IIT Bombay ਵੱਲੋਂ ਡਾਇਰੈਕਟਰ ਦੇ ਅਸਤੀਫ਼ੇ ਤੋਂ ਇਨਕਾਰ
ਨਵੀਂ ਦਿੱਲੀ, 21 ਸਤੰਬਰ – ਭਾਰਤੀ ਤਕਨਾਲੋਜੀ ਸੰਸਥਾ (IIT) ਬੰਬੇ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੇ ਡਾਇਰੈਕਟਰ ਨੇ ਅਸਤੀਫ਼ਾ ਨਹੀਂ ਦਿੱਤਾ ਹੈ ਅਤੇ ਵਿਦਿਆਰਥੀ ਦੀ ਮੌਤ ਨਾਲ ਸਬੰਧਤ ਹਾਲਾਤਾਂ ਬਾਰੇ ਆਪਣੇ ਪਹਿਲੇ ਬਿਆਨ ਲਈ ਮੁਆਫ਼ੀ ਮੰਗੀ ਹੈ। ਇਹ ਮੁਆਫ਼ੀ ਸਪੱਸ਼ਟ ਤੌਰ ’ਤੇ ਵਿਦਿਆਰਥੀ ਦੀ ਮੌਤ ਦੀ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਉਸ ਵੱਲੋਂ ਪ੍ਰੀਖਿਆ ’ਚ AI (ਏਆਈ) ਦੀ ਕਥਿਤ ਵਰਤੋਂ ਦੇ ਖੁਲਾਸੇ ਨਾਲ ਸਬੰਧਤ ਸੀ। ਅਧਿਕਾਰੀਆਂ ਅਨੁਸਾਰ, ਐਨਰਜੀ ਸਾਇੰਸ ਐਂਡ ਇੰਜਨੀਅਰਿੰਗ ਵਿਭਾਗ ਦੇ ਬੀ-ਟੈੱਕ ਦੂਜੇ ਸਾਲ ਦੇ ਵਿਦਿਆਰਥੀ ਸਾਹਿਲ ਰਵਿੰਦਰ ਵਾਕੋਡੇ (22) ਨੂੰ ਮਿਡ-ਸਮੈਸਟਰ ਪ੍ਰੀਖਿਆ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋਏ ਕਥਿਤ ਤੌਰ ’ਤੇ ਫੜੇ ਜਾਣ ਤੋਂ ਕੁੱਝ ਘੰਟਿਆਂ ਬਾਅਦ, ਸ਼ੁੱਕਰਵਾਰ ਸ਼ਾਮ ਨੂੰ ਆਈਆਈਟੀ-ਬੰਬੇ ਦੇ ਪਵਈ ਕੈਂਪਸ ਵਿੱਚ ਉਸ ਦੇ ਹੋਸਟਲ ਦੇ ਕਮਰੇ ’ਚ ਛੱਤ ਵਾਲੇ ਪੱਖੇ ਨਾਲ ਲਟਕਦਾ ਪਾਇਆ ਗਿਆ ਸੀ। ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਦੇ ਰਹਿਣ ਵਾਲੇ ਵਾਕੋਡੇ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਇਹ ਖ਼ੁਦਕੁਸ਼ੀ ਵਰਗਾ ਕਦਮ ਚੁੱਕਣ ਤੋਂ ਪਹਿਲਾਂ ਉਸ ਨੂੰ ਸੰਸਥਾਗਤ ਪਰੇਸ਼ਾਨੀ ਅਤੇ ਜਾਤੀ-ਆਧਾਰਿਤ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਕੈਂਪਸ ਵਿੱਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਵਾਕੋਡੇ ’ਤੇ ਭਾਰੀ ਦਬਾਅ ਸੀ ਅਤੇ ਉਸ ਨੂੰ ਪੜ੍ਹਾਈ ਤੋਂ ਮੁਅੱਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।
ਆਈਆਈਟੀ-ਬੰਬੇ ਦੇ ਡਾਇਰੈਕਟਰ ਪ੍ਰੋ. ਸ਼ਿਰੀਸ਼ ਕੇਦਾਰੇ ਨੇ ਐਤਵਾਰ ਦੇਰ ਰਾਤ ਪ੍ਰਦਰਸ਼ਨਕਾਰੀਆਂ ਨੂੰ ਦੱਸਿਆ ਸੀ ਕਿ ਉਹ ਸੋਮਵਾਰ ਨੂੰ ਅਸਤੀਫ਼ਾ ਦੇ ਦੇਣਗੇ, ਪਰ ਉਨ੍ਹਾਂ ਨੋਟ ਕੀਤਾ ਕਿ ਉਨ੍ਹਾਂ ਨੂੰ ਪ੍ਰਕਿਰਿਆ ਦਾ ਪਾਲਣ ਕਰਨਾ ਪਵੇਗਾ। ਸੰਸਥਾ ਨੇ ਸੋਮਵਾਰ ਨੂੰ ‘ਐਕਸ’ (X) ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਉਸ ਦੇ ਡਾਇਰੈਕਟਰ ਨੇ ਅਸਤੀਫ਼ਾ ਨਹੀਂ ਦਿੱਤਾ ਹੈ। ਪੋਸਟ ‘ਚ ਕਿਹਾ ਗਿਆ, “ਅਸੀਂ ਸਪੱਸ਼ਟ ਤੌਰ ’ਤੇ ਕਹਿੰਦੇ ਹਾਂ ਕਿ ਇਸ ਨਾਲ ਸਬੰਧਤ ਖ਼ਬਰ ਝੂਠੀ ਹੈ। ਆਈਆਈਟੀ-ਬੰਬੇ ਨੇ ਕਿਹਾ, “ਅਸੀਂ ਸਾਹਿਲ ਦੀ ਮੰਦਭਾਗੀ ਮੌਤ ਦੇ ਆਲੇ-ਦੁਆਲੇ ਦੀਆਂ ਪ੍ਰਸਥਿਤੀਆਂ ਬਾਰੇ ਆਪਣੇ ਪਹਿਲੇ ਬਿਆਨ ਵਿੱਚ ਦਿੱਤੇ ਗਏ ਬਿਆਨਾਂ ਲਈ ਮੁਆਫ਼ੀ ਮੰਗਦੇ ਹਾਂ। ਉਨ੍ਹਾਂ ਕਿਹਾ ਕਿ ਘਟਨਾ ਦੇ ਵੇਰਵੇ ਅਤੇ ਇਸ ਵੱਲ ਲੈ ਕੇ ਜਾਣ ਵਾਲੇ ਹਾਲਾਤ ਢੁੱਕਵੇਂ ਅਧਿਕਾਰੀਆਂ ਵੱਲੋਂ ਜਾਂਚ ਦਾ ਦਾਇਰਾ ਹਨ। ਸੰਸਥਾ ਨੇ ਅੱਗੇ ਕਿਹਾ, “ਜਾਰੀ ਜਾਂਚ ਦੇ ਮੱਦੇਨਜ਼ਰ, ਉਸ ਦੀ ਮੌਤ ਤੋਂ ਪਹਿਲਾਂ ਦੀਆਂ ਘਟਨਾਵਾਂ ਨਾਲ ਸਬੰਧਿਤ ਵੇਰਵਿਆਂ ਨੂੰ ਢੁੱਕਵੀਂ ਜਾਂਚ ਪ੍ਰਕਿਰਿਆ ਰਾਹੀਂ ਸਹੀ ਤਰ੍ਹਾਂ ਸਥਾਪਤ ਹੋਣ ਤੋਂ ਪਹਿਲਾਂ ਪੇਸ਼ ਕਰਨਾ ਜਾਂ ਬਿਆਨ ਕਰਨਾ ਨਾਜਾਇਜ਼ ਸੀ।
ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਸੰਸਥਾ ਨੇ ਕਿਹਾ ਸੀ ਕਿ ਵਾਕੋਡੇ ਨੇ ਪ੍ਰੀਖਿਆ ਦੌਰਾਨ ਜਵਾਬ ਲੱਭਣ ਲਈ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਚੈਟਜੀਪੀਟੀ ’ਤੇ ਕਥਿਤ ਤੌਰ ’ਤੇ ਅੱਪਲੋਡ ਕੀਤਾ ਸੀ। ਹਾਲਾਂਕਿ, ਉਸ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇੰਸਟ੍ਰਕਟਰ ਅਤੇ ਵਿਭਾਗ ਦੇ ਮੁਖੀ (HOD) ਵੱਲੋਂ ਵਿਦਿਆਰਥੀ ਨਾਲ ਇਸ ਮੁੱਦੇ ’ਤੇ ਚਰਚਾ ਕੀਤੀ ਗਈ ਸੀ, ਜਿਨ੍ਹਾਂ ਨੇ ਉਸ ਨੂੰ ਸਮਝਾਇਆ ਅਤੇ ਭਰੋਸਾ ਦਿਵਾਇਆ ਸੀ ਕਿ ਇਸ ਘਟਨਾ ਦਾ ਉਸ ਦੇ ਅਕਾਦਮਿਕ ਕਰੀਅਰ ’ਤੇ ਕੋਈ ਮਾੜਾ ਅਸਰ ਨਹੀਂ ਪਵੇਗਾ। ਇਸ ਤੋਂ ਬਾਅਦ ਵਿਦਿਆਰਥੀ ਆਪਣੇ ਹੋਸਟਲ ਦੇ ਕਮਰੇ ਵਿੱਚ ਵਾਪਸ ਚਲਾ ਗਿਆ। ਬਾਅਦ ਵਿੱਚ ਉਸੇ ਸ਼ਾਮ ਉਹ ਆਪਣੇ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ। ਵਿਦਿਆਰਥੀ ਦੇ ਮਾਪਿਆਂ ਦੀ ਸ਼ਿਕਾਇਤ ਤੋਂ ਬਾਅਦ ਪੁਲੀਸ ਨੇ ਸ਼ਨਿੱਚਰਵਾਰ ਨੂੰ ਭਾਰਤੀ ਨਿਆਂ ਸੰਹਿਤਾ (BNS) ਦੀਆਂ ਖ਼ੁਦਕੁਸ਼ੀ ਲਈ ਉਕਸਾਉਣ ਦੀਆਂ ਧਾਰਾਵਾਂ ਅਤੇ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ (ਅੱਤਿਆਚਾਰ ਨਿਵਾਰਨ) ਐਕਟ (SC/ST Act) ਦੇ ਉਪਬੰਧਾਂ ਤਹਿਤ ਐੱਫ.ਆਈ.ਆਰ. (FIR) ਦਰਜ ਕਰ ਲਈ ਹੈ।
Share this content:



Post Comment