ਪੁਲਿਸ ਦੀ ਤੇਜ਼ ਕਾਰਵਾਈ, ਖਤਰੇ ਤੋਂ ਬਚਾਈ ਆਮ ਜਨਤਾ!
*ਸਿਲਵੀਆ ਪਾਰਕ ਮਾਲ ਬਾਹਰ ਪੁਲਿਸ ਨੇ ਹਥਿਆਰਬੰਦ ਵਿਅਕਤੀ ਨੂੰ ਗੋਲੀ ਮਾਰ ਕੇ ਕੀਤਾ ਢੇਰ
ਔਕਲੈਂਡ, 14 ਅਗਸਤ 2026 (ਹਰਜਿੰਦਰ ਸਿੰਘ ਬਸਿਆਲਾ) – ਬੀਤੇ ਕੱਲ੍ਹ ਸਿਲਵੀਆ ਪਾਰਕ ਮਾਲ ਬਾਹਰ ਪੁਲਿਸ ਨੇ ਹਥਿਆਰਬੰਦ ਵਿਅਕਤੀ ਨੂੰ ਗੋਲੀ ਮਾਰ ਕੇ ਕੀਤਾ ਢੇਰ ਕਰ ਦਿੱਤਾ। ਭੀੜ-ਭੜੱਕੇ ਵਾਲੇ ਸ਼ਾਪਿੰਗ ਮਾਲ ਵੱਲ ਬੰਦੂਕ ਲੈ ਕੇ ਭੱਜ ਰਹੇ ਹਮਲਾਵਰ ਨੂੰ ਰੋਕਣ ਲਈ ਪੁਲਿਸ ਨੇ ਗੋਲੀਆਂ ਚਲਾਈਆਂ ਸਨ, ਜਿਸ ਨਾਲ ਦਹਿਸ਼ਤ ਫੈਲ ਗਈ ਸੀ। ਪੁਲਿਸ ਮੰਤਰੀ ਮਾਰਕ ਮਿਸ਼ੇਲ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇੱਕ ਹਥਿਆਰਬੰਦ ਅਪਰਾਧੀ ਨੂੰ ਲੋਕਾਂ ਨਾਲ ਭਰੇ ਮਾਲ ਵੱਲ ਵਧਦੇ ਦੇਖਣਾ ਕਿਸੇ ਵੀ ਪੁਲਿਸ ਅਧਿਕਾਰੀ ਲਈ ਸਭ ਤੋਂ ਵੱਡਾ ਡਰਾਉਣਾ ਸੁਪਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੇ ਬਹੁਤ ਹੀ ਔਖੇ ਹਾਲਾਤਾਂ ਵਿੱਚ ਸਹੀ ਅਤੇ ਤੇਜ਼ੀ ਨਾਲ ਫੈਸਲਾ ਲਿਆ। ਮਾਰਕ ਮਿਸ਼ੇਲ ਨੇ ਕਿਹਾ ਕਿ ਕੋਈ ਵੀ ਪੁਲਿਸ ਵਾਲਾ ਅਜਿਹੇ ਹਾਲਾਤਾਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਪਰ ਜਨਤਾ ਦੀ ਸੁਰੱਖਿਆ ਲਈ ਤੁਰੰਤ ਕਾਰਵਾਈ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਸੀ। ਉਨ੍ਹਾਂ ਦੱਸਿਆ ਕਿ ਸੁਤੰਤਰ ਪੁਲਿਸ ਆਚਰਣ ਅਥਾਰਟੀ ਅਤੇ ਪੁਲਿਸ ਦੀਆਂ ਅੰਦਰੂਨੀ ਟੀਮਾਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਕਿ ਵਿਅਕਤੀ ਹਥਿਆਰ ਦੁਕਾਨ ਤੋਂ ਕਿਵੇਂ ਲੈ ਕੇ ਭੱਜਿਆ।
ਘਟਨਾ ਦਾ ਘਟਨਾਕ੍ਰਮ ਅਤੇ ਦਹਿਸ਼ਤ ਦਾ ਮਾਹੌਲ
ਘਟਨਾ ਦੁਪਹਿਰ ਲਗਭਗ 2 ਵਜੇ ਸ਼ੁਰੂ ਹੋਈ ਜਦੋਂ ਪੈਨਰੋਜ਼ ਦੀ ਗਨ ਸਿਟੀ ਦੁਕਾਨ ਤੋਂ ਇੱਕ ਏਅਰ ਰਾਈਫਲ ਚੋਰੀ ਹੋਣ ਦੀ ਖਬਰ ਮਿਲੀ। ਦੋਸ਼ੀ ਸੁਜ਼ੂਕੀ ਸਵਿਫਟ ਕਾਰ ਵਿੱਚ ਫਰਾਰ ਹੋ ਗਿਆ। ਪੁਲਿਸ ਦੇ ਈਗਲ ਹੈਲੀਕਾਪਟਰ ਅਤੇ ਗੱਡੀਆਂ ਨੇ ਉਸ ਦਾ ਪਿੱਛਾ ਕੀਤਾ। ਪਾਕੁਰੰਗਾ ਅਤੇ ਪੈਨਮੂਰ ਹੁੰਦੇ ਹੋਏ ਸਿਲਵੀਆ ਪਾਰਕ ਦੇ ਬਾਹਰ ਚੌਰਾਹੇ ’ਤੇ ਕਾਰ ਹਾਦਸਾਗ੍ਰਸਤ ਹੋ ਕੇ ਰੁਕ ਗਈ। ਦੋਸ਼ੀ ਦੁਪਹਿਰ 2:50 ਵਜੇ ਰਾਈਫਲ ਲੈ ਕੇ ਸ਼ਾਪਿੰਗ ਮਾਲ ਦੇ ਪ੍ਰਵੇਸ਼ ਦੁਆਰ ਵੱਲ ਭੱਜਿਆ, ਜਿੱਥੇ ਓਵਰਪਾਸ ਦੇ ਹੇਠਾਂ ਪੁਲਿਸ ਨੇ ਉਸ ਨੂੰ ਘੇਰ ਲਿਆ। ਪੁਲਿਸ ਵਲੋਂ ਚਲਾਈਆਂ ਗੋਲੀਆਂ ਨਾਲ ਉਹ ਜ਼ਖਮੀ ਹੋ ਗਿਆ ਅਤੇ ਮੌਕੇ ’ਤੇ ਹੀ ਦਮ ਤੋੜ ਗਿਆ।
ਖਰੀਦਦਾਰਾਂ ਅਤੇ ਦੁਕਾਨਦਾਰਾਂ ਵਿੱਚ ਭਾਜੜ
ਗੋਲੀਆਂ ਦੀ ਆਵਾਜ਼ ਸੁਣਦਿਆਂ ਹੀ ਮਾਲ ਵਿੱਚ ਹੜਕੰਪ ਮਚ ਗਿਆ। ਕਈ ਦੁਕਾਨਦਾਰਾਂ ਅਤੇ ਗਾਹਕਾਂ ਨੇ ਦੁਕਾਨਾਂ ਦੇ ਅੰਦਰ ਲੁਕ ਕੇ ਆਪਣੀ ਜਾਨ ਬਚਾਈ। ਲੋਕਾਂ ਨੇ ਦੱਸਿਆ ਕਿ ਗੋਲੀਬਾਰੀ ਦੀ ਆਵਾਜ਼ ਸੁਣ ਕੇ ਉਹ ਬਹੁਤ ਡਰ ਗਏ ਸਨ ਅਤੇ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ। ਲਗਭਗ ਇੱਕ ਘੰਟੇ ਤੱਕ ਸਥਿਤੀ ਬਾਰੇ ਸਪੱਸ਼ਟਤਾ ਨਾ ਹੋਣ ਕਰਕੇ ਮਾਲ ਦੇ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਕੀਵੀ ਪ੍ਰੋਪਰਟੀ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਪੁਲਿਸ ਵਲੋਂ ਸਥਿਤੀ ਕਾਬੂ ਹੇਠ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਅਧਿਕਾਰਤ ਜਾਣਕਾਰੀ ਸਾਂਝੀ ਕੀਤੀ ਗਈ ਸੀ ਤਾਂ ਜੋ ਕੋਈ ਅਫਵਾਹ ਨਾ ਫੈਲੇ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Share this content:


Post Comment