ਹਰਫ਼ ਸਾਂਭਦਿਆਂ ਮਿਟਾਉਂਦਿਆਂ
ਮੇਰਾ ਪਿੰਡ ਅੱਜ ਵੀ ਜੰਨਤ ਹੈ। ਆਪਣੇ ਬੇਓੜਕਾਂ ਉਦਾਸੀ ਭਰੇ ਹਾਦਸਿਆਂ ਦੇ ਬਾਵਜੂਦ ਵੀ। ਇਹ ਪਿੰਡ ਤਲਵੰਡੀ ਸਲੇਮ ਹੈ। ਵੀਹਵੀਂ ਸਦੀ ਦੇ ਪਿਛਲੇ ਅੱਧ ਦਾ ਸਿਰਮੌਰ ਪੰਜਾਬੀ ਕਵੀ ਪਾਸ਼ (ਪੂਰਾ ਨਾਮ ਅਵਤਾਰ ਸਿੰਘ) ਏਥੇ ਹੀ ਜੰਮਿਆ, ਜਵਾਨ ਹੋਇਆ, ਏਥੇ ਹੀ ਜਵਾਨ ਹੋਈ ਪੰਜਾਬੀ ਕਵਿਤਾ ਨੂੰ ਨਵੇਂ ਤੇ ਜੁਝਾਰੂ ਨਕਸ਼ ਤੇ ਤੇਵਰ ਦੇਣ ਵਾਲੀ ਉਸ ਦੀ ਕਵਿਤਾ ਤੇ ਏਥੇ ਹੀ 23 ਮਾਰਚ 1988 ਨੂੰ ਅਤਿਵਾਦੀਆਂ ਨੇ ਉਸ ਨੂੰ ਕਤਲ ਕਰ ਦਿੱਤਾ। ਇਹ ਉਸ ਸ਼ਾਇਰ ਦਾ ਕਤਲ ਸੀ ਜਿਸ ਦੀ ਤੇ ਜਿਸ ਦੇ ਸਾਥੀ-ਸ਼ਾਇਰਾਂ ਦੀ ਕਵਿਤਾ ਨੇ 1970ਵਿਆਂ ਵਿੱਚ ਪੰਜਾਬੀ ਕਵਿਤਾ ਵਿੱਚ ਆਏ ਜਮੂਦ ਨੂੰ ਤੋੜਿਆ ਅਤੇ ਉਸ ਨੂੰ ਮੱਧਵਰਗੀ ਵਲਗਣਾਂ ਤੋਂ ਬਾਹਰ ਕੱਢ ਕੇ ਕਿਸਾਨਾਂ, ਖੇਤ ਮਜ਼ਦੂਰਾਂ, ਦਲਿਤਾਂ ਤੇ ਸੰਘਰਸ਼ਾਂ ਦੀ ਹੋਣੀ ਨਾਲ ਜੋੜਿਆ। ਪਾਸ਼ ਨੇ ਪੰਜਾਬੀਆਂ ਨੂੰ ਯਾਦ ਕਰਵਾਇਆ ਸੀ:
ਧੁੱਪ ਵਾਂਗ ਧਰਤੀ ’ਤੇ ਖਿੜ ਜਾਣਾ
ਤੇ ਫਿਰ ਗਲਵੱਕੜੀ ’ਚ ਸਿਮਟ ਜਾਣਾ
ਬਾਰੂਦ ਵਾਂਗ ਭੜਕ ਉੱਠਣਾ
ਤੇ ਚੌਂਹ ਕੂੰਟਾਂ ਅੰਦਰ ਗੂੰਜ ਜਾਣਾ
ਜੀਣ ਦਾ ਇਹੋ ਹੀ ਸਲੀਕਾ ਹੁੰਦਾ ਹੈ
ਪਿਆਰ ਕਰਨਾ ਤੇ ਜੀਣਾ
ਉਨ੍ਹਾਂ ਨੂੰ ਕਦੇ ਨਹੀਂ ਆਉਣਾ
ਜਿਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਏ ਬਣਾ ਦਿੱਤਾ
ਹਾਂ, ਇਹ ਉਹ ਪਾਸ਼ ਹੈ, ਜਿਸ ਨੂੰ ਪੰਜਾਬ ਤੋਂ ਬਾਹਰ ਦੇਸ਼ ਦੇ ਦੂਸਰੇ ਸੂਬਿਆਂ ਦੇ ਨੌਜਵਾਨ, ਵਿਦਿਆਰਥੀ, ਕਵਿਤਾ ਦੇ ਪੜ੍ਹਨਹਾਰ ਤੇ ਸੰਘਰਸ਼ਸ਼ੀਲ ਲੋਕ ਜਾਣਦੇ ਨੇ, ਪਿਆਰ ਕਰਦੇ ਹਨ, ਉਸ ਦੀ ਕਵਿਤਾ ਦਾ ਅਨੁਵਾਦ ਕਰਦੇ ਤੇ ਉਸ ਨੂੰ ਗਾਉਂਦੇ ਹਨ; ਇਹ ਉਹੀ ਪਾਸ਼ ਹੈ, ਜਿਸ ਦੀ ਕਵਿਤਾ ਦੇ ਇਹ ਬੋਲ ਜੰਤਰ-ਮੰਤਰ ਤੋਂ ਲੈ ਕੇ ਪੱਛਮੀ ਬੰਗਾਲ ਤੇ ਕੇਰਲਾ ਤੱਕ ਆਪਣੇ ਹੱਕ ਮੰਗਣ ਵਾਲੇ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਬੈਨਰਾਂ ’ਤੇ ਉੱਕਰੇ ਹੁੰਦੇ ਹਨ, ‘‘ਸਭ ਤੋਂ ਖ਼ਤਰਨਾਕ ਹੁੰਦਾ ਹੈ/ ਸਾਡੇ ਸੁਪਨਿਆਂ ਦਾ ਮਰ ਜਾਣਾ।’’ ਇਹੀ ਨਹੀਂ, ਬੈਨਰਾਂ ’ਤੇ ਪਾਸ਼ ਦੇ ਇਹ ਸ਼ਬਦ ਵੀ ਵੱਖ-ਵੱਖ ਭਾਸ਼ਾਵਾਂ ਵਿੱਚ ਲਿਖੇ ਮਿਲਦੇ ਹਨ:
ਅਸੀਂ ਲੜਾਂਗੇ/ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ।
ਅਸੀਂ ਲੜਾਂਗੇ ਕਿ ਹਾਲੇ ਤਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗੁਲਾਮ ਸੱਧਰਾਂ ਲਈ
ਹਾਂ, ਇਹੀ ਪਾਸ਼ ਹੈ, ਜਿਸ ਦਾ ਗੀਤ ‘ਪੈਰਾਂ ਦੀ ਮਿੱਟੀਏ ਪਹਾੜ ਬਣ ਜਾਈਂ/ ਕੱਖਾਂ ਦੀਏ ਕੁੱਲੀਏ, ਮੀਨਾਰ ਬਣ ਜਾਈਂ/ ਆਪਣੀ ਕਮਾਈ ਸਾਂਭ ਰੱਖ ਨੀਂ/ ਕਿਰਤੀ ਦੀ ਕੁੱਲੀਏ… ਲੱਖ ਲੱਖ ਦਾ ਏ ਤੇਰਾ ਕੱਖ ਨੀਂ’ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸੰਘਰਸ਼ਾਂ ਵਿੱਚ ਗੂੰਜਦਾ ਹੈ ਤੇ 2020-21 ਦੇ ਕਿਸਾਨ ਸੰਘਰਸ਼ ਵਿੱਚ ਸਿੰਘੂ ਤੇ ਟਿਕਰੀ ਦੇ ਲੋਕ-ਮੁਹਾਜ਼ਾਂ ’ਤੇ, ਸਾਰੇ ਪੰਜਾਬ ਵਿੱਚ ਬਹੁਤ ਉੱਚੀ ਸੁਰ ਵਿੱਚ ਗੂੰਜਿਆ, ਕਿਰਤੀਆਂ ਤੇ ਭਾਈ ਲਾਲੋਆਂ ਦੀ ਆਤਮਾ ਦਾ ਗੀਤ ਬਣ ਕੇ। ਹਾਂ, ਇਹ ਉਹੀ ਪਾਸ਼ ਹੈ ਜਿਸ ਦੀ ਕਵਿਤਾ ਵਿੱਚ ਬਕੌਲ ਅਮਰਜੀਤ ਚੰਦਨ ‘‘ਪੰਜਾਬ ਆਪਣਾ ਸਿਰ ਉੱਚਾ ਕਰੀ ਖੜ੍ਹਾ ਨਜ਼ਰ ਆਉਂਦਾ ਹੈ।’’
ਤੇ, ਇਹ ਉਹੀ ਪਾਸ਼ ਹੈ, ਜਿਸ ਦੀ ਆਪਣੇ ਪਿੰਡ ਤਲਵੰਡੀ ਸਲੇਮ ਵਿੱਚ ਬਣੀ ਯਾਦਗਾਰ ਦੇ ਨਕਸ਼ਾਂ ਨੂੰ ਤੋੜਨ-ਮਰੋੜਨ ਅਤੇ ਜੇ ਸਾਫ਼ ਸ਼ਬਦਾਂ ਵਿੱਚ ਕਿਹਾ ਜਾਏ ਤਾਂ ਉਸ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਯਾਦਗਾਰ ’ਤੇ ਜਿੱਥੇ ਇਸ ਪਿੰਡ ਦੇ ਸੂਰਮੇ ਪੁੱਤਰਾਂ ਪਾਸ਼ ਤੇ ਹੰਸ ਰਾਜ ਨੂੰ 38 ਸਾਲਾਂ ਤੋਂ ਯਾਦ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਯਾਦ ਵਿੱਚ ਰੰਗਮੰਚ ਬਣਾਇਆ ਗਿਆ ਹੈ। ਜਿੱਥੇ ਇਹ ਯਾਦਗਾਰ ਬਣਾਈ ਗਈ ਹੈ, ਉਹ ਪਿੰਡ ਦੀ ਸਾਂਝੀ ਜ਼ਮੀਨ ਹੈ, ਪੰਚਾਇਤੀ ਜ਼ਮੀਨ ਹੈ, ਕੁੱਲ ਰਕਬਾ ਲਗਭਗ ਦੋ ਕਨਾਲ ਅਤੇ ਤਲਵੰਡੀ ਸਲੇਮ ਦੇ ਲੋਕ ਆਪਣੇ ਪੁੱਤਰਾਂ ਦੀ ਯਾਦ ਮਨਾਉਂਦੇ ਆਏ ਹਨ, ਇਸ ਥਾਂ ਨੂੰ ਸਾਂਭਦੇ ਤੇ ਇੱਥੇ ਸਾਹਿਤਕ-ਸਭਿਆਚਾਰਕ ਸਰਗਰਮੀਆਂ ਕਰਦੇ ਆਏ ਹਨ; ਪਿੰਡ ਦੇ ਲੋਕਾਂ ਦੀ ਸਹਿਮਤੀ ਨਾਲ, ਪੰਚਾਇਤ ਦੀ ਸਹਿਮਤੀ ਨਾਲ।
ਜੋ ਤਲਵੰਡੀ ਸਲੇਮ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਕਾਰਨ ਇਹ ਸਮਾਂ ਪੰਜਾਬ ਤੇ ਤਲਵੰਡੀ ਸਲੇਮ ਦੇ ਲੋਕਾਂ ਲਈ ਉਦਾਸੀ ਦਾ ਸਮਾਂ ਹੈ। ਜਦੋਂ ਦੁਨੀਆ ਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਆਪਣੇ ਲੇਖਕਾਂ ਦੀਆਂ ਯਾਦਗਾਰਾਂ ਬਣਾਈਆਂ ਜਾਂਦੀਆਂ ਨੇ, ਸਾਂਭੀਆਂ ਜਾਂਦੀਆਂ ਨੇ, ਉੱਥੇ ਪੰਜਾਬ ਵਿੱਚ ਪੰਜਾਬੀ ਜ਼ੁਬਾਨ ਦੀ ਨਾਬਰ ਸੁਰ ਕਾਇਮ ਕਰਨ ਵਾਲੇ ਸ਼ਾਇਰ ਦੀ ਯਾਦਗਾਰ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਉਦਾਹਰਣ ਵਜੋਂ ਪੱਛਮੀ ਬੰਗਾਲ ਵਿੱਚ ਅੰਗਰੇਜ਼ ਬਸਤੀਵਾਦ ਦੇ ਵਿਰੁੱਧ ਕਵਿਤਾ ਰਚਣ ਵਾਲੇ ਪ੍ਰਮੁੱਖ ਸ਼ਾਇਰ ਕਾਜ਼ੀ ਨਜ਼ਰੁੱਲ ਇਸਲਾਮ ਦੀ ਉਨ੍ਹਾਂ ਦੇ ਜੱਦੀ ਪਿੰਡ ਚਰੂਲੀਆ ਵਿੱਚ ਯਾਦਗਾਰ ਬਣਾਈ ਗਈ ਹੈ ਤੇ ਸਾਰੀ ਦੁਨੀਆ ਦੇ ਬੰਗਾਲੀ ਇਸ ਯਾਦਗਾਰ ਦੀ ਯਾਤਰਾ ਇਉਂ ਕਰਦੇ ਹਨ ਜਿਵੇਂ ਸ਼ਰਧਾਲੂ ਤੀਰਥ ਯਾਤਰਾ ਜਾਂ ਜ਼ਿਆਰਤ ਕਰਦੇ ਹਨ। ਬੰਗਾਲ ਵਿੱਚ ਰਾਬਿੰਦਰਨਾਥ ਟੈਗੋਰ ਤੇ ਸ਼ਰਤ ਚੰਦਰ ਚੱਟੋਪਧਿਆਏ ਤੋਂ ਲੈ ਕੇ ਮਹਾਸ਼ਵੇਤਾ ਦੇਵੀ ਤੱਕ ਸਭ ਲੇਖਕਾਂ ਦੀਆਂ ਯਾਦਗਾਰਾਂ ਹਨ। ਪੰਜਾਬ ਵਿੱਚ ਪ੍ਰੀਤਨਗਰ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਤੇ ਨਾਵਲਕਾਰ ਨਾਨਕ ਸਿੰਘ ਦੀ ਯਾਦਗਾਰ ਹੈ। ਅੰਮ੍ਰਿਤਸਰ ਤੇ ਦੇਹਰਾਦੂਨ ਵਿੱਚ ਭਾਈ ਵੀਰ ਸਿੰਘ ਦੀਆਂ ਯਾਦਗਾਰਾਂ ਹਨ। ਕਰਨਾਟਕ, ਕੇਰਲਾ, ਮਹਾਰਾਸ਼ਟਰ, ਗੱਲ ਕੀ ਹਰ ਪ੍ਰਾਂਤ ਵਿੱਚ ਸਥਾਨਕ ਲੇਖਕਾਂ ਦੇ ਸਮਾਰਕ ਹਨ।
ਇਤਿਹਾਸਕ ਇਤਫ਼ਾਕ
ਪਾਸ਼ ਦੇ ਕਤਲ ਨਾਲ ਇੱਕ ਇਤਿਹਾਸਕ ਇਤਫ਼ਾਕ ਵੀ ਜੁੜਿਆ ਹੋਇਆ ਹੈ; ਵੀਹਵੀਂ ਸਦੀ ਦੇ ਦੇਸ਼ ਦੇ ਪ੍ਰਮੁੱਖ ਇਨਕਲਾਬੀ ਤੇ ਲੋਕ-ਨਾਇਕ ਭਗਤ ਸਿੰਘ ਦੀ ਸ਼ਹੀਦੀ ਵੀ 23 ਮਾਰਚ ਨੂੰ ਹੋਈ। ਮੈਂ ਮਾਰਚ 1989 ਦੀ ‘ਪ੍ਰੀਤ ਲੜੀ’ ਵਿੱਚ ਇਨ੍ਹਾਂ ਦੋਹਾਂ ਨਾਇਕਾਂ ਦੀ ਸੋਚ, ਹੋਣੀ ਤੇ ਇਤਫ਼ਾਕ ਨੂੰ ਜੋੜਦਿਆਂ ਲੇਖ ਲਿਖਿਆ, ਜਿਸ ਦਾ ਨਾਂ ਸੀ ‘23 ਮਾਰਚ: ਅਣਵੰਡੀ ਜ਼ਮੀਨ’। ਇਹ ਪ੍ਰੀਤ ਲੜੀ ਵਿੱਚ ਮੇਰੇ ਕਾਲਮ ‘ਤੇਰੀ ਧਰਤੀ ਤੇਰੇ ਲੋਕ’ ਦੀ ਲੜੀ ਤਹਿਤ ਛਪਿਆ ਸੀ। ਨਵਤੇਜ ਸਿੰਘ ਪ੍ਰੀਤ ਲੜੀ ਨੂੰ ਲਿਖੇ ਚਿੱਠੀਨੁਮਾ ਇਸ ਲੇਖ (ਨਵਤੇਜ ਹੋਰਾਂ ਦੇ ਇਤਿਹਾਸਕ ਕਾਲਮ ਦਾ ਨਾਂ ‘ਮੇਰੀ ਧਰਤੀ ਮੇਰੇ ਲੋਕ’ ਹੁੰਦਾ ਸੀ) ਵਿੱਚ ਮੈਂ ਇਹ ਦੱਸਣ ਦਾ ਯਤਨ ਕੀਤਾ ਸੀ ਕਿ ਕਿਵੇਂ ਪਾਸ਼ ਸ਼ਹੀਦ ਭਗਤ ਸਿੰਘ ਦੀ ਸੋਚ ਦਾ ਸਾਹਿਤਕ ਵਾਰਿਸ ਸੀ।
ਇਸ ਲੇਖ ਵਿੱਚ ਮੈਂ ਲਿਖਿਆ ਸੀ ਕਿ ‘ਇਨਕਲਾਬੀਆਂ ਦੀ ਜ਼ਮੀਨ ਸਦਾ ਸਾਂਝੀ ਹੁੰਦੀ ਹੈ। ਇੱਕ ਵਿਦਵਾਨ ਨੇ ਰੂਸੋ ਤੇ ਮਾਰਕਸ ਦੇ ਵਿਚਾਰਾਂ ਦਾ ਅਧਿਐਨ ਕਰਦਿਆਂ ਇਸ ਗੱਲ ਵੱਲ ਧਿਆਨ ਦਿਵਾਇਆ ਹੈ ਕਿ ਇਹ ਸੰਯੋਗ ਨਹੀਂ ਕਿ ਰੂਸੋ ਦੇ ਐਲਾਨ (ਮਨੁੱਖ ਆਜ਼ਾਦ ਜੰਮਦਾ ਹੈ ਪਰ ਹਰ ਕਿਤੇ ਉਹ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹੈ) ਤੇ ਕਮਿਊਨਿਸਟ ਮੈਨੀਫੈਸਟੋ ਦੀ ਵੰਗਾਰ (ਪ੍ਰੋਲੇਤਾਰੀਆਂ ਕੋਲ ਗਵਾਉਣ ਲਈ ਕੁਝ ਨਹੀਂ ਸਿਵਾਏ ਆਪਣੀਆਂ ਜ਼ੰਜੀਰਾਂ ਦੇ) ਵਿੱਚ ਆਪਣੀ ਤਰ੍ਹਾਂ ਦੀ ਸਾਂਝ ਹੈ। ਇਹ ਅਸਲ ਵਿੱਚ ਇਨਕਲਾਬੀ ਸਾਂਝ ਹੈ- ਪਦਾਰਥਵਾਦੀ ਸੋਚ ਦੇ ਵਿਕਾਸ ਦੀ ਸਾਂਝ ਹੈ ਤੇ ਇਸ ਤਰ੍ਹਾਂ ਦੀ ਸਾਂਝ ਸਦਾ ਬਣੀ ਰਹਿੰਦੀ ਹੈ। ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਵਿੱਚ ਕਿਹਾ ਸੀ, ‘‘ਅਸੀਂ ਜੋ ਕਿ ਪੁਰਾਤਨ ਸਮੇਂ ਦੀ ਟੈਕਸਿਲਾ ਦੀ ਯੂਨੀਵਰਸਿਟੀ ’ਤੇ ਮਾਣ ਕਰਦੇ ਹਾਂ, ਅੱਜ ਸਭਿਆਚਾਰ ਤੋਂ ਬਿਲਕੁਲ ਕੋਰੇ ਬੈਠੇ ਹਾਂ ਅਤੇ ਸਭਿਆਚਾਰ ਬਣਾਉਣ ਲਈ ਉੱਚ-ਕੋਟੀ ਦੇ ਸਾਹਿਤ ਦੀ ਲੋੜ ਹੈ ਅਤੇ ਅਜਿਹਾ ਸਾਹਿਤ ਇੱਕ ਸਾਂਝੀ ਤੇ ਉੱਨਤ ਬੋਲੀ ਤੋਂ ਬਗ਼ੈਰ ਨਹੀਂ ਰਚਿਆ ਜਾ ਸਕਦਾ। ਅਫ਼ਸੋਸ ਕਿ ਸਾਡੇ ਪਾਸ ਇਨ੍ਹਾਂ ਵਿੱਚੋਂ ਕੁਝ ਵੀ ਨਹੀਂ।’’ ਤੇ ਇਸ ਵਿੱਚ ਹੈਰਾਨੀ ਦੀ ਕੋਈ ਗੱਲ ਨਹੀਂ ਕਿ ਉਨ੍ਹਾਂ ਦਾ ਵਾਰਿਸ, ਪਾਸ਼ ਇਨ੍ਹਾਂ ਪੂਰਨਿਆਂ ’ਤੇ ਚੱਲਿਆ ਤੇ ਉਸ ਨੇ ਉੱਚ-ਕੋਟੀ ਦੇ ਸਾਹਿਤ ਦੀ ਰਚਨਾ ਕੀਤੀ, ਜੋ ਨਾ ਸਿਰਫ਼ ਸਾਹਿਤਕ ਤੌਰ ’ਤੇ ਵਡਮੁੱਲਾ ਹੈ ਬਲਕਿ ਲੋਕਾਂ ਦੇ ਵੀ ਬੜਾ ਹੀ ਨੇੜੇ ਹੈ।’’
ਗੁਰੂਆਂ, ਭਗਤਾਂ, ਪੀਰਾਂ, ਰਹਿਬਰਾਂ, ਸੂਰਮਿਆਂ, ਦੇਸ਼ਭਗਤਾਂ, ਵਿਗਿਆਨੀਆਂ, ਹਿਸਾਬਦਾਨਾਂ ਤੇ ਹੋਰ ਇਤਿਹਾਸਕ ਸ਼ਖ਼ਸੀਅਤਾਂ ਨੂੰ ਯਾਦ ਰੱਖਣ ਦੇ ਨਾਲ ਨਾਲ ਸਾਹਿਤਕਾਰਾਂ, ਸਭਿਆਚਾਰਕ ਕਾਮਿਆਂ, ਵਿਦਵਾਨਾਂ, ਰੰਗਕਰਮੀਆਂ, ਸਭਿਆਚਾਰਕ ਗਾਇਕਾਂ ਤੇ ਕਲਾਕਾਰਾਂ ਨੂੰ ਯਾਦ ਰੱਖਣਾ ਸਮਾਜ ਨੂੰ ਸਭਿਆਚਾਰਕ ਪੱਖ ਤੋਂ ਅਮੀਰ ਕਰਦਾ ਤੇ ਊਰਜਾਵਾਨ ਬਣਾਉਂਦਾ ਹੈ। ਪਿਛਲੇ ਸਾਲਾਂ ਵਿੱਚ ਦੂਸਰੇ ਸੂਬਿਆਂ ਤੋਂ ਆਉਣ ਵਾਲੇ ਸਾਹਿਤਕਾਰਾਂ ਵਿੱਚ ਇਹ ਰੁਝਾਨ ਅਸੀਂ ਖ਼ੁਦ ਵੇਖਿਆ ਹੈ; ਉਹ ਦਰਬਾਰ ਸਾਹਿਬ ਤੇ ਜਲ੍ਹਿਆਂਵਾਲਾ ਬਾਗ਼ ਦੇ ਨਾਲ ਨਾਲ ਤਿੰਨ ਹੋਰ ਥਾਵਾਂ ’ਤੇ ਜ਼ਰੂਰ ਜਾਣਾ ਚਾਹੁੰਦੇ ਹਨ, ਖਟਕੜ ਕਲਾਂ (ਭਗਤ ਸਿੰਘ ਦਾ ਜਨਮ ਅਸਥਾਨ), ਹੁਸੈਨੀਵਾਲਾ (ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਦੀ ਯਾਦਗਾਰ) ਤੇ ਤਲਵੰਡੀ ਸਲੇਮ।
ਹਾਂ, ਤਲਵੰਡੀ ਸਲੇਮ, ਪਾਸ਼ ਦਾ ਆਪਣਾ ਪਿੰਡ ਜਿਸ ਨੂੰ ਆਪਣੀ ਕਵਿਤਾ ਵਿੱਚ ਉਸ ਨੇ ਏਦਾਂ ਯਾਦ ਕੀਤਾ ਸੀ, ‘‘ਤੂੰ ਸੂਰਮਗਤੀ ਦੀ ਬੜ੍ਹਕ ਏਂ ਮੇਰੇ ਪਿੰਡ।’’ ਤੇ ਇਸ ਪਿੰਡ ਦੀਆਂ ਧੁੰਦਾਂ, ਰਾਤਾਂ, ਦਿਨਾਂ, ਦੁਪਹਿਰਾਂ, ਸ਼ਾਮਾਂ ਸਭ ਨੂੰ ਬਹੁਤ ਤੀਬਰਤਾ ਨਾਲ ਮਹਿਸੂਸ ਕਰਦਿਆਂ ਪਾਸ਼ ਨੇ ਇਹਨੂੰ ਆਪਣੀ ਜੰਨਤ ਮੰਨਿਆ; ਕੌਣ ਹੈ ਜੋ ਆਪਣੇ ਪਿੰਡ ਵਿੱਚ ਕੁਦਰਤ ਦੇ ਪਸਾਰੇ ਨੂੰ ਏਦਾਂ ਤੱਕਦਾ ਸੀ: ‘‘ਅੱਜ ਰਾਤ ਬੇਹਿਸਾਬ ਸੋਹਣੀ ਸੀ। ਤੇਜ਼ ਹਵਾ ਤੇ ਚੋਰੀ ਚੋਰੀ ਝਾਕਦਾ ਚੰਦ। ਕਿਤੇ ਕਿਤੇ ਬੱਦਲ। ਮੈਨੂੰ ਤੜਕੇ ਤਕ ਮੌਸਮ ਨੇ ਸੌਣ ਨਾ ਦਿੱਤਾ। ਮੈਂ ਕਿੰਨਾ ਹੀ ਚਿਰ ਜਜ਼ਬਾਤੀ ਹੋ ਕੇ ਗੁੰਮ ਸੁੰਮ ਰਿਹਾ।’’
ਸਵਾਲ ਇਹ ਪੈਦਾ ਹੁੰਦਾ ਹੈ ਕਿ ਹੁਣ ਸੂਰਮਗਤੀ ਦੀ ਬੜ੍ਹਕ ਵਾਲੇ ਉਸ ਪਿੰਡ ਵਿੱਚ ਕੀ ਹੋ ਰਿਹਾ ਹੈ? ਜਦੋਂ ਸਾਰਾ ਪਿੰਡ ਏਨੇ ਵਰ੍ਹੇ ਪਾਸ਼ ਤੇ ਹੰਸ ਰਾਜ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦਾ ਰਿਹਾ ਹੈ ਤਾਂ ਹੁਣ ਉਨ੍ਹਾਂ ਦੀ ਯਾਦਗਾਰ ਨਾਲ ਛੇੜਛਾੜ ਕਿਉਂ ਹੋ ਰਹੀ ਹੈ? ਜਦ ਪੰਜਾਬ ਦੇ ਦਫ਼ਤਰਾਂ, ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿੱਚ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਤਾਂ ਉਸ ਦੇ ਸਾਹਿਤਕ ਵਾਰਿਸ ਤੇ ਸ਼ਹੀਦ ਹੋਣ ਵਾਲੇ ਕਵੀ ਦੀ ਯਾਦਗਾਰ ਨਾਲ ਛੇੜਛਾੜ ਕਿਉਂ?
ਕਿਹਾ ਜਾ ਸਕਦਾ ਹੈ ਕਿ ਇਹ ਇਨ੍ਹਾਂ ਵੇਲਿਆਂ ਦੀ ਅਲਾਮਤ ਹੈ। ਪੱਛਮੀ ਬੰਗਾਲ ਵਿੱਚ 14 ਮਈ 2019 ਨੂੰ ਈਸ਼ਵਰ ਚੰਦਰ ਵਿਦਿਆਸਾਗਰ ਦਾ ਬੁੱਤ ਤੋੜਿਆ ਗਿਆ, ਉਹ ਵਿਦਿਆਸਾਗਰ ਜਿਸ ਨੇ ਸੰਸਕ੍ਰਿਤ ਪੜ੍ਹਾਉਣ ਦਾ ਨਵਾਂ ਤਰੀਕਾ ਲੱਭਿਆ, ਬੰਗਾਲੀ ਲਿੱਪੀ ਨੂੰ ਸੁਧਾਰਿਆ ਤੇ ਬੰਗਾਲੀ ਗ਼ਲਪ ਨੂੰ ਨਵੀਂ ਦਿਸ਼ਾ ਦਿੱਤੀ, ਕੁੜੀਆਂ ਨੂੰ ਪੜ੍ਹਾਉਣ ਵਾਲੇ ਦਰਜਨਾਂ ਸਕੂਲ ਖੋਲ੍ਹੇ, ਬਾਲ-ਵਿਆਹ ਤੇ ਬਹੁ-ਵਿਆਹ ਪ੍ਰਥਾ ਦਾ ਵਿਰੋਧ ਕੀਤਾ, ਵਿਧਵਾਵਾਂ ਨੂੰ ਦੁਬਾਰਾ ਵਿਆਹ ਕਰਵਾਉਣ ਦੇ ਹੱਕ ਦਿਵਾਏ। ਤ੍ਰਿਪੁਰਾ ਵਿੱਚ ਲੈਨਿਨ ਦੇ ਬੁੱਤ ਤੋੜੇ ਗਏ ਸਨ। ਹੁਣੇ ਹੁਣੇ ਪੱਛਮੀ ਬੰਗਾਲ ਵਿੱਚ ਹਿੰਦੀ ਤੇ ਪਾਲੀ ਦੇ ਪ੍ਰਮੁੱਖ ਵਿਦਵਾਨ, ਸਾਹਿਤਕਾਰ, ਬੁੱਧ ਧਰਮ ਦੇ ਖੋਜੀ, ਭਾਰਤ ਵਿੱਚ ਆਧੁਨਿਕ ਤਰਕਸ਼ੀਲ ਤੇ ਅਗਾਂਹਵਧੂ ਸੋਚ ਦਾ ਮੁੱਢ ਬੰਨ੍ਹਣ ਵਾਲੇ ਅਤੇ ‘ਵੋਲਗਾ ਤੋ ਗੰਗਾ ਤੱਕ’ ਜਿਹੀ ਕਿਤਾਬ ਦੇ ਲੇਖਕ ਰਾਹੁਲ ਸਾਂਕਰਤਿਆਇਨ ਦਾ ਬੁੱਤ ਤੋੜਿਆ ਗਿਆ। ਕੀ ਪੰਜਾਬ ਵੀ ਇਸ ਰਾਹ ’ਤੇ ਚੱਲੇਗਾ?
ਇਸ ਸਵਾਲ ਸਬੰਧੀ ਮੇਰਾ ਜਵਾਬ ਹੈ, ‘‘ਨਹੀਂ, ਪੰਜਾਬ ਇਸ ਰਾਹ ’ਤੇ ਨਹੀਂ ਚੱਲੇਗਾ।’’ ਪੰਜਾਬੀ ਨਾਨਕ-ਜੀਵਨ-ਜਾਚ ਦੇ ਰਾਹੀ ਹਨ। ਉਹ ਸਾਂਝੀਵਾਲਤਾ ਤੇ ਸਮਤਾ ਵਿੱਚ ਵਿਸ਼ਵਾਸ ਰੱਖਣ ਵਾਲੇ ਹਨ, ਹੱਕ-ਸੱਚ ਲਈ ਲੜਨ ਵਾਲਿਆਂ ਨੂੰ ਆਦਰ ਤੇ ਮਾਣ-ਸਨਮਾਨ ਦੇਣ ਵਾਲੇ। ਉਹ ਕਈ ਵਾਰ ਭੁੱਲਾਂ ਕਰਦੇ ਹਨ, ਛੋਟੀਆਂ ਵੀ ਤੇ ਵੱਡੀਆਂ ਵੀ; ਇਤਿਹਾਸਕ ਗ਼ਲਤੀਆਂ ਵੀ ਕਰਦੇ ਹਨ। ਇਤਿਹਾਸ ਦੇ ਜਵਾਰਭਾਟਿਆਂ ਤੋਂ ਵਾਪਸ ਪਰਤ ਕੇ ਉਹ ਗ਼ਲਤੀਆਂ, ਭੁੱਲਾਂ ਤੇ ਜ਼ਿਆਦਤੀਆਂ ਦਾ ਅਹਿਸਾਸ ਵੀ ਕਰਦੇ ਹਨ। ਮੈਨੂੰ ਪੂਰਾ ਯਕੀਨ ਹੈ ਕਿ ਤਲਵੰਡੀ ਸਲੇਮ ਦੇ ਜਿਨ੍ਹਾਂ ਭਰਾਵਾਂ ਨੇ ਪਾਸ਼ ਤੇ ਹੰਸ ਰਾਜ ਦੀ ਯਾਦਗਾਰ ਨਾਲ ਛੇੜਛਾੜ ਕੀਤੀ ਹੈ ਉਹ ਜਲਦੀ ਹੀ ਇਸ ਬਾਰੇ ਸੋਚਣਗੇ, ਉਹ ਆਪਣੇ ਪਿੰਡ ਦੀ ਸ਼ਾਨ ਤੇ ਵਿਰਸੇ ਦੀ ਅਮਾਨਤ ਦੇ ਵਿਰੁੱਧ ਨਹੀਂ ਜਾ ਸਕਦੇ।
ਹੋ ਸਕਦਾ ਹੈ ਕਿ ਕੁਝ ਹਲਕੇ ਉਨ੍ਹਾਂ ਨੂੰ ਚੁੱਕ ਰਹੇ ਹੋਣ। ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਇਹ ਜ਼ਮੀਨ ਪੰਚਾਇਤੀ ਹੈ ਤੇ ਪੰਚਾਇਤ ਨੂੰ ਪੂਰਾ ਹੱਕ ਹੈ ਕਿ ਉਹ ਇਸ ’ਤੇ ਜੋ ਜੀ ਚਾਹੇ ਕਰੇ। ਪਰ ਇਹ ਸੋਚਣਾ ਬਣਦਾ ਹੈ ਕਿ ਪੰਚਾਇਤ ਕਿਸੇ ਖਲਾਅ ਵਿੱਚ ਨਹੀਂ ਵਿਚਰਦੀ; ਪੰਚਾਇਤ ਪਿੰਡ ਦੇ ਵਿਰਸੇ ਤੇ ਇਤਿਹਾਸ ਤੋਂ ਮੁਨਕਰ ਨਹੀਂ ਹੋ ਸਕਦੀ। ਉਸ ਨੂੰ ਆਪਣੇ ਪਿੰਡ ਦੇ ਨਾਬਰੀ ਦੇ ਸ਼ਾਨਦਾਰ ਇਤਿਹਾਸ ਨੂੰ ਅਪਣਾਉਣਾ ਬਣਦਾ ਹੈ। ਇਸ ਥਾਂ ’ਤੇ ਯਾਦਗਾਰ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਨੇ ਉਸਾਰੀ ਸੀ ਤੇ ਇਸ ਸਭ ਕੁਝ ਉਨ੍ਹਾਂ ਵੇਲਿਆਂ ਦੀਆਂ ਪੰਚਾਇਤਾਂ ਦੀ ਸੰਮਤੀ ਨਾਲ ਹੀ ਹੋਇਆ।
ਦਲੀਲ ਦਿੱਤੀ ਜਾ ਰਹੀ ਹੈ ਤੇ ਇਹ ਕੀਤਾ ਵੀ ਜਾ ਰਿਹਾ ਹੈ ਕਿ ਉਸ ਥਾਂ ’ਤੇ ਬੱਚਿਆਂ ਲਈ ਪੰਘੂੜੇ ਲਾਏ ਜਾਣੇ ਹਨ। ਬੱਚਿਆਂ ਲਈ ਪੰਘੂੜੇ ਲਾਉਣ ਦਾ ਕੌਣ ਵਿਰੋਧ ਕਰ ਸਕਦਾ ਹੈ? ਇਸ ਸਬੰਧੀ ਪੰਜਾਬ ਦੇ ਕੁਝ ਪ੍ਰਮੁੱਖ ਲੇਖਕਾਂ ਦੀ ਰਾਏ ਇਹ ਹੈ ਕਿ ਇਹ ਸਥਾਨ ਇੱਕ ਪ੍ਰਮੁੱਖ ਪੰਜਾਬੀ ਸ਼ਾਇਰ ਦੀ ਸ਼ਹਾਦਤ ਦਾ ਪ੍ਰਤੀਕ ਬਣ ਚੁੱਕਿਆ ਹੈ ਤੇ ਏਥੇ ਏਦਾਂ ਨਾ ਕੀਤਾ ਜਾਏ। ਪੰਘੂੜੇ ਪਿੰਡ ਦੇ ਸਕੂਲ ਜਾਂ ਕਿਸੇ ਹੋਰ ਸਾਂਝੇ ਸਥਾਨ ’ਤੇ ਲਾਏ ਜਾ ਸਕਦੇ ਹਨ। ਕੁਝ ਲੇਖਕਾਂ ਦਾ ਕਹਿਣਾ ਹੈ ਕਿ ਜ਼ਰੂਰਤ ਪੈਣ ’ਤੇ ਪੰਜਾਬ ਦੇ ਲੇਖਕ ਇਸ ਦਾ ਖਰਚਾ ਦੇਣ ਲਈ ਤਿਆਰ ਹਨ। ਇਸੇ ਤਰ੍ਹਾਂ ਪਾਸ਼ ਦੀ ਬਣੀ ਹੋਈ ਯਾਦਗਾਰ ਨੂੰ ਵੀ ਸਰਕਾਰ ਤੇ ਪੰਚਾਇਤ ਨੂੰ ਵਿਰਸਾ ਸਮਝ ਕੇ ਸਵੀਕਾਰ ਕਰਨਾ ਚਾਹੀਦਾ ਹੈ। ਫਿਰ ਵੀ ਜੇ ਪੰਚਾਇਤ ਚਾਹੇ ਤਾਂ ਪੰਜਾਬ ਦੇ ਲੇਖਕ ਇਸ ਲਈ ਫੰਡ ਇਕੱਠਾ ਕਰਕੇ ਪੰਚਾਇਤ ਨੂੰ ਦੇਣ ਲਈ ਤਿਆਰ ਹਨ।
ਇਸ ਸਬੰਧ ਵਿੱਚ 9 ਅਗਸਤ ਨੂੰ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ, ਸ਼ਹੀਦੀ ਯਾਦਗਾਰ ਕਮੇਟੀ ਇਲਾਕਾ ਨਕੋਦਰ ਅਤੇ ਅਵਤਾਰ ਸਿੰਘ ਪਾਸ਼ ਯਾਦਗਾਰੀ ਟਰੱਸਟ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਇੱਕ ਮੀਟਿੰਗ ਬੁਲਾਈ ਗਈ ਜਿਸ ਵਿੱਚ ਤਲਵੰਡੀ ਸਲੇਮ ਦੇ ਵਸਨੀਕ, ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਕਾਮਿਆਂ ਤੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ, ਤਰਕਸ਼ੀਲ ਤੇ ਜਮਹੂਰੀ ਹੱਕਾਂ ਦੀਆਂ ਸੰਸਥਾਵਾਂ ਅਤੇ ਲੇਖਕ ਸਭਾਵਾਂ ਦੇ ਪ੍ਰਤੀਨਿਧਾਂ, ਵਿਦਿਆਰਥੀਆਂ ਤੇ ਨੌਜਵਾਨਾਂ ਨੇ ਹਿੱਸਾ ਲਿਆ ਜਿਸ ਵਿੱਚ ਇਸ ਸਬੰਧੀ ਮੁਹਿੰਮ ਚਲਾਉਣ, ਮੁੱਖ ਮੰਤਰੀ ਤੇ ਅਧਿਕਾਰੀਆਂ ਨੂੰ ਮਿਲਣ, ਪਾਸ਼ ਦੀ ਕਵਿਤਾ ਨੂੰ ਲੋਕਾਂ ਤੱਕ ਲੈ ਕੇ ਜਾਣ ਅਤੇ 9 ਸਤੰਬਰ ਪਾਸ਼ ਦੇ ਜਨਮ ਦਿਹਾੜੇ ਮੌਕੇ ਤਲਵੰਡੀ ਸਲੇਮ ਵਿੱਚ ਵੱਡਾ ਸਮਾਗਮ ਕਰਨ ਦੇ ਫ਼ੈਸਲੇ ਕੀਤੇ ਗਏ। ਜਨਤਕ ਤੇ ਲੇਖਕ ਜਥੇਬੰਦੀਆਂ ਨੇ ਇਹ ਐਲਾਨ ਵੀ ਕੀਤਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਇਸ ਸਬੰਧੀ ਸੰਘਰਸ਼ ਵਿੱਢਣਗੇ।
ਪਾਸ਼ ਨੇ ‘ਛੰਨੀ’ ਨਾਂ ਦੀ ਕਵਿਤਾ (ਜੋ ਲੋਕ ਗੀਤ ‘ਛੰਨੀ ਵੇ ਲੋਕੜੀਓ-ਛੰਨੀ/ ਰੱਬ ਦੇਵੇ ਵੇ ਵੀਰਾ ਤੈਨੂੰ ਬੰਨੀ) ਵਿੱਚ ਵੀਰ ਵੱਲੋਂ ਭੈਣ ਨੂੰ ਸੰਬੋਧਿਤ ਹੁੰਦੇ ਹੋਏ ਸਰਮਾਏਦਾਰੀ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਸਮੇਂ ਬਾਰੇ ਗੱਲ ਕਰਦਿਆਂ ਕਿਹਾ ਸੀ, ‘‘ਗੁੱਡੀਏ, ਆਪਣੇ ਤਾਂ ਸਿਰਫ਼ ਗੀਤ ਹਨ/ ਸਮਾਂ ਆਪਣਾ ਨਹੀਂ।’’ ਤੇ ਜਦੋਂ ਸਮਾਂ ਆਪਣਾ ਨਾ ਹੋਵੇ ਤਾਂ ਆਪਣੇ ਹਿੱਸੇ ਦੇ ਪਲਾਂ ਅਤੇ ਆਸਮਾਨ ਨੂੰ ਹਾਸਿਲ ਕਰਨ ਲਈ, ਸਮੇਂ ਦਾ ਕਹਿਰ ਜਰਨ ਤੇ ਉਸ ਕਹਿਰ ਦਾ ਮੁਕਾਬਲਾ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ; ਤੇ ਇਸ ਲਈ ਜੇ ਪਾਸ਼ ਤੇ ਹੰਸਰਾਜ ਦੀ ਯਾਦਗਾਰ ਤੇ ਉਸ ਅਸਥਾਨ ਨਾਲ ਛੇੜਛਾੜ ਬੰਦ ਨਾ ਕੀਤੀ ਗਈ ਤਾਂ ਪੰਜਾਬ ਦੇ ਲੇਖਕ, ਕਿਰਤੀ, ਕਿਸਾਨ, ਕਾਮੇ, ਮੁਲਾਜ਼ਮ, ਸਮਾਜਿਕ ਕਾਰਕੁਨ ਤੇ ਦਾਨਿਸ਼ਵਰ ਇਕੱਠੇ ਹੋ ਕੇ ਸੰਘਰਸ਼ ਕਰਨਗੇ ਕਿਉਂਕਿ 1970ਵਿਆਂ ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਹਰਭਜਨ ਹਲਵਾਰਵੀ, ਸੰਤ ਸੰਧੂ, ਫਤਹਿਜੀਤ, ਅਮਰਜੀਤ ਚੰਦਨ, ਦਰਸ਼ਨ ਖਟਕੜ, ਕਰਤਾਰ ਕੈਂਥ ਆਦਿ ਕਵੀਆਂ ਦੀ ਕਵਿਤਾ ਨੇ ਹੀ ਪੰਜਾਬੀ ਸਾਹਿਤ ਵਿੱਚ ਉਹ ਸਾਂਝੀ ਜ਼ਮੀਨ ਪੈਦਾ ਕੀਤੀ ਹੈ ਜਿਸ ’ਤੇ ਕਿਰਤੀ ਤੇ ਬੁੱਧੀਜੀਵੀ ਇਕੱਠੇ ਹੋ ਕੇ ਵਿਚਰ ਸਕਦੇ ਹਨ; ਇਨ੍ਹਾਂ ਸ਼ਾਇਰਾਂ ਨੇ ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ, ਸੰਤੋਖ ਸਿੰਘ ਧੀਰ ਤੇ ਹੋਰ ਪ੍ਰਗਤੀਸ਼ੀਲ ਕਵੀਆਂ ਦੀ ਵਿਰਾਸਤ ਨੂੰ ਨਵੀਂ ਰੰਗਤ ਤੇ ਊਰਜਾ ਦਿੱਤੀ ਹੈ। ਪਾਸ਼ ਉਸ ਅਨੂਠੀ ਵਿਰਾਸਤ ਦਾ ਹਿੱਸਾ ਹੈ, ਉਹ ਸੰਘਰਸ਼ਸ਼ੀਲ ਲੋਕਾਂ ਦੇ ਦਿਲਾਂ ਵਿੱਚ ਜਿਊਂਦਾ ਹੈ ਤੇ ਉਸ ਦੀ ਯਾਦਗਾਰ ਨੂੰ ਕਦੇ ਮਿਟਾਇਆ ਨਹੀਂ ਜਾ ਸਕਦਾ।
Share this content:



Post Comment