Loading Now

ਬੁੱਧ ਬਾਣ/ਚਾਪਲੂਸੀ ਦੀ ਫ਼ਸਲ/ਬੁੱਧ ਸਿੰਘ ਨੀਲੋਂ

ਬੁੱਧ ਬਾਣ/ਚਾਪਲੂਸੀ ਦੀ ਫ਼ਸਲ/ਬੁੱਧ ਸਿੰਘ ਨੀਲੋਂ

ਚੌਰਾਹੇ ਵਿੱਚ ਤਾਇਆ ਬਿਸ਼ਨਾ ਖੜ੍ਹਾ ਸੀ। ਮੈਂ ਪੁੱਛਿਆ,
“ਤਾਇਆ, ਸੁਣਿਆ ਇੱਕ ਲੇਖਕ ਨੂੰ ਵੱਡਾ ਖਿਤਾਬ ਮਿਲਿਆ ਏ?”
ਤਾਇਆ ਮੁੱਛਾਂ ਨੂੰ ਹੱਥ ਫੇਰਦਾ ਕਹਿੰਦਾ,
“ਖਿਤਾਬ ਤਾਂ ਮਿਲਣਾ ਹੀ ਸੀ ਪੁੱਤ! ਬੰਦੇ ਨੇ ਫ਼ਸਲ ਹੀ ਉਹੀ ਬੀਜੀ ਸੀ।”
ਮੈਂ ਕਿਹਾ, “ਕਿਹੜੀ ਫ਼ਸਲ?”
ਤਾਇਆ ਹੱਸ ਪਿਆ।
“ਵੇਖ ਪੁੱਤ, ਕੋਈ ਕਣਕ ਬੀਜਦਾ, ਕੋਈ ਕਪਾਹ। ਕੋਈ ਵਿਚਾਰ ਬੀਜਦਾ, ਕੋਈ ਸਵਾਲ ਬੀਜਦਾ। ਪਰ ਜਿਹੜਾ ਸਾਰੀ ਉਮਰ ਚਾਪਲੂਸੀ ਬੀਜਦਾ ਰਹੇ, ਉਹਨੂੰ ਵੱਢਣ ਵੇਲੇ ਇਨਾਮ, ਸਨਮਾਨ ਤੇ ਫ਼ੈਲੋਸ਼ਿਪਾਂ ਹੀ ਮਿਲਦੀਆਂ ਨੇ।”
ਮੈਂ ਕਿਹਾ, “ਤਾਇਆ, ਫਿਰ ਲਿਖਤ ਦਾ ਕੀ ਬਣਿਆ?”
ਤਾਇਆ ਲਾਠੀ ਧਰਤੀ ‘ਤੇ ਮਾਰ ਕੇ ਕਹਿੰਦਾ,
“ਲਿਖਤ? ਉਹ ਤਾਂ ਕਦੋਂ ਦੀ ਮਰ ਗਈ। ਜਿੱਥੇ ਕਲਮ ਸੱਚ ਨਾਲੋਂ ਚਿਹਰੇ ਪਛਾਣਨ ਲੱਗ ਪਵੇ, ਉੱਥੇ ਸਾਹਿਤ ਨਹੀਂ, ਦਰਬਾਰੀ ਹਾਜ਼ਰੀ ਲੱਗਦੀ ਏ।”
ਚੌਰਾਹੇ ਵਾਲੇ ਸੁਣ ਰਹੇ ਸਨ।
ਤਾਇਆ ਫਿਰ ਬੋਲਿਆ,
“ਪਹਿਲਾਂ ਮਰਾਸੀ ਰਾਜਿਆਂ ਦੇ ਦਰਬਾਰਾਂ ਵਿੱਚ ਖੜ੍ਹ ਕੇ ਜੈ-ਜੈਕਾਰ ਕਰਦੇ ਸਨ। ਹੁਣ ਕੁਝ ਲੋਕ ਕਲਮ ਨਾਲ ਉਹੀ ਕੰਮ ਕਰਦੇ ਨੇ। ਫ਼ਰਕ ਸਿਰਫ਼ ਇਹਨਾ ਏ ਕਿ ਪਹਿਲਾਂ ਢੋਲ ਵੱਜਦਾ ਸੀ, ਹੁਣ ਫੇਸਬੁੱਕ ਵੱਜਦਾ ਏ।”
ਮੈਂ ਪੁੱਛਿਆ,
“ਤਾਇਆ, ਫਿਰ ਲੋਕ ਤਾੜੀਆਂ ਕਿਉਂ ਮਾਰਦੇ ਨੇ?”
ਤਾਇਆ ਕਹਿੰਦਾ,
“ਪੁੱਤ, ਭੀੜ ਨੂੰ ਸੱਚ ਨਹੀਂ, ਤਮਾਸ਼ਾ ਚਾਹੀਦਾ। ਸੱਚ ਕੌੜਾ ਹੁੰਦਾ ਏ, ਚਾਪਲੂਸੀ ਮਿੱਠੀ। ਤੇ ਲੋਕਾਂ ਨੂੰ ਮਿੱਠਾ ਜ਼ਹਿਰ ਹਮੇਸ਼ਾ ਪਸੰਦ ਆਉਂਦਾ ਏ।”
ਤਾਇਆ ਤੁਰਨ ਲੱਗਾ ਤਾਂ ਪਿੱਛੇ ਮੁੜ ਕੇ ਕਹਿੰਦਾ ਗਿਆ।
“ਜਦੋਂ ਕਲਮ ਦੀ ਸਿਆਹੀ ਜ਼ਮੀਰ ਦੀ ਥਾਂ ਅਹੁਦਿਆਂ ਦੀ ਦਵਾਤ ਵਿੱਚੋਂ ਭਰਨ ਲੱਗ ਪਵੇ, ਤਾਂ ਲੇਖਕ ਨਹੀਂ ਵੱਡਾ ਹੁੰਦਾ, ਚਾਪਲੂਸੀ ਦਾ ਧੰਦਾ ਵੱਡਾ ਹੋ ਜਾਂਦਾ ਏ।”
ਤਾਇਆ ਜਦੋਂ ਮੈਨੂੰ ਚਾਪਲੂਸੀ ਕਰਨ ਦਾ ਖਿਤਾਬ ਮਿਲਿਆ!
ਮੈਂ ਬੜਾ ਖੁਸ਼ ਸੀ। ਆਖ਼ਰਕਾਰ ਮੇਰੀ ਮਿਹਨਤ ਰੰਗ ਲਿਆਈ ਸੀ। ਸਾਰੀ ਉਮਰ ਮੈਂ ਕਣਕ ਨਹੀਂ ਬੀਜੀ, ਚਾਪਲੂਸੀ ਬੀਜੀ ਸੀ। ਮੈਂ ਕਿਤਾਬਾਂ ਨਾਲੋਂ ਚਿਹਰੇ ਵੱਧ ਪੜ੍ਹੇ ਸਨ। ਵਿਚਾਰਾਂ ਨਾਲੋਂ ਵਿਅਕਤੀਆਂ ਨੂੰ ਵੱਧ ਸਮਝਿਆ ਸੀ। ਜਿੱਥੇ ਲੋਕ ਸਾਹਿਤ ਲੱਭਦੇ ਰਹੇ, ਮੈਂ ਉੱਥੇ ਮੌਕੇ ਲੱਭਦਾ ਰਿਹਾ।
ਮੈਂ ਕਦੇ ਕਿਸੇ ਵੱਡੇ ਬੰਦੇ ਦੀ ਆਲੋਚਨਾ ਨਹੀਂ ਕੀਤੀ। ਆਖ਼ਰ ਬੰਦਾ ਆਪਣੇ ਪੈਰਾਂ ‘ਤੇ ਕੁਹਾੜਾ ਕਿਉਂ ਮਾਰੇ? ਮੈਂ ਹਮੇਸ਼ਾ ਇਹ ਧਿਆਨ ਰੱਖਿਆ ਕਿ ਜਿਸ ਦੇ ਹੱਥ ਵਿੱਚ ਕਲਮ ਤੋਂ ਵੱਡੀ ਕੁਰਸੀ ਹੋਵੇ, ਉਸ ਨਾਲ ਕਦੇ ਵੈਰ ਨਾ ਪਾਇਆ ਜਾਵੇ। ਕੁਰਸੀਆਂ ਬਦਲਦੀਆਂ ਰਹੀਆਂ, ਮੈਂ ਵੀ ਆਪਣੇ ਵਿਚਾਰਾਂ ਵਾਂਗ ਪਾਸੇ ਬਦਲਦਾ ਰਿਹਾ।
ਲੋਕ ਮੈਨੂੰ ਮੌਕਾਪ੍ਰਸਤ ਕਹਿੰਦੇ ਰਹੇ, ਮੈਂ ਇਸ ਨੂੰ ਵਿਹਾਰਕ ਸਿਆਣਪ ਦਾ ਨਾਮ ਦੇ ਦਿੱਤਾ।
ਜਦੋਂ ਕਿਸੇ ਅਫ਼ਸਰ ਦਾ ਸੂਰਜ ਚੜ੍ਹਦਾ, ਮੈਂ ਉਸ ਦੀ ਰੌਸ਼ਨੀ ਬਾਰੇ ਲਿਖ ਦਿੰਦਾ। ਜਦੋਂ ਕੋਈ ਨੇਤਾ ਚੜ੍ਹਦਾ, ਮੈਂ ਉਸ ਨੂੰ ਇਤਿਹਾਸ ਦਾ ਮੋੜ ਸਾਬਤ ਕਰ ਦਿੰਦਾ। ਜਦੋਂ ਕੋਈ ਸੰਸਥਾ ਇਨਾਮ ਵੰਡਦੀ, ਮੈਂ ਉਸ ਦੀ ਨਿਰਪੱਖਤਾ ਦੇ ਸੋਹਲੇ ਗਾ ਦਿੰਦਾ। ਮੈਨੂੰ ਹਰ ਮੌਸਮ ਵਿੱਚ ਹਰਿਆ ਰਹਿਣ ਦੀ ਕਲਾ ਆਉਂਦੀ ਸੀ।
ਸੱਚ ਪੁੱਛੋ ਤਾਂ ਮੈਨੂੰ ਸਾਹਿਤ ਨਾਲੋਂ ਸਾਹਿਤ ਦੇ ਦਰਬਾਰਾਂ ਦੀ ਵੱਧ ਸਮਝ ਸੀ।
ਫਿਰ ਇੱਕ ਦਿਨ ਮੈਨੂੰ ਵੱਡਾ ਸਨਮਾਨ ਮਿਲ ਗਿਆ।
ਵਧਾਈਆਂ ਦੀ ਬਾਰਿਸ਼ ਹੋਣ ਲੱਗ ਪਈ। ਕੁਝ ਲੋਕਾਂ ਨੇ ਮੇਰੀ ਪ੍ਰਤਿਭਾ ਦੇ ਪੁਲ ਬੰਨ੍ਹ ਦਿੱਤੇ। ਕੁਝ ਨੇ ਮੇਰੀ ਮਿਹਨਤ ਦੇ ਕਿੱਸੇ ਸੁਣਾਉਣੇ ਸ਼ੁਰੂ ਕਰ ਦਿੱਤੇ। ਮੈਂ ਚੁੱਪਚਾਪ ਮੁਸਕਰਾਉਂਦਾ ਰਿਹਾ। ਕਿਉਂਕਿ ਮੈਨੂੰ ਪਤਾ ਸੀ ਕਿ ਇਹ ਸਨਮਾਨ ਮੇਰੀ ਕਲਮ ਨੂੰ ਨਹੀਂ ਮਿਲਿਆ, ਮੇਰੀ ਕਲਾ ਨੂੰ ਮਿਲਿਆ ਹੈ।
ਤੇ ਮੇਰੀ ਸਭ ਤੋਂ ਵੱਡੀ ਕਲਾ ਲਿਖਣਾ ਨਹੀਂ ਸੀ।
ਮੇਰੀ ਸਭ ਤੋਂ ਵੱਡੀ ਕਲਾ ਇਹ ਸੀ ਕਿ ਮੈਂ ਹਰ ਯੁੱਗ ਦੇ ਪ੍ਰਭਾਵਸ਼ਾਲੀ ਲੋਕਾਂ ਨੂੰ ਇਹ ਯਕੀਨ ਦਿਵਾ ਦਿੰਦਾ ਸੀ ਕਿ ਉਨ੍ਹਾਂ ਵਰਗਾ ਮਹਾਨ ਮਨੁੱਖ ਧਰਤੀ ਉੱਤੇ ਦੂਜਾ ਨਹੀਂ।
ਹੁਣ ਮੈਂ ਸੋਚਦਾ ਹਾਂ ਕਿ ਲੋਕ ਮੈਨੂੰ ਚਾਪਲੂਸ ਕਹਿ ਕੇ ਗ਼ਲਤ ਨਹੀਂ ਸਨ। ਗ਼ਲਤੀ ਤਾਂ ਮੇਰੀ ਵੀ ਨਹੀਂ ਸੀ। ਮੈਂ ਤਾਂ ਉਹੀ ਵੇਚਿਆ ਜਿਸ ਦੀ ਮੰਡੀ ਵਿੱਚ ਮੰਗ ਸੀ।
ਕਿਉਂਕਿ ਸਾਡੇ ਸਮੇਂ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਨਹੀਂ ਕਿ ਚਾਪਲੂਸ ਬਹੁਤ ਹਨ।
ਤ੍ਰਾਸਦੀ ਇਹ ਹੈ ਕਿ ਚਾਪਲੂਸੀ ਦੀ ਮੰਡੀ ਪਹਿਲਾਂ ਨਾਲੋਂ ਕਿਤੇ ਵੱਧ ਗਰਮ ਹੈ।
ਅੱਜ ਸੱਚ ਬੋਲਣ ਵਾਲਾ ਬੰਦਾ ਸਬੂਤ ਦਿੰਦਾ ਫਿਰਦਾ ਹੈ, ਤੇ ਸਿਫ਼ਤਾਂ ਕਰਨ ਵਾਲਾ ਸਨਮਾਨ ਲੈਂਦਾ ਫਿਰਦਾ ਹੈ। ਜ਼ਮੀਰ ਵਾਲਾ ਇਕੱਲਾ ਖੜ੍ਹਾ ਰਹਿ ਜਾਂਦਾ ਹੈ ਤੇ ਦਰਬਾਰੀ ਭੀੜ ਵਿੱਚ ਚਮਕਦਾ ਹੈ।
ਇਸ ਲਈ ਮੈਂ ਆਪਣੇ ਖਿਤਾਬ ਉੱਤੇ ਮਾਣ ਕਰਦਾ ਹਾਂ।
ਆਖ਼ਰਕਾਰ ਮੈਂ ਉਸ ਸਮਾਜ ਦਾ ਸਫ਼ਲ ਆਦਮੀ ਹਾਂ ਜਿਸ ਵਿੱਚ ਵਿਚਾਰਾਂ ਨਾਲੋਂ ਵਡਿਆਈ ਦੀ ਕੀਮਤ ਵੱਧ ਹੈ।
“ਚਾਪਲੂਸ ਕਦੇ ਵੀ ਇਕੱਲਾ ਪੈਦਾ ਨਹੀਂ ਹੁੰਦਾ। ਉਸ ਨੂੰ ਸਮਾਜ ਪਾਲਦਾ ਹੈ, ਸੰਸਥਾਵਾਂ ਵੱਡਾ ਕਰਦੀਆਂ ਹਨ ਤੇ ਸਨਮਾਨ ਉਸ ਨੂੰ ਇਹ ਭਰਮ ਦੇ ਦਿੰਦੇ ਹਨ ਕਿ ਉਹ ਸੱਚਮੁੱਚ ਮਹਾਨ ਹੈ।”
Budh-singh-nelon ਬੁੱਧ ਬਾਣ/ਚਾਪਲੂਸੀ ਦੀ ਫ਼ਸਲ/ਬੁੱਧ ਸਿੰਘ ਨੀਲੋਂ
ਬੁੱਧ ਸਿੰਘ ਨੀਲੋਂ
9464370823

Share this content:

Post Comment