Loading Now

ਅਣਗਿਣਤ ਬਿਮਾਰੀਆਂ ਦੀ ਜੜ੍ਹ ਮੋਟਾਪਾ

ਅਣਗਿਣਤ ਬਿਮਾਰੀਆਂ ਦੀ ਜੜ੍ਹ ਮੋਟਾਪਾ

ਅਜੋਕੇ ਸਮੇਂ ਵਿੱਚ ਲੋਕਾਂ ਦੀ ਜੀਵਨ ਸ਼ੈਲੀ ਘੱਟ ਸਰੀਰਕ ਗਤੀਵਿਧੀ ਅਤੇ ਜ਼ਿਆਦਾ ਬੈਠ ਕੇ ਕੰਮ ਕਰਨ ਵਾਲੀ ਬਣ ਚੁੱਕੀ ਹੈ। ਜ਼ਿਆਦਾਤਰ ਲੋਕ ਘਰ ’ਚ ਖਾਣਾ ਬਣਾਉਣ ਦੀ ਬਜਾਏ ਬਾਜ਼ਾਰੀ ਡੱਬਾਬੰਦ ਭੋਜਨ ਅਤੇ ਜੰਕ ਫੂਡ ਨੂੰ ਤਰਜੀਹ ਦਿੰਦੇ ਹਨ। ਅਜਿਹਾ ਭੋਜਨ ਪੌਸ਼ਟਿਕ ਤੱਤਾਂ ਪੱਖੋਂ ਤਾਂ ਸੱਖਣਾ ਹੁੰਦਾ ਹੀ ਹੈ ਸਗੋਂ ਸਰੀਰ ਉੱਪਰ ਚਰਬੀ ਇੱਕਠੀ ਕਰਕੇ ਮੋਟਾਪਾ ਲਿਆਉਂਦਾ ਹੈ। ਮੋਟਾਪੇ ਦੀ ਪਛਾਣ ਆਮ ਤੌਰ ’ਤੇ ਪੇਟ ਜਾਂ ਲੱਕ ਉੱਤੇ ਇਕੱਠੀ ਹੋਈ ਚਰਬੀ ਤੋਂ ਕੀਤੀ ਜਾਂਦੀ ਹੈ। ਇਹ ਚਰਬੀ ਆਪਣੇ ਆਪ ’ਚ ਕੋਈ ਬਿਮਾਰੀ ਤਾਂ ਨਹੀਂ ਹੈ, ਪਰ ਅਨੇਕਾਂ ਬਿਮਾਰੀਆਂ ਨੂੰ ਜਨਮ ਜ਼ਰੂਰ ਦੇ ਸਕਦੀ ਹੈ। ਮੋਟਾਪੇ ਤੋਂ ਪੀੜਤ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਪੈਦਾ ਹੋਣ ਦਾ ਖ਼ਤਰਾ ਆਮ ਲੋਕਾਂ ਨਾਲੋਂ ਵੱਧ ਹੁੰਦਾ ਹੈ। ਅਜਿਹੇ ਲੋਕ ਹਾਈ ਬਲੱਡ ਪ੍ਰੈੱਸ਼ਰ ਦੀ ਜਕੜ ਵਿੱਚ ਜਲਦੀ ਆ ਜਾਂਦੇ ਹਨ। ਉਨ੍ਹਾਂ ਦੀਆਂ ਖ਼ੂਨ ਦੀਆਂ ਨਾਲੀਆਂ ਵਿੱਚ ਚਰਬੀ ਜਮ੍ਹਾਂ ਹੋਣ ਕਰਕੇ ਦਿਲ ਦੇ ਰੋਗ ਲੱਗਣ ਦਾ ਖ਼ਤਰਾ ਵੀ ਵੱਧ ਹੁੰਦਾ ਹੈ। ਹਾਈ ਬਲੱਡ ਪ੍ਰੈੱਸ਼ਰ ਨਾਲ ਬ੍ਰੇਨ ਸਟ੍ਰੋਕ ਭਾਵ ਦਿਮਾਗ਼ ਨੂੰ ਖ਼ੂਨ ਲਿਜਾਣ ਵਾਲੀ ਨਾਲੀ ਦੇ ਫਟਣ ਦਾ ਖ਼ਤਰਾ ਵਧ ਜਾਂਦਾ ਹੈ, ਜਿਸ ਨਾਲ ਜਾਨ ਨੂੰ ਖ਼ਤਰਾ ਹੋ ਸਕਦਾ ਹੈ ਜਾਂ ਫਿਰ ਅਧਰੰਗ ਹੋਣ ਦੀ ਨੌਬਤ ਵੀ ਆ ਸਕਦੀ ਹੈ।

ਮੋਟਾਪਾ ਪੀੜਤਾਂ ਨੂੰ ਅਕਸਰ ਸਮਾਜ ਵਿੱਚ ਲੋਕਾਂ ਦੇ ਕੁਬੋਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਉਹ ਡਿਪਰੈਸ਼ਨ ਦੇ ਸ਼ਿਕਾਰ ਹੋ ਸਕਦੇ ਹਨ। ਇਸੇ ਤਰ੍ਹਾਂ ਅਜਿਹੇ ਲੋਕਾਂ ਦੀ ਸੁੱਤੇ ਪਿਆਂ ਕਈ ਵਾਰ ਨੀਂਦ ਖੁੱਲ੍ਹ ਜਾਂਦੀ ਹੈ ਕਿਉਂਕਿ ਮੋਟਾਪੇ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆਉਂਦੀ ਹੈ। ਮੋਟਾਪਾ ਪੀੜਤਾਂ ਵਿੱਚ ਢਿੱਡ ਵਿਚਲੇ ਪਾਚਕ ਤੇਜ਼ਾਬਾਂ ਦੇ ਗਲ਼ੇ ਤੱਕ ਆਉਣ ਦੀਆਂ ਸੰਭਾਵਨਾਵਾਂ ਆਮ ਲੋਕਾਂ ਨਾਲੋਂ ਜ਼ਿਆਦਾ ਹੁੰਦੀਆਂ ਹਨ। ਇਸ ਦੀ ਪਛਾਣ ਸੰਘ ਵਿੱਚ ਆਏ ਖੱਟੇ ਡਕਾਰਾਂ ਵਜੋਂ ਹੁੰਦੀ ਹੈ। ਇਸ ਨਾਲ ‘ਗਰਡ’ (GERD) ਨਾਂ ਦਾ ਰੋਗ ਲੱਗ ਜਾਂਦਾ ਹੈ। ਇਸ ਰੋਗ ਵਿੱਚ ਮਨੁੱਖ ਦੀ ਛਾਤੀ ਵਿੱਚ ਭਾਰੀਪਣ ਰਹਿੰਦਾ ਹੈ ਜਾਂ ਸਾੜ ਪੈਂਦੀ ਰਹਿੰਦੀ ਹੈ। ਅਜਿਹੇ ਲੋਕਾਂ ਨੁੂੰ ਚੱਲਣ-ਫਿਰਨ, ਤੁਰਨ ਅਤੇ ਦੌੜਨ ਲੱਗਿਆਂ ਮੁਸ਼ਕਿਲਾਂ ਆਉਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਜਲਦੀ ਸਾਹ ਚੜ੍ਹ ਜਾਂਦਾ ਹੈ।

ਜ਼ਿੰਦਗੀ ਦਾ ਆਲਸੀ ਜੀਵਨ-ਢੰਗ ਸ਼ੂਗਰ ਰੋਗ ਪੈਦਾ ਕਰਨ ਵਾਲੇ ਕਾਰਨਾਂ ਵਿੱਚੋਂ ਇੱਕ ਅਹਿਮ ਕਾਰਨ ਦੱਸਿਆ ਗਿਆ ਹੈ। ਮੋਟੇ ਲੋਕ ਛੋਟੀ ਉਮਰ ਵਿੱਚ ਇਸ ਤੋਂ ਪੀੜਤ ਹੋ ਜਾਂਦੇ ਹਨ। ਸ਼ੂਗਰ ਦੀ ਬਿਮਾਰੀ ਅਨੇਕਾਂ ਰੋਗਾਂ ਜਿਵੇਂ ਗੁਰਦਿਆਂ ਦਾ ਫੇਲ੍ਹ ਹੋਣਾ, ਨਜ਼ਰ ਦਾ ਘਟਣਾ, ਦਿਲ ਦੇ ਰੋਗ, ਬਲੱਡ ਪ੍ਰੈੱਸ਼ਰ ਅਤੇ ਸਮੇਂ ਤੋਂ ਪਹਿਲਾਂ ਬਿਰਧ ਹੋਣਾ ਆਦਿ ਨੂੰ ਸੱਦਾ ਦਿੰਦੀ ਹੈ। ਮੋਟਾਪੇ ਕਰਕੇ ਗਰਭ ਧਾਰਨ ਕਰਨ ਵਿੱਚ ਵੀ ਮੁਸ਼ਕਿਲਾਂ ਆ ਸਕਦੀਆਂ ਹਨ। ਮੋਟਾਪੇ ਕਾਰਨ ਜਿਗਰ ਉੱਪਰ ਚਰਬੀ ਜਮ੍ਹਾਂ ਹੋ ਜਾਂਦੀ ਹੈ, ਜਿਸ ਨਾਲ ਜਿਗਰ ਖ਼ਰਾਬ ਹੋ ਸਕਦਾ ਹੈ। ਇਸ ਤੋਂ ਬਚਣ ਲਈ ਆਪਣਾ ਭਾਰ ਘਟਾਓ, ਸ਼ਰਾਬ ਪੀਣਾ ਬੰਦ ਕਰੋ ਅਤੇ ਹਲਕੀ-ਫੁਲਕੀ ਕਸਰਤ ਕਰੋ। ਇੱਕ ਥਾਂ ਉੱਤੇ ਬੈਠੇ ਰਹਿਣ ਕਾਰਨ ਪਿੱਤੇ ਦੀ ਪੱਥਰੀ ਬਣਨ ਦਾ ਖ਼ਤਰਾ ਵੀ ਵਧ ਜਾਂਦਾ ਹੈ। ਪਿੱਤੇ ਵਿੱਚ ਪਿੱਤ ਨਾਂਅ ਦਾ ਇੱਕ ਰਸ ਜਮ੍ਹਾਂ ਹੁੰਦਾ ਹੈ। ਮੋਟੇ ਲੋਕਾਂ ਵਿੱਚ ਇਹ ਰਸ ਗਾੜ੍ਹਾ ਹੁੰਦਾ ਹੈ, ਜਿਸ ਨਾਲ ਪੱਥਰੀ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ।

ਸਰੀਰਕ ਤੌਰ ’ਤੇ ਸ਼ਿਥਿਲ ਲੋਕਾਂ ਦੇ ਪੱਠੇ ਅਤੇ ਹੱਡੀਆਂ ਕਮਜ਼ੋਰ ਰਹਿ ਜਾਂਦੀਆਂ ਹਨ, ਜਿਸ ਕਰਕੇ ਜੋੜਾਂ ਦਾ ਦਰਦ, ਸਰੀਰਕ ਪੀੜ ਅਤੇ ਸਰੀਰਕ ਅਕੜਨ ਆਮ ਦੇਖੀ ਜਾਂਦੀ ਹੈ। ਭਾਰ ਜ਼ਿਆਦਾ ਹੋਣ ਕਰਕੇ ਤੁਰਨ ਵਿੱਚ ਵੀ ਮੁਸ਼ਕਿਲ ਆਉਂਦੀ ਹੈ। ਮੋਟਾਪੇ ਕਾਰਨ ਢਿੱਡ, ਛਾਤੀ, ਲੱਤਾਂ ਅਤੇ ਗਰਦਨ ਆਦਿ ਦੀ ਚਮੜੀ ਉੱਤੇ ਕਈ ਵੱਟ ਪੈ ਜਾਂਦੇ ਹਨ। ਇਨ੍ਹਾਂ ਵੱਟਾਂ ਕਰਕੇ ਜਲਣ ਹੋਣਾ, ਫਿਣਸੀਆਂ ਹੋਣਾ ਅਤੇ ਪਸੀਨੇ ਕਾਰਨ ਲਾਗ ਲੱਗਣਾ ਆਦਿ ਜਿਹੀਆਂ ਪ੍ਰੇਸ਼ਾਨੀਆਂ ਪੈਦਾ ਹੋ ਸਕਦੀਆਂ ਹਨ। ਗਰਮੀ ਵਾਲੇ ਦਿਨਾਂ ’ਚ ਪਸੀਨੇ ਦੀ ਬਦਬੂ ਵੀ ਆ ਸਕਦੀ ਹੈ। ਸਰੀਰ ’ਤੇ ਚਰਬੀ ਇੱਕਠੀ ਹੋਣ ਦੇ ਕਾਰਨ: ਸਰੀਰ ਉੱਪਰ ਚਰਬੀ ਇੱਕਠੀ ਹੋਣ ਦੇ ਕਈ ਕਾਰਨ ਹਨ ਜਿਵੇਂ ਜ਼ਿਆਦਾ ਖੰਡ ਅਤੇ ਚਰਬੀ ਵਾਲਾ ਭੋਜਨ ਖਾਣਾ, ਬਾਜ਼ਾਰੀ ਭੋਜਨ ਖਾਣਾ ਅਤੇ ਸਰੀਰਕ ਗਤੀਵਿਧੀ ਦੀ ਘਾਟ ਆਦਿ। ਦਿਮਾਗ਼ੀ ਤਣਾਅ ਅਤੇ ਨੀਂਦ ਦੀ ਘਾਟ ਵੀ ਮੋਟਾਪੇ ਨੂੰ ਜਨਮ ਦਿੰਦੇ ਹਨ। ਮੋਟੇ ਲੋਕਾਂ ਦੀ ਔਲਾਦ ਦੇ ਵੀ ਮੋਟੇ ਹੋਣ ਦੀ ਸੰਭਾਵਨਾ ਹੁੰਦੀ ਹੈ। ਅੱਜਕੱਲ੍ਹ ਬੱਚਿਆਂ ਦਾ ਟੀ ਵੀ ਅੱਗੇ ਜਾਂ ਮੋਬਾਈਲ ਲੈ ਕੇ ਬੈਠੇ ਰਹਿਣਾ ਵੀ ਮੋਟਾਪੇ ਨੂੰ ਜਨਮ ਦੇ ਰਿਹਾ ਹੈ। ਕੁਝ ਵਿਸ਼ੇਸ਼ ਦਵਾਈਆਂ ਵੀ ਮੋਟਾਪਾ ਪੈਦਾ ਕਰਦੀਆਂ ਹਨ।

ਸਿਹਤਯਾਬ ਜੀਵਨ ਜਿਊਣ ਲਈ ਆਲਸ ਤਿਆਗੋ: ਫਿੱਟ ਰਹਿਣ ਲਈ ਆਪਣੇ ਭੋਜਨ ਵਿੱਚ ਮੈਦੇ, ਖੰਡ ਅਤੇ ਘਿਓ ਦੀ ਮਾਤਰਾ ਨੂੰ ਘਟਾਉਣਾ ਚਾਹੀਦਾ ਹੈ। ਰੋਜ਼ਾਨਾ ਦੇ ਭੋਜਨ ’ਚ ਸਲਾਦ ਦੀ ਮਾਤਰਾ ਨੂੰ ਵਧਾਉਣਾ ਚਾਹੀਦਾ ਹੈ। ਬਾਜ਼ਾਰੀ ਜਾਂ ਡੱਬਾਬੰਦ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘਰ ਵਿੱਚ ਤਿਆਰ ਕੀਤਾ ਭੋਜਨ ਹੀ ਖਾਧਾ ਜਾਵੇ। ਇਹ ਤਾਂ ਹੀ ਸੰਭਵ ਹੈ ਜਦੋਂ ਅਸੀਂ ਆਲਸ ਛੱਡ ਅਤੇ ਸਰੀਰਕ ਤੌਰ ’ਤੇ ਸਰਗਰਮ ਰਹਿ ਕੇ ਘਰ ਦੇ ਕੰਮਕਾਰ ਕਰਾਂਗੇ। ਰੇਸ਼ਿਆਂ ਵਾਲੇ ਭੋਜਨ ਜਿਵੇਂ ਗਾਜਰਾਂ, ਮੂਲੀਆਂ, ਖੀਰੇ, ਹਰੇ ਪੱਤਿਆਂ ਵਾਲੀਆਂ ਸਬਜ਼ੀਆਂ, ਚੁਕੰਦਰ ਅਤੇ ਸਾਬਤ ਅਨਾਜ ਨੂੰ ਆਪਣੀ ਖ਼ੁਰਾਕ ਦਾ ਹਿੱਸਾ ਬਣਾਇਆ ਜਾਵੇ। ਰੋਜ਼ਾਨਾ ਦੇ ਆਮ ਭੋਜਨ ਵਿੱਚ ਪ੍ਰੋਟੀਨ ਵਾਲੀਆਂ ਚੀਜ਼ਾਂ ਜਿਵੇਂ ਦਾਲਾਂ, ਪਨੀਰ, ਅੰਡੇ ਅਤੇ ਦੁੱਧ ਆਦਿ ਨੁੂੰ ਜ਼ਰੂਰ ਸ਼ਾਮਿਲ ਕਰੋ। ਫ਼ਲਾਂ ਦਾ ਜੂਸ ਪੀਣ ਦੀ ਬਜਾਏ ਰੇਸ਼ਿਆਂ ਅਤੇ ਗੁੱਦੇ ਸਮੇਤ ਫ਼ਲ ਖਾਣ ਨੁੂੰ ਪਹਿਲ ਦਿੱਤੀ ਜਾਵੇ।

Share this content:

Post Comment