Loading Now

ਬੁੱਧ ਚਿੰਤਨ/ਕਵਿਤਾ ਦੇ ਜੇਠ/ਬੁੱਧ ਸਿੰਘ ਨੀਲੋਂ

ਬੁੱਧ ਚਿੰਤਨ/ਕਵਿਤਾ ਦੇ ਜੇਠ/ਬੁੱਧ ਸਿੰਘ ਨੀਲੋਂ

“ਜੇਠਾ ਵੇ ਦੇ ਦੇ ਪੰਜ ਰੁਪਈਏ,
ਮੈਂ ਚੜ੍ਹਾਉਣੀਆਂ ਵੰਗਾਂ।”
ਪੰਜਾਬੀ ਲੋਕ-ਬੋਲੀ ਦੀ ਇਹ ਛੋਟੀ ਜਿਹੀ ਪੰਕਤੀ ਆਪਣੇ ਅੰਦਰ ਲੋਕ-ਮਨ, ਪਰਿਵਾਰਕ ਰਿਸ਼ਤਿਆਂ ਅਤੇ ਔਰਤ ਦੀ ਮਨੋਵਿਗਿਆਨਕ ਵੇਦਨਾ ਦੇ ਕਈ ਪੱਖ ਸਮੋਈ ਬੈਠੀ ਹੈ। ਜੇਠ ਕੋਲੋਂ ਹੀ ਪੰਜ ਰੁਪਏ ਮੰਗਣ ਦੀ ਲੋੜ ਕਿਉਂ ਪੈਂਦੀ ਹੈ—ਇਸ ਦੇ ਮਨੋਵਿਗਿਆਨਕ ਅਤੇ ਸਮਾਜਿਕ ਅਰਥਾਂ ਦੀਆਂ ਕਈ ਪਰਤਾਂ ਹੋ ਸਕਦੀਆਂ ਹਨ। ਲੋਕ-ਬੋਲੀ ਅਕਸਰ ਉਹ ਸੱਚ ਕਹਿ ਜਾਂਦੀ ਹੈ ਜਿਸ ਨੂੰ ਸਮਾਜ ਸਿੱਧੇ ਸ਼ਬਦਾਂ ਵਿੱਚ ਕਹਿਣ ਤੋਂ ਝਿਜਕਦਾ ਹੈ।

ਪਰ ਅੱਜ ਮੇਰਾ ਵਿਸ਼ਾ ਲੋਕ-ਬੋਲੀ ਦਾ ਜੇਠ ਨਹੀਂ, ਕਵਿਤਾ ਦੇ ਜੇਠ ਹਨ। ਸੋਸ਼ਲ ਮੀਡੀਆ ਨੇ ਲਿਖਣ ਅਤੇ ਛਪਣ ਦੇ ਦਰਵਾਜ਼ੇ ਬਹੁਤ ਖੋਲ੍ਹ ਦਿੱਤੇ ਹਨ। ਇਹ ਆਪਣੇ ਆਪ ਵਿੱਚ ਮਾੜੀ ਗੱਲ ਨਹੀਂ। ਨਵੇਂ ਲੋਕਾਂ ਨੂੰ ਲਿਖਣ ਦਾ ਮੌਕਾ ਮਿਲਣਾ ਚਾਹੀਦਾ ਹੈ। ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਲਾਈਕ ਨੂੰ ਸਾਹਿਤਕ ਪ੍ਰਮਾਣ-ਪੱਤਰ, ਕੁਮੈਂਟ ਨੂੰ ਆਲੋਚਨਾ ਅਤੇ ਛਪਾਈ ਨੂੰ ਰਚਨਾ ਦੀ ਗੁਣਵੱਤਾ ਦਾ ਸਬੂਤ ਸਮਝ ਲਿਆ ਜਾਂਦਾ ਹੈ।

ਅੱਜ ਫੇਸਬੁੱਕ ‘ਤੇ ਕਿਸੇ ਨੇ ਚਾਰ ਲਾਈਨਾਂ ਲਿਖੀਆਂ ਨਹੀਂ ਕਿ ਹੇਠਾਂ ਟਿੱਪਣੀਆਂ ਆਉਣ ਲੱਗਦੀਆਂ ਹਨ—
“ਕਮਾਲ!”
“ਬਹੁਤ ਖ਼ੂਬ!”
“ਤੁਸੀਂ ਤਾਂ ਕਮਾਲ ਦੀ ਕਵਿਤਰੀ ਹੋ!”
“ਕਿਤਾਬ ਜ਼ਰੂਰ ਛਪਵਾਓ!”
ਕਈ ਵਾਰ ਤਾਰੀਫ਼ ਕਰਨ ਵਾਲੇ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਜਿਸ ਲਿਖਤ ਦੀ ਉਹ ਵਾਹ-ਵਾਹ ਕਰ ਰਿਹਾ ਹੈ, ਉਹ ਲਿਖਤ ਕਿਸੇ ਹੋਰ ਕਵੀ ਦੀ ਹੈ। ਇੱਥੋਂ ਸ਼ੁਰੂ ਹੁੰਦਾ ਹੈ ਫੇਸਬੁੱਕੀ ਸਾਹਿਤ ਦਾ ਭਰਮ। ਕਵਿਤਾ ਲਿਖਣੀ ਅਤੇ ਕਵਿਤਾ ਹੋ ਜਾਣਾ, ਕਾਗਜ਼ ‘ਤੇ ਸ਼ਬਦ ਲਿਖ ਦੇਣਾ ਕਵਿਤਾ ਨਹੀਂ।ਤੁਕਬੰਦੀ ਕਰ ਦੇਣਾ ਕਵਿਤਾ ਨਹੀਂ। ਦੋ-ਚਾਰ ਔਖੇ ਸ਼ਬਦ ਪਾ ਦੇਣਾ ਕਵਿਤਾ ਨਹੀਂ। ਆਪਣੇ ਦੁੱਖ ਨੂੰ ਦਸ ਲਾਈਨਾਂ ਵਿੱਚ ਵੰਡ ਦੇਣਾ ਵੀ ਕਵਿਤਾ ਨਹੀਂ। ਕਵਿਤਾ ਲਈ ਭਾਸ਼ਾ ਦੀ ਸਮਝ, ਜੀਵਨ ਦਾ ਅਨੁਭਵ, ਸੰਵੇਦਨਾ, ਕਲਪਨਾ, ਸ਼ਿਲਪ ਅਤੇ ਸਭ ਤੋਂ ਵੱਧ ਅੰਦਰਲੀ ਸੱਚਾਈ ਚਾਹੀਦੀ ਹੈ।

ਕਵਿਤਾ ਕੱਚ ਦੀ ਵੰਗ ਨਹੀਂ ਕਿ ਪਟਾਰੀ ਵਿੱਚੋਂ ਕੱਢੀ ਤੇ ਬਾਂਹ ‘ਤੇ ਚੜ੍ਹਾ ਲਈ। ਕੱਚ ਦੀ ਵੰਗ ਦਾ ਰੰਗ ਭਾਵੇਂ ਸੁੰਦਰ ਹੋਵੇ, ਪਰ ਉਸ ਦੀ ਤਾਸੀਰ ਜਾਣੇ ਬਿਨਾਂ ਉਹ ਹੱਥ ਵੀ ਕੱਟ ਸਕਦੀ ਹੈ। ਇਸੇ ਲਈ ਸਾਹਿਤ ਵਿੱਚ ਸ਼ਬਦਾਂ ਨਾਲੋਂ ਸ਼ਬਦ ਦੀ ਜ਼ਿੰਮੇਵਾਰੀ ਵੱਡੀ ਹੈ। ਪੈਸਾ ਹੋਵੇ ਤਾਂ ਕਿਤਾਬ ਤਿਆਰ! ਛਪਾਈ ਆਸਾਨ ਹੋਈ ਹੈ ਤਾਂ ਚੰਗੀ ਗੱਲ ਹੈ। ਪਰ ਇਸ ਦਾ ਇੱਕ ਮਾੜਾ ਪਾਸਾ ਵੀ ਹੈ—ਹੁਣ ਕਈ ਥਾਵਾਂ ‘ਤੇ ਕਿਤਾਬ ਛਪਣ ਅਤੇ ਸਾਹਿਤਕ ਰਚਨਾ ਹੋਣ ਵਿਚਲਾ ਫ਼ਰਕ ਮਿਟਦਾ ਜਾ ਰਿਹਾ ਹੈ। ਕਈ ਵਾਰ ਪਹਿਲਾਂ ਕਿਤਾਬ ਦਾ ਬਜਟ ਬਣਦਾ ਹੈ, ਫਿਰ ਲੇਖਕ ਬਣਾਇਆ ਜਾਂਦਾ ਹੈ। ਪ੍ਰਕਾਸ਼ਕ ਨੂੰ ਪੈਸਾ ਦਿਓ। ਕਿਤਾਬ ਛਪੇਗੀ। ਕਿਸੇ ਤੋਂ ਭੂਮਿਕਾ ਲਿਖਵਾਓ। ਕਿਸੇ ਤੋਂ ਸਿਫ਼ਤਨਾਮਾ ਲਵੋ। ਰੀਲੀਜ਼ ਸਮਾਗਮ ਕਰੋ। ਫੋਟੋ ਖਿਚਵਾਓ।

ਅਖ਼ਬਾਰ ਵਿੱਚ ਖ਼ਬਰ ਭੇਜੋ।

ਤੇ ਫਿਰ ਐਲਾਨ ਕੀਤਾ ਜਾਂਦਾ ਹੈ ਕਿ “ਪੰਜਾਬੀ ਸਾਹਿਤ ਵਿੱਚ ਇੱਕ ਹੋਰ ਮਹੱਤਵਪੂਰਨ ਕਿਤਾਬ ਦਾ ਵਾਧਾ!” ਸਵਾਲ ਇਹ ਹੈ ਕਿ ਕਿਤਾਬ ਦੇ ਸਫ਼ਿਆਂ ਵਿੱਚ ਸਾਹਿਤ ਵੀ ਵਧਿਆ ਜਾਂ ਸਿਰਫ਼ ਕਿਤਾਬਾਂ ਦੀ ਗਿਣਤੀ?
ਕਿਤਾਬ ਲਿਖਣ ਵਾਲਾ ਵੀ ਕਿਰਾਏ ‘ਤੇ!
ਸਭ ਤੋਂ ਖ਼ਤਰਨਾਕ ਰੁਝਾਨ ਤਾਂ ਉਦੋਂ ਹੈ ਜਦੋਂ ਲੇਖਕ ਆਪਣੀ ਕਿਤਾਬ ਦਾ ਲੇਖਕ ਵੀ ਆਪ ਨਹੀਂ ਹੁੰਦਾ।
ਕਿਸੇ ਹੋਰ ਤੋਂ ਲਿਖਵਾਈ, ਆਪਣੇ ਨਾਂ ‘ਤੇ ਛਪਵਾਈ ਅਤੇ ਫਿਰ ਆਪਣੇ ਆਪ ਨੂੰ ਲੇਖਕ ਜਾਂ ਕਵਿਤਰੀ ਕਹਿਣ ਲੱਗ ਪਏ।
ਇਹ ਸਿਰਫ਼ ਸਾਹਿਤਕ ਕਮਜ਼ੋਰੀ ਨਹੀਂ—ਸਿਰਜਣਾਤਮਕ ਇਮਾਨਦਾਰੀ ਦਾ ਸਵਾਲ ਹੈ। ਕਿਤਾਬ ਦੇ ਮੁੱਖ-ਪੰਨੇ ‘ਤੇ ਨਾਮ ਤੁਹਾਡਾ ਹੋ ਸਕਦਾ ਹੈ, ਪਰ ਉਸ ਦੇ ਅੰਦਰਲੇ ਸ਼ਬਦਾਂ ਦੀ ਰੂਹ ਕਿਸ ਦੀ ਹੈ? ਇਹ ਸਵਾਲ ਕਿਤਾਬ ਨਾਲੋਂ ਵੱਡਾ ਹੈ।
ਆਲੋਚਨਾ ਕਿੱਥੇ ਹੈ?
ਸਾਹਿਤ ਨੂੰ ਸਭ ਤੋਂ ਵੱਧ ਨੁਕਸਾਨ ਮਾੜੀ ਕਵਿਤਾ ਨਹੀਂ ਕਰਦੀ। ਮਾੜੀ ਕਵਿਤਾ ਤਾਂ ਸਮੇਂ ਨਾਲ ਭੁੱਲ ਜਾਂਦੀ ਹੈ।
ਨੁਕਸਾਨ ਉਹ ਲੋਕ ਕਰਦੇ ਹਨ ਜੋ ਮਾੜੀ ਰਚਨਾ ਨੂੰ ਵੀ ਮਹਾਨ ਕਹਿਣ ਦੀ ਆਦਤ ਪਾ ਲੈਂਦੇ ਹਨ।

ਜਦੋਂ ਹਰ ਕਿਤਾਬ ‘ਤੇ ਵਾਹ-ਵਾਹ ਹੋਵੇਗੀ ਤਾਂ ਲੇਖਕ ਆਪਣੀ ਕਮਜ਼ੋਰੀ ਕਿਵੇਂ ਪਛਾਣੇਗਾ?
ਆਲੋਚਕ ਦਾ ਕੰਮ ਕਿਸੇ ਨੂੰ ਹੇਠਾਂ ਸੁੱਟਣਾ ਨਹੀਂ, ਸਗੋਂ ਲਿਖਤ ਦੀ ਅਸਲ ਥਾਂ ਦੱਸਣਾ ਹੈ। ਪਰ ਜੇ ਆਲੋਚਨਾ ਵੀ ਦੋਸਤੀ, ਗਰੁੱਪ, ਨਿੱਜੀ ਸਬੰਧ ਜਾਂ ਲਾਭ ਦੇ ਅਧੀਨ ਹੋ ਜਾਵੇ ਤਾਂ ਸਾਹਿਤ ਦਾ ਮਾਪਦੰਡ ਕੌਣ ਬਚਾਏਗਾ?

ਕਵਿਤਾ ਨਾਲ ਧੋਖਾ

ਕਿਸੇ ਹੋਰ ਦੀ ਰਚਨਾ ਆਪਣੇ ਨਾਂ ‘ਤੇ ਲਿਖਣਾ, ਬਿਨਾਂ ਸਮਝੇ ਸ਼ਬਦ ਵਰਤਣਾ, ਪੁਰਾਣੀਆਂ ਰਚਨਾਵਾਂ ਦੀ ਨਕਲ ਕਰਨਾ, ਕਿਸੇ ਹੋਰ ਤੋਂ ਕਿਤਾਬ ਲਿਖਵਾ ਕੇ ਆਪਣੇ ਨਾਂ ‘ਤੇ ਛਪਵਾਉਣਾ—ਇਹ ਸਾਰੀਆਂ ਗੱਲਾਂ ਸਾਹਿਤਕ ਸੰਸਾਰ ਲਈ ਗੰਭੀਰ ਸਵਾਲ ਹਨ। ਖ਼ਾਸ ਕਰਕੇ ਪੰਜਾਬੀ ਵਿੱਚ ਅਰਬੀ-ਫ਼ਾਰਸੀ ਜਾਂ ਕਿਸੇ ਹੋਰ ਭਾਸ਼ਾ ਦੇ ਸ਼ਬਦ ਵਰਤਣ ਵਿੱਚ ਕੋਈ ਬੁਰਾਈ ਨਹੀਂ। ਪੰਜਾਬੀ ਦੀ ਤਾਕਤ ਹੀ ਇਸ ਦੀ ਗ੍ਰਹਿਣਸ਼ੀਲਤਾ ਹੈ। ਪਰ ਸ਼ਬਦ ਦੀ ਨੁਮਾਇਸ਼ ਅਤੇ ਸ਼ਬਦ ਦੀ ਸਮਝ ਦੋ ਵੱਖਰੀਆਂ ਚੀਜ਼ਾਂ ਹਨ। ਜੇ ਕਿਸੇ ਸ਼ਬਦ ਦਾ ਅਰਥ ਪੁੱਛਣ ‘ਤੇ ਲੇਖਕ ਆਪ ਹੀ ਅਟਕ ਜਾਵੇ ਤਾਂ ਸ਼ਬਦ ਕਵਿਤਾ ਨੂੰ ਉੱਚਾ ਨਹੀਂ ਕਰਦਾ। ਉਸ ਦੀ ਕਮਜ਼ੋਰੀ ਨੰਗੀ ਕਰ ਦਿੰਦਾ ਹੈ। ਮਾਂ ਬੋਲੀ ਦੀ ਸੇਵਾ ਜਾਂ ਆਪਣੀ ਸ਼ੋਹਰਤ?

ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਕਿੰਨੇ ਨਵੇਂ ਕਵੀ ਆ ਰਹੇ ਹਨ ਤੇ ੍ਉਨ੍ਹਾਂ ਵਿੱਚੋਂ ਕਿੰਨੇ ਪੰਜਾਬੀ ਨੂੰ ਕੁਝ ਦੇ ਰਹੇ ਹਨ?

ਮਾਂ ਬੋਲੀ ਦੀ ਸੇਵਾ ਦਾ ਮਤਲਬ ਆਪਣੀ ਫੋਟੋ ਨਾਲ ਕਿਤਾਬ ਰਿਲੀਜ਼ ਕਰਵਾਉਣਾ ਨਹੀਂ। ਮਾਂ ਬੋਲੀ ਦੀ ਸੇਵਾ ਦਾ ਮਤਲਬ ਹੈ—ਭਾਸ਼ਾ ਨੂੰ ਸਮਝਣਾ, ਉਸ ਦੀ ਮਿੱਟੀ ਨਾਲ ਜੁੜਨਾ, ਉਸ ਦੀ ਸ਼ਬਦ-ਸੰਪਦਾ ਨੂੰ ਸੰਭਾਲਣਾ ਅਤੇ ਆਪਣੇ ਸਮੇਂ ਦੇ ਸੱਚ ਨੂੰ ਇਮਾਨਦਾਰੀ ਨਾਲ ਲਿਖਣਾ। ਸਾਹਿਤ ਕੋਈ ਵਿਆਹ ਦੀ ਡੋਲੀ ਨਹੀਂ ਕਿ ਪੈਸੇ ਦੇ ਕੇ ਸਜਾਈ, ਚਾਰ ਫੋਟੋਆਂ ਖਿਚਵਾਈਆਂ ਤੇ ਕੰਮ ਮੁੱਕ ਗਿਆ।
ਸਾਹਿਤ ਸਮੇਂ ਦੀ ਅਦਾਲਤ ਹੈ।
ਇੱਥੇ ਅਖ਼ਬਾਰ ਦੀ ਖ਼ਬਰ, ਰੀਲੀਜ਼ ਦੀ ਫੋਟੋ, ਫੇਸਬੁੱਕ ਦੇ ਲਾਈਕ ਅਤੇ ਦੋਸਤਾਂ ਦੀਆਂ ਵਾਹ-ਵਾਹੀਆਂ ਲੰਮਾ ਸਮਾਂ ਗਵਾਹੀ ਨਹੀਂ ਦੇ ਸਕਦੀਆਂ। ਅੰਤ ਵਿੱਚ ਕਿਤਾਬ ਹੀ ਬਚਦੀ ਹੈ। ਅਤੇ ਕਿਤਾਬ ਦੇ ਸਾਹਮਣੇ ਪਾਠਕ।

ਪਾਠਕ ਹੀ ਦੱਸਦਾ ਹੈ ਕਿ ਵੰਗ ਕੱਚ ਦੀ ਸੀ ਜਾਂ ਸੋਨੇ ਦੀ।
ਇਸ ਲਈ ਮੇਰਾ ਸਵਾਲ ਸਿੱਧਾ ਹੈ—
ਕੀ ਅਸੀਂ ਨਵੇਂ ਲੇਖਕਾਂ ਨੂੰ ਲਿਖਣ ਤੋਂ ਰੋਕਣਾ ਚਾਹੁੰਦੇ ਹਾਂ? ਬਿਲਕੁਲ ਨਹੀਂ। ਪਰ ਕੀ ਅਸੀਂ ਹਰ ਲਿਖਣ ਵਾਲੇ ਨੂੰ ਕਵੀ, ਹਰ ਛਪੀ ਕਿਤਾਬ ਨੂੰ ਸਾਹਿਤ ਅਤੇ ਹਰ ਰਿਲੀਜ਼ ਨੂੰ ਸਾਹਿਤਕ ਘਟਨਾ ਮੰਨ ਲਵਾਂ? ਇਸ ਨਾਲ ਸਹਿਮਤ ਹੋਣਾ ਪੰਜਾਬੀ ਸਾਹਿਤ ਨਾਲ ਇਨਸਾਫ਼ ਨਹੀਂ।
ਨਵੇਂ ਲੇਖਕ ਆਉਣ—ਜੀ ਆਇਆਂ ਨੂੰ।
ਨਵੀਆਂ ਕਿਤਾਬਾਂ ਛਪਣ—ਜ਼ਰੂਰ ਛਪਣ।
ਪਰ ਕਵਿਤਾ ਦੀ ਬਾਂਹ ਵਿੱਚ ਵੰਗ ਪਾਉਣ ਤੋਂ ਪਹਿਲਾਂ ਵੰਗ ਦੀ ਤਾਸੀਰ ਤਾਂ ਪਛਾਣੀਏ।
ਨਹੀਂ ਤਾਂ ਕੱਲ੍ਹ ਨੂੰ ਕਵਿਤਾ ਪੁੱਛੇਗੀ—
“ਮੇਰੀ ਬਾਂਹ ‘ਤੇ ਵੰਗਾਂ ਪਾਉਣ ਵਾਲਿਓ,
ਤੁਹਾਨੂੰ ਮੇਰੀ ਬਾਂਹ ਦੀ ਨਬਜ਼ ਦਾ ਵੀ ਪਤਾ ਹੈ?”

Budh-singh-nelon-244x300 ਬੁੱਧ ਚਿੰਤਨ/ਕਵਿਤਾ ਦੇ ਜੇਠ/ਬੁੱਧ ਸਿੰਘ ਨੀਲੋਂ

ਬੁੱਧ ਸਿੰਘ ਨੀਲੋਂ
9464370823

Share this content:

Post Comment