Loading Now

ਬੁੱਧ ਬਾਣ/ਜਦੋਂ ਨਾਗ ਨੇ ਨਾਗਣੀ ਡੱਸੀ/ਬੁੱਧ ਸਿੰਘ ਨੀਲੋਂ

ਬੁੱਧ ਬਾਣ/ਜਦੋਂ ਨਾਗ ਨੇ ਨਾਗਣੀ ਡੱਸੀ/ਬੁੱਧ ਸਿੰਘ ਨੀਲੋਂ

ਕਹਿੰਦੇ ਨੇ ਜਦੋਂ ਸੱਪਾਂ ਦੀ ਬਿਰਮੀ ਵਿੱਚ ਸੱਪ ਹੀ ਸੱਪ ਵੱਸਣ ਲੱਗ ਪੈਣ, ਤਾਂ ਫਿਰ ਬੀਨ ਦੀ ਇੱਕ ਤਾਨ ਵੀ ਕਈ ਰਾਜ਼ਾਂ ਦੀਆਂ ਖੁੱਡਾਂ ਖੋਲ੍ਹ ਦਿੰਦੀ ਹੈ। ਲਾਲ-ਮੂੰਹੇ ਸੱਪਾਂ ਨੇ ਜਦੋਂ ਮਿੱਟੀ-ਖਾਣੇ ਸੱਪਾਂ ਨਾਲ ਲੈਣ-ਦੇਣ ਕਰਕੇ ਸਮਝੌਤਾ ਕੀਤਾ ਤਾਂ ਬਿਰਮੀ ਉੱਤੇ ਉਨ੍ਹਾਂ ਦਾ ਕਬਜ਼ਾ ਹੋ ਗਿਆ। ਦੋ ਏਕੜ ਜ਼ਮੀਨ ਉੱਤੇ ਬਣੀ ਇਸ ਬਿਰਮੀ ਉੱਤੇ ਕਈ ਸਾਲਾਂ ਤੋਂ ਕਿਸੇ ਅਜਗਰ ਦੀ ਵੀ ਨਿਗਾਹ ਦੱਸੀ ਜਾਂਦੀ ਹੈ। ਕੁਝ ਸਾਲ ਪਹਿਲਾਂ ਬਿਰਮੀ ਦੇ ਇੱਕ ਹਿੱਸੇ ਉੱਤੇ ਉਸ ਦਾ ਕਬਜ਼ਾ ਕਰਵਾਉਣ ਲਈ ਅੰਦਰੋਂ-ਅੰਦਰੀਂ ਗਤੀਵਿਧੀਆਂ ਹੋਈਆਂ। ਬਹਾਨਾ ਬਣਾਇਆ ਗਿਆ—ਲਾਇਬ੍ਰੇਰੀ ਨੂੰ ਡਿਜੀਟਲ ਕਰਕੇ ਇੰਟਰਨੈੱਟ ਉੱਤੇ ਚੜ੍ਹਾਉਣਾ ਹੈ।

ਪਰ ਸਵਾਲ ਇਹ ਹੈ ਕਿ ਜੇ ਮਨੋਰਥ ਸਿਰਫ਼ ਡਿਜੀਟਲ ਕਰਨਾ ਸੀ ਤਾਂ ਫਿਰ ਉਸ ਥਾਂ ਦੀ ਜ਼ਮੀਨ ਅਤੇ ਇਮਾਰਤ ਉੱਤੇ ਨਿਗਾਹ ਕਿਉਂ? ਕਿਉਂਕਿ ਬਿਰਮੀ ਵਿੱਚ ਪੁਰਾਤਨ ਇਤਿਹਾਸ ਦੀਆਂ ਹੱਥ-ਲਿਖਤਾਂ, ਪੱਥਰ-ਛਾਪੇ ਅਤੇ ਦੁਰਲੱਭ ਪੁਸਤਕਾਂ ਪਈਆਂ ਹਨ। ਇਨ੍ਹਾਂ ਦੀ ਸਾਂਭ-ਸੰਭਾਲ ਸਿਰਫ਼ ਕਿਸੇ ਸੰਸਥਾ ਦੀ ਜਾਇਦਾਦ ਨਹੀਂ, ਸਗੋਂ ਪੰਜਾਬ ਦੀ ਸਾਂਝੀ ਵਿਰਾਸਤ ਹੈ। “ਲੱਡੂ ਖਾ ਕੇ ਚੁਬਾਰੇ ਵਿੱਚੋਂ ਨਿਕਲੀ, ਕੀੜੀਆਂ ਨੇ ਪੈੜ ਕੱਢ ਲਈ। ਗੱਲ ਜਦੋਂ ਇਲਤੀ ਸਪੇਰੇ ਤੱਕ ਪੁੱਜੀ ਤਾਂ ਉਹ ਬਗਲੀ ਚੁੱਕ ਕੇ ਬਿਰਮੀ ਕੋਲ ਆ ਗਿਆ। ਬੌਝੇ ਵਿੱਚੋਂ ਬੀਨ ਕੱਢੀ ਤੇ ਵਜਾਉਣ ਲੱਗ ਪਿਆ। ਬੀਨ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ।
ਹੁਣ ਬਿਰਮੀ ਦੇ ਸੱਪਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਇੱਕ ਦੂਜੇ ਨੂੰ ਪੁੱਛਣ ਲੱਗੇ—
“ਇਲਤੀ ਸਪੇਰੇ ਨੂੰ ਦੱਸਿਆ ਕਿਸ ਨੇ?”
ਜਦੋਂ ਰਾਜ਼ ਬਾਹਰ ਆਉਣ ਦਾ ਡਰ ਪੈਦਾ ਹੋਵੇ ਤਾਂ ਸੱਪ ਅਕਸਰ ਸਪੇਰੇ ਤੋਂ ਪਹਿਲਾਂ ਇੱਕ-ਦੂਜੇ ਨੂੰ ਡੱਸਣ ਲੱਗ ਪੈਂਦੇ ਹਨ।
ਕੁਝ ਨਾਗ ਆਪਣੀਆਂ ਖੁੱਡਾਂ ਵਿੱਚੋਂ ਬਾਹਰ ਆਏ। ਗੱਲ ਨੂੰ ਠੱਪ ਕਰਨ ਦੀ ਕੋਸ਼ਿਸ਼ ਹੋਈ। ਮਣੀ ਵਾਲਾ ਸੱਪ ਸਫ਼ਾਈਆਂ ਦੇਣ ਲੱਗਾ। ਬਿਰਮੀ ਅੰਦਰ ਛੋਟੀਆਂ-ਵੱਡੀਆਂ ਬਿਰਮੀਆਂ ਵਿੱਚ ਮੀਟਿੰਗਾਂ ਹੁੰਦੀਆਂ ਰਹੀਆਂ ਅਤੇ ਲਾਲ-ਮੂੰਹੇ ਸੱਪਾਂ ਵੱਲੋਂ ਨਕਦ ਰਾਸ਼ੀ ਕਬੂਲ ਕਰਨ ਦੀਆਂ ਗੱਲਾਂ ਵੀ ਚੱਲਦੀਆਂ ਰਹੀਆਂ।
ਫਿਰ ਇੱਕ ਦਿਨ ਸੱਪਾਂ ਤੇ ਨਾਗਣੀਆਂ ਦਾ ਮੇਲਾ ਲੱਗਿਆ।
ਉੱਥੇ ਇੱਕ ਲਾਲ-ਮੂੰਹੇ ਨਾਗ ਨੇ ਆਪਣੀ ਹੀ ਬਿਰਮੀ ਕਮੇਟੀ ਦੀ ਮੈਂਬਰ ਨਾਗਣੀ ਨੂੰ ਅਜਿਹਾ ਡੰਗ ਮਾਰਿਆ ਕਿ ਉਹ ਬੇਹੋਸ਼ ਹੋ ਗਈ।
ਹੁਣ ਗੱਲ ਬਿਰਮੀ ਦੀਆਂ ਕੰਧਾਂ ਤੋਂ ਬਾਹਰ ਆ ਗਈ।
ਨਾਗਣੀ ਹੋਸ਼ ਵਿੱਚ ਆਈ ਤਾਂ ਉਸ ਨੇ ਅਸਮਾਨ ਸਿਰ ’ਤੇ ਚੁੱਕ ਲਿਆ। ਤਾਅਨੇ-ਮਿਹਣੇ ਹੋਏ। ਕਿਸੇ ਨੇ ਸਲਾਹ ਦਿੱਤੀ—
“ਗੱਲ ਮੂੰਹੋਂ ਨਹੀਂ, ਲਿਖਤੀ ਕਰ ਦਿਓ।”
ਨਾਗਣੀ ਨੇ ਲਿਖਤੀ ਸ਼ਿਕਾਇਤ ਕਰ ਦਿੱਤੀ।
ਰੁਕਾ ਮੁੱਖ ਦਫ਼ਤਰ ਪੁੱਜਿਆ ਤਾਂ ਬਿਰਮੀ ਵਿੱਚ ਚੁੱਪ ਛਾ ਗਈ। ਗੱਲ ਨੂੰ ਦੋ-ਚਾਰ ਹੋਰ ਨਾਗਣੀਆਂ ਰਾਹੀਂ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਹੋਈ, ਪਰ ਨਾਗਣੀ ਅੜੀ ਰਹੀ।
ਅਖ਼ੀਰ ਲਾਲ-ਮੂੰਹੇ ਨਾਗਾਂ ਦੀ ਮੀਟਿੰਗ ਹੋਈ।
ਅਤੇ ਜਿਸ ਨਾਗ ਨੇ ਡੰਗ ਮਾਰਿਆ ਸੀ, ਉਸ ਨੇ ਲਿਖਤੀ ਮੁਆਫ਼ੀ ਮੰਗ ਲਈ।
ਪਰ ਕਹਾਣੀ ਇੱਥੇ ਖ਼ਤਮ ਨਹੀਂ ਹੋਈ।
ਇਹ ਪਤਾ ਲਗਾਉਣ ਲਈ ਕਿ ਮੁਆਫ਼ੀ ਦਾ ਰਿਕਾਰਡ ਬਿਰਮੀ ਦੀਆਂ ਫਾਈਲਾਂ ਵਿੱਚ ਹੈ ਜਾਂ ਨਹੀਂ, ਵਕੀਲ ਸਪੇਰਾ ਡੀਸੀ ਦਫ਼ਤਰ ਦੀ ਖਿੜਕੀ ਤੱਕ ਪੁੱਜ ਗਿਆ। ਉਸ ਨੇ ਪਿਛਲੇ ਦਸ ਸਾਲ ਦੇ ਕੰਮਕਾਜ ਦਾ ਰਿਕਾਰਡ ਮੰਗ ਲਿਆ।
ਹੁਣ ਬਿਰਮੀ ਦੀ ਹਾਲਤ ਅਜਿਹੀ ਹੈ ਜਿਵੇਂ ਕਿਸੇ ਨੇ ਖੁੱਡਾਂ ਵਿੱਚ ਗੰਧਕ ਦਾ ਧੂੜਾ ਛਿੜਕ ਦਿੱਤਾ ਹੋਵੇ।
ਜਿਹੜੇ ਨਾਗ ਕੱਲ੍ਹ ਤੱਕ “ਨਵਾਂ ਸੂਰਜ ਚਾੜ੍ਹਨ” ਦੀਆਂ ਟਾਹਰਾਂ ਮਾਰਦੇ ਸਨ, ਹੁਣ ਸ਼ਾਇਦ ਉਨ੍ਹਾਂ ਨੂੰ ਹੀ ਪਤਾ ਲੱਗੇਗਾ ਕਿ ਪੁਰਾਣੇ ਹਨੇਰੇ ਵਿੱਚ ਉਨ੍ਹਾਂ ਨੇ ਕਿਹੜੇ-ਕਿਹੜੇ ਚੰਦ ਚਾੜ੍ਹੇ ਹਨ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਨਾਗ ਦੇ ਡੰਗ ਨੇ ਦੂਜੇ ਪਾਸੇ ਪਈਆਂ ਕਈ ਖੁੱਡਾਂ ਦੀ ਪੈੜ ਕੱਢ ਦਿੱਤੀ ਹੈ।
ਹੁਣ ਬੀਨ ਕਿਸੇ ਇੱਕ ਨਾਗ ਲਈ ਨਹੀਂ ਵੱਜ ਰਹੀ।
ਬੀਨ ਰਿਕਾਰਡ ਲਈ ਵੱਜ ਰਹੀ ਹੈ।
ਬੀਨ ਜਵਾਬਦੇਹੀ ਲਈ ਵੱਜ ਰਹੀ ਹੈ।
ਬੀਨ ਉਸ ਵਿਰਾਸਤ ਲਈ ਵੱਜ ਰਹੀ ਹੈ, ਜਿਸ ਨੂੰ ਕਿਸੇ ਨਾਗ ਦੀ ਨਿੱਜੀ ਜਾਇਦਾਦ ਨਹੀਂ ਬਣਨ ਦਿੱਤਾ ਜਾ ਸਕਦਾ।
ਤੇ ਨਾਗਣੀ?
ਉਹ ਹੁਣ ਖੁਸ਼ ਹੈ।
ਕਿਉਂਕਿ ਕਈ ਵਾਰ ਇੱਕ ਡੰਗ ਹੀ ਉਹ ਦਰਵਾਜ਼ਾ ਖੋਲ੍ਹ ਦਿੰਦਾ ਹੈ, ਜਿਸ ਦੇ ਪਿੱਛੇ ਸਾਲਾਂ ਤੋਂ ਬੰਦ ਪਈਆਂ ਫਾਈਲਾਂ ਸਾਹ ਲੈਣ ਦੀ ਉਡੀਕ ਕਰ ਰਹੀਆਂ ਹੁੰਦੀਆਂ ਹਨ।
Budh-singh-nelon ਬੁੱਧ ਬਾਣ/ਜਦੋਂ ਨਾਗ ਨੇ ਨਾਗਣੀ ਡੱਸੀ/ਬੁੱਧ ਸਿੰਘ ਨੀਲੋਂ
ਬੁੱਧ ਸਿੰਘ ਨੀਲੋਂ
9464370823

Share this content:

Post Comment