ਬੁੱਧ ਬਾਣ/ਲਗਾਮ ਕੋਈ ਵੀ ਹੋਵੇ/ਬੁੱਧ ਸਿੰਘ ਨੀਲੋਂ
ਲਗਾਮ ਕੋਈ ਵੀ ਹੋਵੇ, ਉਹ ਦੁਖੀ ਹੀ ਕਰਦੀ ਹੈ।
ਘੋੜੇ ਦੀ ਲਗਾਮ ਹੋਵੇ ਜਾਂ ਰਿਸ਼ਤਿਆਂ ਦੀ, ਪੈਸੇ ਦੀ ਹੋਵੇ ਜਾਂ ਮੋਹ ਦੀ—ਜਿੱਥੇ ਲਗਾਮ ਹੈ, ਉੱਥੇ ਆਜ਼ਾਦੀ ਘੱਟ ਤੇ ਡਰ ਵੱਧ ਹੁੰਦਾ ਹੈ। ਜਿਸ ਚੀਜ਼ ਨੂੰ ਅਸੀਂ ਆਪਣਾ ਸਮਝ ਕੇ ਘੁੱਟ ਕੇ ਫੜ ਲੈਂਦੇ ਹਾਂ, ਉਸ ਦੇ ਗੁੰਮ ਹੋਣ ਦਾ ਡਰ ਵੀ ਸਾਡੇ ਅੰਦਰ ਘਰ ਕਰ ਲੈਂਦਾ ਹੈ। ਫਿਰ ਖੁਸ਼ੀ ਵੀ ਪੂਰੀ ਨਹੀਂ ਰਹਿੰਦੀ। ਨਾਲ ਬੈਠੇ ਮਨੁੱਖ ਦੇ ਵਿਛੜ ਜਾਣ ਦਾ ਫ਼ਿਕਰ, ਮਿਲੀ ਚੀਜ਼ ਦੇ ਖੁੱਸ ਜਾਣ ਦਾ ਡਰ ਅਤੇ ਬਣੀ ਹੋਈ ਸਥਿਤੀ ਦੇ ਬਦਲ ਜਾਣ ਦੀ ਚਿੰਤਾ ਮਨ ਨੂੰ ਲਗਾਤਾਰ ਖਾਂਦੀ ਰਹਿੰਦੀ ਹੈ।
ਅਸਲ ਦੁੱਖ ਵਿਛੋੜਾ ਨਹੀਂ, ਵਿਛੋੜੇ ਦਾ ਡਰ ਹੈ। ਕੈਦ ਲੋਹੇ ਦੀਆਂ ਸਲਾਖਾਂ ਨਹੀਂ, ਮੋਹ ਦੀਆਂ ਲਗਾਮਾਂ ਹੁੰਦੀਆਂ ਹਨ। ਮਨੁੱਖ ਜਿੰਨਾ ਕਿਸੇ ਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਓਨਾ ਹੀ ਉਸ ਨੂੰ ਗੁਆਉਣ ਤੋਂ ਡਰਦਾ ਹੈ। ਇਸੇ ਡਰ ਵਿੱਚ ਪਿਆਰ ਹੌਲੀ-ਹੌਲੀ ਹੱਕ ਬਣ ਜਾਂਦਾ ਹੈ, ਹੱਕ ਕਬਜ਼ਾ ਬਣ ਜਾਂਦਾ ਹੈ ਅਤੇ ਕਬਜ਼ਾ ਰਿਸ਼ਤੇ ਦਾ ਸਾਹ ਘੁੱਟਣ ਲੱਗ ਪੈਂਦਾ ਹੈ।
ਜ਼ਿੰਦਗੀ ਦਾ ਸੱਚ ਇਹ ਹੈ ਕਿ ਕੋਈ ਵੀ ਚੀਜ਼ ਸਦਾ ਲਈ ਸਾਡੇ ਕੋਲ ਨਹੀਂ ਰਹਿਣੀ। ਮਨੁੱਖ, ਮਾਇਆ, ਅਹੁਦਾ, ਸ਼ੋਹਰਤ—ਸਭ ਸਮੇਂ ਦੇ ਰਾਹੀ ਹਨ। ਜਿਹੜਾ ਇਹ ਸੱਚ ਸਮਝ ਲੈਂਦਾ ਹੈ, ਉਹ ਪਿਆਰ ਕਰਦਾ ਹੈ ਪਰ ਜਕੜਦਾ ਨਹੀਂ; ਸਾਥ ਦਿੰਦਾ ਹੈ ਪਰ ਮਾਲਕੀ ਨਹੀਂ ਜਤਾਉਂਦਾ। ਇਸ ਲਈ ਲਗਾਮ ਛੱਡਣੀ ਸਿੱਖੋ।
ਜਿਸ ਨੇ ਜਾਣਾ ਹੈ, ਉਸ ਨੂੰ ਰੋਕ ਕੇ ਵੀ ਨਹੀਂ ਰੋਕਿਆ ਜਾ ਸਕਦਾ। ਜਿਸ ਨੇ ਰਹਿਣਾ ਹੈ, ਉਸ ਨੂੰ ਬੰਨ੍ਹ ਕੇ ਰੱਖਣ ਦੀ ਲੋੜ ਨਹੀਂ। ਮੋਹ ਜੇ ਪਿਆਰ ਨੂੰ ਆਜ਼ਾਦੀ ਦੇਵੇ ਤਾਂ ਰਿਸ਼ਤਾ ਬਣਦਾ ਹੈ; ਮੋਹ ਜੇ ਲਗਾਮ ਬਣ ਜਾਵੇ ਤਾਂ ਉਹੀ ਰਿਸ਼ਤਾ ਦੁੱਖ ਬਣ ਜਾਂਦਾ ਹੈ।

ਬੁੱਧ ਸਿੰਘ ਨੀਲੋਂ
9464370823
Share this content:



Post Comment