ਅਮਰੀਕਾ-ਇਜ਼ਰਾਈਲ ਤੇ ਇਰਾਨ ਜੰਗ ਫ਼ੈਸਲਾਕੁਨ ਮੋੜ ’ਤੇ
ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ ਖ਼ਿਲਾਫ਼ ਛੇੜੀ ਗਈ ਜੰਗ ਫੈਸਲਾਕੁਨ ਨਾਜ਼ੁਕ ਦੌਰ ਵਿੱਚ ਪੁੱਜ ਗਈ ਹੈ। ਇਰਾਨ ਨੇ ਹੋਰਮੁਜ਼ ਸਮੁੰਦਰੀ ਲਾਂਘੇ ਕੋਲ ਅਤੇ ਅਮਰੀਕਾ ਨੇ ਸਾਰੇ ਇਰਾਨੀ ਸਮੁੰਦਰੀ ਤੱਟਾਂ ਦੀ ਨਾਕੇਬੰਦੀ ਕੀਤੀ ਹੋਈ ਹੈ। ਖ਼ਬਰ ਇਹ ਸੀ ਕਿ ਅਮਰੀਕਾ ਨੇ ‘ਅਪਰੇਸ਼ਨ ਫਰੀਡਮ’ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਅਮਰੀਕੀ ਫ਼ੌਜ ਦੇ ਜ਼ੋਰ ਨਾਲ ਜਹਾਜ਼ ਹੋਰਮੁਜ਼ ਤੋਂ ਇਰਾਨ ਕੋਲੋਂ ਲੰਘਣਗੇ ਅਤੇ ਇੱਕ ਜਹਾਜ਼ ਲੰਘਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਜਿਸ ਨੂੰ ਇਰਾਨ ਨੇ ਹਮਲਾ ਕਰਕੇ ਵਾਪਸ ਮੋੜ ਦਿੱਤਾ। ਇਰਾਨ ਆਪਣੀ ਹੱਦ ਵਿੱਚ ਆਉਂਦੇ ਹੋਰਮੁਜ਼ ਸਮੁੰਦਰੀ ਲਾਂਘੇ ਨੂੰ ਆਪਣੀ ਦੇਖ-ਰੇਖ ਅਤੇ ਕੰਟਰੋਲ ਵਿੱਚ ਰੱਖਣ ਨੂੰ ਆਪਣੀ ਸੁਰੱਖਿਆ ਲਈ ਜ਼ਰੂਰੀ ਸਮਝਦਾ ਹੈ। ਇਰਾਨ ਨਾਲ ਟਕਰਾਅ ਤੋਂ ਬਚਣ ਲਈ 24 ਘੰਟੇ ਦੇ ਅੰਦਰ ਹੀ ਟਰੰਪ ਨੇ ‘ਅਪਰੇਸ਼ਨ ਫਰੀਡਮ’ ਵਾਲਾ ਫ਼ੈਸਲਾ ਵਾਪਸ ਲੈ ਲਿਆ ਹੈ। ਇਰਾਨ ਦਾ ਕਹਿਣਾ ਹੈ ਕਿ ਜਹਾਜ਼ ਸਾਡੀ ਇਜਾਜ਼ਤ ਲੈ ਕੇ ਹੀ ਲੰਘਣਗੇ।
ਯੂ ਏ ਈ ਦੀ ਇੱਕ ਤੇਲ ਰਿਫਾਈਨਰੀ, ਫਰਾਂਸ ਤੇ ਦੱਖਣੀ ਕੋਰੀਆ ਦੇ ਜਹਾਜ਼ਾਂ ਉੱਤੇ ਹਮਲੇ ਦੀਆਂ ਵੀ ਖ਼ਬਰਾਂ ਹਨ। ਸਾਰੇ ਖਾੜੀ ਦੇਸ਼ਾਂ ਵਿੱਚੋਂ ਯੂ ਏ ਈ ਅੰਦਰੋਂ ਇਜ਼ਰਾਈਲ ਤੇ ਅਮਰੀਕਾ ਦੇ ਨਾਲ ਹੈ। ਯੂ ਏ ਈ ਹੀ ਇਜ਼ਰਾਇਲੀ ਹਿੱਤਾਂ ਅਨੁਕੂਲ ਕੀਤੇ ਗਏ ‘ਅਬਰਾਹਿਮ ਸਮਝੌਤੇ’ ਦਾ ਮੁੱਖ ਖਿਡਾਰੀ ਹੈ। ਇਸ ਨੇ ਇਜ਼ਰਾਇਲੀ ਪੈਰ ਧਰਾਵੇ ਲਈ ਵੀ ਕਾਰਵਾਈ ਕੀਤੀ ਸੀ, ਜਿਸ ਦਾ ਸਾਊਦੀ ਅਰਬ ਨੇ ਵਿਰੋਧ ਕੀਤਾ ਸੀ। ਇਸ ਅੰਦਰਲਾ ਅਮਰੀਕੀ ਫ਼ੌਜੀ ਅੱਡਾ ਹੀ ਲਗਾਤਾਰ ਇਰਾਨ ਵਿਰੁੱਧ ਹਮਲਿਆਂ ਦਾ ਮੁੱਖ ਟਿਕਾਣਾ ਹੈ। ਇਸ ਨੇ ਹੁਣੇ ਹੁਣੇ ਇਜ਼ਰਾਇਲੀ ਹਵਾਈ ਰੱਖਿਆ ਪ੍ਰਣਾਲੀ ਨੂੰ ਤਾਇਨਾਤ ਕੀਤਾ ਹੈ। ਅਲ-ਜਜ਼ੀਰਾ ਅਨੁਸਾਰ ਇਰਾਨੀ ਫ਼ੌਜ ਦਾ ਬਿਆਨ ਹੈ ਕਿ ਯੂ ਏ ਈ ਉੱਤੇ ਹਮਲਾ ਕਰਨ ਦੀ ਸਾਡੀ ਕੋਈ ਯੋਜਨਾ ਨਹੀਂ, ਇਹ ਸ਼ਰਾਰਤ ਹੈ। ਡੋਨਲਡ ਟਰੰਪ ਲਗਾਤਾਰ ਇਰਾਨ ਨੂੰ ਧਰਤੀ ਦੇ ਨਕਸ਼ੇ ਤੋਂ ਮਿਟਾ ਦੇਣ ਦੀ ਧਮਕੀ ਦਿੰਦਾ ਆ ਰਿਹਾ ਹੈ। ਅਮਰੀਕਾ ਵੱਲੋਂ ਭੇਜੀਆਂ ਨੌਂ ਸ਼ਰਤਾਂ ਦੇ ਜਵਾਬ ਵਿੱਚ ਇਰਾਨ ਨੇ ਵੀ 14 ਸ਼ਰਤਾਂ ਭੇਜ ਕੇ ਇੱਕ ਮਹੀਨੇ ਵਿੱਚ ਜਵਾਬ ਦੇਣ ਦੀ ਮੋਹਲਤ ਦਿੱਤੀ ਹੈ। ਤੇਲ ਗੈਸ ਸੰਕਟ ਨਾਲ ਜੁੜੇ ਮੌਜੂਦਾ ਹਾਲਾਤ ਕਾਰਨ ਸਾਰਾ ਸੰਸਾਰ ਹਿੱਲਿਆ ਪਿਆ ਹੈ। ਦੁਨੀਆ ਭਰ ਦੇ ਦੇਸ਼ਾਂ ਦੇ ਸਬੰਧਾਂ ਵਿੱਚ ਨਵੇਂ ਜੋੜ-ਤੋੜ ਹੋ ਰਹੇ ਹਨ।
ਅਮਰੀਕਾ ਦੀਆਂ ਯੂਰੋਪ, ਨਾਟੋ ਨਾਲੋਂ ਦੂਰੀਆਂ ਤੋੜ-ਵਿਛੋੜਾ ਹੋਣ ਵਰਗੀਆਂ ਜਾਪਦੀਆਂ ਹਨ। ਅਮਰੀਕਾ ਨੇ ਸਾਰੇ ਯੂਰੋਪੀਅਨ ਮੁਲਕਾਂ ਦੀਆਂ ਕਾਰਾਂ ਟਰੱਕਾਂ ਉੱਤੇ 25 ਫ਼ੀਸਦੀ ਟੈਰਿਫ਼ ਲਾ ਦਿੱਤਾ ਹੈ। ਟਰੰਪ ਨੇ ਨਾਟੋ ਮੈਂਬਰਾਂ ਸਪੇਨ, ਇਟਲੀ, ਫਰਾਂਸ, ਜਰਮਨ ਅਤੇ ਇੰਗਲੈਂਡ ਵੱਲੋਂ ਜੰਗ ਵਿੱਚ ਸਾਥ ਨਾ ਦੇਣ ਕਰਕੇ ਉਨ੍ਹਾਂ ਵਿਰੁੱਧ ਤਿੱਖੇ ਬਿਆਨ ਦਿੱਤੇ ਹਨ। ਅਮਰੀਕਾ ਨੇ ਜਰਮਨੀ ਵਿੱਚੋਂ ਆਪਣੇ 5000 ਫ਼ੌਜੀ ਵਾਪਸ ਬੁਲਾ ਲਏ ਹਨ। ਇੰਗਲੈਂਡ ਦਾ ਰਾਜਾ ਚਾਰਲਸ ਤਾਂ ਅਮਰੀਕੀ ਸੰਸਦ ਵਿੱਚ ਉਚੇਚਾ ਆਣ ਕੇ ਟਰੰਪ ਨੂੰ ਆਖ ਕੇ ਗਿਆ ਕਿ ‘ਤੂੰ ਕਹਿੰਦੈਂ ਕਿ ਜੇ ਅਸੀਂ ਨਾ ਹੁੰਦੇ ਤਾਂ ਸਾਰਾ ਯੂਰੋਪ ਜਰਮਨ ਬੋਲ ਰਿਹਾ ਹੁੰਦਾ। ਮੈਂ ਵੀ ਕਹਿੰਦਾਂ ਕਿ ਜੇ ਅਸੀਂ ਨਾ ਹੁੰਦੇ ਤਾਂ ਤੁਸੀਂ ਵੀ ਸਾਰੇ ਫਰੈਂਚ ਬੋਲ ਰਹੇ ਹੁੰਦੇ’। ਉਸ ਦਾ ਇਸ਼ਾਰਾ ਅਮਰੀਕਾ ਵਿੱਚ ਹੋਈ ਇੰਗਲੈਂਡ-ਫਰਾਂਸ ਜੰਗ ਵੱਲ ਸੀ। ਟਰੰਪ ਨੇ ਆਪਣੇ ਵਤੀਰੇ ਅਤੇ ਬੜਬੋਲੇਪਣ ਕਰਕੇ ਯੂਰੋਪ ਦੇ ਲੀਡਰਾਂ ਨੂੰ ਕਈ ਵਾਰ ਬੇਇੱਜ਼ਤ ਵੀ ਕੀਤਾ ਹੈ, ਨੀਵਾਂ ਵਿਖਾਇਆ ਹੈ। ਗਰੀਨਲੈਂਡ ਅਤੇ ਕੈਨੇਡਾ ਉੱਤੇ ਕਬਜ਼ਾ ਕਰਨ ਦੇ ਬਿਆਨ ਦੇਣ, ਮਨਮਾਨੇ ਢੰਗ ਨਾਲ ਟੈਰਿਫ਼ ਥੋਪਣ, ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੂੰ ਬੰਦੀ ਬਣਾਉਣ, ਮੈਕਸਿਕੋ ਕੋਲੰਬੀਆ ਤੇ ਕਿਊਬਾ ਦੀਆਂ ਸਰਕਾਰਾਂ ਉਲਟਾਉਣ ਬਾਰੇ ਮਨਸ਼ਾ ਜ਼ਾਹਿਰ ਕਰਨ, ਇਜ਼ਰਾਈਲ ਬਾਰੇ ਨੀਤੀ, ਇਰਾਨ ਉੱਤੇ ਇਕਪਾਸੜ ਹਮਲਾ ਆਦਿ ਘਟਨਾਵਾਂ ਕਾਰਨ ਕਦੇ ਮਿੱਤਰ ਰਹੇ ਦੇਸ਼ ਵੀ ਸੋਚਣ ਲੱਗੇ ਹਨ ਕਿ ਅਮਰੀਕਾ ਦੀ ਧੱਕੇਸ਼ਾਹੀ ਕਾਰਨ ਉਸ ਨਾਲ ਕਦਮ ਮਿਲਾ ਕੇ ਚੱਲਣਾ ਔਖਾ ਹੈ।
ਹੁਣ ਫਿਰ ਆਖਣ ਲੱਗ ਪਏ ਕਿ ਇਰਾਨ ਪ੍ਰਮਾਣੂ ਬੰਬ ਬਣਾ ਸਕਦਾ ਹੈ, ਆਪਣਾ ਸਾਰਾ ਸੋਧਿਆ ਯੂਰੇਨੀਅਮ ਸਾਡੇ ਹਵਾਲੇ ਕਰੇ, ਨਹੀਂ ਤਾਂ ਮੁਕੰਮਲ ਤਬਾਹੀ ਕਰਕੇ ਪੱਥਰ ਯੁੱਗ ਵਿੱਚ ਪਹੁੰਚਾ ਦਿਆਂਗੇ। ਸਚਾਈ ਇਹ ਹੈ ਕਿ ਪ੍ਰਮਾਣੂ ਬੰਬ ਦਾ ਮੁੱਦਾ ਇਰਾਨ ਉੱਤੇ ਹਮਲਾ ਕਰਨ ਦਾ ਮਹਿਜ਼ ਬਹਾਨਾ ਹੈ। ਆਇਤੁੱਲਾ ਖ਼ਮੇਨੇਈ ਨੇ ਤਾਂ ਪ੍ਰਮਾਣੂ ਬੰਬ ਨੂੰ ਇਸਲਾਮ ਵਿਰੋਧੀ ਆਖ ਕੇ ਇਸ ਵਿਰੁੱਧ ਫ਼ਤਵਾ ਦਿੱਤਾ ਸੀ। ਇਰਾਨ ਨੇ ਤਾਂ ‘ਪ੍ਰਮਾਣੂ ਅਪਸਾਰ ਸੰਧੀ’ ’ਤੇ ਦਸਤਖ਼ਤ ਕੀਤੇ ਹੋਏ ਸਨ। ਉਸ ਦਾ ਸਾਰਾ ਪ੍ਰਮਾਣੂ ਵਿਕਾਸ ਕਾਰਜ ‘ਕੌਮਾਂਤਰੀ ਅਟੌਮਿਕ ਐਨਰਜੀ ਏਜੰਸੀ’ ਦੀ ਨਿਗਰਾਨੀ ਹੇਠ ਰਿਹਾ ਤੇ ਉਸ ਨੇ ਹੁਣ ਵੀ ਅਜਿਹੀ ਨਿਗਰਾਨੀ ਲਈ ਆਪਣੀ ਸਹਿਮਤੀ ਦੇ ਦੇਣੀ ਸੀ। ਤਾਜ਼ਾ ਖ਼ਬਰ ਹੈ ਕਿ ਇਰਾਨ ਨੂੰ ਅਪਰੈਲ 2026 ’ਚ ਨਿਊਕਲੀਅਰ ਪਸਾਰ ਰੋਕਣ ਵਾਲੀ ਯੂ ਐੱਨ ਸੰਸਥਾ ਐੱਨ ਪੀ ਟੀ ਦਾ ਮੀਤ ਪ੍ਰਧਾਨ (34 ਮੀਤ ਪ੍ਰਧਾਨ ਮੁਲਕਾਂ ਵਿੱਚੋਂ ਇੱਕ) ਚੁਣਿਆ ਗਿਆ ਹੈ। ਉਂਜ ਵੀ ਹਰ ਮੁਲਕ ਨੂੰ ਅਧਿਕਾਰ ਹੈ ਕਿ ਉਹ ਸ਼ਾਂਤਮਈ ਮਨੋਰਥ ਲਈ ਇੱਕ ਹੱਦ ਤੱਕ ਪ੍ਰਮਾਣੂ ਵਿਕਾਸ ਕਰ ਸਕਦਾ ਹੈ।
ਇਉਂ ਇਹ ਮੁੱਦਾ ਇਰਾਨ ਦੀ ਹੋਂਦ, ਆਜ਼ਾਦ ਮੁਲਕ ਵਾਲੀ ਹਸਤੀ ਅਤੇ ਅਣਖ ਨਾਲ ਜਿਊਣ ਨਾਲ ਜੁੜਿਆ ਹੋਇਆ ਹੈ। ਇਰਾਨ ਨੇ ਐਲਾਨ ਕੀਤਾ ਕਿ ਉਹ ਕਿਸੇ ਵੀ ਕੀਮਤ ਉੱਤੇ ਆਪਣਾ ਸੋਧਿਆ ਯੂਰੇਨੀਅਮ ਅਮਰੀਕਾ ਹਵਾਲੇ ਕਰਕੇ ਪ੍ਰਮਾਣੂ ਵਿਕਾਸ ਪ੍ਰੋਗਰਾਮ ਠੱਪ ਨਹੀਂ ਕਰੇਗਾ। ਇਰਾਨ ਪ੍ਰਮਾਣੂ ਬੰਬ ਨਾ ਬਣਾਉਣ ਬਾਰੇ ਸਹਿਮਤੀ ਤਾਂ ਦੇ ਸਕਦਾ ਹੈ, ਜੋ ਪਹਿਲਾਂ ਵੀ ਹੈ। ਇਸ ਸਹਿਮਤੀ ਨੂੰ ਆਪਣੀ ਵੱਡੀ ਜਿੱਤ ਵਜੋਂ ਪ੍ਰਚਾਰ ਕੇ ਅਮਰੀਕਾ ਸਮਝੌਤਾ ਕਰਨ ਵੱਲ ਵਧ ਸਕਦਾ ਹੈ। ਇਰਾਨ ਹਮਲੇ ਕਾਰਨ ਬੰਦ ਕੀਤਾ ਹੋਰਮੁਜ਼ ਲਾਂਘਾ ਵੀ ਖੋਲ੍ਹ ਦੇਵੇਗਾ, ਪਰ ਇਸ ਦਾ ਕੰਟਰੋਲ ਆਪਣੇ ਹੱਥ ਰੱਖੇਗਾ ਕਿਉਂਕਿ ਇਹ ਸਮੁੰਦਰੀ ਲਾਂਘਾ ਉਸ ਦੀ ਹੱਦ ਵਿੱਚ ਹੈ। ਜੰਗ ਦੇ ਮੌਜੂਦਾ ਮਹੌਲ ਵਿੱਚ ਉਹ ਆਪਣੀ ਹੱਦ ਵਿੱਚ ਦੁਸ਼ਮਣ ਫ਼ੌਜ ਨੂੰ ਘੁੰਮਣ ਜਾਂ ਟਿਕਣ ਨਹੀਂ ਦੇ ਸਕਦਾ। ਇੱਥੇ ਹੋਣ ਵਾਲਾ ਕੋਈ ਵੀ ਸਮਝੌਤਾ ਸਭ ਦੇ ਹਿੱਤ ਵਿੱਚ ਹੋਵੇਗਾ। ਜੇ ਅਮਰੀਕਾ ਨੇ ਅੜੀ ਕਰਕੇ ਜਾਂ ਇਜ਼ਰਾਈਲ ਦੀ ਚੁੱਕ ਵਿੱਚ ਆ ਕੇ ਇਰਾਨ ਦਾ ਲੱਕ ਤੋੜਨ ਦੇ ਮਕਸਦ ਨਾਲ ਹਮਲੇ ਦਾ ਕੋਈ ਵੀ ਬਹਾਨਾ ਬਣਾਇਆ ਤਾਂ ਫਿਰ ਜੰਗ ਹੋਵੇਗੀ। ਇਰਾਨ ਦੀ ਤਬਾਹੀ ਤਾਂ ਹੋਵੇਗੀ ਹੀ, ਪਰ ਅਮਰੀਕਾ ਤੇ ਇਜ਼ਰਾਈਲ ਲਈ ਵੀ ਇਹ ਜੰਗ ਬਹੁਤ ਕੌੜਾ ਸਬਕ ਹੋਵੇਗੀ। ਇਹ ਭਵਿੱਖ ਵਿੱਚ ਇਰਾਨ ਨੂੰ ਪ੍ਰਮਾਣੂ ਤਾਕਤ ਬਣ ਕੇ ਆਪਣਾ ਬਚਾਅ ਕਰਨ ਲਈ ਮਜਬੂਰ ਕਰਨ ਵਾਲੇ ਰਾਹ ਤੋਰਨ ਵਰਗੀ ਗੱਲ ਹੋਵੇਗੀ।
ਮੱਧ ਪੂਰਬ ਦੇ ਖਾੜੀ ਦੇਸ਼ (ਕਤਰ, ਯੂ ਏ ਈ, ਬਹਿਰੀਨ, ਇਰਾਕ, ਸਾਊਦੀ ਅਰਬ, ਜੌਰਡਨ, ਕੁਵੈਤ, ਓਮਾਨ) ਦਾ ਤਾਂ ਸਿੱਧਾ ਇਰਾਨ ਨਾਲ ਕੋਈ ਝਗੜਾ ਨਹੀਂ, ਪਰ ਇਨ੍ਹਾਂ ਦੀ ਧਰਤੀ ਉੱਤੇ ਅਮਰੀਕੀ ਫ਼ੌਜੀ ਅੱਡੇ ਹਨ, ਜਿਨ੍ਹਾਂ ਤੋਂ ਇਰਾਨ ਉੱਤੇ ਹਮਲੇ ਹੁੰਦੇ ਰਹੇ। ਇਹ ਮੁਲਕ ਵਿਚਕਾਰ ਫਸ ਗਏ ਹਨ। ਜੇ ਜੰਗ ਲਮਕਦੀ ਜਾਂ ਭੜਕਦੀ ਹੈ ਤਾਂ ਖ਼ਾਸਕਰ ਕਤਰ, ਯੂ ਏ ਈ, ਬਹਿਰੀਨ, ਕੁਵੈਤ ਲਈ ਸਭ ਤੋਂ ਵੱਧ ਘਾਤਕ ਹੋਵੇਗੀ। ਭਾਰਤ ਉੱਤੇ ਵੀ ਵੱਡਾ ਨਾਂਹ-ਪੱਖੀ ਅਸਰ ਪਵੇਗਾ, ਕੁਝ ਤਾਂ ਪਹਿਲਾਂ ਹੀ ਪੈ ਚੁੱਕਾ ਹੈ। ਭਾਰਤ ਇਸ ਵੇਲੇ ‘ਬ੍ਰਿਕਸ’ ਦੇਸ਼ਾਂ ਦਾ ਪ੍ਰਧਾਨ ਹੈ ਤੇ ਇਰਾਨ ਵੀ ਮੈਂਬਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਮਲੇ ਤੋਂ ਦੋ ਦਿਨ ਪਹਿਲਾਂ ਇਜ਼ਰਾਈਲ ਜਾ ਕੇ ਨੇਤਨਯਾਹੂ ਦਾ ਗੁਣਗਾਨ ਨਹੀਂ ਸੀ ਕਰਨਾ ਚਾਹੀਦਾ। ਇਰਾਨੀ ਲੀਡਰਾਂ ਤੇ 168 ਬੱਚੀਆਂ ਨੂੰ ਮਾਰਨ, ਭਾਰਤ ਦੇ ਸੱਦੇ ਉੱਤੇ ਆਏ 80 ਇਰਾਨੀ ਪ੍ਰਾਹੁਣਿਆਂ ਨੂੰ ਵਾਪਸ ਜਾਂਦਿਆਂ ਡੁਬੋ ਕੇ ਮਾਰਨ ਦੀ ਵੀ ਮੋਦੀ ਨਿੰਦਾ ਕਰਦੇ ਤਾਂ ਭਾਰਤ ’ਤੇ ਇਰਾਨ ਦਾ ਵਿਸ਼ਵਾਸ ਬਣਿਆ ਰਹਿੰਦਾ।
ਅਮਰੀਕਾ ਤਾਂ ਕਿਸੇ ਦਾ ਮਿੱਤ ਨਹੀਂ, ਨਾਟੋ ਦਾ ਵੀ ਨਹੀਂ। ਟਰੰਪ ਨੇ ਸਾਡੇ ਪ੍ਰਧਾਨ ਮੰਤਰੀ ਦੇ ਮੂੰਹ ’ਤੇ ਆਖਿਆ ਕਿ ‘ਬ੍ਰਿਕਸ’ ਗੱਠਜੋੜ ਮਰ ਚੁੱਕਾ ਹੈ ਤੇ ਫਿਰ ਭਾਰਤ ਚੀਨ ਨੂੰ ‘ਨਰਕ’ ਆਖਿਆ। ਸਾਡੇ ’ਤੇ 18 ਫ਼ੀਸਦੀ ਟੈਰਿਫ਼ ਲਾ ਕੇ ਸਾਨੂੰ ਅਮਰੀਕਾ ਉੱਤੇ ਜ਼ੀਰੋ ਫ਼ੀਸਦੀ ਟੈਰਿਫ਼ ਲਾਉਣ ਲਈ ਮਜਬੂਰ ਕੀਤਾ। ਭਾਰਤ ਦੀ ਇਸੇ ਕਮਜ਼ੋਰੀ ਦੇ ਨਤੀਜੇ ਵਜੋਂ ਅਮਰੀਕਾ ਤੇ ਇਰਾਨ ਦਰਮਿਆਨ ਗੱਲਬਾਤ ਕਰਾਉਣ ਲਈ ਸਭ ਵੱਲੋਂ ਪਾਕਿਸਤਾਨ ਨੂੰ ਵੱਧ ਭਰੋਸੇਯੋਗ ਸਮਝਿਆ ਗਿਆ। ਭਾਰਤ ਨੂੰ ਆਪਣੀ ਵਿਦੇਸ਼ ਨੀਤੀ ਬਾਰੇ ਅੰਤਰ-ਝਾਤ ਮਾਰਨ ਦੀ ਲੋੜ ਹੈ। ਏਡੇ ਵੱਡੇ ਭਾਰਤ ਨੂੰ ਅਮਰੀਕਾ ਤੋਂ ਯਰਕਣ ਦੀ ਕੀ ਮਜਬੂਰੀ ਹੈ? ਅਮਰੀਕਾ ਤਾਂ ਇਰਾਨ ਨੂੰ ਪੱਥਰ ਯੁੱਗ ਵਿੱਚ ਪਹੁੰਚਾ ਦੇਣ ਦੀਆਂ ਫੜ੍ਹਾਂ ਮਾਰਨ ਮਗਰੋਂ ਹੁਣ ਫਿਰ ਸਮਝੌਤੇ ਲਈ ਝੁਕ ਰਿਹਾ ਲਗਦਾ ਹੈ ਕਿਉਂਕਿ ਇਰਾਨ ਵੱਲੋਂ ਰੱਖੀਆਂ 14 ਸ਼ਰਤਾਂ ਦੇ ਆਧਾਰ ਉੱਤੇ ਹੀ ਗੱਲ ਹੋ ਰਹੀ ਹੈ। ਇਰਾਨ ਕਹਿ ਰਿਹਾ ਹੈ ਕਿ ਸਮਝੌਤੇ ਵਿੱਚ ਅਸੀਂ ਦੇਸ਼ ਹਿੱਤ ਲਈ ਖੜ੍ਹਾਂਗੇ, ਚਾਹੇ ਜੰਗ ਹੀ ਕਰਨੀ ਪਵੇ। ਇਹ ਜੰਗ ਹੌਸਲੇ ਅਤੇ ਹਵਸ/ਹਉਮੈ ਦਰਮਿਆਨ ਹੈ।
Share this content:



Post Comment