ਸ਼ਾਇਰਾਂ ਦੇ ਸ਼ਹਿਰ ਫਗਵਾੜੇ ਵਿੱਚ ਸ਼ਾਇਰਾਂ ਦੀ ਮਹਿਫਲ ਜੁੜੀ

ਫਗਵਾੜਾ, 10 ਨਵੰਬਰ (ਏ.ਡੀ.ਪੀ. ਨਿਊਜ਼) ਬਲੱਡ ਸੈਂਟਰ ਫਗਵਾੜਾ ਵਿਖੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਸਕੇਪ ਸਾਹਿਤਕ ਸੰਸਥਾ ਦੇ ਪ੍ਰਧਾਨ ਪਰਵਿੰਦਰਜੀਤ ਸਿੰਘ ਦੇ ਯਤਨਾਂ ਨਾਲ ਫਗਵਾੜਾ ਅਤੇ ਇਲਾਕੇ ਦੇ ਸ਼ਾਇਰਾਂ ਦੀ ਦੀਵਾਲੀ ਦੇ ਸਬੰਧ ਵਿਚ ਸ਼ਾਇਰਾਨਾਂ ਮਹਿਫਲ ਜੁੜੀ। ਮਹਿਫਲ ਦੇ ਆਗਾਜ਼ ਵਿਚ ਬਲਵੀਰ ਕੌਰ ਬੱਬੂ ਸੈਣੀ ਨੇ ਆਪਣੀ ਬਹੁਤ ਵਧੀਆ ਗ਼ਜ਼ਲ ਸਾਂਝੀ ਕਰਦਿਆਂ ਅਪੀਲ ਕੀਤੀ ਕਿ-
“ਕਿਸੇ ਸੁੰਨੇ ਜਿਹੇ ਰਸਤੇ ਵਿੱਚ ਇਕ ਦੀਵਾ ਜਗ੍ਹਾ ਦੇਈਂ”
ਇਸਤੋਂ ਬਾਅਦ ਫਗਵਾੜਾ ਦੀ ਉੱਘੀ ਸ਼ਾਇਰਾ ਜਸਵਿੰਦਰ ਕੌਰ ਫਗਵਾੜਾ ਨੇ ਦੀਵਾਲੀ ਦੀ ਖੁਸ਼ੀ ਦੇ ਮੌਕੇ ਯਾਦ ਕਰਵਾਇਆ ਕਿ
“ਕਿੱਦਾਂ ਹੋਵੇ ਗੱਲ ਸਿਰਾਂ ਦੇ ਤਾਜ ਦੀ,
ਹਾਕਮ ਘੁੱਟੀ ਬੈਠਾ ਸੰਘੀ ਸਾਜ ਦੀ”।
ਫਿਰ ਵਾਰੀ ਆਈ ਬਹੁਤ ਹੀ ਪਿਆਰੀ ਆਵਾਜ਼ ਦੇ ਮਾਲਕ ਸ਼ਾਇਰ ਲਸ਼ਕਰ ਢੰਡਵਾੜਵੀ ਦੀ,ਜਿਸ ਨੇ ਪਿਆਰੀ ਗ਼ਜ਼ਲ “ਅੱਜ ਕਿਸੇ ਨੇ ਯਾਦ ਕੀਤਾ ਮੈਨੂੰ ਜ਼ਰੂਰੀ”।
ਹਰਜਿੰਦਰ ਨਿਆਣਾ ਨੇ ਆਪਣੀ ਰਚਨਾ ਵਿਚ ਸਮੇਂ ਦੀ ਫਿਤਰਤ ਨੂੰ ਯਾਦ ਕਰਵਾਇਆ-
“ਸਮਾਂ ਬਿਨਾਂ ਖੰਭਾਂ ਵਾਲਾ ਪ੍ਰਿੰਦਾ ਹੈ”।
ਰਵਿੰਦਰ ਰਾਏ ਨੇ ਆਪਣੀ ਰਚਨਾ ਵਿੱਚ ਧੂੰਆ ਰਹਿਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਇਸੇ ਤਰ੍ਹਾਂ ਸ਼ਾਇਰਾ ਸਿਮਰਤ ਕੌਰ ਨੇ ਪੰਜਾਬ ਦੇ ਸੂਰਮਿਆਂ ਦੀ ਧਰਤੀ ਨੂੰ ਸਿਜਦਾ ਕੀਤਾ-
“ਸੂਰਮਿਆਂ ਦੀ ਧਰਤੀ ਹੈ ਪੰਜਾਬ ਮੇਰਾ
ਅਸੀਂ ਮੁੜ ਪੰਜਾਬ ਨੂੰ ਗੁਲਾਬ ਬਣਾਵਾਂਗੇ”।
ਫਗਵਾੜੇ ਦੀ ਉੱਘੀ ਲੇਖਿਕਾ ਕਮਲੇਸ਼ ਸੰਧੂ ਨੇ ਆਪਣੀ ਭਾਵਪੂਰਤ ਗ਼ਜ਼ਲ ਨਾਲ ਹਾਜ਼ਰੀ ਲਵਾਈ-
“ਜਰ ਜ਼ੁਲਮਾਂ ਨੂੰ,ਜਿਹੜਾ ਚੁੱਪ ਏ,
ਉਸ ਦੇ ਅੰਦਰ ਹਨੇਰਾ ਘੁੱਪ ਏ”।
ਇਸੇ ਤਰ੍ਹਾਂ ਸਕੇਪ ਸੰਸਥਾ ਦੇ ਸਾਬਕਾ ਪ੍ਰਧਾਨ ਰਵਿੰਦਰ ਚੋਟ ਨੇ ਆਪਣੀ ਰਚਨਾ ਨਾਲ ਸਾਂਝ ਪਾਈ-
“ਪੰਜ-ਸੱਤ ਬੰਦੇ ਮਗਰ ਨੇ ਆਲਮ ਅਜੀਬ ਏ,
ਅਰਥੀ ਉੱਤੇ ਜਾ ਰਿਹਾ ਕੋਈ ਵੱਡਾ ਅਦੀਬ ਏ”।
ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਹਾਜ਼ਰੀਨ ਨਾਲ ਪੰਜਾਬ ਦੇ ਅਜੋਕੇ ਹਲਾਤਾਂ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਸੁਝਾਅ ਦਿੱਤਾ ਕਿ ਪਹਿਲਾ ਫਗਵਾੜੇ ਵਿਚ ਕਵੀ ਦਰਵਾਰਾਂ ਦੇ ਨਾਲ ਕਹਾਣੀ ਦਰਵਾਰ ਵੀ ਹੁੰਦੇ ਰਹੇ ਸਨ। ਹੁਣ ਵੀ ਕਹਾਣੀ ਦਰਵਾਰ ਕਰਵਾਉਣਾ ਚਾਹੀਦਾ ਹੈ। ਐਡਵੋਕੇਟ ਐਸ.ਐਲ. ਵਿਰਦੀ ਨੇ ਬਿਮਾਰ ਰਹਿਣ ਤੋਂ ਬਾਅਦ ਹਸਪਤਾਲ ਦੇ ਤਜ਼ਰਬੇ ਸਾਰੇ ਸ਼ਾਇਰਾਂ ਤੇ ਸਰੋਤਿਆਂ ਨਾਲ ਸਾਂਝੇ ਕੀਤੇ। ਅਖੀਰ ਵਿੱਚ ਪਰਵਿਦੰਰਜੀਤ ਸਿੰਘ ਨੇ ਹਾਜ਼ਰ ਕਵੀਸ਼ਰਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ।
Share this content:



Post Comment