Loading Now

ਪਨਾਹੀਆਂ ਦੀ ਪੱਤੀ ਦਾ ਦਰਦਨਾਮਾ/ਗੁਰਭਜਨ ਗਿੱਲ

ਪਨਾਹੀਆਂ ਦੀ ਪੱਤੀ ਦਾ ਦਰਦਨਾਮਾ/ਗੁਰਭਜਨ ਗਿੱਲ

12 ਅਗਸਤ ਨੂੰ ਮੈਂ ਪਟਿਆਲਾ ਵਿੱਚ ਸੀ। ਪਿਆਰੇ ਮਿੱਤਰ ਤੇ ਉੱਘੰ ਸਮਾਜ ਸ਼ਾਸਤਰੀ ਡਾ. ਹਰਵਿੰਦਰ ਸਿੰਘ ਭੱਟੀ ਦੀ ਲੰਮੀ ਕਵਿਤਾ “ਵੰਡਨਾਮਾ” ਦੇ ਗੁਰਮੁਖੀ, ਦੇਵਨਾਗਰੀ,ਸ਼ਾਹਮੁਖੀ ਤੇ ਰੋਮਨ ਲਿੱਪੀਆਂ ਵਿੱਚ ਪ੍ਰਕਾਸ਼ਤ ਸਰੂਪ ਦਾ ਲੋਕ ਅਰਪਨ ਸਮਾਗਮ ਸੀ। ਇਸ ਮੌਕੇ ਕਿਤਾਬ ਦੇ ਬਹਾਨੇ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ, ਯੂਨੀਸਟਾਰ ਦੇ ਮਾਲਕ ਹਰੀਸ਼ ਜੈਨ, ਦਲਜੀਤ ਸ਼ਾਹੀ, ਗੁਰਭੇਜ ਸਿੰਘ ਗੋਰਾਇਆ, ਮੈਗਜ਼ੀਨ “ਹੁਣ” ਦੇ ਸੰਪਾਦਕ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੋਸਾਂਝ ਤੇ ਪ੍ਰਧਾਨ ਦਰਸ਼ਨ ਬੁੱਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾ. ਸੁਰਜੀਤ ਸਿੰਘ ਭੱਟੀ, ਡਾ. ਭਗਵੰਤ ਸਿੰਘ ਸੰਪਾਦਕ “ਜਾਗੋ ਇੰਟਰਨੈਸ਼ਨਲ” ਤੇ ਮੈਂ ਵੀ ਕੁਝ ਗੱਲਾਂ ਕੀਤੀਆਂ।

ਇੱਕ ਗੱਲ ਉੱਭਰੀ ਕਿ ਦੇਸ਼ ਵੰਡ ਦੀ ਪੀੜ ਨੂੰ ਉਸ ਦੇ ਹਾਣ ਦੇ ਵਰਕੇ ਨਹੀਂ ਮਿਲੇ। ਇਸ ਬਾਰੇ ਚਿੰਤਾ ਤੇ ਚਿੰਤਨ ਕਰਦਿਆਂ ਇਹ ਵੀ ਕਿਹਾ ਗਿਆ ਕਿ ਦੇਸ਼ ਵੰਡ ਦੇ ਵੱਡੇ ਦੁਖਾਂਤ ਬਾਰੇ ਬਹੁਤੀ ਮਾਰਮਿਕ ਕਵਿਤਾ ਨਹੀਂ ਲਿਖੀ ਗਈ। ਮੈਨੂੰ ਲੱਗਿਆ ਕਿ ਬਹੁਤੀ ਵਾਰ ਸੀਮਤ ਗਿਆਨ ਜਾਂ ਸਹੀ ਟੈਕਸਟ ਤੀਕ ਸਹੀ ਪਹੁੰਚ ਨਾ ਹੋਣ ਕਾਰਨ ਅਜਿਹੀਆਂ ਟਿੱਪਣੀਆਂ ਅਕਸਰ ਹੋ ਜਾਂਦੀਆਂ ਹਨ। ਅੱਜ ਕੱਲ੍ਰ ਪੂਰਬਲੇ ਕਾਰਜਾਂ ਨੂੰ ਨਿੱਕਾ ਕਹਿਣ ਦਾ ਮੌਸਮ ਚੱਲ ਰਿਹਾ ਹੈ। “ਅੱਜ ਆਖਾਂ ਵਾਰਸ ਸ਼ਾਹ ਨੂੰ” ਵੀ ਅੰਮ੍ਰਿਤਾ ਪ੍ਰੀਤਮ ਦੀ ਕਮਜ਼ੋਰ ਪਰ ਪਾਪੂਲਰ ਕਵਿਤਾ ਕਿਹਾ ਗਿਆ। ਮੈਨੂੰ ਹਰ ਵਾਰ ਇਹੀ ਮਹਿਸੂਸ ਹੁੰਦਾ ਹੈ ਕਿ ਸਾਡੇ ਕੋਲ ਲੈ ਦੇ ਕੇ ਜਿਹੜੀਂਆਂ ਕੁਝ ਕੁ ਵੱਡੀਆਂ ਕਵਿਤਾਵਾਂ ਹਨ, ਇਹ ਕਵਿਤਾ ਉਨ੍ਹਾਂ ਚ ਸ਼ਾਮਲ ਹੈ। ਮੋਹਨ ਸਿੰਘ, ਹਰਿਭਜਨ ਸਿੰਘ, ਸਟੇਜੀ ਕਵੀ ਗੁਰਦਿੱਤ ਸਿੰਘ ਕੁੰਦਨ, ਉਸਤਾਦ ਦਾਮਨ ਤੇ ਅਹਿਮਦ ਰਾਹੀ ਦੇ ਕਲਾਮ ਤੋਂ ਸੰਤਾਲੀ ਦੇ ਦੁਖਾਂਤ ਦੀ ਪੂਰੀ ਸ਼ੋਅ ਮਿਲਦੀ ਹੈ। ਮੇਰੇ ਵਰਗੇ ਕਿੰਨੇ ਲੋਕ ਨੇ ਜਿੰਨ੍ਹਾਂ ਨੂੰ ਬਚਪਨ ਤੋਂ ਹੀ ਅਮਰਜੀਤ ਗੁਰਦਾਸਪੁਰੀ ਜੀ ਦੇ ਮੂੰਹੋਂ ਅਹਿਮਦ ਰਾਹੀ ਜੀ ਦਾ ਇਹ ਗੀਤ ਸੁਣਨ ਦਾ ਮੌਕਾ ਮਿਲਿਆ ਹੈ। ਦੇਸ਼ ਵੰਡ ਦੇ 1947 ਵੇਲੇ ਹੋਏ ਉਜਾੜੇ ਦੀ ਦਰਦਨਾਕ ਦਾਸਤਾਨ। ਪਾਕਿਸਤਾਨ ਦੇ ਸ੍ਵ. ਕਵੀ ਅਹਿਮਦ ਰਾਹੀ ਦਾ ਦਰਦੀਲਾ ਗੀਤ ਪੜ੍ਹੋ।

ਚੁੰਨੀ ਮੇਰੀ ਲੀਰਾਂ ਕਤੀਰਾਂ ਭੈਣਾਂ ਦਿਓ ਵੀਰੋ !
ਵੇ ਮੇਰੀ ਚੁੰਨੀ ਲੀਰਾਂ ਕਤੀਰਾਂ

ਬੁਝੀਆਂ ਖਿੱਤੀਆਂ ਡੁੱਬ ਗਏ ਤਾਰੇ
ਰਾਤ ਹਨੇਰੀ ਖਿੱਲੀਆਂ ਮਾਰੇ
ਸਹਿਕ ਰਹੀਆਂ ਤਕਦੀਰਾਂ,
ਭੈਣਾਂ ਦਿਓ ਵੀਰੋ !
ਵੇ ਮੇਰੀ ਚੁੰਨੀ ਲੀਰਾਂ ਕਤੀਰਾਂ

ਟੁੱਟੀਆਂ ਸਾਰੀਆਂ ਹੱਦਾਂ ਬੰਨੇ
ਇਥੇ ਸਾਰੇ ਹੋ ਗਏ ਅੰਨ੍ਹੇ
ਭੈਣਾਂ ਲੁੱਟੀਆਂ ਵੀਰਾਂ,
ਭੈਣਾਂ ਦਿਓ ਵੀਰੋ !
ਵੇ ਮੇਰੀ ਚੁੰਨੀ ਲੀਰਾਂ ਕਤੀਰਾਂ

ਲੇਖਾਂ ਉਤੇ ਸ਼ਾਹੀਆਂ ਡੁਲ੍ਹੀਆਂ
ਸੇਜੋਂ ਡਿੱਗ ਕੇ ਪੈਰੀਂ ਰੁਲੀਆਂ
ਸੱਸੀਆਂ, ਸੋਹਣੀਆਂ, ਹੀਰਾਂ,
ਭੈਣਾਂ ਦਿਓ ਵੀਰੋ !
ਵੇ ਮੇਰੀ ਚੁੰਨੀ ਲੀਰਾਂ ਕਤੀਰਾਂ

ਭੈਣ ਕਿਸੇ ਦੀ ਪਈ ਕੁਰਲਾਵੇ
ਖੁੰਝਿਆ ਵੇਲਾ ਹੱਥ ਨਾ ਆਵੇ
ਕਰ ਲਉ ਕੁਝ ਤਦਬੀਰਾਂ,
ਭੈਣਾਂ ਦਿਓ ਵੀਰੋ !
ਵੇ ਮੇਰੀ ਚੁੰਨੀ ਲੀਰਾਂ ਕਤੀਰਾਂ

ਬਾਬਲ ਦੀਆਂ ਅੱਖੀਆਂ ਦੇ ਚਾਨਣ,
ਅੰਮੀਂ ਦੇ ਅਰਮਾਨ
ਮੌਤ ਦੀ ਘੋੜ੍ਹੀ ਚੜ੍ਹੇ
ਅੱਜ ਵੀਰਾਂ ਦੀ ਭੈਣ ਨਿਮਾਣੀ,
ਕਿਸਦੀ ਵਾਗ ਫੜੇ
ਭੈਣਾਂ ਦਿਉ ਵੀਰੋ।
ਵੇ ਮੇਰੀ ਚੁੰਨੀ ਲੀਰਾਂ ਕਤੀਰਾਂ।
ਡਾ. ਹਰਵਿੰਦਰ ਸਿੰਘ ਭੱਟੀ ਦੀ ਖੂਬਸੂਰਤ ਕਿਤਾਬ ਦੇ ਬਹਾਨੇ ਇਹ ਗੀਤ ਚੇਤੇ ਆਇਆ। ਪਟਿਆਲੇ ਬੈਠਿਆਂ ਮਹਿਸੂਸ ਹੋਇਆ ਕਿ ਦੇਸ਼ ਵੰਡ ਨਾਲ ਸੰਬੰਧਿਤ ਕਾਵਿ ਦਾ ਭਾਵੇਂ ਅਮਰਜੀਤ ਚੰਦਨ ਜੀ ਨੇ ਸੰਪਾਦਨ ਕੀਤਾ ਹੈ ਪਰ ਹੋਰ ਵੱਡ ਆਕਾਰੀ ਯਤਨ ਦੀ ਸਖ਼ਤ ਲੋੜ ਹੈ। ਹੋਰ ਕੋਈ ਕਰੇ ਨਾ ਕਰੇ, ਮੈਂ ਕੋਸ਼ਿਸ਼ ਕਰਾਂਗਾ ਕਿ ਜੇ ਹਾਲਾਤ ਸਾਜ਼ਗਾਰ ਰਹੇ ਤਾਂ 15 ਅਗਸਤ 2027 ਤੋਂ ਪਹਿਲਾਂ ਪਹਿਲਾਂ ਇਹ ਕਾਰਜ ਕਰਨ ਦੀ ਜ਼ੁੰਮੇਵਾਰੀ ਮੈਂ ਨਿਭਾਵਾਂਗਾ। ਦੇਸ਼ ਵੰਡ ਵੇਲੇ ਏਧਰ ਆ ਕੇ ਪਨਾਹੀਆਂ ਦਾ ਪੁੱਤਰ ਹੋਣ ਨਾਤੇ ਇਹ ਤਾਂ ਮੇਰਾ ਫਰਜ਼ ਵੀ ਬਣਦਾ ਹੈ। ਇਸ ਦਾ ਨਾਮਕਰਨ ਅੱਜ 14ਅਗਸਤ ਸਵੇਰਸਾਰ ਕਰ ਲਿਆ ਹੈ। ਨਾਮ ਹੋਵੇਗਾ
“ਪਨਾਹੀਆਂ ਦੀ ਪੱਤੀ”

Gurbhajan-Gill-171x300 ਪਨਾਹੀਆਂ ਦੀ ਪੱਤੀ ਦਾ ਦਰਦਨਾਮਾ/ਗੁਰਭਜਨ ਗਿੱਲ

-ਗੁਰਭਜਨ ਗਿੱਲ

Share this content:

Post Comment