Loading Now

ਅੱਖਾਂ ’ਚ ਘੁੰਮਦੀ ਪਤੰਗਾਂ ਦੀ ਪਰਵਾਜ਼

ਅੱਖਾਂ ’ਚ ਘੁੰਮਦੀ ਪਤੰਗਾਂ ਦੀ ਪਰਵਾਜ਼

ਗੱਲ ਉਨ੍ਹਾਂ ਦਿਨਾਂ ਦੀ ਹੈ, ਜਦੋਂ ਅਸੀਂ ਹਾਲੇ ਪੰਜਵੀਂ-ਛੇਵੀਂ ਜਮਾਤ ਦੇ ਵਿਦਿਆਰਥੀ ਸਾਂ। ਉਂਝ ਮੈਂ ਦਸਵੀਂ ਤੱਕ ਦੀ ਪੜ੍ਹਾਈ ਸ਼ਹਿਰ ਦੇ ਪ੍ਰਸਿੱਧ ਵਿੱਦਿਅਕ ਅਦਾਰੇ ਇਸਲਾਮੀਆ ਹਾਈ ਸਕੂਲ (ਹੁਣ ਸੀਨੀਅਰ ਸੈਕੰਡਰੀ ਸਕੂਲ) ਤੋਂ ਪ੍ਰਾਪਤ ਕੀਤੀ। ਉਨ੍ਹਾਂ ਦਿਨਾਂ ਮਲੇਰਕੋਟਲੇ ਦੇ ਵਧੇਰੇ ਮੁਸਲਿਮ ਭਾਈਚਾਰੇ ਦੇ ਬੱਚੇ ਇਸੇ ਸਕੂਲ ’ਚ ਪੜ੍ਹਿਆ ਕਰਦੇ ਸਨ। ਸ਼ਹਿਰ ’ਚ ਅੱਜਕੱਲ੍ਹ ਵਾਂਗ ਪ੍ਰਾਈਵੇਟ ਸਕੂਲਾਂ ਦੀ ਭਰਮਾਰ ਨਹੀਂ ਸੀ। ਇੰਝ ਕਹਿ ਲਓ ਕਿ ਅੱਜ ਜਿਹੜੀ ਬੱਚਿਆਂ ਨੂੰ ਮਹਿੰਗੇ ਜਾਂ ਮਾਡਲ ਸਕੂਲਾਂ ’ਚ ਪੜ੍ਹਾਉਣ ਦੀ ਹੋੜ ਦਿਖਾਈ ਦਿੰਦੀ ਹੈ, ਉਸ ਵੇਲੇ ਉਸ ਦਾ ਨਾਮੋ-ਨਿਸ਼ਾਨ ਵੀ ਨਹੀਂ ਸੀ। ਜੀਵਨ ਦੀ ਰਫ਼ਤਾਰ ਵੀ ਅੱਜ ਦੇ ਮੁਕਾਬਲੇ ਬਹੁਤ ਹੌਲੀ ਸੀ ਤੇ ਬੱਚਿਆਂ ਦੀ ਦੁਨੀਆ ਵੀ ਬੜੀ ਸਾਦੀ ਤੇ ਮਾਸੂਮ ਹੋਇਆ ਕਰਦੀ ਸੀ। ਸਰਦੀਆਂ ਦੇ ਦਿਨਾਂ ’ਚ ਸਕੂਲੋਂ ਚਾਰ ਵਜੇ ਛੁੱਟੀ ਹੋਇਆ ਕਰਦੀ ਸੀ। ਐਤਵਾਰ ਵਾਲੇ ਦਿਨ ਸਾਨੂੰ ਸਕੂਲੋਂ ਡੇਢ ਘੰਟਾ ਪਹਿਲਾਂ ਛੁੱਟੀ ਮਿਲ ਜਾਂਦੀ ਸੀ, ਜਦਕਿ ਉਨ੍ਹੀਂ ਦਿਨੀਂ ਸ਼ੁੱਕਰਵਾਰ ਦੀ ਪੂਰੀ ਛੁੱਟੀ ਹੋਇਆ ਕਰਦੀ ਸੀ। ਉਨ੍ਹਾਂ ਦਿਨਾਂ ’ਚ ਬੱਚਿਆਂ ਦੇ ਸ਼ੌਕ ਵੀ ਅਵੱਲੇ ਹੀ ਹੁੰਦੇ ਸਨ। ਕਿਸੇ ਨੂੰ ਪਤੰਗ ਉਡਾਉਣ ਦਾ ਸ਼ੌਕ ਹੁੰਦਾ, ਕੋਈ ਕੱਚ ਦੇ ਬੰਟੇ ਜਾਂ ਅਖਰੋਟ ਖੇਡਦਾ, ਕੋਈ ਗਲੀਆਂ-ਮੁਹੱਲਿਆਂ ’ਚ ਸਾਈਕਲ ਚਲਾਉਂਦਾ। ਪਿੱਠੂ, ਗਰਮਾ-ਗਰਮ, ਅੰਨ੍ਹਾ-ਝੋਟਾ, ਲੁਕਣ-ਮਿਚੌਣੀ, ਪਟ-ਪਟ ਪਟੀਲੀਓ, ਗੁੱਲੀ-ਡੰਡਾ ਆਦਿ ਖੇਡਾਂ ਬੱਚਿਆਂ ’ਚ ਬੜੀਆਂ ਹਰਮਨਪਿਆਰੀਆਂ ਸਨ ਪਰ ਪਤੰਗ ਉਡਾਉਣ ਦਾ ਸ਼ੌਕ ਤਾਂ ਬੱਚਿਆਂ ’ਚ ਜਿਵੇਂ ਇਕ ਜਨੂੰਨ ਦੀ ਹੱਦ ਤੱਕ ਹੁੰਦਾ ਸੀ।

ਉਸ ਸਮੇਂ ਅੱਜਕੱਲ੍ਹ ਵਾਂਗ ਚਾਈਨਾ ਡੋਰ ਦਾ ਕੋਈ ਰੁਝਾਨ ਨਹੀਂ ਸੀ। ਪਤੰਗ ਉਡਾਉਣ ਦੇ ਸ਼ੌਕੀਨ ਅਕਸਰ ਆਪ ਹੀ ਮਾਂਝਾ ਲਾ ਕੇ ਡੋਰ ਤਿਆਰ ਕਰਦੇ ਸਨ। ਮੈਨੂੰ ਯਾਦ ਹੈ ਕਿ ਅਸੀਂ ਖੁਦ ‘ਮੁਰਗਾ ਮਾਰਕਾ’ ਜਾਂ ‘ਰੇਲ ਦੇ ਇੰਜਣ ਮਾਰਕਾ’ ਪੱਕੇ ਧਾਗੇ ਦੀਆਂ ਰਿੱਲੀਆਂ ਲਿਆਇਆ ਕਰਦੇ ਸਾਂ, ਜੋ ਦੋ, ਤਿੰਨ ਜਾਂ ਪੰਜ ਰੁਪਏ ਦੀ ਮਿਲ ਜਾਂਦੀ ਸੀ। ਇਹ ਧਾਗੇ ਦੀਆਂ ਰਿੱਲੀਆਂ ਉਸ ਸਮੇਂ ਸ਼ਹਿਰ ਦੇ ਕੈਲੋਂ ਗੇਟ ਦੀਆਂ ਅੰਦਰੂਨੀ ਦੁਕਾਨਾਂ ਤੋਂ ਮਿਲਦੀਆਂ ਸਨ। ਉਨ੍ਹਾਂ ਦੁਕਾਨਾਂ ਤੋਂ ਡੋਰ ਬਣਾਉਣ ਤੇ ਮਾਂਝਾ ਲਾਉਣ ਵਾਲਾ ਹੋਰ ਸਾਮਾਨ ਵੀ ਮਿਲ ਜਾਂਦਾ ਸੀ। ਰਿੱਲੀ ਦੇ ਨਾਲ ਮਾਂਝਾ ਲਾਉਣ ਲਈ ‘ਸੁਰੇਸ਼’ ਦੀਆਂ ਟਿੱਕੀਆਂ ਵੀ ਲਿਆਉਂਦੇ, ਜੋ ਦੇਖਣ ’ਚ ਆਮ ਪਾਪੜ ਜਾਂ ਅੰਬਾਂ ਦੇ ਪਾਪੜ ਵਰਗੀਆਂ ਹੁੰਦੀਆਂ ਸਨ। ਸਾਰਾ ਸਾਮਾਨ ਖਰੀਦਣ ਤੋਂ ਬਾਅਦ ਕੱਚ ਦੀਆਂ ਬੋਤਲਾਂ ਜਾਂ ਪੁਰਾਣੀਆਂ ਫਿਊਜ਼ ਟਿਊਬਾਂ ਭੰਨ ਕੇ, ਉਨ੍ਹਾਂ ਦੇ ਕੱਚ ਨੂੰ ਪੱਥਰ ਦੀ ਕੁੰਡੀ ਜਾਂ ਖਰਲ ’ਚ ਪੀਸ ਕੇ ਮੈਦੇ ਵਾਂਗ ਬਰੀਕ ਕਰ ਲੈਂਦੇ। ਫਿਰ ਕੋਈ ਇਕ ਕਿੱਲੋ ਜਾਂ ਅੱਧਾ ਕਿੱਲੋ ਘਿਉ ਵਾਲਾ ਖਾਲੀ ਟੀਨ ਦਾ ਡੱਬਾ ਲੱਭਦੇ। ਇਸ ਤੋਂ ਬਾਅਦ ਮਾਂਝਾ ਲਾਉਣ ਵਾਲਾ ਸਾਰਾ ਸਾਮਾਨ ਇਕੱਠਾ ਕਰਕੇ ਕਿਸੇ ਛੁੱਟੀ ਵਾਲੇ ਦਿਨ ਰੇਲਵੇ ਲਾਈਨ ਕੋਲ ਪਹੁੰਚ ਜਾਂਦੇ। ਉੱਥੇ ਦੋ ਇੱਟਾਂ ਰੱਖ ਕੇ ਚੁੱਲ੍ਹਾ ਬਣਾਉਂਦੇ, ਅੱਗ ਬਾਲਦੇ ਤੇ ਟੀਨ ਦੇ ਡੱਬੇ ’ਚ ਪਾਣੀ ਤੇ ਸੁਰੇਸ਼ ਪਾ ਕੇ ਉਸ ਨੂੰ ਅੱਗ ਉੱਪਰ ਧਰ ਦਿੰਦੇ। ਜਦੋਂ ਸੁਰੇਸ਼ ਪਿਘਲ ਕੇ ਪਾਣੀ ਵਰਗਾ ਹੋ ਜਾਂਦਾ ਤਾਂ ਉਸ ’ਚ ਪੀਸਿਆ ਹੋਇਆ ਕੱਚ ਪਾ ਦਿੰਦੇ। ਫਿਰ ਉਸ ਨੂੰ ਅੱਗ ਉੱਪਰ ਸੇਕ ਦਿੰਦੇ ਤੇ ਕਿਸੇ ਡੱਕੇ ਨਾਲ ਖੂਬ ਹਿਲਾਉਂਦੇ। ਬੱਚਿਆਂ ਦੀ ਆਪਣੀ ਹੀ ਇਕ ‘ਵਿਗਿਆਨਕ ਖੋਜ’ ਸੀ। ਉਸ ਸਮੇਂ ਬੱਚਿਆਂ ’ਚ ਇਹ ਵੀ ਇਕ ਦੰਦ-ਕਥਾ ਮਸ਼ਹੂਰ ਸੀ ਕਿ ਜੇ ਮਾਂਝਾ ਲਾਉਣ ਵਾਲੇ ਘੋਲ ਵਿੱਚ ਇੱਲ (ਚੀਲ) ਦਾ ਆਂਡਾ ਪਾ ਦਿੱਤਾ ਜਾਵੇ ਤਾਂ ਡੋਰ ਬਹੁਤ ਜ਼ਿਆਦਾ ਤਿੱਖੀ ਹੋ ਜਾਂਦੀ ਹੈ ਅਤੇ ਦੂਜਿਆਂ ਦੀਆਂ ਪਤੰਗਾਂ ਨੂੰ ਗਾਜਰ-ਮੂਲੀ ਵਾਂਗ ਕੱਟ ਕੇ ਰੱਖ ਦਿੰਦੀ ਹੈ ਪਰ ਇੱਲ੍ਹ ਦੇ ਆਲ੍ਹਣੇ ’ਚੋਂ ਆਂਡਾ ਲਿਆਉਣਾ ਵੀ ਸ਼ੇਰ ਦੇ ਮੂੰਹ ’ਚੋਂ ਬੋਟੀ ਕੱਢਣ ਵਰਗਾ ਕੰਮ ਸੀ।

ਸੋ ਅਕਸਰ ਮੁਰਗੀ ਦਾ ਆਂਡਾ ਪਾ ਕੇ ਹੀ ਆਪਣੇ ਮਨ ਨੂੰ ਪਚਾ ਲੈਂਦੇ ਸਾਂ ਕਿ ਹੁਣ ਸਾਡੀ ਡੋਰ ਵੀ ਕਿਸੇ ਤੋਂ ਘੱਟ ਨਹੀਂ। ਜਦੋਂ ਮਾਂਝੇ ਦਾ ਘੋਲ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਤਾਂ ਇਕ ਸੂਤੀ ਹੋਈ ਕੱਪੜੇ ਦੀ ਲੀਰ ਉਂਗਲਾਂ ਅਤੇ ਅੰਗੂਠੇ ਉੱਤੇ ਲਪੇਟ ਕੇ ਟਾਹਲੀਆਂ ਦੇ ਆਲੇ-ਦੁਆਲੇ ਮਾਂਝਾ ਲਾਉਂਦੇ। ਡੋਰ ਸੁੱਕ ਜਾਣ ਤੋਂ ਬਾਅਦ ਕਾਗਜ਼ ਦੀ ਇਕ ਛੋਟੀ ਜਿਹੀ ਗੇਂਦ ਬਣਾ ਕੇ ਸੁੱਕੀ ਡੋਰ ਨੂੰ ਉਸ ਉੱਤੇ ਲਪੇਟ ਕੇ ਪਿੰਨਾ ਤਿਆਰ ਕਰ ਲੈਂਦੇ ਜਾਂ ਫਿਰ ਕਿਸੇ ਪੁਰਾਣੀ ਚਰਖੜੀ ਉੱਤੇ ਲਪੇਟ ਲੈਂਦੇ। ਉਸ ਸਮੇਂ ਪੱਚੀ ਪੈਸੇ ਦੀ ਛੋਟੀ ਪਤੰਗ, ਪੰਜਾਹ ਪੈਸੇ ਦੀ ਵੱਡੀ ਦੋ-ਅੱਖਲ ਪਤੰਗ ਤੇ ਇਕ ਰੁਪਏ ਦਾ ਵੱਡਾ ਪਤੰਗ-ਜਿਸ ਨੂੰ ਛੱਜ ਜਾਂ ਪਰੀ ਵੀ ਕਿਹਾ ਜਾਂਦਾ ਸੀ-ਮਿਲ ਜਾਂਦਾ ਸੀ। ਉਨ੍ਹਾਂ ਦਿਨਾਂ ’ਚ ਘਰਾਂ ਦੀਆਂ ਛੱਤਾਂ ਉੱਤੇ ਲੱਗੇ ਟੈਲੀਵਿਜ਼ਨ ਦੇ ਐਂਟੀਨੇ ਪਤੰਗਾਂ ਦੇ ਜਾਨੀ ਦੁਸ਼ਮਣ ਹੋਇਆ ਕਰਦੇ ਸਨ। ਅਕਸਰ ਪਤੰਗ ਉਡਾਉਂਦੇ ਸਮੇਂ ਉਹ ਐਂਟੀਨੇ ’ਚ ਫਸ ਜਾਂਦੀ। ਫਿਰ ਉਸ ਨੂੰ ਕੱਢਣ ਲਈ ਲੰਬੇ-ਲੰਬੇ ਲਾਂਗੜ ਪਾ ਕੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ। ਕਈ ਵਾਰ ਕਿਸੇ ਨਾਲ ਪੇਚਾ ਪਾਉਂਦਿਆਂ ਪਤੰਗ ਕੱਟ ਜਾਂਦੀ। ਜੇਬ ’ਚ ਨਵੀਂ ਪਤੰਗ ਖਰੀਦਣ ਲਈ ਪੈਸੇ ਨਾ ਹੋਣ ਤਾਂ ਪੋਲੀਥੀਨ ਦੇ ਲਿਫਾਫੇ ਤੇ ਝਾੜੂ ਦੀਆਂ ਤੀਲੀਆਂ ਦੀ ਮਦਦ ਨਾਲ ਪਤੰਗ ਤਿਆਰ ਕਰ ਲੈਂਦੇ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਪਤੰਗਾਂ ਵੀ ਕਈ ਵਾਰ ਬੜੀਆਂ ਸੋਹਣੀਆਂ ਉੱਡਦੀਆਂ ਸਨ ਤੇ ਕਿਸੇ ਦੀ ਕੱਟੀ ਹੋਈ ਪਤੰਗ ਦੀ ਡੋਰ ਲੁੱਟਣ ਦਾ ਤਾਂ ਆਪਣਾ ਹੀ ਲੁਤਫ਼ ਹੁੰਦਾ ਸੀ। ਕੱਟੀ ਹੋਈ ਪਤੰਗ ਲੁੱਟਣਾ ਸਾਡੇ ਲਈ ਕਿਸੇ ਮੈਦਾਨ-ਏ-ਜੰਗ ਨੂੰ ਫਤਹਿ ਕਰਨ ਤੋਂ ਘੱਟ ਨਹੀਂ ਸੀ। ਜਦੋਂ ਕਿਤੇ ਅਸਮਾਨ ’ਚ ਕੱਟੀ ਹੋਈ ਪਤੰਗ ਲਹਿਰਾਉਂਦੀ ਦਿਖਾਈ ਦਿੰਦੀ ਤਾਂ ਮੁਹੱਲੇ ਦੇ ਬੱਚੇ ਉਸ ਦੇ ਪਿੱਛੇ ਇੰਝ ਦੌੜਦੇ ਜਿਵੇਂ ਕੋਈ ਬੇਹੱਦ ਕੀਮਤੀ ਖ਼ਜ਼ਾਨਾ ਹੱਥ ਲੱਗਣ ਵਾਲਾ ਹੋਵੇ।

ਅੱਜ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਲੱਗਦਾ ਹੈ ਕਿ ਉਹ ਪਤੰਗਾਂ ਸਿਰਫ਼ ਕਾਗਜ਼ ਅਤੇ ਬਾਂਸ ਦੀਆਂ ਤੀਲੀਆਂ ਨਾਲ ਬਣੀਆਂ ਚੀਜ਼ਾਂ ਨਹੀਂ ਸਨ, ਸਗੋਂ ਉਹ ਸਾਡੇ ਬਚਪਨ ਦੀਆਂ ਖੁਸ਼ੀਆਂ, ਸਾਡੀਆਂ ਉਮੀਦਾਂ ਅਤੇ ਸਾਡੀ ਮਾਸੂਮ ਦੁਨੀਆ ਦੀਆਂ ਪ੍ਰਤੀਕ ਸਨ। ਜੀਵਨ ਦੀ ਰਫ਼ਤਾਰ ਉਨ੍ਹਾਂ ਦਿਨਾਂ ’ਚ ਅੱਜਕੱਲ੍ਹ ਜਿੰਨੀ ਤੇਜ਼ ਨਹੀਂ ਸੀ। ਨਾ ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਹੁੰਦੇ ਸਨ ਤੇ ਨਾ ਹੀ ਮੋਬਾਈਲ ਕੀ ਚੀਜ਼ ਹੈ, ਇਸ ਦਾ ਕਿਸੇ ਨੂੰ ਪਤਾ ਸੀ। ਇੰਟਰਨੈੱਟ, ਫੇਸਬੁੱਕ, ਵਟਸਐਪ, ਯੂ-ਟਿਊਬ, ਇੰਸਟਾਗ੍ਰਾਮ ਅਤੇ ਗੂਗਲ ਆਦਿ ਕਿਸ ਚਿੜੀ ਦੇ ਨਾਮ ਹਨ—ਇਹ ਤਾਂ ਵੱਡਿਆਂ ਨੂੰ ਵੀ ਨਹੀਂ ਪਤਾ ਸੀ। ਲੈ-ਦੇ ਕੇ ਪੂਰੇ ਮੁਹੱਲੇ ਵਿਚ ਕਿਸੇ ਇਕ-ਦੋ ਘਰਾਂ ਵਿਚ ਹੀ ਲੈਂਡਲਾਈਨ ਟੈਲੀਫੋਨ ਹੋਇਆ ਕਰਦਾ ਸੀ। ਸਾਰੇ ਮੁਹੱਲੇ ਦੇ ਲੋਕ ਆਪਣੇ ਦੂਰ-ਦੁਰਾਡੇ ਦੇ ਰਿਸ਼ਤੇਦਾਰਾਂ ਨੂੰ ਉਹੀ ਨੰਬਰ ਦੇ ਕੇ ਰੱਖਦੇ ਸਨ ਤਾਂ ਜੋ ਕਿਸੇ ਐਮਰਜੈਂਸੀ ਦੀ ਸੂਰਤ ਵਿੱਚ ਸੁਨੇਹਾ ਮਿਲ ਸਕੇ। ਜੇ ਕਿਸੇ ਨੇ ਬਾਹਰਲੇ ਸ਼ਹਿਰ ਵਿੱਚ ਫੋਨ ਕਰਨਾ ਹੁੰਦਾ ਤਾਂ ਪਹਿਲਾਂ ਸਥਾਨਕ ਟੈਲੀਫੋਨ ਐਕਸਚੇਂਜ ਵਿੱਚ ਕਾਲ ਬੁੱਕ ਕਰਵਾਉਣੀ ਪੈਂਦੀ। ਅੱਜ ਦੀ ਤਰ੍ਹਾਂ ਹਰ ਹੱਥ ਵਿੱਚ ਮੋਬਾਈਲ ਨਹੀਂ ਸੀ, ਪਰ ਫਿਰ ਵੀ ਲੋਕ ਇੱਕ-ਦੂਜੇ ਦੇ ਕਾਫ਼ੀ ਨੇੜੇ ਸਨ। ਮਨੋਰੰਜਨ ਦੇ ਸਾਧਨ ਵੀ ਬਹੁਤ ਸੀਮਤ ਸਨ। ਰੇਡੀਓ ਅਤੇ ਟੀਵੀ ਹੀ ਮੁੱਖ ਸਾਧਨ ਹੋਇਆ ਕਰਦੇ ਸਨ। ‘ਆਲ ਇੰਡੀਆ ਰੇਡੀਓ ਦੀ ਉਰਦੂ ਸਰਵਿਸ’ ਤੋਂ ਪ੍ਰਸਾਰਿਤ ਹੋਣ ਵਾਲੇ ਤਬਸਰੇ, ਗੀਤਾਂ ਦੇ ਪ੍ਰੋਗਰਾਮ, ‘ਆਪ ਕੀ ਫ਼ਰਮਾਇਸ਼’, ‘ਤਾਅਮੀਲ-ਏ-ਇਰਸ਼ਾਦ’ ਅਤੇ ‘ਆਓ ਬੱਚੋ’ ਵਰਗੇ ਪ੍ਰੋਗਰਾਮ ਕੰਨਾਂ ਵਿੱਚ ਰਸ ਘੋਲਦੇ ਪ੍ਰਤੀਤ ਹੁੰਦੇ ਸਨ। ਅੱਜਕੱਲ੍ਹ ਵਾਂਗ ਨਿਊਜ਼ ਚੈਨਲਾਂ ਦੀ ਭਰਮਾਰ ਨਹੀਂ ਸੀ।

Share this content:

Post Comment