ਪੰਜਾਬ ’ਚ ਝੋਨੇ ਦੀ ਲੁਆਈ ਪਹਿਲੀ ਜੂਨ ਤੋਂ ਹੋਵੇਗੀ ਸ਼ੁਰੂ
ਮਾਨਸਾ, 1 ਜੂਨ – ਪੰਜਾਬ ਵਿੱਚ ਭਲਕੇ ਪਹਿਲੀ ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋਣ ਜਾ ਰਹੀ ਹੈ। ਸੂਬੇ ਵਿੱਚ ਇਹ ਲੁਆਈ ਕੁੱਲ ਤਿੰਨ ਪੜਾਵਾਂ ਵਿੱਚ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਰੂਪਨਗਰ ਅਤੇ ਮੁਹਾਲੀ ਜ਼ਿਲ੍ਹੇ ਸ਼ਾਮਲ ਹਨ। ਦੂਜੇ ਪੜਾਅ ਤਹਿਤ ਮਾਲਵਾ ਖੇਤਰ ਵਿੱਚ ਇਹ ਲੁਆਈ 5 ਜੂਨ ਤੋਂ ਆਰੰਭ ਹੋਵੇਗੀ, ਜਿਸ ਵਿੱਚ ਬਠਿੰਡਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਸ਼ਾਮਲ ਹਨ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ, ਤੀਜੇ ਪੜਾਅ ਵਿੱਚ 9 ਜੂਨ ਤੋਂ ਮਾਨਸਾ, ਬਰਨਾਲਾ, ਮੋਗਾ, ਸੰਗਰੂਰ, ਜਲੰਧਰ, ਪਟਿਆਲਾ, ਮਲੇਰਕੋਟਲਾ, ਲੁਧਿਆਣਾ, ਕਪੂਰਥਲਾ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ ਝੋਨੇ ਦੀ ਲੁਆਈ ਸ਼ੁਰੂ ਹੋਵੇਗੀ। ਇਸੇ ਦੌਰਾਨ ਝੋਨੇ ਦੀ ਲੁਆਈ ਨੂੰ ਲੈ ਕੇ ਵੱਡੇ ਪੱਧਰ ’ਤੇ ਪਰਵਾਸੀ ਮਜ਼ਦੂਰ ਮਾਨਸਾ ਅਤੇ ਬਠਿੰਡਾ ਦੇ ਰੇਲਵੇ ਸਟੇਸ਼ਨਾਂ ’ਤੇ ਰਾਤ ਨੂੰ ਆਉਣ ਵਾਲੀਆਂ ਰੇਲ ਗੱਡੀਆਂ (ਜਿਵੇਂ ਕਿ ਪੰਜਾਬ ਮੇਲ ਅਤੇ ਆਭਾ ਐਕਸਪ੍ਰੈਸ) ਰਾਹੀਂ ਪਹੁੰਚਣ ਲੱਗੇ ਹਨ। ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਸਵੇਰੇ ਹੀ ਪਿੰਡਾਂ ’ਚੋਂ ਆਏ ਕਿਸਾਨ ਆਪੋ-ਆਪਣੇ ਸਾਧਨਾਂ ਰਾਹੀਂ ਆਪਣੀਆਂ ਮੋਟਰਾਂ (ਖੇਤਾਂ) ’ਤੇ ਲੈ ਕੇ ਜਾ ਰਹੇ ਹਨ। ਪਰਵਾਸੀ ਮਜ਼ਦੂਰਾਂ ਨੇ ਝੋਨੇ ਦੀ ਲੁਆਈ ਲਈ ਪੂਰੀ ਤਿਆਰੀ ਖਿੱਚ ਲਈ ਹੈ, ਜਦੋਂ ਕਿ ਦੂਜੇ ਪਾਸੇ ਪਿੰਡਾਂ ਦੇ ਸਥਾਨਕ ਮਜ਼ਦੂਰਾਂ ਵੱਲੋਂ ਵੀ ਝੋਨਾ ਲਾਉਣ ਲਈ ਕਿਸਾਨਾਂ ਨਾਲ ਹਰ ਤਰ੍ਹਾਂ ਦੀ ਸਾਂਝੇਦਾਰੀ ਕਾਇਮ ਕੀਤੀ ਹੋਈ ਹੈ।
ਪਿੰਡਾਂ ’ਚੋਂ ਹਾਸਲ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਇਸ ਵਾਰ ਕਿਸਾਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਰੁਝਾਨ ਪਹਿਲਾਂ ਨਾਲੋਂ ਕਾਫ਼ੀ ਘਟਿਆ ਹੈ। ਅਜੇ ਵੀ ਅਨੇਕਾਂ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਸਥਾਨਕ ਪੰਜਾਬੀ ਮਜ਼ਦੂਰਾਂ ਅਤੇ ਪਰਵਾਸੀ ਮਜ਼ਦੂਰਾਂ ਨਾਲ ਝੋਨੇ ਦੀ ਇਸ ਲੁਆਈ ਲਈ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਉਧਰ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਹੱਥੀਂ ਝੋਨਾ ਲਾਉਣ ਵਾਲੀ ਲੇਬਰ ਦੀ ਕੋਈ ਵੱਡੀ ਘਾਟ ਨਹੀਂ ਰੜਕੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਜਦੋਂ ਲੁਆਈ ਦਾ ਜ਼ੋਰ ਪਵੇਗਾ ਤਾਂ ਹੋਰ ਪਰਵਾਸੀ ਮਜ਼ਦੂਰਾਂ ਦੇ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਝੋਨੇ ਲਈ ਕਿਸਾਨਾਂ ਦੀ ਪਨੀਰੀ ਬਿਲਕੁਲ ਤਿਆਰ ਹੈ ਅਤੇ ਪਿਛਲੇ ਦੋ ਦਿਨਾਂ ਤੋਂ ਪੈ ਰਹੀਆਂ ਹਲਕੀਆਂ ਕਣੀਆਂ ਨੇ ਠੰਢਕ ਕਾਰਨ ਪਨੀਰੀ ਨੂੰ ਹੋਰ ਨਿਰੋਈ ਕਰ ਦਿੱਤਾ ਹੈ।
ਬਣਾਂਵਾਲਾ ਤਾਪਘਰ ਵੱਲੋਂ ਨਿਰਵਿਘਨ ਸਪਲਾਈ ਜਾਰੀ ਰੱਖਣ ਦਾ ਭਰੋਸਾ
ਇਸੇ ਦੌਰਾਨ ਵੇਦਾਂਤਾ ਪਾਵਰ ਵੱਲੋਂ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ ਨਿੱਜੀ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਝੋਨੇ ਦੀ ਸੀਜ਼ਨ ਨੂੰ ਮੁੱਖ ਰੱਖਦਿਆਂ ਹੋਇਆ ਲਗਾਤਾਰ ਬਿਜਲੀ ਸਪਲਾਈ ਜਾਰੀ ਰੱਖੀ ਜਾਵੇਗੀ, ਜਿਸ ਲਈ ਪਹਿਲਾਂ ਤੋਂ ਪ੍ਰਬੰਧ ਪੂਰੇ ਕੀਤੇ ਹੋਏ ਹਨ।
Share this content:



Post Comment