ਭਾਜਪਾ ਨੂੰ ਖ਼ੁਸ਼ ਕਰਨ ਲੱਗੇ ਸੁਖਬੀਰ: ਵੜਿੰਗ
ਚੰਡੀਗੜ੍ਹ, 10 ਅਗਸਤ – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੱਦਬੰਦੀ ਬਿੱਲ ’ਤੇ ਯੂ-ਟਰਨ ਲੈਣ ’ਤੇ ਸੁਖਬੀਰ ਬਾਦਲ ਦੀ ਘੇਰਾਬੰਦੀ ਕੀਤੀ ਹੈ। ਸ੍ਰੀ ਵੜਿੰਗ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਉਹ ਭਾਜਪਾ ਨਾਲ ਚੋਣ ਗੱਠਜੋੜ ਲਈ ਇੰਨੀ ਜਲਦੀ ਵਿੱਚ ਕਿਉਂ ਹਨ ਕਿ ਉਨ੍ਹਾਂ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਹਲਕਿਆਂ ਦੀ ਹੱਦਬੰਦੀ ਵਰਗੇ ਸੰਵੇਦਨਸ਼ੀਲ ਮੁੱਦੇ ’ਤੇ ਵੀ ਆਪਣਾ ਰੁਖ਼ ਬਦਲਣਾ ਪਿਆ ਹੈ। ਤਿੰਨ ਮਹੀਨੇ ਪਹਿਲਾਂ ਅਕਾਲੀ ਦਲ ਨੇ ਹੱਦਬੰਦੀ ਬਿੱਲ ਦਾ ਵਿਰੋਧ ਕਰਦਿਆਂ ਇਸ ਨੂੰ ਪੰਜਾਬ ਦੇ ਹਿੱਤਾਂ ਦੇ ਖ਼ਿਲਾਫ਼ ਦੱਸਿਆ ਸੀ ਪਰ ਹੁਣ ਹੱਦਬੰਦੀ ਬਿੱਲ ਚੰਗਾ ਲੱਗਣ ਲੱਗ ਪਿਆ ਹੈ। ਸੁਖਬੀਰ ਬਾਦਲ ਆਪਣੀ ਸਿਆਸੀ ਹੋਂਦ ਬਚਾਉਣ ਲਈ ਭਾਜਪਾ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨਾਲ ਚੋਣ ਗੱਠਜੋੜ ਹੋ ਸਕੇ।
ਸ੍ਰੀ ਵੜਿੰਗ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਭਾਜਪਾ ਨਾਲ ਗੱਠਜੋੜ ਕਰਨ ਵਿੱਚ ਅਸਫਲ ਰਿਹਾ ਸੀ ਤਾਂ ਸੁਖਬੀਰ ਨੇ ਦਾਅਵਾ ਕੀਤਾ ਸੀ ਕਿ ਉਹ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੇ ਹਨ ਪਰ ਅੱਜ ਅਕਾਲੀ ਦਲ ਵੱਲੋਂ ਭਾਜਪਾ ਨਾਲ ਗੱਠਜੋੜ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸ੍ਰੀ ਵੜਿੰਗ ਨੇ ਕਿਹਾ ਕਿ ਭਾਵੇਂ ਅਕਾਲੀ ਦਲ ਅਤੇ ਭਾਜਪਾ ਚੋਣਾਂ ਲਈ ਇਕੱਠੇ ਹੋ ਜਾਣ, ਫਿਰ ਵੀ ਉਨ੍ਹਾਂ ਦੀ ਜਿੱਤ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜਾਬ ਦੇ ਲੋਕ ਨਾ ਤਾਂ ਬੇਅਦਬੀ ਦੀਆਂ ਘਟਨਾਵਾਂ ਭੁੱਲੇ ਹਨ ਅਤੇ ਨਾ ਹੀ ਕਿਸਾਨਾਂ ’ਤੇ ਹੋਏ ਅੱਤਿਆਚਾਰ ਭੁੱਲੇ ਹਨ। ਦੋਵਾਂ ਮਾਮਲਿਆਂ ਵਿੱਚ ਦੋਵੇਂ ਪਾਰਟੀਆਂ ਕ੍ਰਮਵਾਰ ਜ਼ਿੰਮੇਵਾਰ ਰਹੀਆਂ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜੇ ਇਨ੍ਹਾਂ ਦੋਵਾਂ ਪਾਰਟੀਆਂ ਦਾ ਗੱਠਜੋੜ ਹੋ ਵੀ ਜਾਂਦਾ ਹੈ ਤਾਂ ਵੀ ਇਹ ਕੋਈ ਚੰਗੀ ਕਾਰਗੁਜ਼ਾਰੀ ਨਹੀਂ ਦਿਖਾ ਸਕਣਗੀਆਂ ਬਲਕਿ ਇਹ ਇਨ੍ਹਾਂ ਦੀ ਸਿਆਸੀ ਮੌਕਾਪ੍ਰਸਤੀ ਨੂੰ ਉਜਾਗਰ ਕਰੇਗਾ।
Share this content:



Post Comment