Loading Now

ਪਾਕਿਸਤਾਨ ਬਾਰੇ ਭਾਰਤ ਦੀ ਧਾਰਨਾ

ਪਾਕਿਸਤਾਨ ਬਾਰੇ ਭਾਰਤ ਦੀ ਧਾਰਨਾ

ਉਨ੍ਹਾਂ ਪੁਰਾਣੇ ਤੇ ਬੁਰੇ ਦਿਨਾਂ ’ਚ ਜਦੋਂ ਭਾਰਤੀਆਂ ਅਤੇ ਆਮ ਪਾਕਿਸਤਾਨੀ ਨਾਗਰਿਕਾਂ ਨੂੰ ਲਾਹੌਰ ਵਿੱਚ ਦੁਪਹਿਰ ਦਾ ਭੋਜਨ ਕਰਨ, ਪਟਿਆਲਾ ਵਿੱਚ ਰਾਤ ਦਾ ਖਾਣਾ ਖਾਣ, ਕਰਾਚੀ ਦੇ ਵਿਆਹ ਸਮਾਗਮਾਂ ਅਤੇ ਕਾਦੀਆਂ ਵਿਖੇ ਅੰਤਿਮ ਰਸਮਾਂ ’ਚ ਸ਼ਾਮਲ ਹੋਣ ਦੀ ਖੁੱਲ੍ਹ ਸੀ, ਉਦੋਂ ਤੁਸੀਂ ਆਈ ਸੀ-814 ਹਵਾਈ ਜਹਾਜ਼ ਨੂੰ ਅਗਵਾ ਕਰਨ ਵਾਲੇ ਜ਼ਰਗਰ ਦੇ ਇਸਲਾਮਾਬਾਦ ਵਿੱਚ ਪਸੰਦੀਦਾ ਬੁੱਕ ਸਟੋਰ ’ਤੇ ਪਾਕਿਸਤਾਨੀਆਂ ਨੂੰ ਪਾਕਿਸਤਾਨ ਅਤੇ ਚੀਨ ਦੇ ਗੂੜ੍ਹੇ ਰਣਨੀਤਕ ਸਬੰਧਾਂ ਬਾਰੇ ਚਰਚਾ ਕਰਦਿਆਂ ਸੁਣਿਆ ਹੋਵੇਗਾ। ਉਹ ਗੱਲਾਂ ਕਰਦੇ ਹੁੰਦੇ ਸਨ ਕਿ ਦੋਵਾਂ ਮੁਲਕਾਂ ਦਰਮਿਆਨ ‘ਸਦਾਬਹਾਰ’ ਰਿਸ਼ਤਾ ਹੈ, ਜੋ ਹਿਮਾਲਿਆ ਦੀਆਂ ਚੋਟੀਆਂ ਨਾਲੋਂ ਉੱਚਾ, ਸਾਗਰਾਂ ਨਾਲੋਂ ਗਹਿਰਾ ਅਤੇ ਮਾਖਿਓਂ ਮਿੱਠਾ ਹੈ। ਹਾਲਾਂਕਿ ਅੱਜ ਸੰਕਟ ’ਚ ਘਿਰੀ ਦੁਨੀਆ ਬਾਰੇ ਆਦਿੱਤਿਆ ਧਰ ਆਪਣੀ ਅਗਲੀ ਫਿਲਮ ‘ਧੁਰੰਦਰ 3’ ਵਿੱਚ ਸੰਵਾਦ ਲਿਖ ਸਕਦਾ ਹੈ ਕਿਉਂਕਿ ਉਹ ਭਾਰਤ ਦੀ ਪਾਕਿਤਸਾਨ ਪ੍ਰਤੀ ਧਾਰਨਾ ਬਾਰੇ ਆਪਣੀ ਸੋਚ ਪ੍ਰਗਟਾਉਂਦਾ ਆ ਰਿਹਾ ਹੈ। ਸੱਚ ਤਾਂ ਇਹ ਹੈ ਕਿ ਵਿਦੇਸ਼ੀ ਮਾਮਲਿਆਂ ਨੂੰ ਲੱਛੇਦਾਰ ਭਾਸ਼ਾ ਨਾਲੋਂ ਆਮ ਲੋਕਾਂ ਦੀ ਗੱਲਬਾਤ ਬਿਹਤਰ ਬਿਆਨ ਕਰਦੀ ਹੈ।

ਅਮਰੀਕਾ ਤੇ ਇਰਾਨ ਦਰਮਿਆਨ 39 ਦਿਨ ਚੱਲੀ ਜੰਗ ਤੋਂ ਬਾਅਦ ਇਸਲਾਮਾਬਾਦ ਦੇ ਸੈਰੇਨਾ ਹੋਟਲ ਵਿੱਚ ਹੋਈ ਦੋਵੇਂ ਧਿਰਾਂ ਦੀ ਆਹਮੋ-ਸਾਹਮਣੀ ਸਿੱਧੀ ਵਾਰਤਾ ਕਿਸੇ ਸਿੱਟੇ ’ਤੇ ਨਹੀਂ ਪੁੱਜ ਸਕੀ। ਇਸ ’ਚ ਤਿੰਨ ਦੇਸ਼ਾਂ ਦੇ ਨੁਮਾਇੰਦੇ ਸ਼ਾਮਲ ਹੋਏ ਜਿਨ੍ਹਾਂ ’ਚ ‘ਸਰਬ-ਸ਼ਕਤੀਮਾਨ’ ਅਮਰੀਕਾ ਵੱਲੋਂ ਉਪ ਰਾਸ਼ਟਰਪਤੀ ਜੇ ਡੀ ਵੈਂਸ, ਤਬਾਹੀ ਝੱਲ ਰਹੇ ਪਰ ਈਨ ਨਾ ਮੰਨਣ ਵਾਲੇ ਇਰਾਨ ਵੱਲੋਂ ਸਪੀਕਰ ਮੁਹੰਮਦ ਬਾਗ਼ੇਰ ਗ਼ਾਲਿਬਾਫ਼, (ਇਰਾਨ ਦੇ ਜ਼ਿਆਦਾਤਰ ਆਗੂ ਜਾਂ ਤਾਂ ਅਲੀ ਲਾਰੀਜਾਨੀ ਵਾਂਗ ਮਾਰੇ ਜਾ ਚੁੱਕੇ ਹਨ ਜਾਂ ਸੁਪਰੀਮ ਲੀਡਰ ਮੁਜਤਬਾ ਖਮੇਨੇਈ ਵਾਂਗ ਜ਼ਖ਼ਮੀ ਹਨ) ਅਤੇ ਪ੍ਰਤੱਖ ਤੌਰ ’ਤੇ ਮੇਜ਼ਬਾਨ ਪਾਕਿਸਤਾਨ ਵੱਲੋਂ ਟਰੰਪ ਦੀਆਂ ‘ਅੱਖਾਂ ਦੇ ਤਾਰੇ’ ਫੀਲਡ ਮਾਰਸ਼ਲ ਆਸਿਮ ਮੁਨੀਰ ਸ਼ਾਮਲ ਸਨ। ਪਰਦੇ ਪਿੱਛੇ ਕੁਝ ਹੋਰ ਮੁਲਕ ਵੀ ਹਨ ਜਿਨ੍ਹਾਂ ਨੇ ਇਸ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਫਿਲਹਾਲ ਸਿੱਧੀ ਵਾਰਤਾ ਆਮ ਮੁੱਦਿਆਂ ਤੋਂ ਅੱਗੇ ਵਧ ਚੁੱਕੀ ਹੈ ਪਰ ਪਹਿਲੇ ਗੇੜ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ।

ਚੀਨ, ਰੂਸ, ਇਜ਼ਰਾਈਲ, ਲੈਬਨਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ, ਪਿਆਰੇ ਪਾਠਕੋ, ਇਨ੍ਹਾਂ ਨਾਵਾਂ ’ਤੇ ਜ਼ਰਾ ਗੌਰ ਫ਼ਰਮਾਓ ਅਤੇ ਦੇਖੋ ਕਿ ਆਗਾ ਖ਼ਾਨ ਡਿਵੈਲਪਮੈਂਟ ਨੈੱਟਵਰਕ ਵੱਲੋਂ ਚਲਾਏ ਜਾਂਦੇ ਇੱਕ ਹੋਟਲ ਵਿੱਚ ਵਿਸ਼ਵ ਵਿਵਸਥਾ ਨੂੰ ਕਿਵੇਂ ਹਲੂਣਿਆ ਜਾ ਰਿਹਾ ਹੈ। ਇਤਿਹਾਸ ’ਚ ਰੁਚੀ ਰੱਖਣ ਵਾਲੇ ਪੁਰਾਣੇ ਲੋਕ ਜਾਣਦੇ ਹਨ ਕਿ ਪਹਿਲੇ ਆਗਾ ਖ਼ਾਨ ਭਾਰਤੀ ਹੀ ਸਨ। ਇਸ ਵਾਰਤਾ ਵਿੱਚ ਚੀਨ ਦੇ ਸ਼ਾਮਲ ਨਾ ਹੋਣ ਦਾ ਕਾਰਨ ਇਹ ਹੈ ਕਿ ਉਹ ਪਾਕਿਸਤਾਨ ਦੀ ਪਿੱਠ ’ਤੇ ਖਲੋ ਕੇ ਬਾਹਰੋਂ ਵੱਡੀ ਭੂਮਿਕਾ ਨਿਭਾਅ ਰਿਹਾ ਹੈ। ਚੀਨ ਕਈ ਦਹਾਕਿਆਂ ਤੋਂ ਸਾਲ-ਦਰ-ਸਾਲ ਪਾਕਿਸਤਾਨ ਦੀ ਮਾਲੀ ਮਦਦ ਕਰਦਾ ਆ ਰਿਹਾ ਹੈ। ਚੀਨ ਨੇ ਪਾਕਿਸਤਾਨ ’ਚ ਸੜਕਾਂ ਤੇ ਕੌਮੀ ਸ਼ਾਹ ਰਾਹਾਂ ਦਾ ਜਾਲ ਵਿਛਾਇਆ, ਬੰਦਰਗਾਹਾਂ ਬਣਾਈਆਂ, ਥਲ ਸੈਨਾ, ਹਵਾਈ ਸੈਨਾ, ਮਿਜ਼ਾਈਲਾਂ ਅਤੇ ਪ੍ਰਮਾਣੂ ਪ੍ਰੋਗਰਾਮਾਂ ਵਿੱਚ ਨਿਵੇਸ਼ ਕੀਤਾ ਹੈ। ਇਸਲਾਮਾਬਾਦ ਦੇ ਐੱਫ-6 ਰੈਸਤਰਾਂ ਵਿੱਚ ਕੌਫੀ ਦੀਆਂ ਚੁਸਕੀਆਂ ਲੈਂਦਿਆਂ ਪਾਕਿਸਤਾਨੀ ‘ਗੁਪਤ ਰੂਪ’ ਇਹ ਤਸਲੀਮ ਕਰਨਗੇ ਕਿ ਉਹ ਆਪਣੇ ‘ਸਦਾਬਹਾਰ’ ਦੋਸਤ ਦਾ ਤਾਬੇਦਾਰ ਮੁਲਕ ਹੈ। ਪਰ ਜੇਕਰ ਪਾਕਿਸਤਾਨ ਦੇ ਸਾਰੀਆਂ ਧਿਰਾਂ ਨਾਲ ਪਹਿਲਾਂ ਹੀ ਚੰਗੇ ਸਬੰਧ ਨਾ ਹੁੰਦੇ ਤਾਂ ਚੀਨ ਇਸ ਸ਼ਾਂਤੀ ਵਾਰਤਾ ’ਚ ਮਹੱਤਵਪੂਰਨ ਭੂਮਿਕਾ ਨਹੀਂ ਸੀ ਨਿਭਾਅ ਸਕਦਾ। ਇਸ ਲਈ ਪੱਛਮੀ ਏਸ਼ੀਆ ਦੀ ਜੰਗ ਤੋਂ ਦੋ ਸਪੱਸ਼ਟ ਸਬਕ ਮਿਲਦੇ ਹਨ। ਪਹਿਲਾ, ਨਿਮਰ ਰਹੋ ਅਤੇ ਹੰਕਾਰ ਨਾ ਕਰੋ। (ਡੇਂਗ ਸ਼ਿਆਓਪਿੰਗ ਨੇ ਆਪਣੀ 24 ਅੱਖਰੀ ਨਿਯਮਾਂਵਲੀ ‘ਤਾਓਗੁਆਂਗ ਯਾਂਗੁਹਈ’ ਵਿੱਚ ਇਹ ਗੱਲ ਖੂਬਸੂਰਤੀ ਨਾਲ ਲਿਖੀ ਹੈ, ਜਿਸ ਦਾ ਅਰਥ ਹੈ, ‘ਆਪਣੀ ਤਾਕਤ ਲੁਕਾਓ, ਸਹੀ ਸਮੇਂ ਦਾ ਇੰਤਜ਼ਾਰ ਕਰੋ।) ਨਿਸ਼ਚਤ ਤੌਰ ’ਤੇ ਕਮਜ਼ੋਰ ਮੁਲਕ ਇਰਾਨ ਨੇ ਸਿਰਫ਼ ਅਮਰੀਕਾ ਅਤੇ ਇਜ਼ਰਾਈਲ ਨੂੰ ਹੀ ‘ਨਾਨੀ’ ਚੇਤੇ ਨਹੀਂ ਕਰਵਾਈ, ਸਗੋਂ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਪਾਕਿਸਤਾਨ ਨੂੰ ‘ਦਲਾਲ’ ਕਹਿਣਾ ਵੀ ਦੇਸ਼ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ ਕਿਉਂਕਿ ‘ਦਲਾਲ’ ਮੁਲਕ ਇਸ ਵੇਲੇ ਦਹਾਕਿਆਂ ਦੀ ਸਭ ਤੋਂ ਅਹਿਮ ਵਿਸ਼ਵ-ਵਿਆਪੀ ਵਾਰਤਾ ਦੀ ਸਾਲਸੀ ਕਰ ਰਿਹਾ ਹੈ।

ਮੀਡੀਆ ਦੇ ਮੇਰੇ ਬਹੁਤੇ ਸਹਿਕਰਮੀ ਇਸ ਗੱਲ ਨੂੰ ਲੈ ਕੇ ਉਲਝਣ ਵਿੱਚ ਫਸੇ ਹੋਏ ਹਨ ਕਿ ਅੱਜ ਪਾਕਿਸਤਾਨ ਦੀ ਭੂਮਿਕਾ ਦੀ ਵਿਆਖਿਆ ਕਿਵੇਂ ਕੀਤੀ ਜਾਵੇ: ਕੀ ਉਹ ਇੱਕ ਸ਼ਕਤੀਸ਼ਾਲੀ ਸਾਲਸ ਹੈ, ਅਰਥਹੀਣ ਕਾਸਦ ਹੈ, ਪਰਦੇ ਪਿੱਛੇ ਕੰਮ ਕਰਨ ਵਾਲਾ ਕੋਈ ਮਾੜਚੂ ਜਿਹਾ ਮੁੰਡਾ ਹੈ ਜਾਂ ਫਿਰ ਕਾਲ, ਜੰਗ ਅਤੇ ਅਤਿਵਾਦ ਨਾਲ ਜੂਝਦਾ ਇੱਕ ਕਮਜ਼ੋਰ ਮੁਲਕ ਹੈ? ਇਹ ਸਾਰੇ ਲਕਬ ਉਸ ’ਤੇ ਢੁਕਦੇ ਹੋ ਸਕਦੇ ਹਨ ਜਾਂ ਫਿਰ ਨਹੀਂ ਵੀ । ਭਾਰਤ ਵਿੱਚ ਫਿਲਮ ‘ਧੁਰੰਦਰ 2’ ਨੇ ਬਾਕਸ ਆਫਿਸ ’ਤੇ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਜਦੋਂ ਅਸੀਂ ਪਾਕਿਸਤਾਨ ਨੂੰ ਸ਼ਦੀਦ ਨਫ਼ਰਤ ਕਰਦੇ ਹਾਂ ਤਾਂ ਫਿਰ ਉਸ ਪ੍ਰਤੀ ਇੰਨਾ ਖ਼ਬਤ ਕਿਉਂ ਹੈ?

ਪੱਛਮੀ ਏਸ਼ੀਆ ਜੰਗ ਤੋਂ ਦੂਸਰਾ ਸਬਕ ਇਹ ਮਿਲਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਰਗੇ ਦੂਜੀ ਸ਼੍ਰੇਣੀ ਦੇ ਮੁਲਕ ਕਿਸੇ ਦਾ ਪੱਖ ਨਹੀਂ ਪੂਰ ਸਕਦੇ। ਜਾਪਦਾ ਹੈ ਕਿ ਭਾਰਤ ਨੇ ਪੱਛਮੀ ਏਸ਼ੀਆ ਵਿਚਲੇ ਸੰਕਟ ਤੋਂ ਇਹ ਸਬਕ ਸਿੱਖ ਲਿਆ ਹੈ ਕਿਉਂਕਿ ਸ਼ੁਰੂਆਤ ਵਿੱਚ ਇਜ਼ਰਾਈਲ ਦਾ ਪੱਖ ਪੂਰਨ ਮਗਰੋਂ ਹੁਣ ਇਹ ਸੰਤੁਲਿਤ ਪਹੁੰਚ ਅਪਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਜੱਕੋ-ਤੱਕੀ ਵਿੱਚ ਇਹ ਗੱਲ ਸਮਝ ਨਹੀਂ ਆਉਂਦੀ ਕਿ ਜੈਸ਼ੰਕਰ ਉਸ ਦਿਨ ਯੂ ਏ ਈ ਵਿੱਚ ਕਿਉਂ ਪਹੁੰਚੇ ਹੋਏ ਸਨ, ਜਿਸ ਦਿਨ ਪਾਕਿਸਤਾਨ, ਇਰਾਨ ਤੇ ਅਮਰੀਕਾ ਵਿਚਾਲੇ ਜੰਗਬੰਦੀ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ ਇਸ ਜੰਗ ਦੌਰਾਨ ਯੂ ਏ ਈ, ਇਰਾਨ ਦੇ ਨਿਸ਼ਾਨੇ ’ਤੇ ਰਿਹਾ ਹੈ ਕਿਉਂਕਿ ਇਰਾਨ ਉਸ ਨੂੰ ਅਮਰੀਕਾ ਅਤੇ ਇਜ਼ਰਾਈਲ ਦਾ ਸਹਿਯੋਗੀ ਮੰਨਦਾ ਹੈ। ਭਾਰਤ ਨੇ ਚੀਨ ਦੇ ਮਾਮਲੇ ਵਿੱਚ ਇਹ ਸਬਕ ਬਾਖ਼ੂਬੀ ਸਿੱਖਿਆ ਹੈ। ਭਾਰਤ ਵੀ ਇਸ ਤੱਥ ਨੂੰ ਮੰਨਦਾ ਹੈ ਕਿ ਪਾਕਿਸਤਾਨ ਦੇ ਮੁਕਾਬਲੇ ਚੀਨ ਸਾਡਾ ਕਿਤੇ ਵੱਡਾ ਦੁਸ਼ਮਣ ਹੈ। 1998 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕੌਮੀ ਸੁਰੱਖਿਆ ਸਲਾਹਕਾਰ ਬ੍ਰਿਜੇਸ਼ ਮਿਸ਼ਰਾ ਨੇ ਭਾਰਤ ਵਿੱਚ ਪ੍ਰਮਾਣੂ ਪ੍ਰੋਗਰਾਮ ਦੀ ਸ਼ੁਰੂਆਤ ਦਾ ਕਾਰਨ ਚੀਨ ਹੀ ਦੱਸਿਆ ਸੀ ਅਤੇ 2022 ਵਿੱਚ ਗਲਵਾਨ ਦੀ ਹਾਲੀਆ ਝੜਪ ਦੇ ਬਾਵਜੂਦ, ਜਿਸ ਵਿੱਚ 20 ਸੈਨਿਕ ਸ਼ਹੀਦ ਹੋ ਗਏ ਸਨ, ਇਹ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣ ਗਿਆ ਹੈ।

ਭਾਰਤ ਨੇ ਚੀਨ ਪ੍ਰਤੀ ਆਪਣਾ ਨਾਂਹ-ਪੱਖੀ ਰਵੱਈਆ ਛੱਡ ਕੇ ਸਮੁੱਚੇ ਦ੍ਰਿਸ਼ ਨੂੰ ਸਮਝਣਾ ਸਿੱਖ ਲਿਆ ਹੈ ਕਿਉਂਕਿ ਭਾਰਤ ਨੇ ਇਹ ਮਹਿਸੂਸ ਕਰ ਲਿਆ ਹੈ ਕਿ ਇਸ ਹਾਲਾਤ ਨੂੰ ਹੋਰ ਮੁਲਕ ਸ਼ਾਇਦ ਵੱਖਰੇ ਨਜ਼ਰੀਏ ਨਾਲ ਦੇਖਣ। ਇਸ ਲਈ ਇਸਲਾਮਾਬਾਦ ਵਿੱਚ ਪਾਕਿਸਤਾਨ ਦੀ ਸਾਲਸੀ ਵਾਲੀ ਸ਼ਾਂਤੀ ਵਾਰਤਾ ਇੰਨੀ ਮਹੱਤਵਪੂਰਨ ਜਾਪਦੀ ਹੈ। ਚੀਨ ਇਸ ਵਾਰਤਾ ’ਚ ਪ੍ਰਤੱਖ ਰੂਪ ਵਿੱਚ ਸ਼ਾਮਲ ਨਹੀਂ ਹੈ ਪਰ ਉਹ ਇਸ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਅ ਰਿਹਾ ਹੈ। ਜੇਕਰ ਚੀਨ ਪਰਦੇ ਪਿੱਛੇ ਨਾ ਹੁੰਦਾ ਤਾਂ ਪਾਕਿਸਤਾਨ ਦੀ ਸਾਲਸੀ ਦੀ ਪੇਸ਼ਕਸ਼ ਕਰਨ ਦੀ ਹਿੰਮਤ ਨਹੀਂ ਸੀ ਹੋਣੀ। ਟਰੰਪ ਇਸ ਗੱਲ ਨੂੰ ਸਮਝਦਾ ਹੈ ਅਤੇ ਇਸ ਲਈ ਉਹ ਪਾਕਿਸਤਾਨ ਨੂੰ ਖੁਸ਼ੀ ਨਾਲ ‘ਦਲਾਲ’ ਦਰਸਾਉਣ ਦੀ ਖੁੱਲ੍ਹ ਦੇ ਰਿਹਾ ਹੈ। ਭਾਰਤ ਵੀ ਇਸ ਨੂੰ ਗੱਲ ਨੂੰ ਸਮਝਦਾ ਹੈ। ਪਰ ਵਿਦੇਸ਼ ਮੰਤਰਾਲੇ ਨੇ ਖ਼ੁਦ ਨੂੰ ਇਸ ਮੁੱਦੇ ’ਤੇ ਉਲਝਾ ਲਿਆ ਹੈ ਕਿ ਪਾਕਿਸਤਾਨ ਨਾਲ ਕਿਵੇਂ ਵਿਹਾਰ ਕਰਨਾ ਹੈ? ਅਸਲੀਅਤ ਇਹ ਹੈ ਕਿ ਜਦੋਂ ਤੱਕ ਸਰਹੱਦ ਪਾਰੋਂ ਦਹਿਸ਼ਤਗਰਦੀ ਖ਼ਤਮ ਨਹੀਂ ਹੁੰਦੀ ਉਦੋਂ ਤੱਕ ਗੱਲਬਾਤ ਅੱਗੇ ਨਹੀਂ ਵਧ ਸਕਦੀ ਕਿਉਂਕਿ ਇਸ ਨਾਲ ਦਹਿਸ਼ਤਗਰਦਾਂ ਨੂੰ ਕੰਟਰੋਲ ਕਰਨ ਵਾਲੀ ਪਾਕਿਸਤਾਨੀ ਫ਼ੌਜ ਦਾ ਹੱਥ ਦੋਹਾਂ ਮੁਲਕਾਂ ਦੇ ਸਬੰਧਾਂ ਦੇ ਮਾਮਲੇ ਵਿੱਚ ਇੱਕ ਤਰ੍ਹਾਂ ਉੱਪਰ ਹੋ ਜਾਂਦਾ ਹੈ ਅਤੇ ਭਾਰਤ ਦਾ ਪ੍ਰਭਾਵ ਘਟ ਜਾਂਦਾ ਹੈ। ਇਸ ਲਈ ਚੀਨ ਦਾ ਮਾਮਲਾ ਤਾਂ ਸ਼ਾਇਦ ਹੱਥ ਹੀ ਨਹੀਂ ਆਉਣ ਲੱਗਾ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਪਾਕਿਸਤਾਨ ਆਪਣੇ ਵਿੱਤੋਂ ਵਧ ਕੇ ਪ੍ਰਦਰਸ਼ਨ ਕਰ ਰਿਹਾ ਹੈ। ਉਹ ਅਮਰੀਕੀਆਂ ਦੀ ਚਾਪਲੂਸੀ, ਚੀਨ ਨਾਲ ਗੱਠਜੋੜ, ਸਾਊਦੀ ਅਰਬ ਨੂੰ ਲੁਭਾਉਣ ਦੀ ਕੋਸ਼ਿਸ਼ ਤੇ ਇਰਾਨੀਆਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਇਹ ਸਭ ਨੂੰ ਪ੍ਰਤੱਖ ਦਿਸਦਾ ਹੈ।

Share this content:

Post Comment