ਸਟੱਡੀ ਵੀਜ਼ਾ ਲਈ ਜਾਅਲੀ ਦਸਤਾਵੇਜ਼ ਹੋਣ ‘ਤੇ ਹੋਵੇਗੀ ਸਖ਼ਤ ਕਾਰਵਾਈ
ਚੰਡੀਗੜ੍ਹ, 13 ਅਪ੍ਰੈਲ – ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਨੇ ਉਥੋਂ ਦੇ ਔਡੀਟਰ ਜਨਰਲ ਦੀ ਸਲਾਨਾ ਰਿਪੋਰਟ ਦੇ ਆਧਾਰ ’ਤੇ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਵਿਰੁਧ ਸਖ਼ਤ ਕਾਰਵਾਈ ਸ਼ੁਰੂ ਕਰ ਦਿਤੀ ਹੈ, ਜਿਨ੍ਹਾਂ ਫ਼ਰਜ਼ੀ ਦਸਤਾਵੇਜ਼ਾਂ ਨੂੰ ਪੇਸ਼ ਕਰ ਕੇ ਕੈਨੇਡਾ ਦੇ ਵਿਦਿਅਕ ਤੇ ਤਕਨੀਕੀ ਅਦਾਰਿਆਂ ’ਚ ਦਾਖ਼ਲਾ ਲੈਣ ਲਈ ‘ਸਟੂਡੈਂਟ ਵੀਜ਼ੇ’ ਪ੍ਰਾਪਤ ਕੀਤੇ ਹਨ। ਕੈਨੇਡਾ ਦੀ ਸੰਸਦ ’ਚ 2 ਹਫ਼ਤੇ ਪਹਿਲਾਂ ਪੇਸ਼ ਕੀਤੀ ਰਿਪੋਰਟ ’ਚ ਔਡੀਟਰ ਜਨਰਲ ਕਾਰੇਨ ਹੋਗਨ ਨੇ ਕਿਹਾ ਕਿ ‘ਅੰਤਰਰਾਸ਼ਟਰੀ ਸਟੂਡੈਂਟ ਪ੍ਰੋਗਰਾਮ’ ਦੀ ਇਮਾਨਦਾਰੀ ਤੇ ਸੱਚੇ ਸੁੱਚੇ ਕਿਰਦਾਰ ’ਤੇ ਉਂਗਲ ਉਠਣੀ ਸ਼ੁਰੂ ਹੋ ਗਈ ਹੈ ਕਿਉਂਕਿ ਕੈਨੇਡਾ ’ਚ ਵਿਦੇਸ਼ੀ ਵਿਦਿਆਰਥੀਆਂ ਨੇ ਫ਼ਰਜ਼ੀ ਦਸਤਾਵੇਜ਼ਾਂ ਰਾਹੀਂ ਵੱਖ ਵੱਖ ਕੋਰਸਾਂ ’ਚ ਦਾਖ਼ਲਿਆਂ ਲਈ ਵੀਜ਼ੇ ਲਏ, ਆਰਜ਼ੀ ਤੇ ਪੱਕੀ ਰਿਹਾਇਸ਼ ਵਾਸਤੇ ਫ਼ਰਜ਼ੀ ਏਜੰਟਾਂ ਨੂੰ ਵੱਡੀਆਂ ਰਕਮਾਂ ਦਿਤੀਆਂ।
ਕੈਨੇਡਾ ਦੇ ਵੱਡੇ ਸ਼ਹਿਰ ਟੋਰਾਂਟੋ ਨੇੜੇ ਪੰਜਾਬੀਆਂ ਦੇ ਗੜ੍ਹ ਮਿਸੀਗਾਸਾ ਤੋਂ ਇਕ ਭਾਰਤੀ ਏਜੰਟ ਤੇ ਇਮੀਗ੍ਰੇਸ਼ਨ ਸਲਾਹਕਾਰ ਦੇ ਹਵਾਲੇ ਨਾਲ ਕੈਨੇਡਾ ’ਚ ਛਪੀਆਂ ਖ਼ਬਰਾਂ ਮੁਤਾਬਕ ਸਾਲ 2023 ਤੇ 2024 ਦੌਰਾਨ 1,53000 ਵਿਦਿਆਰਥੀ ਵੀਜ਼ਾ ਪ੍ਰਾਪਤੀਆਂ ‘ਚੋਂ ਫ਼ਿਲਹਾਲ 2000 ਕੇਸਾਂ ਦੀ ਪੜਤਾਲ ਸ਼ੁਰੂ ਹੋੋ ਚੁਕੀ ਹੈ। ਵੀਜ਼ਾ ਪ੍ਰਾਪਤਕਰਤਾ ਤੋਂ ਪੁਛਿਆ ਗਿਆ ਹੈ ਕਿ ਦਾਖ਼ਲਾ ਲਈ ਸੰਸਥਾ ਦਾ ਪਤਾ ਪੂਰਾ ਵੇਰਵਾ ਮੌਜੂਦਾ ਅਤੇ ਪਿਛਲਾ ਰਿਕਾਰਡ ਮੰਗਿਆ ਗਿਆ ਹੈ ਅਤੇ ਜੇ 21 ਦਿਨਾਂ ’ਚ ਚਿੱਠੀ ਦਾ ਜਵਾਬ ਨਹੀਂ ਦਿਤਾ ਤਾਂ ਟੈਂਪਰੇਰੀ ਰੈਜ਼ੀਡੈਂਟ (ਟੀਆਰ) ਰੱਦ ਕਰ ਦਿਤੀ ਜਾਵੇਗੀ।
ਖ਼ਬਰਾਂ ’ਚ ਇਹ ਵੀ ਕਿਹਾ ਹੈ ਕਿ ਪਿਛਲੇ ਸਾਲਾਂ ’ਚ ਕਿਹੜੇ ਵਿਦਿਆਰਥੀਆਂ ਨੇ ‘ਫਰਾਡ ਸਿਖਿਆ ਸੰਸਥਾਨਾਂ’ ਵਲੋਂ ਜਾਰੀ ਦਸਤਾਵੇਜ਼ਾਂ ਤੇ ਸਰਟੀਫ਼ਿਕੇਟਾਂ ਦੇ ਆਧਾਰ ’ਤੇ ‘ਵਰਕ ਪਰਮਿਟ’ ਲਏ ਜਾਂ ਤਜਰਬਾ ਦਿਖਾ ਕੇ ‘ਪੀ.ਆਰ’ ਪ੍ਰਾਪਤ ਕੀਤੀ। ਇਨ੍ਹਾਂ ਸਭ ਦੀ ਤਫਤੀਸ਼ ਵੀ ਕੀਤੀ ਜਾਵੇਗੀ। ਔਡੀਟਰ ਜਨਰਲ ਦੀ ਰਿਪੋਰਟ ਮੁਤਾਬਕ ਹੁਣ ਹਰ ਮਹੀਨੇ ਦੀ 15 ਤਰੀਕ ਨੂੰ ਅਜਿਹੇ ਮਾਮਲਿਆਂ ਦੀ ਜਾਣਕਾਰੀ ਸੰਸਦ ਨੂੰ ਦਿਤੀ ਜਾਵੇਗੀ। ਰਿਪੋਰਟ ’ਚ ਇਹ ਵੀ ਕਿਹਾ ਹੈ ਕਿ ਇਮੀਗ੍ਰੇਸ਼ਨ ਰਿਫ਼ਿਊਜੀ ਸਿਟੀਜਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਪਹਿਲੀ ਕਿਸ਼ਤ ’ਚ 800 ਸਟੱਡੀ ਪਰਮਿਟਾਂ ਦਾ ਮੁਆਇਨਾ ਕਰਨ ਲਈ ਦਸਤਾਵੇਜ਼ ਪ੍ਰਾਪਤਕਰਤਾਵਾਂ ਤੋਂ ਜਾਣਕਾਰੀ ਮੰਗੀ ਗਈ ਹੈ, ਜਿਨ੍ਹਾਂ ਨੇ ਕਥਿਤ ਫਰਾਡ ਕੀਤੇ ਹਨ। ਇਹ ਮੁਆਇਨਾ ਸਾਲ 2018 ਤੋਂ 2023 ਤਕ ਸ਼ੁਰੂ ਕੀਤਾ ਹੈ। ਜਵਾਬ ’ਚ ਆਈਆਰਸੀਸੀ ਨੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੂੰ ਉਨ੍ਹਾਂ ਵਿਦਿਆਰਥੀਆਂ ਦੀ ਲਿਸਟ ਦੇਣ ਦਾ ਵਾਅਦਾ ਕੀਤਾ ਹੈ ਜਿਨ੍ਹਾਂ ਦੇ ਪਰਮਿਟ ਖ਼ਤਮ ਹੋ ਗਏ ਹਨ। ਹੋਰ ਅੱਗੇ ਅਰਜ਼ੀ ਨਹੀਂ ਪਾਈ ਨਾ ਹੀ ਵਾਧੂ ਸਮਾਂ ਲਿਆ ਹੈ।
Share this content:



Post Comment