ਹੁਣ ਪ੍ਰੀਖਿਆ ਦੌਰਾਨ ਕਿਰਪਾਨ ਲਾਹੁਣ ਲਈ ਨਹੀਂ ਕੀਤਾ ਜਾਵੇਗਾ ਮਜਬੂਰ – ਕੈਨੇਡਾ
ਟੋਰਾਂਟੋ, 25 ਮਈ – ਕੈਨੇਡਾ ਦੇ ਵਿੰਨੀਪੈਗ ਸ਼ਹਿਰ ਵਿਚ ਹੁਣ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਭਰਤੀ ਪ੍ਰੀਖਿਆ ਦੌਰਾਨ ਕ੍ਰਿਪਾਨ ਲਾਹੁਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਅਤੇ ਜਸਪਾਲ ਸਿੰਘ ਗਿੱਲ ਵਰਗੇ ਨੌਜਵਾਨ ਅਪਣੇ ਮਨਪਸੰਦ ਕਿੱਤਿਆਂ ਵਿਚ ਨੌਕਰੀ ਕਰ ਸਕਣਗੇ। ਦਸਣਯੋਗ ਹੈ ਕਿ ਵਿੰਨੀਪੈਗ ਪੁਲਿਸ ਸਰਵਿਸ ਵਲੋਂ ਨਵਾਂ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। ਜਸਪਾਲ ਸਿੰਘ ਨੂੰ ਭਰਤੀ ਪ੍ਰੀਖਿਆ ਵਿਚ ਬੈਠਣ ਤੋਂ ਰੋਕਣ ਮਗਰੋਂ ਵਿੰਨੀਪੈਗ ਪੁਲਿਸ ਲਗਾਤਾਰ ਨਿਸ਼ਾਨੇ ’ਤੇ ਸੀ ਅਤੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਲੀਗਲ ਨੋਟਿਸ ਵੀ ਭੇਜਿਆ ਗਿਆ ਹੈ। ਸਿੱਖ ਜਥੇਬੰਦੀ ਦਾ ਨੋਟਿਸ ਕਹਿੰਦਾ ਹੈ ਕਿ ਕ੍ਰਿਪਾਨ ਕੋਈ ਹਥਿਆਰ ਨਹੀਂ ਅਤੇ ਕੈਨੇਡੀਅਨ ਕਾਨੂੰਨ ਅਧੀਨ ਧਾਰਮਕ ਚਿੰਨ੍ਹ ਮੰਨਿਆ ਗਿਆ ਹੈ।
ਆਰ.ਸੀ.ਐਮ.ਪੀ. ਸਣੇ ਵੱਖ ਵੱਖ ਮਿਊਂਸਪਲ ਅਤੇ ਪ੍ਰੋਵਿਨਸ਼ੀਅਲ ਪੁਲਿਸ ਸਰਵਿਸਿਜ਼ ਵਿਚ ਅੰਮ੍ਰਿਤਧਾਰੀ ਅਫ਼ਸਰ ਕੰਮ ਕਰ ਰਹੇ ਹਨ। ਜਸਪਾਲ ਸਿੰਘ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਵਿੰਨੀਪੈਗ ਪੁਲਿਸ ਟਸ ਤੋਂ ਮਸ ਨਾ ਹੋਈ ਅਤੇ ਦਲੀਲ ਦਿੱਤੀ ਗਈ ਕਿ ਜਸਪਾਲ ਸਿੰਘ ਦੀ ਕ੍ਰਿਪਾਨ ਪੂਰੇ ਸਤਿਕਾਰ ਨਾਲ ਸੁਰੱਖਿਅਤ ਰੱਖਣ ਦਾ ਭਰੋਸਾ ਦਿਤਾ ਗਿਆ ਪਰ ਪ੍ਰੀਖਿਆਰਥੀ ਨੇ ਅਜਿਹਾ ਨਾ ਕੀਤਾ। ਬੁਲਾਰੇ ਨੇ ਸੁਰੱਖਿਆ ਪ੍ਰਬੰਧਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿੰਨੀਪੈਗ ਪੁਲਿਸ ਵਿਚ ਹਰ ਧਰਮ ਨਾਲ ਸਬੰਧਤ ਬਿਨੈਕਾਰਾਂ ਦਾ ਸਵਾਗਤ ਕੀਤਾ ਜਾਂਦਾ ਹੈ। ਹੁਣ ਵਿੰਨੀਪੈਗ ਪੁਲਿਸ ਦਾ ਸਟੈਂਡ ਬਦਲਿਆ ਨਜ਼ਰ ਆ ਰਿਹਾ ਹੈ ਅਤੇ ਅੰਮ੍ਰਿਤਧਾਰੀ ਨੌਜਵਾਨਾਂ ਦੇ ਮਾਮਲੇ ਵਿਚ ਨਵੇਂ ਨੀਤੀ ਘੜੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਸੁਪਰੀਮ ਕੋਰਟ ਵਲੋਂ 2006 ਵਿਚ ਸੁਣਾਇਆ ਇਤਿਹਾਸਕ ਫ਼ੈਸਲਾ ਬਿਲਕੁਲ ਸਪੱਸ਼ਟ ਹੈ ਕਿ ਸਿੱਖਾਂ ਨੂੰ ਕ੍ਰਿਪਾਨ ਧਾਰਨ ਕਰਨ ਤੋਂ ਰੋਕਣਾ ਧਾਰਮਕ ਆਜ਼ਾਦੀ ਦੀ ਉਲੰਘਣਾ ਹੋਵੇਗਾ। ਸੁਪਰੀਮ ਕੋਰਟ ਨੇ ਅਪਣੇ ਫ਼ੈਸਲੇ ਵਿਚ ਇਹ ਵੀ ਕਿਹਾ ਹੈ ਕਿ ਕ੍ਰਿਪਾਨ ਕੋਈ ਹਥਿਆਰ ਨਹੀਂ ਅਤੇ ਇਕ ਧਾਰਮਕ ਚਿੰਨ੍ਹ ਹੈ। ਉਧਰ ਜਸਪਾਲ ਸਿੰਘ ਨੂੰ ਜਦੋਂ ਵਿੰਨੀਪੈਗ ਪੁਲਿਸ ਦੇ ਤਾਜ਼ਾ ਫ਼ੈਸਲੇ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਖ਼ੁਸ਼ ਹੋਇਆ ਅਤੇ ਨਵੇਂ ਸਿਰੇ ਤੋਂ ਲਿਖਤੀ ਪ੍ਰੀਖਿਆ ਵਿਚ ਬੈਠਣ ਦੀ ਤਿਆਰੀ ਆਰੰਭ ਦਿਤੀ।
Share this content:


Post Comment