ਕਮਾਲ ਦੇ ਬੰਦੇ-ਅਲਫ਼ਰੈਡ ਨੋਬਲ
ਵਿਗਿਆਨ, ਖੋਜ ਅਤੇ ਮਾਨਵ ਕਲਿਆਣ ਦੇ ਅਮਰ ਨਾਇਕ ਜਿਨ੍ਹਾਂ ਨੇ ਆਪਣੀ ਅਥਾਹ ਦੌਲਤ ਦੁਨੀਆ ਦੇ ਲੇਖੇ ਲਾ ਇਤਿਹਾਸ ਸਿਰਜਿਆ
ਔਕਲੈਂਡ, 28 ਸਤੰਬਰ 2026:- ਮਾਨਵਤਾ ਦੀ ਭਲਾਈ ਅਤੇ ਗਿਆਨ ਦੀ ਰੌਸ਼ਨੀ ਨਾਲ ਕੀਤਾ ਗਿਆ ਸਮਰਪਣ ਹੀ ਇਨਸਾਨ ਨੂੰ ਸਦਾ ਲਈ ਅਮਰ ਬਣਾਉਂਦਾ ਹੈ। ਗਿਆਨ, ਵਿਗਿਆਨ ਅਤੇ ਇਨਸਾਨੀਅਤ ਦਾ ਸੁਮੇਲ ਹੀ ਪੂਰੀ ਦੁਨੀਆ ਨੂੰ ਅਗਵਾਈ ਦੇ ਕੇ ਰੋਸ਼ਨ ਕਰਦਾ ਹੈ। ਦੁਨੀਆ ਭਰ ਵਿੱਚ ਮਾਨਵਤਾ ਦੀ ਭਲਾਈ ਅਤੇ ਬਿਹਤਰੀ ਲਈ ਦਿੱਤੇ ਜਾਣ ਵਾਲੇ ਸਭ ਤੋਂ ਵੱਡੇ ਤੇ ਅਤੀ ਸਤਿਕਾਰਯੋਗ ਸਨਮਾਨ ਯਾਨੀ ਨੋਬਲ ਇਨਾਮ ਦੇ ਪਿੱਛੇ ਇੱਕ ਅਜਿਹੇ ਮਹਾਨ ਯੁੱਗ-ਪੁਰਖ ਦੀ ਸੋਚ ਹੈ, ਜਿਸ ਨੇ ਆਪਣੀ ਅਣਥੱਕ ਮਿਹਨਤ, ਤੀਖਣ ਬੁੱਧੀ ਅਤੇ ਮਾਨਵ-ਪ੍ਰੇਮ ਨਾਲ ਇਤਿਹਾਸ ਦੇ ਪੰਨਿਆਂ ਉੱਤੇ ਅਮਿੱਟ ਛਾਪ ਛੱਡੀ। ਇਹ ਗਾਥਾ ਹੈ ਸਵੀਡਨ ਦੇ ਮਹਾਨ ਰਸਾਇਣ ਵਿਗਿਆਨੀ, ਇੰਜੀਨੀਅਰ, ਉਦਯੋਗਪਤੀ, ਖੋਜੀ ਅਤੇ ਲੇਖਕ ਅਲਫ਼ਰੈਡ ਨੋਬਲ ਦੀ। 21 ਅਕਤੂਬਰ 1833 ਨੂੰ ਸਟਾਕਹੋਮ ਵਿੱਚ ਜਨਮੇ ਅਲਫ਼ਰੈਡ ਨੋਬਲ ਨੇ ਆਪਣੇ ਜੀਵਨ ਵਿੱਚ ਅਥਾਹ ਸੰਘਰਸ਼ ਕਰਦਿਆਂ 355 ਵੱਖ-ਵੱਖ ਖੋਜਾਂ ਦੇ ਪੇਟੈਂਟ ਆਪਣੇ ਨਾਮ ਕੀਤੇ, ਜਿਨ੍ਹਾਂ ਵਿੱਚ ਡਾਇਨਾਮਾਈਟ ਦੀ ਵਿਸ਼ਵ-ਪ੍ਰਸਿੱਧ ਖੋਜ ਵੀ ਸ਼ਾਮਲ ਸੀ।
ਅਲਫ਼ਰੈਡ ਨੋਬਲ ਦੇ ਜੀਵਨ ਦੇ ਅਹਿਮ ਪੜਾਅ ਅਤੇ ਇਤਿਹਾਸਕ ਪੜਾਅ ਇਸ ਪ੍ਰਕਾਰ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਸਿਖਰਾਂ ਤੱਕ ਪਹੁੰਚਾਇਆ। ਸਾਲ 1833 ਵਿੱਚ ਅਲਫ਼ਰੈਡ ਨੋਬਲ ਦਾ ਜਨਮ ਸਟਾਕਹੋਮ ਵਿੱਚ ਹੋਇਆ ਅਤੇ ਉਸੇ ਸਾਲ ਉਨ੍ਹਾਂ ਦੇ ਪਿਤਾ ਇੰਮਾਨੁਏਲ ਨੋਬਲ ਦੀ ਆਰਥਿਕ ਹਾਲਤ ਕਮਜ਼ੋਰ ਹੋ ਗਈ। ਸਾਲ 1838 ਵਿੱਚ ਇੰਮਾਨੁਏਲ ਨੋਬਲ ਰੂਸ ਦੇ ਸ਼ਹਿਰ ਸੇਂਟ ਪੀਟਰਸਬਰਗ ਪਹੁੰਚੇ ਜਿੱਥੇ ਉਨ੍ਹਾਂ ਨੇ ਇੱਕ ਮਕੈਨੀਕਲ ਵਰਕਸ਼ਾਪ ਸ਼ੁਰੂ ਕੀਤੀ ਅਤੇ ਆਪਣੇ ਪਰਿਵਾਰ ਨੂੰ ਸਵੀਡਨ ਵਿੱਚ ਹੀ ਛੱਡ ਦਿੱਤਾ। ਉੱਥੇ ਉਨ੍ਹਾਂ ਦੀ ਮੁਲਾਕਾਤ ਇੱਕ ਰੂਸੀ ਜਨਰਲ ਨਾਲ ਹੋਈ ਜਿਸ ਨੇ ਉਨ੍ਹਾਂ ਦੀਆਂ ਬਾਰੂਦੀ ਸੁਰੰਗਾਂ ਦੀਆਂ ਡਿਜ਼ਾਈਨਾਂ ਵਿੱਚ ਦਿਲਚਸਪੀ ਦਿਖਾਈ ਅਤੇ ਉਨ੍ਹਾਂ ਦਾ ਕਾਰੋਬਾਰ ਇੱਕ ਵੱਡੀ ਇੰਜੀਨੀਅਰਿੰਗ ਕੰਪਨੀ ਵਜੋਂ ਫੈਲ ਗਿਆ। ਸਾਲ 1842 ਵਿੱਚ ਨੋਬਲ ਪਰਿਵਾਰ ਸੇਂਟ ਪੀਟਰਸਬਰਗ ਵਿਖੇ ਮੁੜ ਇਕੱਠਾ ਹੋ ਗਿਆ।
ਸਾਲ 1850 ਤੋਂ 1852 ਦੇ ਦੌਰਾਨ ਮਹਿਜ਼ 17 ਸਾਲ ਦੀ ਉਮਰ ਵਿੱਚ ਅਲਫ਼ਰੈਡ ਨੋਬਲ ਪੰਜ ਭਾਸ਼ਾਵਾਂ ਵਿੱਚ ਮੁਹਾਰਤ ਰੱਖਦੇ ਸਨ ਅਤੇ ਉਨ੍ਹਾਂ ਨੇ ਪੈਰਿਸ ਜਾ ਕੇ ਪ੍ਰਯੋਗਸ਼ਾਲਾ ਵਿੱਚ ਕੰਮ ਕੀਤਾ ਅਤੇ ਇਟਲੀ, ਜਰਮਨੀ ਤੇ ਅਮਰੀਕਾ ਦੀ ਯਾਤਰਾ ਕੀਤੀ। ਸਾਲ 1853 ਤੋਂ 1856 ਵਿੱਚ ਕ੍ਰੀਮੀਆ ਦੀ ਜੰਗ ਦੇ ਅੰਤ ਉੱਤੇ ਰੂਸੀ ਫ਼ੌਜ ਵੱਲੋਂ ਆਰਡਰ ਰੱਦ ਕਰਨ ਕਾਰਨ ਇੰਮਾਨੁਏਲ ਨੋਬਲ ਦੀ ਕੰਪਨੀ ਦੀ ਹਾਲਤ ਫਿਰ ਵਿਗੜ ਗਈ ਅਤੇ ਅਲਫ਼ਰੈਡ ਨੋਬਲ ਨੇ ਨਾਈਟਰੋਗਲਿਸਰੀਨ ਦੀ ਖੋਜ ਵੱਲ ਮੁੜ ਧਿਆਨ ਦਿੱਤਾ। ਸਾਲ 1862 ਵਿੱਚ ਉਨ੍ਹਾਂ ਨੇ ਨਾਈਟਰੋਗਲਿਸਰੀਨ ਉੱਤੇ ਪ੍ਰਯੋਗ ਸ਼ੁਰੂ ਕੀਤੇ ਅਤੇ 1863 ਵਿੱਚ ਸਟਾਕਹੋਮ ਪਰਤ ਕੇ ਇਸ ਉੱਤੇ ਪਹਿਲਾ ਪੇਟੈਂਟ ਹਾਸਲ ਕੀਤਾ।
ਸਾਲ 1864 ਵਿੱਚ ਉਨ੍ਹਾਂ ਨੇ ਧਮਾਕਾ ਕਰਨ ਵਾਲਾ ਡੈਟੋਨੇਟਰ ਤਿਆਰ ਕੀਤਾ ਪਰ ਇਸੇ ਦੌਰਾਨ ਹੇਲੇਨਬੋਰਗ ਵਿਖੇ ਇੱਕ ਦਰਦਨਾਕ ਹਾਦਸੇ ਵਿੱਚ ਉਨ੍ਹਾਂ ਦੇ ਛੋਟੇ ਭਰਾ ਇਮਿਲ ਦੀ ਮੌਤ ਹੋ ਗਈ। ਸਾਲ 1865 ਵਿੱਚ ਉਨ੍ਹਾਂ ਨੇ ਜਰਮਨੀ ਦੇ ਸ਼ਹਿਰ ਕਰੁੰਮਲ ਵਿਖੇ ਆਪਣੀ ਫ਼ੈਕਟਰੀ ਸਥਾਪਿਤ ਕੀਤੀ। ਸਾਲ 1866 ਵਿੱਚ ਕਰੁੰਮਲ ਪਲਾਂਟ ਵਿੱਚ ਹੋਏ ਭਿਆਨਕ ਧਮਾਕੇ ਤੋਂ ਬਾਅਦ ਐਲਬੀ ਨਦੀ ਉੱਤੇ ਕਿਸ਼ਤੀ ਵਿੱਚ ਪ੍ਰਯੋਗ ਕਰਦਿਆਂ ਉਨ੍ਹਾਂ ਨੇ ਨਾਈਟਰੋਗਲਿਸਰੀਨ ਨੂੰ ਸੁਰੱਖਿਅਤ ਬਣਾਉਣ ਲਈ ਕੀਸੇਲਗੁਹਰ ਦੀ ਵਰਤੋਂ ਕੀਤੀ ਅਤੇ ਇਸ ਨੂੰ ਡਾਇਨਾਮਾਈਟ ਦਾ ਨਾਮ ਦਿੱਤਾ। ਸਾਲ 1867 ਵਿੱਚ ਉਨ੍ਹਾਂ ਨੇ ਸਵੀਡਨ ਵਿੱਚ ਡਾਇਨਾਮਾਈਟ ਦਾ ਪੇਟੈਂਟ ਪ੍ਰਾਪਤ ਕੀਤਾ ਅਤੇ 1871 ਵਿੱਚ ਸਕਾਟਲੈਂਡ ਵਿਖੇ ਬ੍ਰਿਟਿਸ਼ ਡਾਇਨਾਮਾਈਟ ਕੰਪਨੀ ਦੀ ਨੀਂਹ ਰੱਖੀ। ਸਾਲ 1872 ਵਿੱਚ ਉਨ੍ਹਾਂ ਦੇ ਪਿਤਾ ਇੰਮਾਨੁਏਲ ਨੋਬਲ ਇਸ ਜਹਾਨ ਤੋਂ ਰੁਖਸਤ ਹੋ ਗਏ। ਸਾਲ 1873 ਵਿੱਚ 40 ਸਾਲ ਦੀ ਉਮਰ ਵਿੱਚ ਉਹ ਇੱਕ ਅਮੀਰ ਵਿਅਕਤੀ ਬਣ ਚੁੱਕੇ ਸਨ ਅਤੇ ਪੈਰਿਸ ਵਿੱਚ ਜਾ ਵਸੇ। ਸਾਲ 1875 ਵਿੱਚ ਉਨ੍ਹਾਂ ਨੇ ਬਲਾਸਟਿੰਗ ਜੈਲੇਟਿਨ ਦੀ ਖੋਜ ਕੀਤੀ। ਸਾਲ 1876 ਵਿੱਚ ਉਨ੍ਹਾਂ ਦੀ ਮੁਲਾਕਾਤ ਬਰਥਾ ਵਨ ਸਟਨਰ ਨਾਲ ਹੋਈ ਜੋ ਬਾਅਦ ਵਿੱਚ ਮਹਾਨ ਸ਼ਾਂਤੀ ਕਾਰਕੁਨ ਬਣੀ। ਸਾਲ 1880 ਤੋਂ 1889 ਦੇ ਦੌਰਾਨ ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਵਿੱਚ ਕੰਪਨੀਆਂ ਦਾ ਵਿਸਥਾਰ ਕੀਤਾ, ਬੈਲਿਸਟਾਈਟ ਪਾਊਡਰ ਦਾ ਪੇਟੈਂਟ ਲਿਆ ਅਤੇ 1889 ਵਿੱਚ ਉਨ੍ਹਾਂ ਦੀ ਮਾਤਾ ਐਂਡਰੀਏਟ ਦਾ ਦੇਹਾਂਤ ਹੋ ਗਿਆ। ਸਾਲ 1891 ਵਿੱਚ ਫਰਾਂਸੀਸੀ ਸਰਕਾਰ ਨਾਲ ਮਤਭੇਦਾਂ ਕਾਰਨ ਉਹ ਇਟਲੀ ਦੇ ਸਾਨਰੇਮੋ ਸ਼ਹਿਰ ਵਿੱਚ ਰਹਿਣ ਲੱਗੇ ਜਿੱਥੇ 1893 ਵਿੱਚ ਉਨ੍ਹਾਂ ਨੇ ਨੌਜਵਾਨ ਇੰਜੀਨੀਅਰ ਰੈਗਨਰ ਸੋਹਲਮਨ ਨੂੰ ਨਿਯੁਕਤ ਕੀਤਾ ਜਿਸ ਨੂੰ ਬਾਅਦ ਵਿੱਚ ਉਨ੍ਹਾਂ ਨੇ ਆਪਣੀ ਵਸੀਅਤ ਦਾ ਅਫਸਰ ਬਣਾਇਆ। ਸਾਲ 1894 ਵਿੱਚ ਉਨ੍ਹਾਂ ਨੇ ਸਵੀਡਨ ਦੇ ਕਾਰਲਸਕੋਗਾ ਵਿਖੇ ਬੋਫੋਰਸ ਮਸ਼ੀਨ ਵਰਕਸ ਖਰੀਦਿਆ। ਸਾਲ 1895 ਵਿੱਚ ਉਨ੍ਹਾਂ ਨੇ ਪੈਰਿਸ ਦੇ ਸਵੀਡਸ਼-ਨਾਰਵੇਜਿਅਨ ਕਲੱਬ ਵਿੱਚ ਆਪਣੀ ਆਖਰੀ ਅਤੇ ਅੰਤਿਮ ਵਸੀਅਤ ਉੱਤੇ ਦਸਤਖਤ ਕੀਤੇ। ਆਖਿਰਕਾਰ 10 ਦਸੰਬਰ 1896 ਨੂੰ 63 ਸਾਲ ਦੀ ਉਮਰ ਵਿੱਚ ਸਾਨਰੇਮੋ, ਇਟਲੀ ਵਿਖੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਅਤੇ ਉਨ੍ਹਾਂ ਦੀ ਪਵਿੱਤਰ ਇੱਛਾ ਤਹਿਤ 1901 ਵਿੱਚ ਪਹਿਲੇ ਨੋਬਲ ਪੁਰਸਕਾਰ ਪ੍ਰਦਾਨ ਕੀਤੇ ਗਏ।
ਅਲਫ਼ਰੈਡ ਨੋਬਲ ਸਿਰਫ਼ ਇੱਕ ਵਿਗਿਆਨੀ ਜਾਂ ਵਪਾਰੀ ਹੀ ਨਹੀਂ ਸਨ, ਸਗੋਂ ਉਨ੍ਹਾਂ ਦੇ ਅੰਦਰ ਇੱਕ ਬਹੁਤ ਹੀ ਕੋਮਲ ਹਿਰਦਾ ਕਵੀ ਅਤੇ ਸਾਹਿਤਕਾਰ ਵੀ ਵੱਸਦਾ ਸੀ। ਉਹ ਨਾਟਕਾਂ ਅਤੇ ਕਵਿਤਾਵਾਂ ਵਿੱਚ ਗੂੜ੍ਹੀ ਦਿਲਚਸਪੀ ਰੱਖਦੇ ਸਨ। ਉਨ੍ਹਾਂ ਦੀ ਇਹੋ ਬਹੁਪੱਖੀ ਸੋਚ ਅਤੇ ਇਨਸਾਨੀਅਤ ਪ੍ਰਤੀ ਅਥਾਹ ਪ੍ਰੇਮ ਉਨ੍ਹਾਂ ਦੀ ਵਸੀਅਤ ਵਿੱਚੋਂ ਸਪੱਸ਼ਟ ਝਲਕਦਾ ਹੈ। 27 ਨਵੰਬਰ 1895 ਨੂੰ ਪੈਰਿਸ ਵਿੱਚ ਆਪਣੀ ਆਖਰੀ ਵਸੀਅਤ ਉੱਤੇ ਦਸਤਖਤ ਕਰਦਿਆਂ, ਉਨ੍ਹਾਂ ਨੇ ਆਪਣੀ ਅਥਾਹ ਕਮਾਈ ਵਿੱਚੋਂ 3.1 ਕਰੋੜ ਸਵੀਡਿਸ਼ ਕਰੌਨਰ ਦਾ ਵੱਡਾ ਫੰਡ ਮਾਨਵਤਾ ਦੀ ਸੇਵਾ ਲਈ ਰਾਖਵਾਂ ਕਰ ਦਿੱਤਾ। ਉਨ੍ਹਾਂ ਦੀ ਇੱਛਾ ਸੀ ਕਿ ਇਹ ਜਾਇਦਾਦ ਪੰਜ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਉਨ੍ਹਾਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਲਈ ਵਰਤੀ ਜਾਵੇ, ਜਿਨ੍ਹਾਂ ਨੇ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਡਾਕਟਰੀ, ਸਾਹਿਤ ਅਤੇ ਅਮਨ-ਚੈਨ ਦੇ ਖੇਤਰਾਂ ਵਿੱਚ ਪੂਰੀ ਮਾਨਵ ਜਾਤੀ ਦੇ ਭਲੇ ਲਈ ਸਭ ਤੋਂ ਉੱਤਮ ਅਤੇ ਮਿਸਾਲੀ ਯੋਗਦਾਨ ਪਾਇਆ ਹੋਵੇ। ਸਾਲ 1901 ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਅੱਜ ਵੀ ਨਿਰੰਤਰ ਜਾਰੀ ਹੈ ਅਤੇ ਇਹ ਪੁਰਸਕਾਰ ਦੁਨੀਆ ਭਰ ਦੇ ਅਜਿਹੇ ਮਰਦਾਂ ਤੇ ਔਰਤਾਂ ਨੂੰ ਉਤਸ਼ਾਹਿਤ ਕਰਦਾ ਹੈ ਜੋ ਆਪਣੇ ਗਿਆਨ, ਖੋਜ ਅਤੇ ਅਮਨ ਦੇ ਸੁਨੇਹੇ ਨਾਲ ਸੰਸਾਰ ਨੂੰ ਬਿਹਤਰ ਬਣਾ ਰਹੇ ਹਨ।
ਨੋਬਲ ਪੁਰਸਕਾਰਾਂ ਦੀ ਚੋਣ ਅਤੇ ਨਾਮਜ਼ਦਗੀਆਂ ਦੀ ਗੁਪਤ ਪ੍ਰਕਿਰਿਆ ਬਾਰੇ ਗੱਲ ਕਰੀਏ ਤਾਂ ਇਹ ਹਰ ਸਾਲ ਸਤੰਬਰ ਮਹੀਨੇ ਤੋਂ ਸ਼ੁਰੂ ਹੁੰਦੀ ਹੈ। ਦੁਨੀਆ ਭਰ ਦੇ ਹਜ਼ਾਰਾਂ ਅਕਾਦਮਿਕ ਮਾਹਰਾਂ, ਯੂਨੀਵਰਸਿਟੀ ਦੇ ਪ੍ਰੋਫੈਸਰਾਂ, ਵਿਗਿਆਨੀਆਂ ਅਤੇ ਪੁਰਾਣੇ ਨੋਬਲ ਜੇਤੂਆਂ ਨੂੰ ਨਾਮਜ਼ਦਗੀਆਂ ਭੇਜਣ ਦੇ ਸੱਦਾ ਪੱਤਰ ਭੇਜੇ ਜਾਂਦੇ ਹਨ। ਇਹ ਸਾਰੀਆਂ ਨਾਮਜ਼ਦਗੀਆਂ ਦਾਖਲ ਕਰਨ ਦੀ ਅੰਤਿਮ ਮਿਤੀ 31 ਜਨਵਰੀ ਹੁੰਦੀ ਹੈ। ਫਰਵਰੀ ਤੋਂ ਸਤੰਬਰ ਤੱਕ ਨੋਬਲ ਕਮੇਟੀਆਂ ਪ੍ਰਾਪਤ ਹੋਏ ਨਾਵਾਂ ਦਾ ਬਹੁਤ ਹੀ ਗੰਭੀਰਤਾ ਨਾਲ ਮੁਲਾਂਕਣ ਕਰਦੀਆਂ ਹਨ। ਇਸ ਤੋਂ ਬਾਅਦ ਅਕਤੂਬਰ ਦੇ ਮਹੀਨੇ ਵਿੱਚ ਅੰਤਿਮ ਵੋਟਿੰਗ ਰਾਹੀਂ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਹਰ ਸਾਲ 10 ਦਸੰਬਰ ਨੂੰ ਅਲਫ਼ਰੈਡ ਨੋਬਲ ਦੀ ਬਰਸੀ ਉੱਤੇ ਇਹ ਇਨਾਮ ਵੰਡੇ ਜਾਂਦੇ ਹਨ। ਨੋਬਲ ਕਮੇਟੀ ਦੇ ਸਖ਼ਤ ਨਿਯਮਾਂ ਅਨੁਸਾਰ ਨਾਮਜ਼ਦ ਕੀਤੇ ਗਏ ਵਿਅਕਤੀਆਂ ਦੇ ਨਾਮ ਪੂਰੇ 50 ਸਾਲਾਂ ਤੱਕ ਪੂਰੀ ਤਰ੍ਹਾਂ ਗੁਪਤ ਰੱਖੇ ਜਾਂਦੇ ਹਨ ਤਾਂ ਜੋ ਨਿਰਪੱਖਤਾ ਬਣੀ ਰਹੇ।
ਭਾਰਤ ਦੇ ਮਹਾਨ ਸੂਰਮਿਆਂ ਅਤੇ ਚਿੰਤਕਾਂ ਨੇ ਵੀ ਆਪਣੀ ਬੇਮਿਸਾਲ ਪ੍ਰਤਿਭਾ ਨਾਲ ਨੋਬਲ ਪੁਰਸਕਾਰਾਂ ਦੇ ਇਤਿਹਾਸ ਵਿੱਚ ਆਪਣਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾਇਆ ਹੈ। ਸਭ ਤੋਂ ਪਹਿਲਾਂ ਗੁਰੂਦੇਵ ਰਬਿੰਦਰਨਾਥ ਟੈਗੋਰ ਨੇ ਸਾਲ 1913 ਵਿੱਚ ਆਪਣੀ ਅਮਰ ਕਾਵਿ-ਰਚਨਾ ‘ਗੀਤਾਂਜਲੀ’ ਲਈ ਸਾਹਿਤ ਦਾ ਨੋਬਲ ਇਨਾਮ ਜਿੱਤ ਕੇ ਪੂਰੇ ਏਸ਼ੀਆ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ ਸੀ। ਇਸ ਤੋਂ ਬਾਅਦ 1930 ਵਿੱਚ ਸਰ ਸੀ. ਵੀ. ਰਮਨ ਨੂੰ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਪ੍ਰਕਾਸ਼ ਦੇ ਫੈਲਾਅ ਦੀ ਮਹਾਨ ਖੋਜ ਯਾਨੀ ‘ਰਮਨ ਇਫੈਕਟ’ ਲਈ ਇਹ ਸਨਮਾਨ ਮਿਲਿਆ। ਸਮਾਜਿਕ ਸੇਵਾ ਅਤੇ ਅਮਨ-ਚੈਨ ਦੇ ਖੇਤਰ ਵਿੱਚ ਮਦਰ ਟੇਰੇਸਾ ਨੂੰ 1979 ਵਿੱਚ ਨੋਬਲ ਅਮਨ ਪੁਰਸਕਾਰ ਨਾਲ ਨਵਾਜਿਆ ਗਿਆ। ਸਾਲ 1998 ਵਿੱਚ ਡਾ. ਅਮਰਤਿਆ ਸੇਨ ਨੂੰ ਕਲਿਆਣਕਾਰੀ ਅਰਥਸ਼ਾਸਤਰ ਵਿੱਚ ਅਮੁੱਲ ਯੋਗਦਾਨ ਲਈ ਅਰਥਸ਼ਾਸਤਰ ਦਾ ਨੋਬਲ ਇਨਾਮ ਦਿੱਤਾ ਗਿਆ, ਜੋ ਬਾਅਦ ਵਿੱਚ 1968 ਤੋਂ ਸ਼ੁਰੂ ਕੀਤਾ ਗਿਆ ਸੀ। ਬਾਲ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਕਰਨ ਵਾਲੇ ਕੈਲਾਸ਼ ਸਤਿਆਰਥੀ ਨੂੰ ਸਾਲ 2014 ਵਿੱਚ ਨੋਬਲ ਅਮਨ ਪੁਰਸਕਾਰ ਪ੍ਰਾਪਤ ਹੋਇਆ।
ਇਨ੍ਹਾਂ ਤੋਂ ਇਲਾਵਾ ਭਾਰਤੀ ਮੂਲ ਦੇ ਕਈ ਨਾਮਵਰ ਵਿਗਿਆਨੀਆਂ ਨੇ ਵੀ ਵਿਸ਼ਵ ਪੱਧਰ ਉੱਤੇ ਨੋਬਲ ਇਨਾਮ ਹਾਸਲ ਕੀਤੇ ਹਨ ਜਿਨ੍ਹਾਂ ਵਿੱਚ ਹਰਗੋਬਿੰਦ ਖੁਰਾਨਾ ਨੂੰ 1968 ਵਿੱਚ ਡਾਕਟਰੀ ਵਿਗਿਆਨ ਵਿੱਚ ਜੈਨੇਟਿਕ ਕੋਡ ਦੀ ਖੋਜ ਲਈ, ਸੁਬ੍ਰਹਮਣਯਮ ਚੰਦਰਸ਼ੇਖਰ ਨੂੰ 1983 ਵਿੱਚ ਭੌਤਿਕ ਵਿਗਿਆਨ ਵਿੱਚ ਤਾਰਿਆਂ ਦੀ ਬਣਤਰ ਲਈ, ਵੈਂਕਟਰਾਮਨ ਰਾਮਕ੍ਰਿਸ਼ਨਨ ਨੂੰ 2009 ਵਿੱਚ ਰਸਾਇਣ ਵਿਗਿਆਨ ਵਿੱਚ ਰਾਇਬੋਸੋਮ ਦੀ ਬਣਤਰ ਲਈ ਅਤੇ ਅਭਿਜੀਤ ਬੈਨਰਜੀ ਨੂੰ 2019 ਵਿੱਚ ਅਰਥਸ਼ਾਸਤਰ ਦੇ ਖੇਤਰ ਵਿੱਚ ਵਿਸ਼ਵ ਗਰੀਬੀ ਘਟਾਉਣ ਦੇ ਸ਼ਲਾਘਾਯੋਗ ਯਤਨਾਂ ਲਈ ਨੋਬਲ ਇਨਾਮ ਮਿਲਿਆ। ਅਲਫ਼ਰੈਡ ਨੋਬਲ ਦੀ ਇਹ ਮਹਾਨ ਸੋਚ ਅਤੇ ਇਨ੍ਹਾਂ ਭਾਰਤੀ ਰਤਨਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਸਾਨੂੰ ਹਮੇਸ਼ਾ ਇਹ ਸਿਖਾਉਂਦੀਆਂ ਹਨ ਕਿ ਅਸਲ ਅਮੀਰੀ ਅਤੇ ਸਫਲਤਾ ਦੌਲਤ ਇਕੱਠੀ ਕਰਨ ਵਿੱਚ ਨਹੀਂ, ਸਗੋਂ ਮਾਨਵਤਾ ਦੇ ਭਲੇ ਅਤੇ ਗਿਆਨ ਦੀ ਵੰਡ ਵਿੱਚ ਹੀ ਵੱਸੀ ਹੁੰਦੀ ਹੈ।
Share this content:



Post Comment