲ੍ਹ ਬੈਠਾ।
‘ਠੀਕ ਹੈ ਜਿਵੇਂ ਤੇਰੀ ਮਰਜ਼ੀ!’ ਮੈਂ ਮੁਸਕਰਾ ਕੇ ਹਾਮੀ ਭਰੀ।
ਸਕਾਚ ਜਾਂ ਜੋਹਨੀ ਵਾਕਰ ਬਲੈਕ ਤੋਂ ਇਲਾਵਾ ਮੇਰੀ ਹੋਰ ਕੋਈ ਖ਼ਾਸ ਚੋਣ ਨਹੀਂ ਹੁੰਦੀ। ਇਹ ਬਰਾਂਡ ਦੇਸ਼ ਪ੍ਰਦੇਸ਼ ਹਰ ਥਾਂ ਉਪਲਬਧ ਹੋ ਜਾਂਦੀ ਹੈ। ਅਮਨ ਕਦੇ ਕਦੇ ਹਾੜਾ ਲਾ ਲੈਂਦਾ ਹੈ, ਪਰ ਅੱਜ ਝਿਜਕ ਗਿਆ। ਉਸ ਨੇ ਸਿਰ ਫੇਰ ਦਿੱਤਾ।
‘ਅੱਜ ਸਾਡੀ ਅੰਗੂਰ ਮਾਰਕਾ ਟਰਾਈ ਕਰ ਕੇ ਵੇਖੋ।’ ਬਹਿਰਾ ਸਿਫ਼ਾਰਸ਼ ਕਰਦਾ ਹੈ।
‘ਜ਼ਰੂਰ ਅੱਜ ਇਨ੍ਹਾਂ ਦਾ ਸਵਾਦ ਵੇਖੋ!’ ਮਨ ਹਾਮੀ ਭਰਦਾ ਹੈ, ਸਾਡੇ ਵੀ ਤਾਂ ਅੰਗੂਰਾਂ ਵਾਲੀ ਵੇਖੀ ਹੈ! ਪਰ ਅੰਦਰੋਂ ਡਰ ਲਗਦਾ ਹੈ। ਇਹ ਵੇਖੀ ਜਾਚੀ ਨਹੀਂ! ਕਿੰਨੇ ਤੋੜ? ਸਵਾਦ ਡਿਗਰੀ?’ ਮੈਂ ਝਿਜਕਦਾ ਹਾਂ।
‘ਪੇਰੂ ਦੀ ਪਿਸਕੋ ਮੋਸਟੋ ਤੁਸੀਂ ਬਹੁਤ ਅਨੰਦ ਕਰੋਗੇ।’ ਬਹਿਰਾ ਨਖ਼ਰਾ ਜਿਹਾ ਕਰਦਾ ਹੈ।
‘ਲੈ ਆ ਭਾਈ ਤੂੰ ਆਪਣੀ ਮਨ ਮਰਜ਼ੀ ਕਰ ਲੈ।’ ਹੋਰ ਕੋਈ ਵਿਕਲਪ ਨਹੀਂ। ਮੈਂ ਆਰਡਰ ਦੇ ਦਿੰਦਾ ਹਾਂ, ਡਬਲ…।
ਡਬਲ ਨਾਂ ਸੁਣਦੇ ਹੀ ਸਾਰਿਆਂ ਦੇ ਚਿਹਰਿਆਂ ‘ਤੇ ਇੱਕ ਜਾਣੀ-ਪਛਾਣੀ ਮੁਸਕਰਾਹਟ ਉੱਗ ਆਈ। ਉਹ ਜਾਣਦੇ ਹਨ ਕਿ ਜੇ ਮੈਂ ਲੈਣਾ ਹੋਵੇ ਤਾਂ ਆਮ ਤੌਰ ‘ਤੇ ਦੋ ਪੈੱਗ ਤੋਂ ਘੱਟ ਨਹੀਂ ਤੇ ਇਸ ਤੋਂ ਜ਼ਿਆਦਾ ਜ਼ਬਰਦਸਤੀ ਵੀ ਕਦੇ ਨਹੀਂ।
ਆਮ ਬਾਰਾਂ ਵਿਚ ਅਕਸਰ ਬਰਫ਼ ਭਰ ਕੇ ਇੱਕ ਕੁੱਪੀ ਜਿਹੀ ਮਿਣ ਕੇ ਗਿਲਾਸ ਵਿਚ ਛੋਟਾ ਜਿਹਾ ਪੈੱਗ ਬਣਾ ਦਿੱਤਾ ਜਾਂਦਾ ਹੈ। ਮੈਨੂੰ “ਆਨ ਦ ਰਾਕ” ਵਾਲੀ ਇਹ ਰੀਤ ਰਵਾਇਤ ਬਹੁਤੀ ਪਸੰਦ ਨਹੀਂ, ਕਿਉਂਕਿ ਬਰਫ਼ ਪਿਘਲਣ ਅਤੇ ਹੋਰ ਚੀਜ਼ਾਂ ਮੰਗਵਾਉਣ ਵਿਚ ਸਮਾਂ ਲੱਗ ਜਾਂਦਾ ਹੈ। ਸਿਪ ਸਿਪ ਸਬਰ ਕਰਨਾ ਮੇਰੇ ਵੱਸ ਦਾ ਰੋਗ ਨਹੀਂ। ਇਸ ਕਰ ਕੇ ਮੈਂ ਅਕਸਰ ਪਹਿਲਾਂ ਹੀ ਵੱਡਾ ਡਬਲ ਪੈੱਗ ਕਹਿ ਦਿੰਦਾ ਹਾਂ।
ਗਲਾਸ ਆਇਆ ਤਾਂ ਵੇਖਣ ਨੂੰ ਭਰਿਆ ਹੋਇਆ ਗਾੜ੍ਹੇ ਭੂਰੇ ਰੰਗ ਦਾ! ਮੂੰਹ ਨੂੰ ਲਾਇਆ ਤਾਂ ਤੇਜ਼ ਅਤੇ ਕੜ੍ਹਵਾ ਗਲ਼ੇ ਨੂੰ ਚੁੱਭਦਾ ਮਹਿਸੂਸ ਹੋਇਆ। ਮੈਂ ਸਮਝ ਗਿਆ ਕਿ ਇਹ ਸੱਚਮੁੱਚ ਹੀ ਅਸਲੀ ਹੈ ਤੇ ਡਬਲ ਪੈੱਗ ਹੈ।
ਸਵੇਰ ਤੋਂ ਸੈਨ ਫਰਾਂਸਿਸਕੋ ਤੋਂ ਅਲ ਸਲਵਾਡੋਰ, ਫਿਰ ਲੀਮਾ ਅਤੇ ਆਖ਼ਰ ਕੁਸਕੋ ਤੱਕ ਦਾ ਲੰਮਾ ਸਫ਼ਰ! ਥਕਾਵਟ ਹੋਣੀ ਤਾਂ ਕੁਦਰਤੀ ਸੀ। ਦਸ ਘੰਟਿਆਂ ਤੋਂ ਵੱਧ ਦੀ ਯਾਤਰਾ ਤੋਂ ਬਾਅਦ ਮੈਂ ਸੋਚਿਆ ਕਿ ਸ਼ਾਇਦ ਇਹ ਥਕਾਵਟ ਦੂਰ ਕਰੇਗੀ ਅਤੇ ਨੀਂਦ ਵੀ ਚੰਗੀ ਆ ਜਾਵੇਗੀ। ਮੈਂ ਇੱਕ ਹੋਰ ਗਿਲਾਸ ਪਾਣੀ ਭਰਿਆ ਅਤੇ ਦੋਹਾਂ ਨੂੰ ਮਿਲਾ ਕੇ ਹੌਲੀ-ਹੌਲੀ ਚੁਸਕੀਆਂ ਦੇ ਨਾਲ ਨਾਲ ਖਾਣਾ ਮੁਕੰਮਲ ਕੀਤਾ। ਦਲਵੀਰ ਨੇ ਆਪਣੀ ਆਦਤ ਅਨੁਸਾਰ ਦਸ ਦਸ ਦੇ ਦੋ ਨੋਟ ਇੱਕ ਟਹਿਲੀਏ ਦੇ ਹੱਥ ਥਮ੍ਹਾਉਂਦੇ ਵੇਖ ਕੇ ਉਨ੍ਹਾਂ ਦੇ ਮੱਥੇ ਤੇ ਫੁਲਝੜੀਆਂ ਚਲਾ ਦਿੱਤੀਆਂ।
ਸਿਰ ਨੂੰ ਖੁਮਾਰੀ ਜਿਹੀ ਚੜ੍ਹਦੀ ਮਹਿਸੂਸ ਹੋਈ। ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੰਤੁਲਿਤ ਸੰਭਾਲਣ ਦੀ ਕੋਸ਼ਿਸ਼ ਕੀਤੀ। ਮੇਰੀ ਸਭ ਤੋਂ ਵੱਡੀ ਖ਼ਬਰਦਾਰੀ ਇਹ ਹੁੰਦੀ ਹੈ ਕਿ ਦਾਰੂ ਪੀ ਕੇ ਮੇਰੇ ਹੱਥ ਨਾ ਕੰਬਣ, ਪੈਰ ਨਾ ਥਿੜਕਣ, ਚਾਲ ਵਿਚ ਕੋਈ ਅਸੰਤੁਲਨ ਨਾ ਆਵੇ ਤੇ ਕਿਸੇ ਨੂੰ ਮੇਰੀ ਹਾਲਤ ਦਾ ਮਜ਼ਾਕ ਬਣਾਉਣ ਦਾ ਅਵਸਰ ਨਾ ਮਿਲੇ। ਮੈਂ ਬੜੇ ਸ਼ਾਂਤੀ ਸਬਰ ਨਾਲ ਸੰਭਲਦਾ ਕਮਰੇ ਵਿਚ ਵਾਪਸ ਪਹੁੰਚ ਗਿਆ। ਅਜੀਬ ਕਿਸਮ ਦੀ ਡੂੰਘੀ, ਸੁਹਾਵਣੀ ਤੇ ਸੁਪਨੇ ਭਰਪੂਰ ਨੀਂਦ ਨੇ ਅਗਲੇ ਪਿਛਲੇ ਸਾਰੇ ਉਲਾਂਭੇ ਲਾਹ ਦਿੱਤੇ! ਮਾਚੂ ਪਿੱਛੂ ਦੇ ਰਸਤੇ ਦੇ ਪਰਬਤ ਨਦੀਆਂ ਘਾਟੀਆਂ ਪੌੜੀ ਪੌੜੀ ਚੜ੍ਹਦੇ ਉੱਤਰਦੇ ਜੈ ਬਾਬੇ ਦੀ ਕਰਦੇ ਨਵੇਂ ਦਿਸਹੱਦੇ ਰਿਕਾਰਡ ਸਿਰਜਦੇ ਰੋਮਾਂਟਿਕ ਹੁਸੀਨ ਸੁਪਨੇ ਮੇਰੇ ਅਗਾਊਂ ਸਫ਼ਰ ਦੀ ਤਾਂਘ ਉਤੇਜਿਤ ਕਰਦੇ ਰਹੇ। ਸਵੇਰ ਉਠਦੇ ਸਰੀਰ ਚੰਗੀ ਤਰ੍ਹਾਂ ਤਰੋਤਾਜ਼ਾ ਤੇ ਤੁੜ੍ਹਕਿਆ ਹੋਇਆ ਸੀ।
ਰਾਤ ਹੋਟਲ ਵਿਚ ਆਉਣ ਤੋਂ ਪਹਿਲਾਂ ਟਰੈਵਲ ਕੰਪਨੀ ਦੇ ਦਫ਼ਤਰ ਮਿਲਨ ਦਾ ਬਹਾਨਾ ਬਣਿਆ। ਅਸਲ ਵਿਚ ਉਹ ਟੂਰ ਦਾ ਪ੍ਰੋਗਰਾਮ ਤੇ ਬਾਕੀ ਰਹਿੰਦਾ ਖਰਚਾ ਨਿਪਟਾਉਣਾ ਚਾਹੁੰਦੇ ਸਨ। ਹਿਸਾਬ ਕਿਤਾਬ ਜੋੜ ਕੇ ਪੰਝੀ ਕੁ ਹਜ਼ਾਰ ਹੋਰ ਬਾਕੀ ਬਚਦਾ ਬਿੱਲ, ਉਨ੍ਹਾਂ ਨੂੰ ਭੁਗਤਾ ਦਿੱਤਾ ਗਿਆ। ਪੇਰੁ ਬਾਰੇ ਬਹੁਤ ਬਿਲਖ ਬੁਖਾਰੇ ਦਿਖਾ ਕੇ ਯਾਤਰਾ ਪਲੈਨ ਬਣਾਇਆ ਮੇਰੀ ਰਸਾਈ ਤੋਂ ਅਪਹੁੰਚ ਹੋਵੇਗਾ! ਮੈਨੂੰ ਇਹ ਅੰਦਾਜ਼ਾ ਬਿਲਕੁਲ ਨਹੀਂ ਸੀ। ਮੈਂ ਪੰਜਾਹ ਕੁ ਸਾਲ ਪਹਿਲਾਂ ਵੱਡੇ ਵੱਡੇ ਪਹਾੜੀ ਖੇਤਰ ਹਿੰਦੁਸਤਾਨ ਤਿੱਬਤ ਰੋਡ, ਸ਼ਿਮਲਾ, ਡਲਹੌਜ਼ੀ, ਚੰਬਾ ਭਰਮੌਰ, ਲਾਹੌਲ ਸਪਿਤੀ, ਹੇਮ ਕੁੰਟ, ਲੇਹ ਲਦਾਖ਼ ਆਦਿ ਬਿਨਾ ਰੋਕ ਟੋਕ ਪੈਦਲ ਗਾਹੇ ਸਨ। ਮੈਂ ਇਹ ਚੋਟੀਆਂ ਵੀ ਬੜੇ ਆਰਾਮ ਨਾਲ ਸਰ ਕਰ ਲਵਾਂਗਾ। ਮੈਨੂੰ ਪੂਰਾ ਆਤਮ ਵਿਸ਼ਵਾਸ ਸੀ।
ਅੱਜ ਯਾਨੀ ਕਿ ਸਤਾਈ ਜੂਨ ਕੁਸਕੋ ਵਿਚਲੇ ਵੇਖਣ ਵਾਲੇ ਸਥਾਨਕ ਸਮਾਰਕਾਂ ਵਾਸਤੇ ਰਾਖਵਾਂ ਰੱਖਿਆ ਗਿਆ ਤੇ ਅਠਾਈ ਜੂਨ ਸੇਕਰਡ ਵੈਲੀ ਦਾ ਬੱਸ ਟੂਰ ਉਲੀਕਿਆ ਗਿਆ। ਉਣੱਤੀ ਜੂਨ ਨੂੰ ਬਾਕੀ ਸਾਰੇ ਮੈਂਬਰਾਂ ਨੇ 75 ਮੀਲ ਲੰਬੀ ਟਰੇਲ ਪੈਦਲ ਹਾਈਕਿੰਗ ਬਾਈਕਿੰਗ ਘੋੜ ਸਵਾਰੀ ਤਿੰਨ ਦਿਨਾਂ ਵਿਚ ਪੂਰੀ ਕਰਨੀ ਸੀ। ਮੈਂ ਦੋ ਦਿਨ ਹੋਟਲ ਵਿਚ ਹੀ ਕੱਟਣੇ ਸਨ ਤੇ ਤੀਸਰੇ ਦਿਨ ਟਰੇਨ ਰਾਹੀਂ ਉਨ੍ਹਾਂ ਦੇ ਅਖੀਰਲੇ ਪੜਾਅ ਵਿਚ ਉਨ੍ਹਾਂ ਨਾਲ ਮਿਲ ਕੇ ਦਸ ਕੁ ਮੀਲ ਪੈਦਲ ਚੱਲਣ ਦਾ ਅਭਿਆਸ ਕਰਨਾ ਸੀ।
ਦੁਪਹਿਰ ਲੰਚ ਵੇਲੇ ਤੱਕ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਦਿਲ ਦੀ ਧੜਕਣ ਕੁੱਝ ਮੱਧਮ ਜਿਹੀ ਚੱਲਣ ਲੱਗੀ ਹੈ। ਸ਼ੁਰੂ ਵਿਚ ਇਹ ਘੁਟਣ ਸਫ਼ਰ ਦੀ ਥਕਾਵਟ, ਹਵਾ ਦੀ ਘਣਤਾ ਜਾਂ ਉਚਾਈ ਕਾਰਨ ਹੈ, ਆਪੇ ਠੀਕ ਹੋ ਜਾਏਗੀ! ਪਰ ਹੌਲੀ ਹੌਲੀ ਸਾਹ ਉੱਖੜਨ ਲੱਗਾ, ਸਰੀਰ ਵਿਚ ਟੁੱਟ ਭੱਜ, ਬੇਚੈਨੀ, ਅਣਜਾਣੀ ਘਬਰਾਹਟ ਤੇ ਸਿਰ ਦਰਦ ਨੇ ਜੋਰ ਪਕੜ ਲਿਆ।
ਇਹ ਅਲਾਮਤ ਮੈਨੂੰ ਕੁੱਝ ਸਾਲ ਪਹਿਲਾਂ ਵੀ ਘਟੀ ਸੀ। ਜਿਵੇਂ ਚੱਲਦੇ ਚੱਲਦੇ ਸਕੂਟਰ ਵਿਚ ਕੋਈ ਕਚਰਾ ਆ ਜਾਵੇ ਤਾਂ ਉਹ ਰੁਕਦਾ ਰੁਕਦਾ ਫਿਰ ਚੱਲ ਪਵੇ। ਇਸ ਤਰ੍ਹਾਂ ਹੋਇਆ ਸੀ ‘ਤੇ ਅੱਜ ਫਿਰ ਸਵੇਰ ਦਾ ਇਕ ਦੋ ਵਾਰ ਅਜਿਹੇ ਝਟਕੇ ਲੱਗੇ। ਮਨੋਰੰਜਨ ਵਾਸਤੇ ਘਰੋਂ ਨਿਕਲੇ, ਏਨੀ ਦੂਰ ਆ ਕੇ ਅਜਿਹੀ ਬਿਮਾਰੀ ਲੱਗੇ ਤਾਂ ਮਰੀਜ਼ ਨੂੰ ਸਰੀਰਕ ਤੌਰ ਤੋਂ ਉਪਰੰਤ ਮਾਨਸਿਕ ਤਕਲੀਫ਼ ਵੀ ਹੋਣੀ ਹੈ, ਨਾਲ ਦੇ ਸਾਥੀਆਂ ਨੂੰ ਵੀ ਨਹਿਸ਼ ਸੰਤਾਪ ਝੱਲਣਾ ਪਵੇਗਾ! ਮੈਂ ਇਹ ਖ਼ਤਰਨਾਕ ਲੱਛਣ ਆਪਣੇ ਅੰਦਰ ਪੀ ਗਿਆ। ਲੰਚ ਵੇਲੇ ਇਹ ਰੁਕਣ ਜਾਂ ਘਟਣ ਦੀ ਥਾਂ ‘ਤੇ ਹੋਰ ਤੀਬਰ ਅਸਹਿ ਹੁੰਦੀ ਵਧਦੀ ਗਈ। ਖਾਣੇ ਤੋਂ ਬਾਅਦ ਕਮਰਿਆਂ ਵੱਲ ਨੂੰ ਜਾਣ ਵੇਲੇ ਮੇਰੇ ਕੋਲੋਂ ਨਹੀਂ ਰਿਹਾ ਗਿਆ। ਮੇਰੇ ਪੈਰ ਥਿੜਕਦੇ ਡਗਮਗਾਉਂਦੇ ਧਰਤੀ ‘ਤੇ ਨਹੀਂ ਲੱਗ ਰਹੇ! ਮੈਂ ਡਿੱਗਾ ਕਿ ਡਿੱਗਾ! ਸਿਰ ਮੇਰਾ ਟੱਸ ਟੱਸ ਤਰਾਟਾਂ ਮਾਰਦਾ ਜਿਵੇਂ ਹੁਣੇ ਹੀ ਪਟਾਕੇ ਮਾਰਦਾ ਫਟ ਜਾਏਗਾ! ‘ਬਹੁਤ ਤੇਜ਼ ਸਿਰ ਦਰਦ ਹੈ, ਬਹੁਤ ਸਖ਼ਤ ਹੈ।’ ਮੈਂ ਦਲਵੀਰ ਵੱਲ ਦੇਖਿਆ। ਉਹ ਮੇਰੇ ਚਿਹਨ ਚੱਕਰ ਨਿਹਾਰ ਰਿਹਾ ਸੀ। ਉਸ ਨੇ ਝਟਪਟ ਮੋਢਿਆਂ ਤੋਂ ਸਹਾਰਾ ਦਿੰਦੇ ਮੈਨੂੰ ਕਲਾਵੇ ਵਿਚ ਘੁੱਟ ਲਿਆ। ਚੱਲਦੇ ਚੱਲਦੇ ਰਿਸੈੱਪਸ਼ਨ ਕਾਊਂਟਰ ‘ਤੇ ਪਹੁੰਚ ਕੇ ਬੈਂਚ ‘ਤੇ ਮੈਂ ਟੇਢਾ ਹੋ ਗਿਆ। ਹੋਰ ਖਲੋਣ ਦੀ ਮੇਰੀ ਹਿੰਮਤ ਨਹੀਂ ਸੀ। ਮੈਨੇਜਰ ਉੱਠ ਕੇ ਮੇਰੇ ਨੇੜੇ ਆ ਗਿਆ ਜਿਵੇਂ ਪਹਿਲਾਂ ਹੀ ਆਸ ਲਗਾਈ ਬੈਠਾ ਸੀ। ਉਸ ਦੇ ਹੱਥ ਵਿਚ ਸ਼ਾਇਦ ਥਰਮਾਮੀਟਰ, ਔਕਸੀਮੀਟਰ ਜਾਂ ਕੋਈ ਹੋਰ ਇਹੋ ਜਿਹਾ ਉਪਕਰਨ ਸੀ। ਮੇਰੇ ਹੱਥ ਦੀ ਉਂਗਲ ਦੇ ਪੋਟੇ ਵਿਚ ਫਸਾਇਆ, ਮੱਥਾ ਚੈੱਕ ਕੀਤਾ। ਆਕਸੀਜਨ ਪੜ੍ਹਤ ਅਠਵੰਜਾ ਵੇਖ ਕੇ ਉਹ ਅਚੰਭੇ ਹੋ ਗਿਆ। ਮੇਰੇ ਹੱਥ ਪੈਰ ਸੁੰਨ ਹੁੰਦੇ ਜਾ ਰਹੇ ਸਨ। ਕੰਨ ਬੋਲ਼ੇ ਤੇ ਅੱਖਾਂ ਅੱਗੇ ਹਨੇਰਾ ਪਸਰ ਰਿਹਾ ਸੀ। ਉਸ ਨੇ ਇਕਦਮ ਆਕਸੀਜਨ ਸਿਲੰਡਰ ਨਾਲੀ ਮੇਰੇ ਨੱਕ ‘ਚ ਘਸੋੜ ਦਿੱਤੀ। ਇੱਕ ਅੱਧ ਮਿੰਟ ਵਿਚ ਮੈਨੂੰ ਮਰਦੇ ਮਰਦੇ ਜਾਨ ਮੁੜ ਵਾਪਸ ਆ ਗਈ। ਪੰਜ ਸੱਤ ਮਿੰਟ ਆਕਸੀਜਨ ਲੱਗਣ ਤੋਂ ਬਾਦ ਫਿਰ ਚੈੱਕ ਕੀਤਾ ਤਾਂ ਇਹ ਪੜ੍ਹਤ ਸੌ ਦੇ ਕਰੀਬ ਪਹੁੰਚ ਗਈ। ਠੀਕ ਨਾਰਮਲ ਸਮਝ ਕੇ ਮਖੌਟਾ ਉਤਾਰ ਦਿੱਤਾ ਗਿਆ। ਜਲਦੀ ਹੀ ਇਸ ਦਾ ਇਲਾਜ ਹੋ ਗਿਆ! ਦੋ ਚਾਰ ਮਿੰਟ ਬਾਅਦ ਫਿਰ ਚੈੱਕ ਕੀਤਾ ਤਾਂ ਆਕਸੀਜਨ ਦੀ ਮਾਤਰਾ ਅਠਾਹਠ ਤੱਕ ਹੇਠਾਂ ਡਿਗ ਗਈ!
‘ਆਕਸੀਜਨ ਦੀ ਕਮੀ ਹੈ, ਇੱਥੇ ਗਿਆਰਾਂ ਹਜਾਰ ਇੱਕ ਸੌ ਪੰਦਰਾਂ ਫੁੱਟ ਦੀ ਉਚਾਈ ਤੇ ਪੈਂਦੇ ਕੁਸਕੋ ਦੀ ਹੱਦ ਵਿਚ ਆ ਕੇ ਬਹੁਤ ਸਾਰੇ ਯਾਤਰੂਆਂ ਨੂੰ ਅਜੇਹੀ ਘਾਟ ਮਹਿਸੂਸ ਹੋ ਜਾਂਦੀ ਹੈ, ‘ਤੇ ਉਹ ਇਸ ਸਿਲੰਡਰ ਨਾਲ ਠੀਕ ਹੋ ਜਾਂਦੇ ਹਨ।’ ਸਿਲੰਡਰ ਲੱਗੇ ਲਗਾਏ ਮੇਰੇ ਕਮਰੇ ਵਿਚ ਪਹੁੰਚਾ ਦਿੱਤਾ।
‘ਤੁਹਾਡਾ ਇਲਾਜ ਮਿਲ ਗਿਆ ਹੈ, ਹੁਣ ਤੁਸੀਂ ਆਰਾਮ ਕਰ ਲਉ।’ ਦਸ ਪੰਦਰਾਂ ਮਿੰਟਾਂ ਵਿਚ ਮੈਂ ਬਿਲਕੁਲ ਠੀਕ ਨਾਰਮਲ ਮਹਿਸੂਸ ਕੀਤਾ।
ਚਾਰ ਕੁ ਵਜੇ ਅਚਾਨਕ ਜੈਸਮੀਨ ਦੇ ਫ਼ੋਨ ਨੇ ਕਾਹਲੀ ਪਾ ਦਿੱਤੀ, ‘ਡੈਡੀ! ਕੰਪਨੀ ਵੱਲੋਂ ਤੁਹਾਡੇ ਸੁਣਨ ਵਾਲਾ ਗਿਆਨ ਵਰਧਕ ਲੈਕਚਰ ਚੱਲ ਰਿਹਾ ਹੈ, ਜਲਦੀ ਆ ਜਾਓ। ਮੇਰੀ ਪੋਤੀ ਮੇਰੀ ਸਰੀਰਕ ਮਰਜ਼ ਤੋਂ ਅਣਜਾਣ ਬੇਖਬਰ ਹੈ! ਮੈਂ ਆਪਣਾ ਦੁੱਖ ਤਕਲੀਫ਼ ਭੁੱਲ ਕੇ ਦੱਸੀ ਹੋਈ ਜਗ੍ਹਾ ਪਹੁੰਚ ਜਾਂਦਾ ਹਾਂ। ਦਲਵੀਰ ਸਮੇਤ ਸਾਰੇ ਮੈਂਬਰ ਹਾਜ਼ਰ ਹਨ। ਸਾਬਤ ਕੇਸ, ਦਾੜ੍ਹੀ ਜੂੜੀ ਵਾਲਾ ਇੱਕ ਸਨਿਆਸੀ ਕਿਸਮ ਦਾ ਭਗਵਾਂ ਆਚਾਰੀਆ ਲੈਕਚਰ ਕਰ ਰਿਹਾ ਹੈ ਤੇ ਟਰੈਵਲ ਕੰਪਨੀ ਦੀ ਨੁਮਾਇੰਦਾ ਜਾਪਦੀ ਇੱਕ ਉਸਤਾਨੀ ਨਾਲੋ ਨਾਲ ਅੰਗਰੇਜ਼ੀ ਤਰਜਮਾ ਕਰਦੀ ਜਾ ਰਹੀ ਹੈ। ਚਾਹ ਦੇ ਸ਼ੌਕੀਨਾਂ ਲਈ ਚਾਹ ਕੌਫ਼ੀ ਵੀ ਨਾਲ ਨਾਲ ਉਪਲਬਧ ਹੈ।
ਆਚਾਰੀਆ ਗਾਈਡ ਆਪਣੇ ਸ਼ਬਦਾਂ ਨਾਲ ਮਾਚੂ ਪਿੱਛੂ ਦਾ ਇੱਕ ਜੀਵੰਤ ਚਿੱਤਰ ਸਿਰਜ ਰਿਹਾ ਹੈ। ਉਸ ਦੀ ਆਵਾਜ਼ ਵਿਚ ਵਿਸ਼ਵਾਸ, ਚਿਹਰੇ ਉੱਤੇ ਇਤਿਹਾਸ ਅਤੇ ਹਰ ਵਾਕ ਵਿਚ ਜੋਸ਼! ਜਿਵੇਂ ਉਹ ਖ਼ੁਦ ਇੰਕਾ ਸਾਮਰਾਜ ਦਾ ਕੋਈ ਦੂਤ ਹੋਵੇ। ਉਸ ਨੇ ਆਪਣੇ ਛਿੱਕੂ ਵਿਚੋਂ ਹਰੇਕ ਸਰੋਤੇ ਨੂੰ ਇੱਕ ਇੱਕ ਛੋਟਾ ਪੱਤਾ ਚੁਣ ਕੇ ਇਸ ਨੂੰ ਆਪਣੀ ਜ਼ਬਾਨ ਹੇਠਾਂ ਰੱਖਣ ਲਈ ਕਿਹਾ। ‘ਕੋਕਾ’ ਨਾਮੀ ਦਰਖਤ ਦੇ ਇਸ ਛੋਟੇ ਪੱਤੇ ਨੂੰ ਇਹ ਧਾਰਮਿਕ ਤੇ ਪਵਿੱਤਰ ਮੰਨਦੇ ਹਨ। ਸਾਰੇ ਦਸ ਕੁ ਵਿਦਿਆਰਥੀਆਂ ਨੇ ਹੁਕਮ ਮੰਨ ਕੇ ਜ਼ਬਾਨ ਬੰਦ ਕਰ ਲਈ ਤੇ ਕੰਨ ਖੋਲ੍ਹ ਲਏ।
‘ਮਿੱਤਰੋ! ਤੁਸੀਂ ਦੁਨੀਆ ਦੇ ਸਭ ਤੋਂ ਅਦਭੁਤ ਪੁਰਾਤਤਵ ਅਜੂਬਿਆਂ ਵਿਚੋਂ ਇੱਕ ਮਾਚੂ ਪਿੱਛੂ ਵੱਲ ਰਵਾਨਾ ਹੋ ਰਹੇ ਹੋ। ਸਮੁੰਦਰੀ ਤਲ ਤੋਂ ਲਗਭਗ 7970 ਫੁੱਟ ਦੀ ਉਚਾਈ ‘ਤੇ ਐਂਡੀਜ਼ ਪਹਾੜਾਂ ਦੀਆਂ ਚੋਟੀਆਂ ਵਿਚ ਵਸਿਆ ਇਹ ਪ੍ਰਾਚੀਨ ਇੰਕਾ ਨਗਰ ਕੇਵਲ ਪੱਥਰਾਂ ਦਾ ਢੇਰ ਢਾਂਚਾ ਨਹੀਂ, ਸਗੋਂ ਮਨੁੱਖੀ ਬੁੱਧੀ, ਕੋਮਲ ਕਲਾ, ਇੰਜੀਨੀਅਰਿੰਗ ਅਤੇ ਕੁਦਰਤ ਨਾਲ ਸਾਂਝ ਦਾ ਅਨੋਖਾ ਪ੍ਰਤੀਕ ਹੈ। ਮਾਚੂ ਪਿੱਛੂ ਬਾਰੇ ਕਈ “ਹਵਾਈ ਕਿਲ੍ਹੇ” ਬਣਦੇ ਹਨ। ਸ਼ਾਇਦ ਉੱਥੇ ਪਹੁੰਚ ਕੇ ਅਲੌਕਿਕ ਅਨੁਭਵ ਹੋਵੇਗਾ। ਇੰਕਾ ਸਭਿਆਚਾਰ ਸਾਡੇ ਨਾਲ ਗੱਲਾਂ ਕਰੇਗੀ ਅਤੇ ਪੱਥਰਾਂ ਵਿਚੋਂ ਇਤਿਹਾਸ ਦੀ ਆਵਾਜ਼ ਸੁਣਾਈ ਦੇਵੇਗੀ। ਇਹ ਪਵਿੱਤਰ ਤੀਰਥ ਸਥਾਨ ਵਾਂਗ ਹੈ ਪਰ ਇੱਕ ਧਰਮ ਦਾ ਨਹੀਂ, ਸਰਬਤ ਧਰਮ ਸਥਲ ਵਾਂਗ ਸਮਝਿਆ ਜਾ ਸਕਦਾ ਹੈ, ਕਿਉਂਕਿ ਇੱਥੇ ਕਿਸੇ ਇੱਕ ਮੱਤ ਜਾਂ ਵਿਸ਼ਵਾਸ ਦੀ ਹੱਦ ਨਹੀਂ, ਇਹ ਮਨੁੱਖਤਾ ਦਾ ਇੱਕ ਸਾਂਝਾ ਆਤਮਿਕ ਸਥਾਨ ਹੈ।”
‘ਕੁਸਕੋ ਤੋਂ ਮਾਚੂ ਪਿੱਛੂ ਤੱਕ ਪਹੁੰਚਣ ਦੇ ਕਈ ਸਰੋਤ ਜਰੀਏ ਹਨ। ਜੋ ਅਮੀਰ ਸੁਖ਼-ਰਹਿਣੇ ਯਾਤਰੀ ਆਰਾਮ ਨਾਲ ਸਫ਼ਰ ਕਰਨਾ ਚਾਹੁੰਦੇ ਹਨ, ਉਹ ਧਨ ਖ਼ਰਚ ਕੇ ਰੇਲ ਗੱਡੀ ਜਾਂ ਬੱਸ ਰਾਹੀਂ ਸੌ ਕੁ ਕਿੱਲੋਮੀਟਰ ਦਾ ਸਫ਼ਰ ਤਹਿ ਕਰ ਕੇ ਕੁੱਝ ਘੰਟਿਆਂ ਵਿਚ ਹੀ ਮੰਜ਼ਲ ਤੇ ਪਹੁੰਚ ਜਾਂਦੇ ਹਨ। ਜਿਹੜੇ ਸਿਰੜੀ ਆਪਣੇ ਬਾਹੂ ਬਲ, ਤਨ, ਮਨ, ਅਤੇ ਹੌਸਲੇ ਦੀ ਪਰਖ ਪੜਚੋਲ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਇੰਕਾ ਟਰੇਲ ਰਾਹੀਂ ਹਾਈਕਿੰਗ ਬਾਈਕਿੰਗ ਜੀਵਨ-ਭਰ ਦਾ ਅਨੁਭਵ ਬਣ ਜਾਂਦੀ ਹੈ।
‘ਇੰਕਾ ਪਗਡੰਡੀਆਂ ਦੀਆਂ ਤਿੰਨ ਪ੍ਰਸਿੱਧ ਯਾਤਰਾਵਾਂ ਕੁਸਕੋ ਤੋਂ ਓਲਿਆਤਾਇਤਾਂਬੋ 70 ਕੁ ਕਿੱਲੋਮੀਟਰ ਬੇਸ ਕੈਂਪ ਤੱਕ ਬੱਸ ਸਫ਼ਰ ਤੋਂ ਬਾਅਦ ਸ਼ੁਰੂ ਹੁੰਦੀਆਂ ਹਨ।
ਪਹਿਲੀ ਟਰੇਲઠ(ਪਗਡੰਡੀ) ਕਰੀਬઠ128 ਕਿੱਲੋਮੀਟਰઠਲੰਬੀ ਹੈ। ਇਸ ਔਖੀ ਮੁਹਿੰਮ ਵਿਚ ਕਈ ਦਿਨਾਂ ਤੱਕ ਪਹਾੜਾਂ, ਜੰਗਲਾਂ, ਪਥਰੀਲੇ ਰਸਤਿਆਂ ਅਤੇ ਇੰਕਾ ਸਭਿਆਚਾਰ ਦੇ ਛੋਟੇ-ਛੋਟੇ ਪੁਰਾਤਤਵ ਸਥਾਨਾਂ ਵਿਚੋਂ ਲੰਘਣਾ ਪੈਂਦਾ ਹੈ। ਇਹ ਉਨ੍ਹਾਂ ਤਜਰਬੇਕਾਰ ਲੋਕਾਂ ਲਈ ਹੈ ਜੋ ਪਹਾੜੀ ਮੁਹਿੰਮਾਂ ਦਾ ਲੰਮਾ ਅਨੁਭਵ ਰੱਖਦੇ ਆਪਣੀ ਸਰੀਰਕ ਸਮਰੱਥਾ ਨੂੰ ਅੰਤਿਮ ਹੱਦ ਤੱਕ ਅਜ਼ਮਾਉਣਾ ਚਾਹੁੰਦੇ ਹਨ।
ਦੂਜੀ ਟਰੇਲઠ96 ਕਿੱਲੋਮੀਟਰ ਦੇ ਕਰੀਬ ਹੈ। ਇਸ ਵਿਚ ਵੀ ਕਈ ਦਿਨ ਪੈਦਲ ਯਾਤਰਾ ਕਰਨੀ ਪੈਂਦੀ ਹੈ। ਰਸਤੇ ਵਿਚ ਪ੍ਰਾਚੀਨ ਪੱਥਰਾਂ ਦੇ ਰਾਹ, ਬੱਦਲਾਂ ਵਾਲੇ ਜੰਗਲ, ਬਰਫ਼ੀਲੀਆਂ ਚੋਟੀਆਂ ਦੇ ਦ੍ਰਿਸ਼ ਅਤੇ ਇੰਕਾ ਯੁੱਗ ਦੇ ਖੰਡਰ ਮਿਲਦੇ ਹਨ। ਇਹ ਮੁਹਿੰਮ ਵੀ ਚੁਨੌਤੀਪੂਰਨ ਪਰ ਪਹਿਲੀ ਨਾਲੋਂ ਕੁੱਝ ਘੱਟ ਕਠਿਨ ਹੈ।
ਤੀਜੀ ਅਤੇ ਸਭ ਤੋਂ ਪ੍ਰਸਿੱਧ ਟਰੇਲઠਕਰੀਬઠ64 ਕਿੱਲੋਮੀਟਰ ਲੰਬੀ ਹੈ। ਆਮ ਤੌਰ ‘ਤੇ ਇਹ ਚਾਰ ਦਿਨਾਂ ਵਿਚ ਪੂਰੀ ਕੀਤੀ ਜਾਂਦੀ ਹੈ। ਸੰਸਾਰ ਭਰ ਤੋਂ ਆਉਣ ਵਾਲੇ ਹਜ਼ਾਰਾਂ ਯਾਤਰੀ ਇਹੀ ਰਸਤਾ ਚੁਣਦੇ ਹਨ। ਇਹ ਰਸਤਾ ਮਨੁੱਖ ਨੂੰ ਕੁਦਰਤ, ਇਤਿਹਾਸ ਅਤੇ ਆਪਣੇ ਆਪ ਨਾਲ ਇੱਕੋ ਵੇਲੇ ਮਿਲਾਉਂਦਾ ਹੈ।’ ਇਸ ਟਰੇਲ ਦੀ ਚੋਣ ਸ਼ਾਹਬਾਜ਼ ਪੰਨੂ ਨੇ ਦੋ ਕੁ ਮਹੀਨੇ ਪਹਿਲਾਂ ਕੀਤੀ ਸੀ ਪਰ ਹਫ਼ਤਾ ਕੁ ਪਹਿਲਾਂ ਉਸ ਦਾ ਗੋਡਾ ਡਿਸਲੋਕੇਟ ਹੋਣ ਕਾਰਨ ਉਹ ਇਸ ਮੁਹਿੰਮ ‘ਚੋਂ ਬਾਹਰ ਹੋ ਗਿਆ। ਉਸ ਨੂੰ ਸਾਂਭਣ ਲਈ ਗੁਰਸ਼ਾਨ ਤੇ ਉਸ ਦੇ ਪਾਪਾ ਮਾਮਾ ਦੇ ਮਨਸੂਬੇ ਵੀ ਧਰੇ ਧਰਾਏ ਰਹਿ ਗਏ। ਮੈਂ ਹੁਣ ਤੱਕ ਨੰਨਾ ਧਰ ਰੱਖਿਆ ਸੀ, ਉਨ੍ਹਾਂ ਦੀ ਥਾਂ ਮੇਰਾ ਨੰਬਰ ਜਬਰੀ ਪੱਕਾ ਹੋ ਗਿਆ।
 ‘ਪਰ ਯਾਦ ਰੱਖੋ,’ ਉਸ ਨੇ ਗੰਭੀਰ ਆਵਾਜ਼ ਵਿਚ ਕਿਹਾ, ‘ਇਹ ਰਸਤੇ ਕੇਵਲ ਸੁੰਦਰ ਲੁਭਾਉਣੇ ਹੀ ਨਹੀਂ, ਸਖ਼ਤ ਦੁਸ਼ਵਾਰੀਆਂ ਤੇ ਚੁਨੌਤੀਆਂ ਭਰਪੂਰ ਵੀ ਹਨ। ਸਭ ਤੋਂ ਵੱਡੀ ਚੁਨੌਤੀ ਉਚਾਈ ਹੈ। ਆਕਸੀਜਨ ਘੱਟ ਹੋਣ ਕਰ ਕੇ ਕਈ ਵਾਰ ਤੰਦਰੁਸਤ ਮਨੁੱਖ ਦਾ ਵੀ ਸਾਹ ਫੁਲ ਜਾਂਦਾ ਹੈ। ਸਿੱਧੀਆਂ ਖੜ੍ਹੀਆਂ ਚੜ੍ਹਾਈਆਂ, ਡੂੰਘੀਆਂ ਖੱਡਾਂ ਅਤੇ ਪਥਰੀਲਿਆਂ ਪੌੜੀਆਂ ਤੁਹਾਡੇ ਧੀਰਜ ਦੀ ਪਰਖ ਲੈਂਦੀਆਂ ਹਨ। ਕਈ ਥਾਵਾਂ ‘ਤੇ ਖੱਡਾਂ ਦੇ ਕਿਨਾਰਿਆਂ ਨਾਲ ਬਣੇ ਰਸਤੇ ਏਨੇ ਤੰਗ ਹਨ ਕਿ ਹਰ ਕਦਮ ਪੂਰੀ ਸਾਵਧਾਨੀ ਨਾਲ ਬੋਚ ਬੋਚ ਕੇ ਰੱਖਣਾ ਪੈਂਦਾ ਹੈ।’
‘ਜੇ ਤੁਹਾਡਾ ਸਰੀਰ ਤੰਦਰੁਸਤ ਹੈ, ਦਿਲ ਮਜ਼ਬੂਤ ਹੈ ਤੇ ਤੁਸੀਂ ਕਈ ਘੰਟੇ ਪੈਦਲ ਚੱਲ ਸਕਦੇ ਹੋ, ਤਾਂ ਇੰਕਾ ਟਰੇਲ ਤੁਹਾਨੂੰ ਉਹ ਦ੍ਰਿਸ਼ ਦਿਖਾਏਗੀ ਜੋ ਦੁਨੀਆ ਦੇ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੇ ਹਨ। ਪਰ ਜੇ ਤੁਹਾਨੂੰ ਉਚਾਈ ਨਾਲ ਤਕਲੀਫ਼ ਹੁੰਦੀ ਹੈ, ਸਾਹ ਦੀ ਸਮੱਸਿਆ ਹੈ ਜਾਂ ਆਕਸੀਜਨ ਦੀ ਘਾਟ ਜਲਦੀ ਮਹਿਸੂਸ ਹੁੰਦੀ ਹੈ, ਤਾਂ ਰੇਲ ਅਤੇ ਬੱਸ ਦਾ ਰਸਤਾ ਹੀ ਤੁਹਾਡੇ ਲਈ ਸੁਰੱਖਿਅਤ ਅਤੇ ਉਚਿੱਤ ਹੈ। ਮਾਚੂ ਪਿੱਛੂ ਦੀ ਮਹਾਨਤਾ ਉੱਥੇ ਪਹੁੰਚਣ ਸਾਧਨ ਨਾਲ ਨਹੀਂ, ਸਗੋਂ ਉਸ ਦੇ ਦਰਸ਼ਨ ਨਾਲ ਹੈ।’
ਹੁਣ ਉਹ ਆਪਣਾ ਲੈਕਚਰ ਛੱਡ ਕੇ ਨਜੂਮੀਆਂ ਵਾਂਗ ਸਭ ਦੇ ਚਿਹਰੇ ਪੜਨ ਲਗਦਾ ਹੈ। ਉਸ ਦੇ ਹੁਕਮ ਅਨੁਸਾਰ ਸਭਨਾਂ ਨੇ ਆਪਣੇ ਪੱਤੇ ਜੀਭ ਤੋਂ ਕੱਢ ਕੇ ਮੱਥੇ ਤੇ ਚਿਪਕਾ ਲਏ।
‘ਜਦੋਂ ਤੁਸੀਂ ਸੂਰਜ ਦੇ ਦਰਵਾਜ਼ੇ ਤੋਂ ਪਹਿਲੀ ਵਾਰ ਐਂਡੀਜ਼ ਪਹਾੜਾਂ ਵਿਚ ਸਮੁੰਦਰ ਤਲ ਤੋਂ 2,430 ਮੀਟਰ ਦੀ ਉਚਾਈ ‘ਤੇ ਸਥਿਤ ਮਾਚੂ ਪਿੱਛੂ ਨੂੰ ਬੱਦਲਾਂ ਦੀ ਓਟ ਵਿਚੋਂ ਉੱਭਰਦਾ ਦੇਖਦੇ ਹੋ, ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਕਿਵੇਂ ਮਨੁੱਖ ਨੇ ਪੱਥਰਾਂ ਵਿਚ ਵੀ ਜਿੰਦਾ ਰੂਹ ਫੂਕ ਦਿੱਤੀ। ਫਿਰ ਨਾ ਥਕਾਵਟ ਤੁਹਾਡੇ ਨੇੜੇ ਆਉਣੀ ਹੈ, ਨਾ ਚੜ੍ਹਾਈ, ਨਾ ਸਾਹ ਦੀ ਕਮੀ! ਸਿਰਫ਼ ਇੱਕ ਅਨੁਭਵ ਰਹਿ ਜਾਂਦਾ ਹੈ ਕਿ ਤੁਸੀਂ ਧਰਤੀ ਦੇ ਸਭ ਤੋਂ ਅਦਭੁਤ ਸਥਾਨਾਂ ਵਿਚੋਂ ਇੱਕ ਦੇ ਸਾਹਮਣੇ ਇੱਕ-ਮਿੱਕ ਹੋਏ ਖੜ੍ਹੇ ਹੋ।’ ਉਸ ਦਾ ਲੈਕਚਰ ਸਮਾਪਤ ਹੋਇਆ ਤਾਂ ਕੁੱਝ ਪਲਾਂ ਲਈ ਹਰ ਚਿਹਰੇ ‘ਤੇ ਉਤਸੁਕਤਾ ਸੀ। ਹਰ ਅੱਖ ਵਿਚ ਮਾਚੂ ਪਿੱਛੂ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਦੀ ਲਾਲਸਾ ਤੇ ਹਰ ਦਿਲ ਵਿਚ ਉਸ ਰਹੱਸਮਈ ਇੰਕਾ ਨਗਰੀ ਤੱਕ ਪਹੁੰਚਣ ਦਾ ਇੱਕ ਨਵਾਂ ਜੋਸ਼ ਜਨਮ ਲੈ ਚੁੱਕਾ ਸੀ। ਕਲਾਸ ਰੂਮ ਵਿਚ ਬਲੈਕ ਬੋਰਡ ਤੇ ਹੋਰ ਸਮਗਰੀ ਪੇਰੁ ਦਾ ਰਹੱਸ ਖੋਜਣ ਵਾਲੇ ਨਵੇਂ ਯਾਤਰੂਆਂ ਵਾਸਤੇ ਗਿਆਨ ਗੁੜ੍ਹਤੀ ਦਾ ਕੰਮ ਕਰਦੀ ਹੈ। ਮਾਚੂ ਪਿੱਛੂ ਦੀ ਮਹਾਨਤਾ ਬਾਰੇ ਰਹੱਸ ਭਰੇ ਲੈਕਚਰ ਨੇ ਮੇਰੀ ਜਿਗਿਆਸਾ ਨੂੰ ਤਾਬੜ-ਤੋੜ ਊਰਜਾ ਪ੍ਰਦਾਨ ਕੀਤੀ। ਮਾਨਸਿਕ ਇਕਾਗਰਤਾ ਨਾਲ ਮੇਰੇ ਸਿਰ ਨੂੰ ਦਰਦ ਭੁੱਲ ਗਿਆ। ਮੇਰਾ ਜੀ ਕੀਤਾ ਹੁਣੇ ਇਸੇ ਪਲ ਉਡਾਰੀ ਮਾਰ ਕੇ ਉਸ ਅਦਭੁਤ ਅਜੂਬੇ ਨੂੰ ਜਾ ਸੀਸ ਝੁਕਾਵਾਂ।
‘ਭਲਕੇ ਵੇਖਣ ਵਾਲੀ ਸੇਕਰਡ ਵੈਲੀ ਵਿਚਲੇ ਦਸ ਵੀਹ ਪਿੰਡਾਂ ਦੇ ਮੌਲਿਕ ਬਾਸ਼ਿੰਦੇ ਦਾੜ੍ਹੀ ਕੇਸ ਰੱਖਦੇ ਆਰਗੈਨਿਕ ਖੇਤੀ ਕਰਦੇ, ਕੁਦਰਤ ਦੇ ਬਹੁਤ ਨੇੜੇ ਰਹਿੰਦੇ ਹਨ।’ ਉਨ੍ਹਾਂ ਦਾ ਨਮੂਨਾ ਇਹ ਬੁਲਾਰਾ ਆਚਾਰੀਆ ਕੇਸਾਂ ਸਵਾਸਾਂ ਦੀ ਸਾਂਝ ਕਾਰਨ ਸ਼ਾਇਦ ਮੈਨੂੰ ਆਪਣਾ ਹੀ ਭਰਾ ਭਾਈ ਮਹਿਸੂਸ ਹੁੰਦਾ ਹੈ!
ਹੁਣ ਉਸ ਨੇ ਵਾਰੀ ਵਾਰੀ ਸਾਰੇ ਸਿੱਖਿਆਰਥੀਆਂ ਤੋਂ ਪੱਤੇ ਵਾਪਸ ਲੈ ਲਏ। ਮੈਂ ਸਮਝ ਗਿਆ! ਜ਼ਬਾਨ ਤੇ ਮੱਥੇ ਦੀਆਂ ਲਕੀਰਾਂ ਤੋਂ ਪੱਤਿਆਂ ਤੇ ਉੱਕਰੇ ਸਭਨਾਂ ਦੇ ਜੋਤਿਸ਼ਨਾਮੇ ਤਿਆਰ ਹਨ। ਉਹ ਪੱਤੇ ਪੜ੍ਹ ਕੇ ਸਭਨਾਂ ਦੇ ਜੀਵਨ ਚਰਿੱਤਰ ਬਾਰੇ ਵਿਸਥਾਰ ਦੱਸਣ ਲੱਗਾ। ਅਖੀਰ ਤੇ ਮੇਰੀ ਵਾਰੀ ਆਈ ਤਾਂ ਹੱਸਣ ਲੱਗਾ। ਮੈਨੂੰ ਡਰ ਲੱਗਾ ਕਿਤੇ ਕੋਈ ਸਰਾਪ ਹੀ ਨਾ ਦੇ ਦੇਵੇ। ਪਰ ‘ਇਹ ਸ਼ਖ਼ਸ ਸਾਤਵਿਕ ਪ੍ਰਵਿਰਤੀ ਦਾ ਮਾਲਕ ਦਸਤੂਰੀ ਕਿਸਮ ਦਾ ਵਿਅਕਤੀ ਆਪਣੇ ਮਨ ਦਾ ਮੌਜੀ ਹੈ ਤੇ ਮੇਰੀਆਂ ਹਰਕਤਾਂ ਨੂੰ ਵੀ ਆਪਣੀਆਂ ਐਨਕਾਂ ਅਨੁਸਾਰ ਜਾਚਦਾ ਰਿਹਾ ਹੈ।’
ਦਲਵੀਰ ਦੇ ਫ਼ੋਨ ਵਿਚ ਸਰਸਰਾਹਟ ਟਪਕੀ। ‘ਡਾਕਟਰ ਤੁਹਾਡੇ ਕਮਰੇ ਵਿਚ ਤੁਹਾਡੀ ਇੰਤਜ਼ਾਰ ਕਰ ਰਿਹਾ ਹੈ!’ ਉਹ ਮੈਨੂੰ ਮੁਖ਼ਾਤਬ ਹੈ। ਮੈਂ ਸਮਝ ਜਾਂਦਾ ਹਾਂ। ਦਲਵੀਰ ਦੀ ਸਲਾਹ ਤੇ ਮੈਨੇਜਰ ਨੇ ਡਾਕਟਰ ਨੂੰ ਬੁਲਾਵਾ ਭੇਜਿਆ ਹੋਵੇਗਾ!
‘ਮੈਂ ਹੁਣ ਠੀਕ ਹਾਂ। ਉਸ ਨੂੰ ਕਹੋ ਇੱਥੇ ਆ ਜਾਵੇ।’ ਮੈਂ ਜਾਣੋ ਝਿਜਕਦਾ ਹਾਂ।
‘ਕਵਾਇਦ ਮੁਤਾਬਿਕ ਡਾਕਟਰ ਨੇ ਮਰੀਜ਼ ਨੂੰ ਉਸ ਦੇ ਕਮਰੇ ਵਿਚ ਹੀ ਵੇਖਣਾ ਹੈ।’ ਉਨ੍ਹਾਂ ਜੁਆਬ ਦਿੱਤਾ।
‘ਠੀਕ ਐ, ਤੁਸੀਂ ਕਲਾਸ ਲਾਓ, ਮੈਂ ਜਾਂਦਾ ਹਾਂ।’ ਚਾਹ ਦੇ ਘੁੱਟ ਸਮੇਟਦੇ ਮੈਂ ਹਠ ਨਾਲ ਆਪਣੇ ਕਮਰੇ ਵਿਚ ਪਹੁੰਚ ਜਾਂਦਾ ਹਾਂ। ਅਜਨਬੀ ਦੇ ਇਸ਼ਾਰੇ ਤੇ ਬੈੱਡ ਤੇ ਲੇਟ ਜਾਂਦਾ ਹਾਂ। ਪੈਂਤੀ ਕੁ ਸਾਲਾ ਡਾਕਟਰ ਨੇ ਗਲ਼ ਲਟਕਦੀਆਂ ਟੂਟੀਆਂ ਨਾਲ ਮੇਰਾ ਮੂੰਹ, ਜ਼ਬਾਨ, ਗਲ਼ਾ, ਛਾਤੀ ਕਮਰ ਅੱਗੋਂ ਪਿੱਛੋਂ ਚੈੱਕ ਕਰਦੇ, ‘ਛਾਤੀ ਖੜਕ ਰਹੀ ਹੈ… ਆਜ਼ਮਾ! ਹੋ ਸਕਦਾ ਹੈ। ਕੋਵਿਡ, ਬੁਖ਼ਾਰ, ਖੰਘ, ਰੇਸ਼ਾ! ਟੈੱਸਟ ਕਰਨੇ ਪੈਣਗੇ, ਸੀ ਟੀ ਸਕੈਨ ਕਰਨਾ ਪਵੇਗਾ… ਹੋਸਪੀਟਲ ਜਾਣਾ ਪਵੇਗਾ।’ ਇਕੇ ਸਾਹੇ ਕਿੰਨਾ ਕੁੱਝ ਕਹਿ ਕੇ ਉਸ ਨੇ ਮੇਰੀ ਮਰਜ਼ ਨੂੰ ਚਿੰਤਾਜਨਕ ਘੋਸ਼ਿਤ ਕਰ ਦਿੱਤਾ।
‘ਇਹ ਕਸਰ ਕੋਈ ਦਾਰੂ ਦੇ ਇਸਤੇਮਾਲ ਕਾਰਨ ਤਾਂ ਨਹੀਂ ਹੋਈ?’ ਚੋਰ ਦੀ ਦਾੜ੍ਹੀ ਤਿਣਕਾ ਵਾਂਗ ਪਿਛਲੀ ਰਾਤ ਦਾ ਗਾੜ੍ਹਾ ਪੈੱਗ ਵੀ ਮੇਰੇ ਮਨ ਵਿਚ ਠੋਲ੍ਹੇ ਮਾਰ ਰਿਹਾ ਸੀ।
‘ਨਹੀਂ ਨਹੀਂ, ਦਾਰੂ ਨਾਲ ਨਹੀਂ। ਇੱਕ ਦੋ ਪੈੱਗ ਨਾਲ ਤਾਂ ਸਗੋਂ ਖਾਧਾ ਪੀਤਾ ਜਲਦੀ ਹਜ਼ਮ ਹੋ ਜਾਂਦਾ ਹੈ। ਜ਼ਿਆਦਾ ਪੀਤੀ ਸੀ? ਇਹ ਵੀ ਟੈੱਸਟ ਕਰਵਾ ਲਵਾਂਗੇ।’ ਉਹ ਬੜਾ ਸਹਿਜ ਭਾ ਵਿਚ ਜੁਆਬ ਦਿੰਦਾ ਹੈ।
ਫਸੀ ਨੂੰ ਫਟਕਣ ਕੀ, ‘ਤੇ ਇੱਥੇ ਬਿਗਾਨੀ ਧਰਤੀ ਤੇ ਡਾਕਟਰ ਨੂੰ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਹੈ! ਚਲੋ ਚੈੱਕ ਹੀ ਤਾਂ ਕਰਨਾ ਹੈ! ਜਲਦੀ ਵਾਪਸ ਮੁੜ ਆਵਾਂਗਾ।’
ਹੋਟਲ ਤੋਂ ਬਾਹਰ ਨਿਕਲਦੇ ਐਂਬੂਲੈਂਸ ਖੜ੍ਹੀ ਵੇਖ ਕੇ ਮੈਨੂੰ ਸਮਝਣ ਵਿਚ ਦੇਰ ਨਾ ਲੱਗੀ, ਕਿ ਇਹ ਡਾਕਟਰ ਤਾਂ ਪਹਿਲਾਂ ਹੀ ਮੈਨੂੰ ਹਸਪਤਾਲ ਲਿਜਾਉਣ ਦੀ ਨੀਯਤ ਨਾਲ ਐਂਬੂਲੈਂਸ ਲੈ ਕੇ ਹੀ ਇੱਥੇ ਪਹੁੰਚਿਆ ਹੈ, ਤਾਂ ਹੁਣ ਇਸ ਦਾ ਖਰਚਾ ਵੀ ਮੇਰੇ ‘ਤੇ ਪਾਵੇਗਾ! ਉਸ ਨੇ ਰਸਤੇ ਵਿਚੋਂ ਹੀ ਆਪਣੇ ਸਟਾਫ਼ ਨੂੰ ਮੇਰੀ ਹਾਲਤ ਦੱਸਦੇ ਲੋੜੀਂਦੀਆਂ ਦਵਾਈਆਂ ਸ਼ੀਸ਼ੀਆਂ ਅਪਰੇਟੱਸ ਤਿਆਰ ਰੱਖਣ ਲਈ ਕਹਿ ਦਿੱਤਾ। ਦਸ ਕੁ ਮਿੰਟ ਵਿਚ ਵੈਨ ਹੋਸਪੀਟਲ ਪਹੁੰਚ ਗਈ। ਐਮਰਜੈਂਸੀ ਵਾਰਡ ਵਿਚ ਦਵਾਈਆਂ ਅਤੇ ਐਂਟੀਸੈਪਟਿਕ ਦੀ ਮਹਿਕ, ਮਾਨੀਟਰਾਂ ਦੀਆਂ ਬੀਪਾਂ, ਸਟਰੈਚਰਾਂ ਦੀ ਖੜਖੜ, ਨਰਸਾਂ ਦੇ ਤੇਜ਼ ਕਦਮ ਅਤੇ ਡਾਕਟਰਾਂ ਦੀਆਂ ਰਮਜ਼ਾਂ ਮਿਲ ਕੇ ਅਜਿਹਾ ਮਾਹੌਲ ਬਣਾਉਂਦੀਆਂ ਹਨ, ਜਿਵੇਂ ਹਰ ਪਲ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਜੰਗ ਲੜੀ ਜਾ ਰਹੀ ਹੋਵੇ।
‘ਇੱਥੇ ਚਿਕਿਤਸਾ-ਪੇਸ਼ੇ ਦੀ ਆਤਮਾ ਤੇ ਮੂਲ ਪਹਿਚਾਣ: ਹਰ ਮਰੀਜ਼ ਨਾਲ ਜਾਤ, ਧਰਮ, ਭਾਸ਼ਾ, ਰਾਸ਼ਟਰੀਅਤਾ, ਆਰਥਿਕ ਜਾਂ ਸਮਾਜਿਕ ਪਿਛੋਕੜ ਤੋਂ ਉੱਪਰ ਉੱਠ ਕੇ ਬਰਾਬਰੀ, ਆਦਰ ਅਤੇ ਨਿਰਪੱਖਤਾ ਨਾਲ ਇਲਾਜ ਕੀਤਾ ਜਾਂਦਾ ਹੈ।’ ਸਵਾਗਤੀ ਹਾਲ ਵਿਚ ਸੁੰਦਰ ਸ਼ਬਦ ਮਰੀਜ਼ਾਂ ਦਾ ਸਵਾਗਤ ਕਰਦੇ ਹਨ। ਸੰਬੰਧਿਤ ਕਰਮਚਾਰੀ ਮੇਰੇ ਉਦਾਲੇ ਹੋ ਜਾਂਦੇ ਹਨ। ਬਲੱਡ ਪ੍ਰੈਸ਼ਰ, ਨਬਜ਼, ਦਿਲ ਦੀ ਧੜਕਣ, ਸਾਹ ਦੀ ਰਫ਼ਤਾਰ, ਤਾਪਮਾਨ ਅਤੇ ਆਕਸੀਜਨ ਦੀ ਮਾਤਰਾ ਚੈੱਕ ਕੀਤੀ। ਚਿਹਰੇ ‘ਤੇ ਆਕਸੀਜਨ ਮਾਸਕ ਤੇ ਬਾਂਹ ਦੀ ਨਾੜੀ ਵਿਚ ਪਾਈਪ ਲਗਾ ਦਿੱਤੀ ਗਈ। ਮਾਨੀਟਰ ਨਾਲ ਜੋੜ ਕੇ ਡਰਿੱਪ ਰਾਹੀਂ ਤਰਲ ਦਵਾਈਆਂ ਚੜ੍ਹਾਈਆਂ ਜਾਣ ਲੱਗੀਆਂ। ਸਕਰੀਨ ਤੇ ਬੀਪ… ਬੀਪ…” ਆਵਾਜ਼ ਵਿਚ ਬਦਲ ਰਹੇ ਅੰਕ ਦਿਖਾਈ ਦੇਣ ਲੱਗੇ। ਖੂਨ ਦੇ ਨਮੂਨੇ ਲੈ ਕੇ ਹੋਰ ਲੈਬ ਟੈਸਟਾਂ ਲਈ ਭੇਜੇ ਗਏ। ਹਰ ਪੰਦਰਾਂ-ਵੀਹ ਮਿੰਟ ਬਾਅਦ ਡਾਕਟਰ ਨਰਸ ਮੇਰੀ ਹਾਲਤ ਜਾਂਚ ਕਰਦੇ ਮੇਰੇ ਬਾਰੇ ਛੋਟੀਆਂ ਛੋਟੀਆਂ ਪਰ ਮਹੱਤਵਪੂਰਨ ਗੱਲਾਂ ਕਰ ਰਹੇ ਮੈਂ ਸੁਣ ਰਿਹਾ ਸਾਂ। ਦਵਾਈਆਂ ਦੇ ਲੋਰ ਹੇਠ ਮੇਰੀ ਹਾਲਤ ਅਰਧ ਹੋਸ਼ ਦੇ ਸੁਪਨੇ ਅਧੀਨ ਹੋ ਗਈ।
ਇਸ ਵੇਲੇ ਸਭ ਤੋਂ ਵੱਡਾ ਟਾਰਗੈਟ ਮਾਚੂ ਪਿੱਛੂ ਦਾ ਉਤਸੁਕ ਰਹੱਸ ਤੇ ਇਸ ਨੂੰ ਜਾਣਨ ਖੋਲ੍ਹਣ ਦੀ ਤੀਬਰ ਅਭਿਲਾਖਾ ਮੇਰੇ ਮਨ ਵਿਚ ਤੂਫ਼ਾਨ ਬਣ ਕੰਢੇ ਢਾਹ ਰਹੀ ਹੈ। ਕਿਧਰੇ ਮੇਰੀ ਇਹ ਹਸਪਤਾਲ ਫੇਰੀ ਇਸ ਦੇ ਰਸਤੇ ਰੁਕਾਵਟ ਨਾ ਬਣ ਜਾਏ! ਮਾਚੂ ਪਿੱਛੂ ਦੀ ਸ਼ਕਲ ਸੁਰਤ ਆਕਾਰ ਮੇਰੇ ਮਨ ਦੇ ਚਿਤਰਪਟ ਤੇ ਉੱਕਰ ਜਾਂਦਾ ਹੈ। ਮਾਤਾ ਵੈਸ਼ਨੋ ਦੇਵੀ ਦੀ ਸੋਲ਼ਾਂ ਮੀਲ ਲੰਬੀ ਓਭੜ-ਖਾਬੜ ਯਾਤਰਾ ਤੇ ਘੋੜੇ, ਖੱਚਰਾਂ, ਡੋਲ਼ੇ ਯਾਤਰੀਆਂ ਦੀ ਮਦਦ ਕਰਦੇ, ਜਵਾਨ ਮੁੰਡੇ ਕੁੜੀਆਂ ਭਗਤਾਂ ਦਾ ਰਸਤਾ ਰੋਕਦੇ ਭੀਖ ਮੰਗਦੇ ਸ਼ਰਧਾਲੂਆਂ ਦੀ ਇਕਾਗਰਤਾ ਭੰਗ ਕਰਦੇ ਮੂਹਰੇ ਆ ਖਲੋਂਦੇ ਹਨ। ਪੌੜੀ ਪੌੜੀ ਚੜ੍ਹਦਾ ਜਾਹ, ਜੈ ਮਾਤਾ ਦੀ ਕਰਦਾ ਜਾਹ। ਭਜਨ ਸ਼ਬਦ ਗਾਉਂਦੇ ਅਲਾਪਦੇ ਸ਼ਰਧਾਲੂ ਆਪਣੇ ਸਰੀਰ ਨੂੰ ਕਸ਼ਟ ਤਸੀਹੇ ਦਿੰਦੇ ਮੂੰਹ ਮੰਗੀਆਂ ਮੁਰਾਦਾਂ ਭਾਲਦੇ ਚੜ੍ਹਦੇ, ਉੱਤਰਦੇ ਜਾਂਦੇ ਹਨ। ਮੈਂ ਵੀ ਬੜੇ ਸ਼ਰਧਾ ਸਤਿਕਾਰ ਨਾਲ ਰਾਤੋ ਰਾਤ ਇਹ ਪਵਿੱਤਰ ਧਾਮ ਦੇ ਦਰਸ਼ਨ ਕਰ ਕੇ ਸਵੇਰੇ ਵਾਪਸ ਪਠਾਨਕੋਟ ਮੁੜ ਆਇਆ ਸੀ। ਮਾਚੂ ਪਿੱਛੂ ਵੀ ਕੋਈ ਗੋਰਖ ਨਾਥ ਦਾ ਟਿੱਲਾ, ਹੇਮ ਕੁੰਟ, ਨੈਣੋਂ ਦੇਵੀ, ਬਾਬਾ ਵਡਭਾਗ ਸਿੰਘ, ਬਾਲਕ ਨਾਥ, ਬਰਫ਼ਾਨੀ ਬਾਬਾ ਅਮਰਨਾਥ ਵਰਗੀ ਰੱਬੀ ਰਹਿਮਤ ਵਾਲੀ ਸ਼ਕਤੀ ਇਕਾਈ ਹੋਵੇਗੀ! ਪ੍ਰਭੂ ਦੀ ਤਲਾਸ਼ ਵਿਚ ਪੁਰਾਣੇ ਰਿਸ਼ੀ ਮੁਨੀ, ਪਹਾੜਾ ਦੀਆਂ ਕੁੰਦਰਾਂ ਵਿਚ ਛੁਪੇ ਤਪੱਸਿਆ ਕਰਦੇ ਪਿੰਜਰ ਬਣੇ ਇਤਿਹਾਸ ਮਿਥਿਹਾਸ ਦਾ ਹਿੱਸਾ ਬਣੇ ਮੇਰੇ ਜ਼ਿਹਨ ਵਿਚ ਗੁਜ਼ਰ ਜਾਂਦੇ ਹਨ।
ਮੇਰੇ ਨਾਲ ਸੱਜੇ ਹੱਥ ਬੈੱਡ, ਦਾਖਲ ਚਾਲੀ ਕੁ ਸਾਲ ਦੀ ਇੱਕ ਹੋਰ ਨੱਢੀ ਮਰੀਜ਼ ਪੀੜ ਨਾਲ ਕਰਾਰ ਰਹੀ ਹੈ। ਉਹ ਟਰੇਲਾਂ ਦੀ ਹਾਈਕਿੰਗ ਵਾਸਤੇ ਗਈ ਪੌੜੀਆਂ ਤੋਂ ਫਿਸਲ ਕੇ ਡਿਗ ਗਈ, ਗਿੱਟੇ ਗੋਡੇ ਤੁੜਾ ਆਈ ਹੈ! ਉਹ ਵੀ ਛੁੱਟੀ ਦੇਣ ਦੀ ਬੇਨਤੀ ਕਰ ਰਹੀ ਹੈ ਪਰ ਹਾਕਮ ਗੁੱਝੀਆਂ ਸੱਟਾਂ ਦੀ ਤਲਾਸ਼ ਵਿਚ ਐਕਸਰੇ ਪਲੱਸਤਰ ਤੇ ਹੋਰ ਟੈਸਟਾਂ ਦੇ ਚੱਕਰ ਵਿਚ ਉਲਝਾਉਂਦੇ ਗਧੀ ਗੇੜ ਪਾਈ ਰੱਖਦੇ ਹਨ।
ਬੇਟਾ ਦਲਵੀਰ ਪੰਨੂ ਸਾਹਮਣੇ ਬਰਾਂਡੇ ਦੇ ਬੈਂਚ ਤੇ ਮਸ੍ਹੋਸਿਆ ਹੋਇਆ ਬੈਠਾ ਡਾਕਟਰਾਂ ਦੀਆਂ ਨਜ਼ਰਾਂ ਟੋਂਹਦਾ ਮੇਰੇ ਤੰਦਰੁਸਤ ਹੋਣ ਬਾਰੇ ਸਵਾਲ ਕਰ ਰਿਹਾ ਹੈ। ਉਹ ਮੇਰੇ ਪਿੱਛੇ ਸ਼ਾਇਦ ਟੈਕਸੀ ਲੈ ਕੇ ਪਹੁੰਚ ਗਿਆ ਹੈ। ਉਸ ਦੇ ਚਿਹਰੇ ਦੀ ਉਦਾਸੀ ਮੈਨੂੰ ਹੋਰ ਪ੍ਰੇਸ਼ਾਨ ਕਰ ਰਹੀ ਹੈ। ਉਸ ਨੇ ਹੀ ਤੁੱਖਣਾ ਦੇ ਕੇ ਮੈਨੂੰ ਇਸ ਯਾਤਰਾ ਲਈ ਤਿਆਰ ਕੀਤਾ ਸੀ। ਮੈਂ ਮਹੀਨਾ ਭਰ ਨਾਂਹ ਕਰਦਾ ਰਿਹਾ ਕਿ ਮੈਨੂੰ ਰਹਿਣ ਦਿਓ, ਹੁਣ ਮੇਰੀ ਦੌੜ ਭੱਜ ਵਾਲੀ ਹਿੰਮਤ ਨਹੀਂ, ਤੁਸੀਂ ਜਾਓ, ਮੌਜ ਮੇਲਾ ਕਰੋ ਪਰ ਨਹੀਂ ਮੰਨਿਆ! ਪਿੱਛੇ ਹੋਟਲ ਵਿਚ ਬੈਠੇ ਚਾਰ ਹੋਰ ਮੈਂਬਰ ਪਲ ਪਲ ਫ਼ੋਨ ਕਰਦੇ ਮੇਰੀ ਸਲਾਮਤੀ ਦੀ ਕਾਮਨਾ ਕਰ ਰਹੇ ਹਨ। ਮਨ ਵਿਚ ਡਰ ਵੀ ਹੈ ਤੇ ਚਿੰਤਾ ਵੀ। ਹੁਣ ਕੀ ਹੋਵੇਗਾ। ਵੱਡਾ ਝੋਰਾ ਇਸ ਗੱਲ ਦਾ ਹੈ ਕਿ ਕਿਤੇ ਮੇਰੀ ਇਹ ਹਾਲਤ ਮੇਰੇ ਬੱਚਿਆਂ ਦੀਆਂ ਖ਼ੁਸ਼ੀਆਂ ਦੇ ਰਸਤੇ ਵਿਘਨ ਨਾ ਪਾ ਦੇਵੇ। ਉਹ ਜੋ ਮੇਰੀ ਸਾਂਭ-ਸੰਭਾਲ ਲਈ, ਆਪਣੀਆਂ ਖ਼ੁਸ਼ੀਆਂ ਛੱਡ ਕੇ ਮੇਰੇ ਨਾਲ ਖੜ੍ਹੇ ਹਨ, ਇਸ ਹਾਲਤ ਵਿਚ ਇਨ੍ਹਾਂ ਦੀਆਂ ਖ਼ੁਸ਼ੀਆਂ ਵਿਚ ਸ਼ਾਮਲ ਹੋਣ ਲਈ ਮੈਂ ਹਸਪਤਾਲ ਦੀਆਂ ਘੁੰਮਣ-ਘੇਰੀਆਂ ਤੋਂ ਕਿਵੇਂ ਕਦੋਂ ਬਾਹਰ ਆਵਾਂਗਾ?
ਘੰਟੇ ਕੁ ਵਿਚ ਮੇਰਾ ਸਾਹ ਸੌਖਾ ਹੋ ਗਿਆ। ਆਕਸੀਜਨ ਦੀ ਮਾਤਰਾ ਨਾਰਮਲ ਹੋਣ ਲੱਗੀ। ਡਰਿੱਪ ਦੀ ਮਿਕਦਾਰ ਘਟਾ ਦਿੱਤੀ ਗਈ। ਮੇਰੇ ਮਨ ਵਿਚ ਦੁਬਾਰਾ ਹੌਸਲਾ ਅਤੇ ਜੀਵਨ ਦੀ ਉਮੀਦ ਜਾਗ ਪਈ।
ਮੈਂ ਸੋਚ ਰਿਹਾ ਸੀ ਕਿ ਹੁਣ ਡਾਕਟਰ ਆਪੇ ਆ ਕੇ ਮੈਨੂੰ ਛੁੱਟੀ ਦੇਣ ਬਾਰੇ ਖ਼ੁਸ਼ਖ਼ਬਰੀ ਦੇਵੇਗਾ ਪਰ ਐਸਾ ਨਹੀਂ ਹੋਇਆ। ਕੁੱਝ ਦੇਰ ਵਿਚ ਸ਼ੀਸ਼ੀਆਂ ਵਿਚੋਂ ਤੁਬਕਿਆਂ ਦੀ ਰਫ਼ਤਾਰ ਹੋਰ ਤੇਜ ਕਰ ਦਿੱਤੀ। ਮੈਂ ਸਮਝਿਆ ਕਿ ਇਹ ਡਿਸਚਾਰਜ ਕਰਨ ਤੋਂ ਪਹਿਲਾਂ ਰਹਿੰਦਾ ਤਰਲ ਪਦਾਰਥ ਖ਼ਤਮ ਕਰਨਾ ਚਾਹੁੰਦੇ ਨੇ! ਘੰਟਾ ਹੋਰ ਬੀਤ ਗਿਆ। ਮੇਰੇ ਸਾਹਾਂ ਦੀ ਡੋਰ ਡਾਕਟਰ ਦੇ ਹੱਥ ਸੀ ਤੇ ਉਸ ਦੀ ਟਾਲਮਟੋਲ ਅਤੇ ਟਰਕਾਊ ਨੀਤੀ ਵੇਖ ਕੇ ਮੈਨੂੰ ਇਲਹਾਮ ਹੋ ਗਿਆ ਕਿ ਇਹ ਅੱਜ ਮੈਨੂੰ ਛੱਡਣ ਵਾਲੇ ਨਹੀਂ। ਮੇਰੇ ਇਲਾਜ ਨੂੰ ਲੰਮਾ ਖਿੱਚਣਗੇ ਤੇ ਮੇਰੀ ਯਾਤਰਾ ਦੇ ਮਨਸੂਬਿਆਂ ‘ਤੇ ਪਾਣੀ ਫੇਰਨਗੇ। ‘ਮਾਊਂਟੇਨ ਸਿੱਕਨੈੱਸ’ ਬਿਮਾਰੀ ਤਾਂ ਇਸ ਨੂੰ ਪਹਿਲਾਂ ਹੀ ਪਤਾ ਲੱਗ ਗਈ ਸੀ ਤੇ ਫਿਰ ਏਨਾ ਕਿਉਂ ਰਿੜਕ ਰਹੇ ਨੇ!
‘ਮਰੀਜ਼ ਦੀ ਹਾਲਤ ਸਥਿਰ ਹੈ, ਕੁੱਝ ਹੋਰ ਟੈੱਸਟ ਕਰਨੇ ਪੈਣਗੇ।’ ਦਲਵੀਰ ਦੇ ਪੁੱਛਣ ਤੇ ਡਾਕਟਰ ਦਾ ਜੁਆਬ ਮੈਨੂੰ ਸੁਣਾਈ ਦਿੰਦਾ ਹੈ। ਉਹ ਫਿਰੇ ਨੱਕ ਵਿਨ੍ਹਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ!
 ‘ਜਿਹੜੇ ਤੁਸੀਂ ਟੈੱਸਟ ਕਰਨੇ ਨੇ ਕਰ ਲੋ, ਤੇ ਅੱਜ ਇਹਨਾਂ ਨੂੰ ਛੁੱਟੀ ਦੇ ਦਿਓ। ਅਸੀਂ ਕੱਲ੍ਹ ਪਹਿਲਾਂ ਉਲੀਕੀ ਸੇਕਰਡ ਵੈਲੀ ਦੀ ਯਾਤਰਾ ਭੁਗਤਾ ਕੇ ਸ਼ਾਮ ਨੂੰ ਫਿਰ ਵਾਪਸ ਛੱਡ ਜਾਵਾਂਗੇ। ਨਾਲੇ ਓਦੋਂ ਤੱਕ ਲੈਬ ਟੈੱਸਟਾਂ ਦੇ ਸਾਰੇ ਰਿਜ਼ਲਟ ਆ ਜਾਣਗੇ।’ ਦਲਵੀਰ ਡਾਕਟਰ ਨੂੰ ਬੇਨਤੀ ਕਰਦਾ ਹੈ।
‘ਨੋ ਨੋ, ਨੋ ਨੋ. ਇਸ ਹਾਲਤ ਵਿਚ ਇਹ ਬਾਹਰ ਜਾਣ ਦੇ ਕਾਬਲ ਨਹੀਂ।’ ਉਸ ਨੇ ਤੋੜ ਕੇ ਜਵਾਬ ਦੇ ਦਿੱਤਾ।
‘ਫੇਫੜੇ ਗਲੇ ਹੋਏ ਨੇ, ਜਾਮ ਹੋਏ ਪਏ ਨੇ, ਉਨ੍ਹਾਂ ਵਿਚ ਰੱਤੀ ਭਰ ਜਾਨ ਨਹੀਂ। ਜੇ ਸਮੇਂ ਸਿਰ ਠੀਕ ਇਲਾਜ ਨਾ ਹੋਇਆ ਤਾਂ ਇਹ ਦਿਲ ਦਿਮਾਗ਼ ਤੇ ਬੁਰਾ ਅਸਰ ਕਰੇਗੀ! ਅੱਖਾਂ ਦੀ ਲੋਅ ਵੀ ਜਾ ਸਕਦੀ ਹੈ।’ ਉਸ ਦੀ ਗੱਲ ਸੁਣ ਕੇ ਮੈਂ ਸਾਹ ਲੈਣ ਦਾ ਅਭਿਆਸ ਕੀਤਾ। ਹੋਰ ਲੰਬਾ ਡੂੰਘਾ ਸਾਹ ਲੈਂਦਾ ਹਾਂ, ਸੁਣਦਾ ਹਾਂ, ਮੈਨੂੰ ਕੋਈ ਤਕਲੀਫ਼ ਨਹੀਂ ਜਾਪਦੀ। ਏਹ ਹਰਾਮਖੋਰ! ਮੈਨੂੰ ਗੰਭੀਰ ਬਿਮਾਰ ਕਰੀ ਜਾਂਦੇ ਨੇ! ਅਜਿਹੀ ਬਿਮਾਰੀ ਦੱਸ ਰਹੇ ਨੇ ਜਿਹੜੀ ਮੈਨੂੰ ਹੈ ਹੀ ਨਹੀਂ! ਮੈਨੂੰ ਪਤਾ ਹੈ। ਮੈਂ ਇੱਕ ਵਾਰ ਡਾਕਟਰ ਨੂੰ ਆਪ ਬੇਨਤੀ ਕਰਦਾ ਹਾਂ। ਓਹੀ ਡਾਕਟਰ ਜੋ ਮੈਨੂੰ ਹੋਟਲ ਵਿਚੋਂ ਮੁਆਇਨਾ ਕਰ ਕੇ ਐਮਰਜੈਂਸੀ ਹਸਪਤਾਲ ਨਾਲ ਲੈ ਆਇਆ ਸੀ, ਦੀ ਭਾਸ਼ਾ ਮੈਨੂੰ ਬਹੁਤੀ ਸਮਝ ਤਾਂ ਨਹੀਂ ਆਈ, ‘ਤੇ ਮੇਰੀ ਵੀ ਪਤਾ ਨਹੀਂ ਉਸ ਨੂੰ ਕਿੰਨੀ ਸਮਝ ਆਈ ਹੋਵੇ, ਮੈਨੂੰ ਚੰਗਾ ਸ਼ਰੀਫ਼  ਭਲਾ ਲੋਕ ਲੱਗਾ ਸੀ। ਪਰ ਪਰ! ਹੁਣ ਉਸ ਦਾ ਬਦਲਿਆ ਹੋਇਆ ਜਮਦੂਤਾਂ ਵਾਲਾ ਰੂਪ ਵੇਖ ਕੇ ਮੈਨੂੰ ਸੱਚਮੁੱਚ ਹੀ ਉਸ ਦੇ ਸਿਰ ਲੰਬੇ ਲੰਬੇ ਸਿੰਗ ਨਿਕਲੇ ਨਜ਼ਰ ਆਉਂਦੇ ਨੇ।
‘ਹੇ ਵਾਹਿਗੁਰੂ! ਮੈਨੂੰ ਡਰਾਉਣੇ ਭੈੜੇ ਸੁਪਨੇ ਵਰਗੇ ਇਸ ਕੌੜੇ ਕਸੈਲੇ ਅਨੁਭਵ ਵਿਚੋਂ ਨਿਕਲਣ ਦੀ ਸ਼ਕਤੀ ਬਖ਼ਸ਼।” ਮੈਂ ਅੰਤਰ ਧਿਆਨ ਹੁੰਦਾ ਹਾਂ।
‘ਮਰੀਜ਼ ਦੀ ਹਾਲਤ ਅਨੁਸਾਰ ਘੱਟੋ ਘੱਟ ਅੱਜ ਰਾਤ ਆਪਣੀ ਨਿਗਰਾਨੀ ਵਿਚ ਰੱਖਣਾ ਚਾਹੁੰਦੇ ਹਾਂ। ਥੋੜ੍ਹੀ ਜਿਹੀ ਸੁਧਰੀ ਇਹ ਹਾਲਤ ਵਿਗੜ ਵੀ ਸਕਦੀ ਹੈ।’ ਮੀਸਣਾ ਜਿਹਾ ਡਾਕਟਰ ਹਰ ਪਲ ਨਵੇਂ ਨਵੇਂ ਵਿਸ਼ਲੇਸ਼ਣ ਦੇ ਕੇ ਆਪਣੀ ਜੱਜਮੈਂਟ ਬਦਲ ਰਿਹਾ ਵੇਖ ਕੇ ਮੈਨੂੰ ਉਸ ਦੇ ਗੁਮਰਾਹਕੁਨ ਉਪਚਾਰ ਤੇ ਸ਼ੱਕ ਹੋਣ ਲਗਦਾ ਹੈ। ਉਨ੍ਹਾਂ ਦੀ ਢਿੱਲਮੱਠ ਅਤੇ ਲਮਕਾਊ ਕਾਰਵਾਈ ਤੋਂ ਸਪਸ਼ਟ ਹੈ ਕਿ ਇਹ ਮੈਨੂੰ ਇੱਥੋਂ ਜਿਉਂਦੇ ਜੀਅ ਛੁਟਕਾਰਾ ਨਹੀਂ ਕਰਦੇ। ਮੈਨੂੰ ਮੇਰੇ ਦੋਸਤ ਬਲਦੇਵ ਰਾਜ ਪਾਬਲਾ ਦੀ ਯਾਦ ਆਉਂਦੀ ਹੈ, ਜੋ ਕੁੱਝ ਸਾਲ ਪਹਿਲਾਂ ਮਾਮੂਲੀ ਜਿਹੇ ਪੇਟ ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਗਿਆ, ਇਲਾਜ ਦੌਰਾਨ ਕੋਮਾ ਵਿਚ ਚਲਾ ਗਿਆ। ਵਾਰਿਸਾਂ ਦੇ ਜੋਰ ਪਾਉਣ ਤੇ ਮਹੀਨੇ ਕੁ ਬਾਅਦ ਉਸ ਦੀ ਲਾਸ਼ ਲਪੇਟ ਕੇ ਵਾਪਸ ਤੋਰ ਦਿੱਤਾ ਗਿਆ। ਘਰ ਤੋਂ ਏਨੀ ਦੂਰ ਬੈਠੇ ਮੇਰੀ ਜ਼ਿੰਦਗੀ ਦੀ ਵਾਗ ਡੋਰ ਇਨ੍ਹਾਂ ਦੇ ਹੱਥ ਹੈ। ਹੁਣ ਸਾਨੂੰ ਇੱਥੇ ਹੋਰ ਕਿਸੇ ਦਾ ਆਸਰਾ ਨਹੀਂ। ਮੈਂ ਆਪਣੇ ਆਪ ਨੂੰ ਕੋਸਦਾ ਡੁੱਬ ਡੁੱਬ ਜਾਂਦਾ ਹਾਂ। ਮੇਰਾ ਵੀ ਭੋਂ ਮੰਡਲ ਇੱਥੇ ਬਣੇਗਾ!
‘ਡਾਕਟਰ ਸਰ, ਮੈਂ ਜਾਣਾ ਚਾਹੁੰਦਾ ਹਾਂ. ਮੈਂ ਠੀਕ ਹਾਂ. ਮੈਨੂੰ ਛੁੱਟੀ ਦੇ ਦਿਓ।’ ਮੈਂ ਤਰਲਾ ਕਰਦਾ ਹਾਂ।
‘ਓ ਕੇ. ਮੇਰੀ ਸ਼ਿਫ਼ਟ ਨੌਂ ਵਜੇ ਖ਼ਤਮ ਹੈ। ਤੁਹਾਡੀ ਹਾਲਤ ਚੰਗੀ ਨਹੀਂ। ਇਨਟੈਂਸਿਵ ਕੇਅਰ ਯੂਨਿਟ ਵਿਚ ਸ਼ਿਫ਼ਟ ਕਰਨਾ ਪਵੇਗਾ। ਜਲਦੀ ਨਾ ਕਰੋ। ਨਵੀਂ ਡਾਕਟਰ ਆਏਗੀ। ਤੁਸੀਂ ਉਸ ਨਾਲ ਗੱਲ ਕਰ ਲਿਉ।’ ਉਹ ਨਵੇਂ ਸੋਹਿਲੇ ਸੁਣਾਉਂਦਾ ਮੇਰੇ ਸਾਹਾਂ ਦੀਆਂ ਤੜਾਵਾਂ ਕਿਸੇ ਹੋਰ ਹੱਥ ਫੜਾ ਗਿਆ!
‘ਉਸ ਨਾਲ! ਕਰ ਲਿਉ! ਲੋ ਜੀ, ਕਰ ਲਓ ਘਿਉ ਨੂੰ ਭਾਂਡਾ! ਇਹ ਤਾਂ ਆਪਣਾ ਖਹਿੜਾ ਛੁਡਾ ਗਿਆ. ‘ਤੇ ਫਿਰ ਨਵਾਂ ਜਾਂ ਨਵੀਂ ਪਤਾ ਨਹੀਂ ਕਿੱਦਾਂ ਦੀ ਹੋਵੇਗੀ! ਉਸ ਨੂੰ ਪ੍ਰਬੰਧਕਾਂ ਵੱਲੋਂ ਕੀ ਹਦਾਇਤ ਮਿਲੇਗੀ! ਕੀ ਇਲਾਜ ਕਰੇਗੀ, ਉਸ ਨੂੰ ਕਿੱਦਾਂ ਸਮਝਾਉਣਾ ਮਨਾਉਣਾ ਪਵੇਗਾ, ਕਿੱਦਾਂ ਨਜਿੱਠਣਾ ਪਵੇਗਾ!’ ਨਵੀਂ ਭਸੂੜੀ ਸਾਹਮਣੇ ਖੜ੍ਹੀ ਮੂੰਹ ਚਿੜਾਉਣ ਲੱਗੀ।
 ਹੋਰ ਕੋਈ ਚਾਰਾ ਨਹੀਂ, ਮੇਰੇ ਮਨ ਵਿਚ ਆਇਆ, ਮੈਂ ਇੱਥੋਂ ਦੌੜ ਜਾਵਾਂ। ਪਰ ਅਗਲੇ ਹੀ ਪਲ ਇੱਕ ਹੋਰ ਖਿਆਲ ਨੇ ਮੈਨੂੰ ਰੋਕ ਲਿਆ। ਭੱਜ ਕੇ ਜਾਵਾਂਗਾ ਕਿੱਥੇ? ਇਹ ਦਾੜ੍ਹੀ ਪਗੜੀ ਵਾਲਾ ਸਵਾ ਲੱਖ ਖ਼ਾਲਸਾ ਤਾਂ ਦੂਰੋਂ ਹੀ ਪਛਾਣਿਆ ਜਾਣਾ ਹੈ। ਇਸ ਅਣਜਾਣ ਦੇਸ਼ ਵਿਚ ਨਾ ਮੈਂ ਕੋਈ ਰਸਤਾ ਜਾਣਦਾ ਹਾਂ, ਨਾ ਭਾਸ਼ਾ, ਨਾ ਕੋਈ ਆਪਣਾ ਸਹਾਰਾ ਹੈ। ਫੜਿਆ ਗਿਆ ਤਾਂ ਮੇਰੇ ਨਾਲ ਬੈਠੇ ਪੁੱਤਰ ਦਲਵੀਰ ਲਈ ਵੀ ਵੱਡੀ ਮੁਸੀਬਤ ਖੜ੍ਹੀ ਹੋ ਜਾਵੇਗੀ।
ਅੰਦਰਲੀ ਆਹ ਸੁਣ ਕੇ ਮੇਰੇ ਅੰਦਰੋਂ ਜਿਵੇਂ ਹਿੰਮਤ ਦਾ ਆਖ਼ਰੀ ਸਹਾਰਾ ਵੀ ਖਿਸਕ ਗਿਆ। ਮੈਂ ਸੱਚਮੁੱਚ ਹਿੰਮਤ ਹੌਸਲਾ ਹਾਰ ਬੈਠਾ। ਮੇਰੇ ਮਨ ਵਿਚ ਇੱਕ ਭਿਆਨਕ ਤਸਵੀਰ ਉੱਭਰਨ ਲੱਗੀ। ਇਹ ਲੋਕ ਮੈਨੂੰ ਜੀਂਦਾ ਜਾਗਦਾ ਨਹੀਂ ਸਗੋਂ ਕਫ਼ਨ ਵਿਚ ਲਪੇਟ ਕੇ ਮੇਰੀ ਆਖ਼ਰੀ ਯਾਤਰਾ ਸ਼ੁਰੂ ਕਰਨਗੇ।
ਜੇ ਸੱਚਮੁੱਚ ਐਸਾ ਹੋ ਗਿਆ ਤਾਂ ਮੇਰੇ ਬੱਚਿਆਂ ‘ਤੇ ਦੁੱਖਾਂ ਦਾ ਕਿੰਨਾ ਵੱਡਾ ਪਹਾੜ ਟੁੱਟ ਪਵੇਗਾ। ਉਹ ਇੰਨੀ ਦੂਰ ਮੇਰੇ ਨਾਲ ਖ਼ੁਸ਼ੀਆਂ ਸਾਂਝੀਆਂ ਕਰਨ, ਦੁਨੀਆ ਦੇ ਇਸ ਅਦਭੁਤ ਕੋਨੇ ਨੂੰ ਵੇਖਣ ਅਤੇ ਯਾਦਾਂ ਇਕੱਠੀਆਂ ਕਰਨ ਆਏ ਸਨ, ਪਰ ਮੇਰੀ ਹਾਲਤ ਉਨ੍ਹਾਂ ਦੇ ਰਸਤੇ ਦੀ ਸਭ ਤੋਂ ਵੱਡੀ ਰੁਕਾਵਟ ਬਣ ਜਾਵੇਗੀ!
ਮੈਂ ਚਾਹਿਆ ਦਲਵੀਰ ਨੂੰ ਆਖ ਦੇਵਾਂ,’ਪੁੱਤਰ, ਤੁਸੀਂ ਜਾਓ। ਆਪਣੀ ਯਾਤਰਾ ਪੂਰੀ ਕਰੋ। ਮੈਨੂੰ ਮੇਰੀ ਕਿਸਮਤ ਦੇ ਹਵਾਲੇ ਇੱਥੇ ਰਹਿਣ ਦਿਓ।’ ਫਿਰ ਆਪਣੀ ਡਾਇਰੀ ਵਿਚ ਲਿਖ ਦਿਆਂਗਾ, ‘ਜੇ ਮੇਰੀ ਜੀਵਨ-ਯਾਤਰਾ ਇੱਥੇ ਸਮਾਪਤ ਹੋ ਜਾਵੇ ਤਾਂ ਮਿਰਤਕ ਸਰੀਰ ਕੈਲੀਫੋਰਨੀਆ ਦੇ ਸੈਨਹੋਜ਼ੇ ਕਾਈਜ਼ਰ ਹਸਪਤਾਲ ਨੂੰ ਜਿਵੇਂ ਮੈਂ ਪਹਿਲਾਂ ਹੀ ਪਾਵਰ ਆਫ ਅਟਾਰਨੀ ਦੇ ਚੁੱਕਾ ਹਾਂ, ਕਲੀਨੀਕਲ ਤਜਰਬਿਆਂ ਵਾਸਤੇ ਪਹੁੰਚਾ ਦਿੱਤੀ ਜਾਵੇ।’
ਮੈਨੂੰ ਪਤਾ ਸੀ ਕਿ ਇਹ ਕੋਈ ਆਸਾਨ ਕੰਮ ਨਹੀਂ ਹੋਵੇਗਾ। ਇਹ ਕੋਈ ਸੜਕ ਰਾਹੀਂ ਵਾਪਸੀ ਦੀ ਗੱਲ ਨਹੀਂ; ਇਹ ਹਵਾਈ ਯਾਤਰਾ ਰਾਹੀਂ ਹੋਣ ਵਾਲਾ ਬਹੁਤ ਮਹਿੰਗਾ ਅਤੇ ਔਖਾ ਪ੍ਰਬੰਧ ਹੋਣਾ ਸੀ। ਪਰ ਉਸ ਵੇਲੇ ਮਨੁੱਖ ਆਪਣੀ ਜ਼ਿੰਦਗੀ ਦੇ ਆਖ਼ਰੀ ਸਵਾਲਾਂ ਦੇ ਸਾਹਮਣੇ ਖੜ੍ਹਾ ਹੋਵੇ ਤਾਂ ਧਨ-ਦੌਲਤ ਅਤੇ ਖਰਚੇ ਦੀ ਚਿੰਤਾ ਪਿੱਛੇ ਰਹਿ ਜਾਂਦੀ ਹੈ। ਆਪ ਮੋਏ ਜੱਗ ਪਰਲੋ!
ਆਪਣੇ ਦੇਸ਼ ਪੰਜਾਬ, ਭਾਰਤ ਜਾਂ ਦੁਨੀਆ ਦੇ ਹੋਰ ਹਿੱਸਿਆਂ ਵਿਚ ਮੈਡੀਕਲ ਪ੍ਰਬੰਧ ਦੀਆਂ ਅਜੇਹੀਆਂ ਖ਼ਤਰਨਾਕ ਵਧੀਕੀਆਂ ਤੇ ਅਣਮਨੁੱਖੀ ਵਰਤਾਰਿਆਂ ਬਾਰੇ ਸੁਣਿਆ ਸੀ। ਅੱਜ ਉਹੀ ਭਰਿਸਟ ਤਜਰਬਾ ਮੈਂ ਆਪਣੀ ਅੱਖੀਂ, ਆਪਣੀ ਦੇਹ ਨਾਲ ਅਤੇ ਆਪਣੇ ਸਾਹਾਂ ਦੀ ਕੀਮਤ ਤੇ ਮਹਿਸੂਸ ਕਰ ਰਿਹਾ ਸੀ। ਇਹ ਮੇਰੀ ਜ਼ਿੰਦਗੀ ਦਾ ਇੱਕ ਅੱਤ ਡਰਾਉਣਾ ਅਧਿਆਇ ਜੁੜਨ ਜਾ ਰਿਹਾ ਹੈ!
ਇੱਕ ਪੈਂਤੀ ਚਾਲੀ ਕੁ ਸਾਲ ਦੀ ਸੁੰਦਰ ਲੇਡੀ ਅੰਦਰ ਆ ਗਈ। ਜਾਂਦੇ ਡਾਕਟਰ ਨੇ ਉਸ ਵੱਲ ਕੁੱਝ ਘੁਸਰ-ਮੁਸਰ ਕੀਤੀ। ਉਹ ਸਰਸਰੀ ਮੇਰੇ ਵੱਲ ਨਜ਼ਰ ਦੁੜ੍ਹਾਉਂਦੀ ਮੇਰੇ ਕੋਲ ਆ ਜਾਂਦੀ ਹੈ।
‘ਮੈਂ ਜਾਣਾ ਚਾਹੁੰਦਾ ਹਾਂ।’ ਮੈਂ ਉਸ ਵੱਲ ਮੁਸਕਰਾਉਂਦਾ ਹਾਂ।
‘ਮੈਨੂੰ ਰਿਪੋਰਟ ਜਾਂਚਣ ਲਈ ਕੁੱਝ ਸਮਾਂ ਦਿਓ।’ ਉਸ ਦਾ ਤੁਰੰਤ ਉੱਤਰ ਮੇਰੀ ਜ਼ਬਾਨ ਠਾਕ ਦਿੰਦਾ ਹੈ। ਦਲਵੀਰ ਵੀ ਨੇੜੇ ਆ ਕੇ ਉਸ ਨੂੰ ਨਮਸਕਾਰ ਕਰਦਾ ਆਪਣੀ ਪੇਸ਼ਕਸ਼ ਦੁਹਰਾਉਂਦਾ ਹੈ।
‘ਨੋ ਨੋ, ਇਹ ਕਿੱਦਾਂ ਹੋ ਸਕਦਾ ਹੈ. ਇਹ ਜਾਣ ਜੋਗੇ ਨਹੀਂ. ਇਹਨਾਂ ਦੇ ਫੇਫੜਿਆਂ ਵਿਚ ਵੇਖੋ ਪਾਣੀ ਭਰਿਆ ਹੋਇਆ! ਮੇਰੀ ਵੀ ਕੋਈ ਜ਼ਿੰਮੇਵਾਰੀ ਹੈ। ਮੈਂ ਡਾਕਟਰ ਹਾਂ।’ ਉਹ ਜਿਵੇਂ ਮਾਲਕਾਂ ਦੀ ਚੁੱਕੀ ਚੁਕਾਈ ਮੇਰੀਆਂ ਵਾਗਾਂ ਪਕੜੀ ਹਥਲੇ ਕਾਗ਼ਜ਼ ਤੇ ਕੁੱਝ ਝਰੀਟਦੀ ਜਾਂਦੀ ਹੈ।
‘ਪਾਣੀ ਭਰਿਆ ਹੋਇਆ ਹੈ!’ ਨਰਸਾਂ ਡਾਕਟਰਾਂ ਦੀ ਸੇਵਾ ਵਿਚ ਮਨੁੱਖਤਾ ਦੀ ਉਹ ਅਰਾਧਨਾ ਸ਼ਾਮਲ ਹੈ ਜੋ ਭਾਸ਼ਾਵਾਂ ਅਤੇ ਦੇਸ਼ਾਂ ਦੀਆਂ ਹੱਦਾਂ ਸਰਹੱਦਾਂ ਤੋਂ ਉੱਪਰ ਹੁੰਦੀ ਹੈ। ਮਰੀਜ਼ ਦੇ ਸਵਾਸਾਂ ਦੀ ਡੋਰ ਸੰਭਾਲਣੀ ਉਨ੍ਹਾਂ ਦਾ ਜ਼ਿੰਮਾ ਹੈ। ਪਰ ਇੱਥੇ! ਕਿੰਨਾ ਗ਼ੈਰਜ਼ਿੰਮੇਵਾਰ ਕਥਨ! ਮੈਂ ਤਾਂ ਚੰਗਾ ਭੱਲਾਂ ਹਾਂ. ਸਾਹ ਲੈ ਰਿਹਾਂ, ‘ਤੇ ਇਹ ਮੇਰੀ ਨਬਜ਼ ਬੰਦ ਹੋਣੀ ਉਡੀਕ ਰਹੇ ਨੇ!’ ਮੇਰਾ ਮਨ ਜਵਾਲਾ ਮੁਖੀ ਵਾਂਗ ਫਟਣ ਨੂੰ ਤਿਆਰ ਹੈ।
‘ਪੰਜ ਦਸ ਮਿੰਟ. ਮੈਂ ਅੱਖਾਂ ਮੀਟਦਾ ਰੱਬ ਨੂੰ ਯਾਦ ਕਰਦਾ ਹਾਂ। ਮੇਰੀ ਨਰਸ ਫਿਰ ਆ ਜਾਂਦੀ ਹੈ। ਉਸ ਨੇ ਗੁਲੂਕੋਸ ਦਵਾਈਆਂ ਦੀਆਂ ਨਾਲ਼ੀਆਂ ਜੋ ਪਹਿਲਾਂ ਲਾਹੀਆਂ ਹੋਈਆਂ ਸਨ, ਦੁਬਾਰਾ ਜੋੜ ਕੇ ਚਾਲੂ ਕਰ ਦਿੱਤੀਆਂ।
 ‘ਕੱਲ੍ਹ ਸਾਡਾ ਪ੍ਰੋਗਰਾਮ ਹੈ. ਤੁਸੀਂ ਇਹਨਾਂ ਨੂੰ ਅੱਜ ਟੈੱਸਟ ਕਰ ਕੇ ਛੁੱਟੀ ਦੇ ਦਿਓ। ਅਸੀਂ ਸੇਕਰਡ ਵਾਲੀ ਵੇਖਣ ਤੋਂ ਬਾਅਦ ਫਿਰ ਤੁਹਾਡੇ ਕੋਲ ਇਲਾਜ ਵਾਸਤੇ ਛੱਡ ਜਾਵਾਂਗੇ।’ ਦਲਵੀਰ ਬੜੀ ਆਜਜ਼ੀ ਨਾਲ ਡਾਕਟਰ ਨਾਲ ਡਾਕਟਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
 ‘ਨਹੀਂ ਜੀ, ਨਹੀਂ. ਇਹ ਨਹੀਂ ਹੋ ਸਕਦਾ। ਇਹ ਦੋ ਕਦਮ ਵੀ ਚੱਲ ਨਹੀਂ ਸਕਦੇ। ਅਸੀਂ ਇਨਟੈਂਸਿਵ ਕੇਅਰ ਸਪੈਸ਼ਲਿਸਟ ਨੂੰ ਸੱਦਾ ਭੇਜਿਆ ਹੈ, ਉਹ ਆ ਕੇ ਫ਼ੈਸਲਾ ਕਰੇਗਾ, ਤੇ ਉੱਪਰ ਸਪੈਸ਼ਲ ਵਾਰਡ ਵਿਚ ਸ਼ਿਫ਼ਟ ਕਰ ਦੇਵਾਂਗੇ।’ ਮੈਂ ਸੁਣ ਕੇ ਅੰਦਰੋਂ ਪੱਛਿਆ ਜਾ ਰਿਹਾ ਹਾਂ। ਹਸਪਤਾਲ ਦੀ ਭ੍ਰਿਸ਼ਟ ਨੀਤੀ ‘ਤੇ ਮੈਨੂੰ ਖਿਝ ਚੜ੍ਹ ਰਹੀ ਹਾਂ। ਇਹ ਇਲਾਜ ਵਾਸਤੇ ਨਹੀਂ, ਡਾਲਰ ਬਟੋਰਨ ਵਾਸਤੇ ਮਰੀਜ਼ ਦੀ ਜੇਬ ਟਟੋਲਦੇ ਨੇ! ਇਹਨਾਂ ਦੇਖਿਆ ਇਹ ਸ਼ਰੀਫ਼ ਟੂਰਿਸਟ ਕਾਬੂ ਆਇਆ ਹੈ, ਇਸ ਦੀ ਚੰਗੀ ਤਰ੍ਹਾਂ ਛਿੱਲ ਲਾਹ ਲਓ। ਹੁਣ ਹੋਰ ਖੂਨ ਦੇਣ ਦੀ ਗੱਲ ਕਰ ਰਹੇ ਹਨ? ਇਸ ਦੀ ਹੁਣ ਕੀ ਲੋੜ! ਮੈਨੂੰ ਪਤਾ ਖੂਨ ਵਿਚ ਕੁੱਝ ਨੁਕਸ ਨਹੀਂ ਮਿਲਣਾ, ਪਰ ਦੋ ਚਾਰ ਸੌ ਦਾ ਬਿੱਲ ਜ਼ਰੂਰ ਹੋਰ ਵਾਧਾ ਕਰਨਗੇ। ‘ਕਰ ਲੋ ਭਾਈ. ਬੱਕਰਾ ਕਸਾਈ ਦੇ ਕਾਬੂ ਆਇਆ, ਕਰੀ ਚਲੋ ਹਲਾਕ।’
ਇੱਕ ਹੋਰ ਮੂੰਹ ਸਿਰ ਬੰਨ੍ਹੀਂ ਕਰਿੰਦਾ ਹੱਥ ਵਿਚ ਸੂਈਆਂ ਸ਼ੀਸ਼ੀਆਂ ਲੈ ਕੇ ਮੇਰੇ ਨੇੜੇ ਆ ਖੜਾ ਹੋਇਆ। ‘ਮੈਂ ਤੁਹਾਡਾ ਖੂਨ ਲਵਾਂਗਾ. ਡਾਕਟਰ ਨੇ ਕੁਛ ਟੈੱਸਟ ਲਿਖੇ ਨੇ।’ ਖੱਬੇ ਹੱਥ ‘ਤੇ, ਕਿਉਂਕਿ ਪਹਿਲਾਂ ਪਾਈਪਾਂ ਲੱਗੀਆਂ ਹੋਈਆਂ ਨੇ, ਉਸ ਨੇ ਸੱਜੇ ਵਿਚੋਂ ਨਾੜਾਂ ਲੱਭਣ ਦੀ ਕੋਸ਼ਿਸ਼ ਕੀਤੀ।
‘ਲੈ ਲਾ ਭਾਈ, ਤੇਰੀ ਮਰਜ਼ੀ, ਆ ਜਾਹ! ਮੇਰਾ ਖੂਨ ਤਾਂ ਪਹਿਲਾਂ ਹੀ ਤੁਹਾਡੀ ਭੁੱਖੀ ਨਜ਼ਰ ਨੇ ਪੀਤਾ ਹੋਇਆ ਹੈ।’
‘ਤੂੰ ਦੂਸਰੀ ਜਿਹੜੀ ਉਸ ਨੇ ਲਾਈ ਹੋਈ ਆ, ਉਸ ਵਿਚੋਂ  ਲੈ ਲੈ।’ ਮੈਂ ਉਸ ਦਾ ਕੰਮ ਸੌਖਾ ਕਰਦਾ ਹਾਂ।
‘ਨਹੀਂ ਜੀ, ਮੈਂ ਤਾਂ ਇਸ ਵਿਚੋਂ ਖੂਨ ਲੈਣਾ ਹੈ।’
‘ਲੈ ਲੈ ਸਰ, ਤੇਰੀ ਮਰਜ਼ੀ ਛੇਤੀ ਕਰ, ਤੂੰ ਵੀ ਆਪਣਾ ਰਾਂਝਾ ਰਾਜ਼ੀ ਕਰ ਲੈ। ਮੈਂ ਤਾਂ ਡਾਕਟਰ ਨੂੰ ਡਿਸਚਾਰਜ ਕਰਨ ਲਈ ਮਨਾ ਰਿਹਾਂ ਤੇ ਤੂੰ ਹੁਣ ਹੋਰ ਖੂਨ ਚੂਸਦਾ ਫਿਰਦੋਂ!’ ਉਸ ਨੇ ਸੱਜੇ ਹੱਥ ਦੀ ਛੱਤ ਤੇ ਸੂਈ ਖੋਭੀ, ਦੋ ਤਿੰਨ ਥਾਂਈ, ਅੱਠ ਦਸ ਵਾਰ। ਉਹ ਠੋਲ੍ਹੇ ਜਿਹੇ ਧੱਫੇ ਮਾਰੇ, ਪਰ ਨਾੜੀ ਨਾ ਲੱਭੇ। ਅੱਧਾ ਘੰਟਾ ਲਗਾਇਆ, ਉਹ ਆਪ ਵੀ ਹਫਿਆ ਹੋਇਆ ਸੀ, ‘ਤੇ ਮੈਂ ਉਸ ਤੋਂ ਵੱਧ ਉਦਾਸ ਸਾਂ. ਕਿ ਕਿੱਥੇ ਆ ਕੇ ਇਨ੍ਹਾਂ ਬੁੱਚੜਾਂ ਦੇ ਵੱਸ ਪੈ ਗਏ!
ਸਾਹਮਣੇ ਟੀ. ਵੀ. ਤੇ ਖੱਡਾਂ ਪਹਾੜਾਂ ਦਰਿਆਵਾਂ ਵਿਚ ਘੁੰਮਦੇ ਸੈਲਾਨੀਆਂ ਬਾਰੇ ਖ਼ਤਰਨਾਕ ਸ਼ੋ ਚੱਲ ਰਿਹਾ ਹੈ। ਮੈਨੂੰ ਇਨ੍ਹਾਂ ਹਜ਼ਾਰਾਂ ਲੱਖਾਂ ਮਨਚਲੇ ਘੁਮੱਕੜਾਂ ਤੇ ਰਸਕ ਹੁੰਦਾ ਹੈ ਜੋ ਆਪਣੇ ਘਰ ਬਾਰ ਪਰਿਵਾਰ ਹੱਸਦੇ ਖੇਲ੍ਹਦੇ ਛੱਡ ਕੇ ਏਨੀ ਦੁਰ ਪੰਡਾਂ ਭਰ ਮਹਿੰਗੇ ਡਾਲਰ ਖ਼ਰਚ ਕੇ ਮੌਤ ਨੂੰ ਮਖ਼ੌਲ ਕਰਦੇ! ਅਨਿਆਈ ਮੌਤ ਸਹੇੜਨ! ਮੌਤ ਦੀ ਗੜ੍ਹੀ, ਖ਼ੂਨੀ ਖੱਡ, ਡੈੱਥ ਵੈਲੀ, ਕਿਆਮਤ ਦਾ ਮੋੜ! ਇਸ਼ਕ ਪੇਚੇ ਲੜਾਉਣ ਆਉਂਦੇ ਭੂਤਰੇ ਫਿਰਦੇ ਨੇ! ਮੈਨੂੰ ਕੁਸਕੋ ਤੇ ਖਿਝ ਆਉਂਦੀ ਹੈ। ਅਸੀਂ ਤਾਂ ਘਰ ਆਇਆ ਅੰਮਾ ਜਾਇਆ, ਕਹਿੰਦੇ ਹਾਂ ਪਰ ਤੂੰ ਏਨੀ ਬੁਜ਼ਦਿਲ ਮੇਰੇ ਖੂਨ ਦੀ ਪਿਆਸੀ ਹੋ ਗਈ! ਮੈਂ ਕਿਹੜਾ ਤੇਰੇ ਕੋਲੋਂ ਕੋਈ ਜਾਗੀਰ ਮੰਗ ਲਈ!’
ਅਖੀਰ ਮੈਂ ਸ਼ੁਕਰ ਕੀਤਾ, ਇਕ ਥਾਂ ਉਸ ਨੂੰ ਖੂਨ ਮਿਲ ਗਿਆ, ਨਾੜੀ ਲੱਭ ਗਈ। ਜੋਰ ਦੀ ਘੜੱਚ ਸੂਆ ਮਾਰ ਕੇ ਸੂਈ ਉਸ ਨੇ ਘੁਸਾ ਦਿੱਤੀ। ਖੂਨ ਚੱਲ ਪਿਆ। ਦੋ ਤਿੰਨ ਸ਼ੀਸ਼ੀਆਂ ਭਰ ਗਈਆਂ।
‘ਮੁਆਫ਼ ਕਰਨਾ! ਮੈਨੂੰ ਤੁਹਾਡੀ ਜ਼ਿੰਮੇਵਾਰੀ ਦਾ ਅਹਿਸਾਸ ਹੈ। ਮੈਂ ਵੀ ਡਾਕਟਰ ਹਾਂ ਤੇ ਤੁਹਾਡਾ ਫ਼ਰਜ਼ ਸਮਝਦਾ ਹਾਂ। ਮੇਰੇ ਡੈਡ ਨੂੰ ਆਕਸੀਜਨ ਸਿੱਕਨੈੱਸ ਹੈ। ਹੁਣ ਛੱਡ ਦਿਓ, ਸਾਡੇ ਕੱਲ੍ਹ ਦੇ ਟੂਰ ਸੇਕਰਡ ਵੈਲੀ ਨੀਵੀਂ ਉਚਾਈ ਹੋਣ ਕਾਰਨ ਉਹ ਵੀ ਨਾਰਮਲ ਹੋ ਜਾਵੇਗੀ। ਸ਼ਾਮ ਨੂੰ ਤੁਹਾਡੇ ਕੋਲ ਛੱਡ ਜਾਵਾਂਗੇ। ਫਿਰ ਬਾਕੀ ਰਹਿੰਦਾ ਇਲਾਜ ਕਰ ਲਿਉ। ਜੇ ਕੋਈ ਹੋਰ ਮਜਬੂਰੀ ਹੈ ਤਾਂ ਮੈਨੂੰ ਦੱਸੋ ਮੈਂ ਤੁਹਾਡੀ ਮੈਨੇਜਮੈਂਟ ਨਾਲ ਗੱਲ ਕਰ ਸਕਦਾ ਹਾਂ!’
‘ਓ ਕੇ ਲੈਟ ਮੀ ਸੀ!’ ਦਲਵੀਰ ਦੇ ਸੁਚਾਰੂ ਸ਼ਬਦਾਂ ਨਾਲ ਉਸ ਦੇ ਤੇਵਰ ਬਦਲ ਜਾਂਦੇ ਹਨ।
‘ਚਲੋ ਉੱਪਰ ਇਨਟੈਂਸਿਵ ਕੇਅਰ ਤੁਹਾਡੇ ਲਈ ਫ਼ਾਇਦੇਮੰਦ ਰਹੇਗੀ।’ ਕੁੱਝ ਹੋਰ ਕਰਿੰਦੇ ਨੱਕ ਮੂੰਹ ਬੰਨ੍ਹੇ ਮੇਰਾ ਮੰਜਾ ਖਿੱਚਣ ਨੂੰ ਤਿਆਰ ਆ ਖੜ੍ਹੇ ਹਨ।
‘ਨੋ ਨੋ ਨੋ… ਮੈਂ ਨਹੀਂ ਜਾਣਾ। ਬਿਲਕੁਲ ਨਹੀਂ।’ ਮੈਂ ਸਪਸ਼ਟ ਸਿਰ ਫੇਰਦਾ ਹਾਂ।
‘ਮੈਂ ਠੀਕ ਹਾਂ। ਮੈਨੂੰ ਕੁੱਝ ਨਹੀਂ ਹੋਇਆ, ਮੈਂ ਤਾਂ ਚੰਗਾ ਭਲਾ ਅੱਸੀ ਮੀਲ ਲੰਬੀ ਟਰੇਲ ਹਾਈਕਿੰਗ ਮਨਸੂਬੇ ਨਿਸ਼ਚਿਤ ਕਰ ਰਿਹਾ ਹਾਂ, ਤੁਸੀਂ ਜ਼ਬਰਦਸਤੀ ਮੈਨੂੰ ਅਪਾਹਜ ਨਹੀਂ ਕਰ ਸਕਦੇ।’ ਮੈਂ ਆਤਮ ਵਿਸ਼ਵਾਸ ਵਿਚ ਪੂਰਾ ਚੇਤੰਨ ਹੋ ਜਾਂਦਾ ਹਾਂ।
‘ਏਨੀ ਹਨੇਰ-ਗਰਦੀ! ਦੀਵੇ ਥੱਲੇ ਹਨੇਰਾ! ਮੈਂ ਇਸ ਘੋਰ ਜ਼ਬਰਦਸਤੀ ਦਾ ਮੁਕਾਬਲਾ ਕਰਾਂਗਾ।’ ਮੈਂ ਫ਼ੋਨ ਪਕੜ ਕੇ ਕਿਤੇ ਮਿਲਾਉਣ ਦਾ ਢਕੌਂਜ ਕਰਦਾ ਅਵਾ ਤਵਾ ਬੋਲਦਾ ਹਾਂ। ਨਰਸ ਵੇਖ ਸੁਣ ਕੇ ਮੇਰੇ ਸਿਰ ਹੋ ਜਾਂਦੀ ਡਾਕਟਰ ਵੱਲ ਸੁਆਲੀਆ ਨਜ਼ਰ ਦੁੜਾਉਂਦੀ ਹੈ।
‘ਉਹ ਤਾਂ ਆਪ ਮਾਨਸਿਕ ਖਿੱਚ ਧਰੂਹ! ਕਸ਼ਮਕਸ਼ ਵਿਚ ਜਕੜੇ ਪਏ ਨੇ!’ ਪਹਿਲਾਂ ਹੀ ਉਦਾਸ ਚਿੰਤਾਤੁਰ ਦਲਵੀਰ ਮੇਰੇ ਨੇੜੇ ਆ ਜਾਂਦਾ ਹੈ।
ਹੰਭਲਾ ਮਾਰ ਕੇ ਉੱਠਦਾ ਮੈਂ ਨਰਸ ਨੂੰ ਝੰਜੋੜਦਾ ਹਾਂ, ‘ਡਾਕਟਰ ਨੂੰ ਮਿਲਾਓ।’
‘ਬੈਠੋ ਲੇਟੋ ਪੈ ਜਾਓ।’ ਉਹ ਫੜ ਕੇ ਮੈਨੂੰ ਲਿਟਾ ਦਿੰਦੀ ਹੈ। ਮੈਂ ਜ਼ੋਰ ਲਾ ਕੇ ਉੱਠਣ ਦੀ ਕੋਸ਼ਿਸ਼ ਕਰਦਾ ਹਾਂ।
ਡਾਕਟਰ ਆਪਣੀ ਕੈਬਿਨ ਚੋਂ ਉੱਠਦੀ ਤੇਜ਼ ਕਦਮੀਂ ਮੇਰੇ ਕੋਲ ਆਉਂਦੀ ਹੈ. ‘ਦੱਸੋ, ਕੀ ਪ੍ਰਾਬਲਮ ਤੁਹਾਨੂੰ?’
‘ਕਈ ਪ੍ਰਾਬਲਮ ਨਹੀਂ! ਮੈਂ ਠੀਕ ਹਾਂ, ਜਾਣਾ ਚਾਹੁੰਦਾ ਹਾਂ।’
 ‘ਤੁਸੀਂ ਇਲਾਜ ਨਹੀਂ ਕਰਾਉਣਾ?’
‘ਨਹੀਂ ਜੀ, ਬਹੁਤ ਹੋ ਗਿਆ। ਤੁਹਾਡੀ ਮਿਹਰਬਾਨੀ! ਮੈਂ ਠੀਕ ਹੋ ਗਿਆ ਹਾਂ, ਹੋਰ ਇਲਾਜ ਨਹੀਂ ਕਰਵਾਉਣਾ…।’
‘ਠੀਕ ਹੈ? ਲਿਖ ਦਿਓ…।’ ਉਸ ਦਾ ਲਹਿਜ਼ਾ ਗੁਸਤਾਖ਼ ਜਿਹਾ ਹੋ ਕੇ ਢਿਲਕ ਜਾਂਦਾ ਹੈ।
‘ਲਿਆਓ ਲਿਖਾ ਲਓ….।’ ਮੈਂ ਚੰਗੀ ਤਰ੍ਹਾਂ ਸੋਮਨ ਹੁਸ਼ਿਆਰ ਹੋ ਜਾਂਦਾ ਹਾਂ। ਬਾਲਕੋਨੀ ਵਿਚ ਹਲਚਲ ਜਿਹੀ ਮੱਚ ਜਾਂਦੀ ਹੈ! ਕੋਈ ਨਵਾਂ ਮਰੀਜ਼ ਐਮਰਜੈਂਸੀ ਦਾਖਲ ਹੁੰਦਾ ਵੇਖ ਮੇਰਾ ਦਾਮਨ ਛੱਡ ਕੇ ਡਾਕਟਰ ਉੱਧਰ ਸਰਕ ਜਾਂਦੀ ਹੈ।
ਇੱਕ ਹੋਰ ਲੇਡੀ ਜਿਹੜੀ ਪਹਿਲਾਂ ਦਲਵੀਰ ਕੋਲ ਬੈਠੀ ਗੁਫ਼ਤਗੂ ਕਰ ਰਹੀ ਸੀ, ਮੈਂ ਸਮਝਿਆ ਇਸ ਦੀ ਕੋਈ ਵਾਕਫ਼ਕਾਰ ਮਰੀਜ਼ ਪ੍ਰਸੰਸਕ ਚੇਲੀ ਬਾਲਕੀ ਹੋਏਗੀ। ਪਤਾ ਨਹੀਂ ਉਸ ਨੂੰ ਕਿੱਦਾਂ ਭਰਮਾਉਂਦੀ ਹੋਵੇਗੀ! ਹਸਪਤਾਲ ਦੀ ਅਕਾਊਂਟ ਅਫ਼ਸਰ ਸੀ। ਉਹ ਫਾਰਮ ਲਿਆਈ। ਮੈਂ ਸਾਈਨ ਝਰੀਟ ਦਿੱਤੇ ਤੇ ਨਾਲ ਹੀ ਉਨ੍ਹਾਂ ਦਲਵੀਰ ਕੋਲੋਂ ਵੀ ਸਾਈਨ ਕਰਵਾ ਲਏ।
‘ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ।’ ਮੈਂ ਇਨਟੈਂਸਿਵ ਕੇਅਰ ਦਾ ਮਰੀਜ਼! ਬਣਨੋਂ ਬਚ ਗਿਆ ਤੇ ਬਾਹਰ ਨੂੰ ਖਿਸਕ ਤੁਰਿਆ।
ਉਨ੍ਹਾਂ ਕੋਲੋਂ ਛੁਟਕਾਰਾ ਪਾ ਕੇ ਮੈਨੂੰ ਜਾਪਿਆ ਜਿਵੇਂ ਮੈਂ ਬੁੱਚੜਾਂ ਕੋਲੋਂ ਆਪਣੀ ਖੱਲ ਬਚਾ ਲਿਆਇਆ ਹਾਂ ਤੇ ਮੈਨੂੰ ਨਵੀਂ ਜ਼ਿੰਦਗੀ ਮਿਲ ਗਈ ਹੈ। ਰਿਸੈੱਪਸ਼ਨ ਡੈਸਕ ਨੇ ਬਿੱਲ ਬਣਾਇਆ। ਮੈਂ ਤੁਰੰਤ ਆਪਣਾ ਕਰੈਡਿਟ ਕਾਰਡ ਉਸ ਨੂੰ ਫੜਾਇਆ ਪਰ ਕਾਰਡ ਇਨਕਾਰੀ ਹੋ ਗਿਆ। ਮੈਂ ਦੇਖਿਆ, ਉਨ੍ਹਾਂ ਮੇਰਾ ਸਰਨੇਮ ਆਪਣੀ ਭਾਸ਼ਾ ਵਿਚ ਕੁੱਝ ਹੋਰ ਲਿਖਿਆ ਹੋਇਆ ਸੀ। ਦਲਵੀਰ ਨੇ ਆਪਣਾ ਕਾਰਡ ਦਿੱਤਾ। ਉਹ ਚੱਲ ਗਿਆ। ਮੇਰੇ ਹੱਥ ਵਿਚ ਡਾਕਟਰ ਵੱਲੋਂ ਨਿਰਧਾਰਿਤ ਦਵਾਈਆਂ ਦਵਾਈਆਂ ਦਾ ਲਿਫ਼ਾਫ਼ਾ, ਬਿਲ ਦੀ ਰਸੀਦ ਸੀ ਅਤੇ ਨਾਲ ਇਸ ਐਮਰਜੈਂਸੀ ਹਸਪਤਾਲ ਦੀ ਹਰ ਆਵਾਜ਼, ਹਰ ਚਿਹਰਾ ਅਤੇ ਹਰ ਪਲ ਹਮੇਸ਼ਾ ਲਈ ਯਾਦਾਂ ਵਿਚ ਜੁੜ ਗਿਆ।
ਰਿਸੈੱਪਸ਼ਨ ਲੇਡੀ ਨੇ ਫ਼ੋਨ ਕੀਤਾ। ਟੈਕਸੀ ਆ ਗਈ। ਅਸੀਂ ਆਪਣੇ ਕੈਂਪ ਪਹੁੰਚ ਕੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ। ਜਾਨ ਬਚੀ… ਸਮਝੋ ਲੱਖਾਂ ਪਾਏ! ਪੇਰੂ ਯਾਤਰਾ ਵਿਚ ਇਹ ਨਾਜਾਇਜ਼ ਚੈਪਟਰ ਮੇਰੇ ਸਫਰਨਾਮੇ ਨੂੰ ਕਰਾਰਾ ਮਸਾਲੇਦਾਰ ਤੇ ਦੁੱਖਾਂ ਸੁੱਖਾਂ ਦਾ ਮਿਲਗੋਭਾ ਬਿਰਤਾਂਤ ਬਣਾਉਂਦਾ ਰਹੇਗਾ!
‘ਥੈਂਕਸ ਧੰਨਵਾਦ! ਵੈੱਲਕਮ।’ ਸਾਡੇ ਹੋਟਲ ਦਾ ਸਵਾਗਤੀ ਮੈਨੇਜਰ ਹੱਸਦਾ ਮੁਸਕਰਾਉਂਦਾ ਸਵਾਗਤ ਕਰਦਾ ਹੈ।
‘ਚੰਗਾ ਹੋਇਆ ਤੁਸੀਂ ਜਲਦੀ ਮੁੜ ਆਏ। ਕਈ ਤਾਂ ਵਿਚਾਰੇ ਕਈ ਕਈ ਦਿਨ ਹਸਪਤਾਲ ਵਿਚ ਖੱਜਲ ਖੁਆਰ ਹੁੰਦੇ ਰਹਿੰਦੇ ਹਨ, ਇੱਕ ਵੇਰਾਂ ਕਾਬੂ ਆਏ! ਫਿਰ ਛੁੱਟੀ ਨਹੀਂ ਮਿਲਦੀ। ਹੁਣ ਆਪਣੇ ਨਾਲ ਇਹ ਸਲੰਡਰ ਪੱਕੇ ਰੱਖ ਲਓ। ਮੇਰਾ ਜਾਤੀ ਤਜਰਬਾ ਹੈ। ਇੱਥੇ ਉੱਚੀਆਂ ਨੀਵੀਂਆਂ ਪਹਾੜੀਆਂ ਵਿਚ ਪਤਾ ਨਹੀਂ ਕਦ ਕਿੱਥੇ ਤੁਹਾਨੂੰ ਆਕਸੀਜਨ ਦੀ ਜਰੂਰਤ ਪੈ ਜਾਏ! ਅਸੀਂ ਏਨਾ ਕੁ ਜੁਗਾੜ ਕੋਲ ਰੱਖਦੇ ਹਾਂ। ਹੁਣ ਨਿਸ਼ੰਗ ਜਿੱਥੇ ਮਰਜ਼ੀ ਜਦ ਮਰਜ਼ੀ ਜਾਓ, ਪੇਰੁ ਦਾ ਅਨੰਦ ਮਾਣੋ, ਤੁਹਾਡਾ ਇਲਾਜ ਤੁਹਾਡੀ ਜੇਬ ਵਿਚ ਰਹੇਗਾ।’ ਉਹ ਦਲਵੀਰ ਨਾਲ ਹੱਥ ਮਿਲਾਉਂਦਾ ਚਾਰ ਛੋਟੇ ਸਲੰਡਰ ਉਸ ਦੇ ਹਵਾਲੇ ਕਰਦਾ ਡਾਕਟਰ ਤੋਂ ਵੀ ਚਾਰ ਕਦਮ ਅੱਗੇ ਅਹਿਸਾਨ ਵਗਾਹ ਜਾਂਦਾ ਹੈ।
ਰਾਤ ਨੂੰ ਆਕਸੀਜਨ ਸਿਲੰਡਰ ਮੇਰੇ ਸਿਰਹਾਣੇ ਰੱਖ ਕੇ ਨਾਸਾਂ ਵਿਚ ਨਾਲੀ ਲਗਾ ਦਿੱਤੀ ਗਈ। ਸਾਰੀ ਰਾਤ ਚੰਗੀ ਗੂੜ੍ਹੀ ਨੀਂਦ ਆਈ। ਸਵੇਰੇ ਤੜਕੇ ਉੱਠਦੇ ਨਹਾਉਣ ਤੋਂ ਬਾਦ ਬਰੇਕਫਾਸਟ ਲੈ ਕੇ ਤਰੋਤਾਜ਼ਾ ਮੈਂ ਇੰਕਾ ਸਭਿਅਤਾ ਦੀ ਦੇਵ ਭੂਮੀ ‘ਸੇਕਰੇਡ ਵੈਲੀ’ ਟੂਰ ਵਾਸਤੇ ਗਰੁੱਪ ਨਾਲ ਜਾਣ ਲਈ ਸੱਤ ਵਜੇ ਡੀਲਕਸ ਬੱਸ ਦੀ ਮੂਹਰਲੀ ਸੀਟ ਤੇ ਬਿਰਾਜਮਾਨ ਸਾਂ।
charanjit-singh-pannu-198x300 ਪੇਰੂ ਯਾਤਰਾ ਦਾ ਫ਼ਾਲਤੂ ਕਾਂਡ/ਡਾ. ਚਰਨਜੀਤ ਸਿੰਘ ਪੰਨੂ
ਡਾ. ਚਰਨਜੀਤ ਸਿੰਘ ਪੰਨੂ

Share this content:

Post Comment