ਵਿਰੋਧ ਤੋਂ ਅਗਲੀ ਸਵੇਰ
ਕਿਸੇ ਰੋਸ ਪ੍ਰਦਰਸ਼ਨ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਦਿਨ ਸ਼ਾਇਦ ਉਸ ਦੇ ਸੜਕ ਤੋਂ ਪਿਛਾਂਹ ਹਟਣ ਤੋਂ ਬਾਅਦ ਆਉਣ ਵਾਲੀ ਸਵੇਰ ਹੁੰਦੀ ਹੈ। ਪੁਲੀਸ ਦੀਆਂ ਰੋਕਾਂ ਚੁੱਕ ਲਈਆਂ ਹੁੰਦੀਆਂ ਹਨ, ਆਵਾਜਾਈ ਬਹਾਲ ਹੋ ਚੁੱਕੀ ਹੁੰਦੀ ਹੈ ਅਤੇ ਸੋਸ਼ਲ ਮੀਡੀਆ ’ਤੇ ਛਾਈਆਂ ਪ੍ਰਦਰਸ਼ਨ ਦੀਆਂ ਤਸਵੀਰਾਂ ਦੀ ਥਾਂ ਕਿਸੇ ਨਵੀਂ ਚਰਚਾ ਲੈ ਲਈ ਹੁੰਦੀ ਹੈ। ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੇ ਇੱਕ ਅਸਾਧਾਰਨ ਅਨੁਭਵ ਲੈ ਕੇ ਮੁੜਦੇ ਹਨ; ਕੁਝ ਘੰਟਿਆਂ, ਕੁਝ ਦਿਨਾਂ ਜਾਂ ਕੁਝ ਹਫ਼ਤਿਆਂ ਲਈ ਉਹ ਇਕੱਲੇ ਵਿਅਕਤੀ ਨਹੀਂ ਰਹੇ ਸਨ। ਉਨ੍ਹਾਂ ਨੂੰ ਆਪਣੇ ਵਰਗੀ ਬੇਚੈਨੀ ਅਤੇ ਸੋਚ ਵਾਲੇ ਹੋਰ ਲੋਕ ਮਿਲੇ ਸਨ ਅਤੇ ਉਨ੍ਹਾਂ ਨੇ ਜਾਣ ਲਿਆ ਸੀ ਕਿ ਸੱਤਾ ਨੂੰ ਸੁਣਨ ਲਈ ਮਜਬੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਕਾਇਆ-ਕਲਪ ਹੋ ਚੁੱਕਿਆ ਹੁੰਦਾ ਹੈ। ਉਸ ਅਨੁਭਵ ਦਾ ਫਿਰ ਕੀ ਬਣਦਾ ਹੈ?
ਇਹ ਸਵਾਲ ਇਸ ਲਈ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿ ਭਾਰਤ ਵਿੱਚ ਜਨਤਕ ਰੋਸ ਅੱਜਕੱਲ੍ਹ ਆਮ ਹੁੰਦਾ ਜਾ ਰਿਹਾ ਹੈ ਅਤੇ ਨਾਲ ਹੀ ਥੋੜ੍ਹਚਿਰਾ ਵੀ। ਹੁਣ ਲੋਕ ਪ੍ਰਸ਼ਨ ਪੱਤਰ ਲੀਕ ਹੋਣ, ਭਰਤੀਆਂ ਲਟਕਣ, ਫੀਸਾਂ ਵਧਣ, ਮਾਰਕੁੱਟ ਜਾਂ ਪ੍ਰਸ਼ਾਸਨ ਦੇ ਮਨਮਾਨੇ ਫ਼ੈਸਲੇ ਖ਼ਿਲਾਫ਼ ਫਟਾਫਟ ਇਕੱਠੇ ਹੋ ਸਕਦੇ ਹਨ। ਜਿਹੜੇ ਨੌਜਵਾਨ ਸ਼ਾਇਦ ਕਦੇ ਕਿਸੇ ਪਾਰਟੀ, ਦਫ਼ਤਰ ’ਚ ਨਾ ਵੀ ਗਏ ਹੋਣ, ਉਹ ਵੀ ਸਬੰਧਿਤ ਮਸਲੇ ਬਾਰੇ ਦਸਤਾਵੇਜ਼ ਇਕੱਠੇ ਕਰਦੇ ਹਨ, ਆਉਣ-ਜਾਣ ਦਾ ਤਾਲਮੇਲ ਬਿਠਾਉਂਦੇ ਹਨ, ਸਰਕਾਰੀ ਦਾਅਵਿਆਂ ਦਾ ਜਵਾਬ ਦਿੰਦੇ ਹਨ ਅਤੇ ਅਣਗੌਲੇ ਮਸਲੇ ਨੂੰ ਦੇਸ਼ ਭਰ ਵਿੱਚ ਦੇਖਣ ਅਤੇ ਵਿਚਾਰ ਕਰਨ ਜੋਗਾ ਬਣਾ ਦਿੰਦੇ ਹਨ। ਅਕਸਰ ਉਨ੍ਹਾਂ ਪਿੱਛੇ ਨਾ ਕੋਈ ਉੱਘਾ ਆਗੂ ਹੁੰਦਾ ਹੈ ਅਤੇ ਨਾ ਹੀ ਵਿਰਾਸਤ ਵਿੱਚ ਮਿਲਿਆ ਕੋਈ ਸੰਸਥਾਗਤ ਢਾਂਚਾ। ਉਨ੍ਹਾਂ ਵਿੱਚ ਤਾਜ਼ੀ ਅਤੇ ਅਸਲੀ ਊਰਜਾ ਹੁੰਦੀ ਹੈ ਪਰ ਉਸ ਨੂੰ ਸੰਭਾਲਣ ਵਾਲੀ ਵਿਵਸਥਾ ਬਹੁਤ ਨਾਜ਼ੁਕ ਹੁੰਦੀ ਹੈ। ਹੁਣ ਇਸ ਨਵੀਂ ਸਮਰੱਥਾ ਦੇ ਕੇਂਦਰ ਵਿੱਚ ਸੋਸ਼ਲ ਮੀਡੀਆ ਹੈ।
ਇੱਕ ਥਾਂ ਦਬਾ ਦਿੱਤਾ ਗਿਆ ਮਸਲਾ, ਉਸੇ ਵੇਲੇ ਦੂਜੀ ਥਾਂ ਦੇਖਿਆ ਜਾ ਸਕਦਾ ਹੈ ਅਤੇ ਪ੍ਰਭਾਵਿਤ ਲੋਕ ਕਿਸੇ ਸਥਾਪਿਤ ਜਥੇਬੰਦੀ ਵੱਲੋਂ ਉਨ੍ਹਾਂ ਤੱਕ ਪਹੁੰਚ ਕਰਨ ਤੋਂ ਪਹਿਲਾਂ ਹੀ ਇੱਕ-ਦੂਜੇ ਨੂੰ ਪਛਾਣ ਲੈਂਦੇ ਹਨ ਪਰ ਸੋਸ਼ਲ ਮੀਡੀਆ ਸਮੇਂ ਨੂੰ ਆਪਣੀ ਹੀ ਚਾਲ ਬਣਾਉਂਦਾ ਹੈ, ਜਿੱਥੇ ਹਰ ਗੱਲ ਤੁਰੰਤ ਹੋਣੀ ਚਾਹੀਦੀ ਹੈ ਅਤੇ ਧਿਆਨ ਨੂੰ ਵਿਊਜ਼, ਸ਼ੇਅਰਾਂ ਤੇ ਟਰੈਂਡਾਂ ਵਿੱਚ ਗਿਣਿਆ ਜਾਂਦਾ ਹੈ। ਜਿਹੜਾ ਮਸਲਾ ਦਿਖਾਈ ਦੇਣਾ ਬੰਦ ਹੋ ਜਾਵੇ, ਇਉਂ ਲੱਗਦਾ ਹੈ ਜਿਵੇਂ ਉਹ ਖ਼ਤਮ ਹੋ ਗਿਆ ਹੋਵੇ। ਪਰ ਉਸ ਮਸਲੇ ਨੂੰ ਜਨਮ ਦੇਣ ਵਾਲੇ ਹਾਲਾਤ ਸ਼ਾਇਦ ਹੀ ਕਦੇ ਲੋਕਾਂ ਦਾ ਧਿਆਨ ਹਟਣ ਜਿੰਨੀ ਤੇਜ਼ੀ ਨਾਲ ਬਦਲਦੇ ਹੋਣ। ਕਮਜ਼ੋਰੀ ਇਹ ਨਹੀਂ ਕਿ ਇਹ ਰੋਸ ਪ੍ਰਦਰਸ਼ਨ ਪ੍ਰੀਖਿਆਵਾਂ, ਰੁਜ਼ਗਾਰ, ਸਿੱਖਿਆ ਜਾਂ ਬੇਇਨਸਾਫ਼ੀ ਤੱਕ ਸੀਮਤ ਹਨ। ਲੋਕ ਜਨਤਕ ਜੀਵਨ ’ਚ ਉਸੇ ਮਸਲੇ ਰਾਹੀਂ ਦਾਖ਼ਲ ਹੁੰਦੇ ਹਨ, ਜਿਹੜਾ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਛੂੰਹਦਾ ਹੈ। ਕੋਈ ਵੀ ਸਰਬਸਾਂਝੀ ਚਿੰਤਾ ਜਨਮ ਤੋਂ ਹੀ ਸਰਬਸਾਂਝੀ ਨਹੀਂ ਹੁੰਦੀ; ਜਦੋਂ ਅਨੁਭਵ ਆਪਸੀ ਕੜੀਆਂ ਜੋੜਦਾ ਹੈ ਤਾਂ ਉਸ ਦਾ ਘੇਰਾ ਵਧਦਾ ਹੈ। ਬੇਇਨਸਾਫ਼ੀ ਭਰੇ ਪ੍ਰੀਖਿਆ ਪ੍ਰਬੰਧ ਖ਼ਿਲਾਫ਼ ਲੜਦਾ ਵਿਦਿਆਰਥੀ ਰੁਜ਼ਗਾਰ ਦੀ ਘਾਟ ਵਾਲੇ ਵੱਡੇ ਆਰਥਿਕ ਸੰਕਟ ਨੂੰ ਦੇਖਣਾ ਸ਼ੁਰੂ ਕਰ ਸਕਦਾ ਹੈ।
ਮੁਆਵਜ਼ੇ ਤੋਂ ਵਾਂਝੇ ਰੱਖੇ ਜਾਣ ਦਾ ਵਿਰੋਧ ਕਰਦਾ ਪਿੰਡ ਸਮਝ ਸਕਦਾ ਹੈ ਕਿ ਇੱਕੋ ਪ੍ਰਸ਼ਾਸਨ ਅੱਗੇ ਵੱਖ-ਵੱਖ ਨਾਗਰਿਕਾਂ ਦੀ ਗੱਲ ਦਾ ਵਜ਼ਨ ਵੱਖਰਾ ਹੁੰਦਾ ਹੈ। ਇਹ ਵਿਸਤਾਰ ਭਾਸ਼ਨਾਂ ਰਾਹੀਂ ਨਹੀਂ ਥੋਪਿਆ ਜਾ ਸਕਦਾ; ਇਹ ਹਿੱਸੇਦਾਰੀ, ਗੱਲਬਾਤ ਅਤੇ ਇਸ ਅਹਿਸਾਸ ਵਿੱਚੋਂ ਪੈਦਾ ਹੁੰਦਾ ਹੈ ਕਿ ਆਪਣਾ ਦੁੱਖ ਕੇਵਲ ਆਪਣਾ ਹੀ ਨਹੀਂ। ਪਰ ਜਦੋਂ ਰੋਸ ਨੂੰ ਹਰ ਵਾਰੀ ਮੁੜ ਸਿਫ਼ਰ ਤੋਂ ਸ਼ੁਰੂ ਕਰਨਾ ਪਵੇ ਤਾਂ ਇਸ ਦੇ ਕੁਦਰਤੀ ਵਾਧੇ ਵਿੱਚ ਖੜੋਤ ਆ ਜਾਂਦੀ ਹੈ। ਲੋਕਾਂ ਦੇ ਸੰਪਰਕ ਟੁੱਟ ਜਾਂਦੇ ਹਨ, ਇਕੱਤਰ ਕੀਤੇ ਦਸਤਾਵੇਜ਼ੀ ਸਬੂਤ ਗੁਆਚ ਜਾਂਦੇ ਹਨ, ਅਨੁਭਵ ਕੁਝ ਵਿਅਕਤੀਆਂ ਤੱਕ ਸਿਮਟ ਕੇ ਰਹਿ ਜਾਂਦਾ ਹੈ ਅਤੇ ਹਰ ਅਗਲਾ ਸਮੂਹ ਮੁੜ ਉਹੀ ਗ਼ਲਤੀਆਂ ਦੁਹਰਾਉਂਦਾ ਹੈ।
ਅੰਸ਼ਕ ਜਿੱਤ ਵੀ ਵਿਰੋਧ ਦਾ ਸਮੇਂ ਤੋਂ ਪਹਿਲਾਂ ਅੰਤ ਲਿਆ ਸਕਦੀ ਹੈ: ਹੁਕਮ ਵਾਪਸ ਹੋ ਗਿਆ, ਭਰੋਸਾ ਮਿਲ ਗਿਆ ਅਤੇ ਲੋਕ ਘਰਾਂ ਨੂੰ ਪਰਤ ਗਏ। ਪਿੱਛੇ ਅਜਿਹਾ ਕੁਝ ਨਹੀਂ ਰਹਿੰਦਾ ਜੋ ਦੇਖ ਸਕੇ ਕਿ ਕੀਤਾ ਵਾਅਦਾ ਨਿਭਾਇਆ ਗਿਆ ਹੈ ਜਾਂ ਨਹੀਂ ਜਾਂ ਇਸੇ ਤਰ੍ਹਾਂ ਮੁਸ਼ਕਿਲ ਵਿੱਚ ਫਸੇ ਕਿਸੇ ਹੋਰ ਜਨ ਸਮੂਹ ਦੀ ਮਦਦ ਕਰ ਸਕੇ। ਹਾਰ ਦੇ ਝੰਬੇ ਲੋਕ ਖਿੰਡ ਜਾਂਦੇ ਹਨ; ਜਿੱਤਣ ਵਾਲੇ ਸੰਤੁਸ਼ਟੀ ਰਾਹੀਂ ਖਿੱਲਰ ਜਾਂਦੇ ਹਨ। ਦੋਵੇਂ ਹਾਲਾਤ ਵਿੱਚ ਜਨਤਕ ਯਾਦ ਬਹੁਤ ਛੋਟੀ ਸਾਬਿਤ ਹੁੰਦੀ ਹੈ। ਪਹਿਲਾਂ ਸਿਆਸੀ ਪਾਰਟੀਆਂ ਇਸ ਊਰਜਾ ਦਾ ਵੱਡਾ ਹਿੱਸਾ ਆਪਣੇ ਅੰਦਰ ਸਮਾ ਲੈਂਦੀਆਂ ਸਨ। ਭਾਵੇਂ ਇਹ ਬਰਾਬਰੀ ਦੀਆਂ ਸ਼ਰਤਾਂ ’ਤੇ ਨਹੀਂ ਸੀ ਹੁੰਦਾ। ਉਨ੍ਹਾਂ ਕੋਲ ਦਫ਼ਤਰ, ਕਾਰਕੁਨ, ਮੀਟਿੰਗਾਂ ਅਤੇ ਉਹ ਰਸਤੇ ਹੁੰਦੇ ਹਨ, ਜਿਨ੍ਹਾਂ ਰਾਹੀਂ ਸਥਾਨਕ ਰੋਹ ਕਿਸੇ ਵੱਡੀ ਸਿਆਸੀ ਬਹਿਸ ਵਿੱਚ ਦਾਖ਼ਲ ਹੋ ਸਕਦਾ ਸੀ।
ਨੌਜਵਾਨਾਂ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਦੀ ਘਟੀ ਅਤੇ ਲਗਾਤਾਰ ਘਟ ਰਹੀ ਭਰੋਸੇਯੋਗਤਾ ਨੇ ਸਿਆਸੀ ਪਾਰਟੀਆਂ ਦੀ ਲੋੜ ਨੂੰ ਖ਼ਤਮ ਨਹੀਂ ਕੀਤਾ ਪਰ ਇਸ ਨੇ ਸਿਰਫ਼ ਇਸ ਸਵਾਲ ਨੂੰ ਅਣਸੁਲਝਿਆ ਛੱਡ ਦਿੱਤਾ ਹੈ। ਸਥਾਪਿਤ ਲੀਡਰਸ਼ਿਪ ਉੱਤੇ ਬੇਭਰੋਸਗੀ ਵਾਜਬ ਹੋ ਸਕਦੀ ਹੈ ਪਰ ਆਗੂ ਰਹਿਤ ਹੋਣਾ ਆਪਣੇ ਆਪ ਵਿੱਚ ਜ਼ਿੰਮੇਵਾਰੀ, ਗੱਲਬਾਤ, ਨੁਮਾਇੰਦਗੀ ਜਾਂ ਇਕੱਠੇ ਹੋਏ ਪੈਸੇ ਦੀ ਵਰਤੋਂ ਅਤੇ ਸੰਭਾਲ ਵਰਗੇ ਸਵਾਲਾਂ ਦਾ ਜਵਾਬ ਨਹੀਂ ਦਿੰਦਾ। ਗ਼ੈਰ-ਰਸਮੀ ਢੰਗ ਰੋਸ ਨੂੰ ਕਿਸੇ ਵੀ ਕਬਜ਼ੇ ਵਿੱਚ ਜਾਣ ਤੋਂ ਬਚਾਉਂਦੇ ਹਨ ਪਰ ਫ਼ੈਸਲੇ ਕੁਝ ਅਣਦਿਸਦੇ ਲੋਕਾਂ ਦੇ ਹੱਥ ਛੱਡੇ ਜਾਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।
ਇੱਥੇ ਭਗਤ ਸਿੰਘ ਦੇ ਆਖ਼ਰੀ ਦੌਰ ਦੇ ਸਿਆਸੀ ਵਿਚਾਰ ਸਹਿਜੇ ਹੀ ਬਹਿਸ ਵਿੱਚ ਆ ਜਾਂਦੇ ਹਨ। ਜੇਲ੍ਹ ਦੇ ਆਖ਼ਰੀ ਸਮਿਆਂ ਵਿੱਚ ਲਿਖੇ ‘ਸਾਡਾ ਮੌਕਾ’ ਅਤੇ ਨੌਜਵਾਨੀ ਰਾਜਸੀ ਕਾਰਕੁਨਾਂ ਦੇ ਨਾਂ’ ਲੇਖਾਂ ਵਿੱਚ, ਨਾਟਕੀ ਕਾਰਵਾਈ ਲਈ ਯਾਦ ਕੀਤਾ ਜਾਂਦਾ ਭਗਤ ਸਿੰਘ ਆਪਣਾ ਧਿਆਨ ਇੱਕ ਇਤਿਹਾਸਕ ਮੌਕੇ ਅਤੇ ਦੂਜੇ ਮੌਕੇ ਵਿਚਕਾਰ ਫੈਲੇ ਲੰਮੇ ਅੰਤਰਾਲ ਵੱਲ ਮੋੜਦਾ ਹੈ। ਉਹ ਇਕੱਲਿਆਂ ਕੀਤੀਆਂ ਕਾਰਵਾਈਆਂ ਬਾਰੇ ਆਪਣਾ ਸ਼ੱਕ ਪ੍ਰਗਟ ਕਰਦਾ ਹੈ, ਤਿਆਰੀ ਤੋਂ ਸੱਖਣੀ ਕੀਤੀ ਬਿਆਨਬਾਜ਼ੀ ਸੁਣ ਕੇ ਬੇਚੈਨ ਹੋ ਜਾਂਦਾ ਹੈ ਅਤੇ ਜਾਣਦਾ ਹੈ ਕਿ ਸੰਜੀਦਾ ਤਬਦੀਲੀ ਨੂੰ ਦਹਾਕੇ ਲੱਗ ਸਕਦੇ ਹਨ। ਇੱਥੇ ਸ਼ਹਾਦਤ ਦੀ ਸ਼ਾਨ ਵਿੱਚ ਘੱਟ ਲੰਮੇ ਸਮੇਂ ਲਈ ਲਾਹੇਵੰਦ ਬਣੇ ਰਹਿਣ ਦੇ ਔਖੇ ਫ਼ੈਸਲੇ ’ਤੇ ਜ਼ੋਰ ਹੈ।
ਭਗਤ ਸਿੰਘ ਨੇ ਜਿਹੜੇ ਜਥੇਬੰਦਕ ਰੂਪ ਸੋਚੇ ਸਨ, ਉਹ ਬਸਤੀਵਾਦੀ ਹਾਲਾਤ ਨਾਲ ਸਬੰਧਿਤ ਸਨ ਅਤੇ ਉਨ੍ਹਾਂ ਨੂੰ ਅੱਜ ਦੇ ਸਮੇਂ ਵਿੱਚ ਜਿਉਂ ਦਾ ਤਿਉਂ ਨਹੀਂ ਲਿਆਂਦਾ ਜਾ ਸਕਦਾ। ਉਸ ਦਾ ਇਹ ਮੰਨਣਾ ਬਹੁਤ ਮਹੱਤਵਪੂਰਨ ਸੀ ਕਿ ਹਾਲਾਤ ਦੇ ਅਨੁਕੂਲ ਹੋਣ ਨਾਲ ਹੀ ਕੋਈ ਮੌਕਾ ਆਪਣੇ ਆਪ ਪੈਦਾ ਨਹੀਂ ਹੋ ਜਾਂਦਾ। ਸੰਕਟ ਕਿਸੇ ਵਿਵਸਥਾ ਦੀ ਕਮਜ਼ੋਰੀ ਨੂੰ ਨੰਗਾ ਕਰ ਸਕਦਾ ਹੈ ਪਰੰਤੂ ਪਹਿਲਾਂ ਤੋਂ ਇਕੱਤਰ ਹੋਈ ਸਮਝ ਅਤੇ ਮਨੁੱਖੀ ਸਾਂਝ ਹੀ ਉਸ ਖੁੱਲ੍ਹੇ ਮੌਕੇ ਨੂੰ ਵਰਤ ਸਕਦੀ ਹੈ। ਨਹੀਂ ਤਾਂ ਉਹ ਪਲ ਲੰਘ ਜਾਂਦਾ ਹੈ ਅਤੇ ਆਪਣੇ ਪਿੱਛੇ ਪ੍ਰਸ਼ੰਸਾ, ਕੁੜੱਤਣ ਜਾਂ ਯਾਦ ਮਨਾਉਣ ਦੀ ਇੱਕ ਹੋਰ ਤਾਰੀਕ ਛੱਡ ਜਾਂਦਾ ਹੈ ਪਰੰਤੂ ਇਸ ਦੌਰ ਵਿੱਚੋਂ ਲੰਘੇ ਲੋਕਾਂ ਦੀ ਸਮਰੱਥਾ ਵਿੱਚ ਨਿਗੂਣਾ ਵਾਧਾ ਹੀ ਹੁੰਦਾ ਹੈ।
ਅੱਜ ਦੇ ਸੰਘਰਸ਼ਾਂ ਦੇ ਸਾਹਮਣੇ ਇਹ ਮੁਸ਼ਕਿਲ ਵੀ ਹੈ ਕਿ ਉਹ ਆਪਣੇ ਨੈਤਿਕ ਜੋਸ਼ ਨੂੰ ਬਚਾਈ ਰੱਖਦਿਆਂ ਆਪਣੇ ਹੀ ਘੇਰੇ ਵਿੱਚ ਬੰਦ ਹੋਣ ਤੋਂ ਕਿਵੇਂ ਬਚਣ? ਪੁਰਾਣੀਆਂ ਜਥੇਬੰਦੀਆਂ ਨੇ ਇਸ ਦਾ ਸਾਹਮਣਾ ਹੋਰ ਰੂਪ ਵਿੱਚ ਕੀਤਾ ਸੀ। ਕਿਸੇ ਇੱਕ ਸ਼ਿਕਾਇਤ ਨੂੰ ਲੈ ਕੇ ਬਣਿਆ ਕੋਈ ਵੀ ਸਮੂਹ ਛੇਤੀ ਹੀ ਹਰ ਬਾਹਰਲੇ ਵਿਅਕਤੀ ਨੂੰ ਉਨ੍ਹਾਂ ਦੀ ਤਕਲੀਫ਼ ਤੋਂ ਬੇਪ੍ਰਵਾਹ ਜਾਂ ਵਿਰੋਧੀ ਸਮਝਣ ਲੱਗ ਸਕਦਾ ਹੈ। ਸੋਸ਼ਲ ਮੀਡੀਆ ਅਜਿਹੀ ਹੱਦਬੰਦੀ ਨੂੰ ਹੋਰ ਡੂੰਘਾ ਕਰਦਾ ਹੈ ਕਿਉਂਕਿ ਜਦੋਂ ਸੰਸਾਰ ਨੂੰ ਤੁਹਾਡੇ ਨਾਲ ਖੜ੍ਹੇ ਖ਼ਰੇ ਅਤੇ ਸਮਝੌਤੇ ਕਰ ਚੁੱਕੇ ਖੋਟੇ ਲੋਕਾਂ ਵਿੱਚ ਸਾਫ਼ ਵੰਡ ਦਿੱਤਾ ਜਾਂਦਾ ਹੈ ਤਾਂ ਰੋਹ ਹੋਰ ਤੇਜ਼ੀ ਨਾਲ ਫੈਲਦਾ ਹੈ।
ਪਰੰਤੂ ਲੰਮਾ ਸਮਾਂ ਚੱਲਣ ਵਾਲੀ ਜਨਤਕ ਸਰਗਰਮੀ ਲਈ ਉਨ੍ਹਾਂ ਲੋਕਾਂ ਨਾਲ ਵੀ ਵਾਹ ਪਾਉਣਾ ਪੈਂਦਾ ਹੈ, ਜਿਹੜੇ ਤੁਹਾਡੀ ਸ਼ਬਦਾਵਲੀ ਨਹੀਂ ਵਰਤਦੇ, ਤੁਹਾਡੇ ਨਾਲ ਇਤਿਹਾਸ ਦੀ ਸਾਂਝ ਨਹੀਂ ਦਰਸਾਉਂਦੇ ਜਾਂ ਹਰ ਸਵਾਲ ਉੱਤੇ ਤੁਹਾਡੇ ਨਾਲ ਸਹਿਮਤ ਨਹੀਂ ਹੁੰਦੇ। ਸੰਘਰਸ਼ ਨੂੰ ਵਿਸ਼ਵਾਸਘਾਤ ਅਤੇ ਅਸਹਿਮਤੀ ਵਿਚਕਾਰ ਫ਼ਰਕ ਕਰਨਾ ਸਿੱਖਣਾ ਪੈਂਦਾ ਹੈ। ਇਸ ਦੇ ਉਲਟ ਵਰਤਾਰਾ ਵੀ ਓਨਾ ਹੀ ਗੰਭੀਰ ਹੈ। ਮਾਨਤਾ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਕੋਈ ਵੀ ਸੰਘਰਸ਼ ਆਪਣੇ ਆਪ ਨੂੰ ਬੇਅਸਰ ਅਪੀਲ ਤੱਕ ਸੀਮਤ ਕਰ ਸਕਦਾ ਹੈ। ਇੰਝ ਉਹ ਉਨ੍ਹਾਂ ਡੂੰਘੀਆਂ ਵਿਵਸਥਾਵਾਂ ਦਾ ਮੁਕਾਬਲਾ ਕਰਨ ਤੋਂ ਵਾਂਝਾ ਰਹਿ ਜਾਂਦਾ ਹੈ, ਜਿਹੜੀਆਂ ਵਾਰ-ਵਾਰ ਉਹ ਹੀ ਸ਼ਿਕਾਇਤਾਂ ਪੈਦਾ ਕਰਦੀਆਂ ਹਨ। ਚੁਣੌਤੀ ਤਾਂ ਤਤਕਾਲ ਬੇਇਨਸਾਫ਼ੀ ਦੀ ਜੜ੍ਹ ਨਾਲ ਜੁੜੇ ਰਹਿੰਦਿਆਂ ਖੋਜ ਨੂੰ ਉਸ ਤੋਂ ਅਗਾਂਹ ਲਿਜਾਣ ਦੀ ਹੈ।
ਪਰ ਮੌਕੇ ਇੰਨੇ ਘੱਟ ਕਿਉਂ ਹਨ ਕਿ ਹਰ ਭਰਤੀ ਪ੍ਰੀਖਿਆ ਸੰਘਰਸ਼ ਦਾ ਅਖਾੜਾ ਬਣ ਜਾਂਦੀ ਹੈ? ਸਿੱਖਿਆ ਤੱਕ ਪਹੁੰਚ ਵਿੱਚ ਇੰਨੀ ਅਸਮਾਨਤਾ ਕਿਉਂ ਹੈ? ਨਾਗਰਿਕਾਂ ਨੂੰ ਆਮ ਪ੍ਰਸ਼ਾਸਕੀ ਕਾਰਵਾਈ ਕਰਵਾਉਣ ਲਈ ਵਾਰ-ਵਾਰ ਜਨਤਕ ਦਬਾਅ ਕਿਉਂ ਬਣਾਉਣਾ ਪੈਂਦਾ ਹੈ? ਜੇ ਰੋਸ ਨੂੰ ਨਾਅਰੇਬਾਜ਼ੀ ਤੋਂ ਬਾਅਦ ਸੋਚ-ਵਿਚਾਰ ਦਾ ਅਵਸਰ ਮਿਲੇ ਤਾਂ ਅਜਿਹੇ ਸਵਾਲ ਆਪਣੇ-ਆਪ ਸੁਭਾਵਿਕ ਤੌਰ ’ਤੇ ਉਭਰਦੇ ਹਨ। ਸ਼ਾਇਦ ਇਹੀ ਅੱਜ ਦੇ ਜ਼ਿਆਦਾਤਰ ਸੰਘਰਸ਼ਾਂ ਦੀ ਗੁੰਮ ਹੋਈ ਜ਼ਿੰਦਗੀ ਦੀ ਦਾਸਤਾਨ ਹੈ। ਅਸਲ ਵਿੱਚ ਸਾਨੂੰ ਕਿਸੇ ਹੋਰ ਸੰਸਥਾਤਮਕ ਦਫ਼ਤਰ ਜਾਂ ਅਹੁਦੇਦਾਰਾਂ ਦੀ ਨਵੀਂ ਕਤਾਰ ਦੀ ਲੋੜ ਨਹੀਂ ਹੁੰਦੀ। ਕਿਸੇ ਅਜਿਹੇ ਥਾਂ ਦੀ ਜ਼ਰੂਰ ਲੋੜ ਹੈ, ਜਿੱਥੇ ਅਨੁਭਵ ਮੁੜ ਪਰਤ ਸਕੇ, ਜਿੱਥੇ ਸੰਘਰਸ਼ਾਂ ਨਾਲ ਜੁੜੇ ਦਸਤਾਵੇਜ਼, ਤਸਵੀਰਾਂ, ਫਿਲਮਾਂ, ਵੀਡੀਓਜ਼ ਸੰਭਾਲੇ ਜਾ ਸਕਣ, ਜਿੱਥੇ ਸਰਕਾਰੀ ਵਾਅਦਿਆਂ ਦੀ ਪੈੜ ਰੱਖੀ ਜਾ ਸਕੇ।
ਮਤਭੇਦਾਂ ਨੂੰ ਇਮਾਨਦਾਰੀ ਨਾਲ ਯਾਦ ਕੀਤਾ ਜਾਵੇ ਅਤੇ ਸੰਘਰਸ਼ ਦੌਰਾਨ ਬਣੇ ਸਬੰਧਾਂ ਨੂੰ ਜਿਊਂਦਾ ਰੱਖਿਆ ਜਾਵੇ। ਭਾਵੇਂ ਅਜਿਹੇ ਸੰਸਥਾਤਮਕ ਟਿਕਾਣਿਆਂ ਦੀ ਗ਼ੈਰਹਾਜ਼ਰੀ ਵੀ ਹੋਵੇ ਤਾਂ ਵੀ ਹਰ ਪ੍ਰਦਰਸ਼ਨ ਆਪਣੀ ਥਾਂ ’ਤੇ ਵੱਡਾ ਅਤੇ ਕਾਮਯਾਬ ਹੋ ਸਕਦਾ ਹੈ ਪਰ ਸਮਾਜ ਉਸ ਦੀ ਕਾਮਯਾਬੀ ਤੋਂ ਓਨਾ ਨਹੀਂ ਸਿੱਖ ਪਾਉਂਦਾ, ਜਿੰਨਾ ਉਸ ਲਈ ਸਿੱਖਣਾ ਸੰਭਵ ਸੀ। ਭਗਤ ਸਿੰਘ ਇੱਥੇ ਇਸ ਲਈ ਪ੍ਰਸੰਗਿਕ ਨਹੀਂ ਕਿ ਹਰ ਪੀੜ੍ਹੀ ਉਸ ਦੇ ਨਤੀਜਿਆਂ ਨੂੰ ਦੁਹਰਾਵੇ ਜਾਂ ਆਪਣੇ ਰੋਹ ਨੂੰ ਕੋਈ ਵੀਰਤਾਪੂਰਨ ਵਿਰਸਾ ਦੇਣ ਲਈ ਉਸ ਦਾ ਨਾਂ ਲਵੇ ਸਗੋਂ ਇਸ ਲਈ ਕਿ ਉਸ ਨੇ ਕਦੇ ਕਿਸੇ ਝੰਜੋੜ ਦੇਣ ਵਾਲੇ ਪਲ ਨੂੰ ਤਬਦੀਲੀ ਦੇ ਬਰਾਬਰ ਨਹੀਂ ਮੰਨਿਆ, ਜਿਸ ਦਾ ਉਹ ਪਲ ਸੰਕੇਤ ਦਿੰਦਾ ਸੀ। ਉਸ ਦੀ ਆਪਣੀ ਇਨਕਲਾਬੀ ਜ਼ਿੰਦਗੀ ਐਕਸ਼ਨ ਅਤੇ ਕੁਰਬਾਨੀ ਦੀ ਤਾਕਤ ਦਿਖਾ ਚੁੱਕੀ ਸੀ; ਪਰ ਆਪਣੀਆਂ ਲਿਖਤਾਂ ਵਿੱਚ ਉਹ ਵਧੇਰੇ ਜ਼ੋਰ ਅਧਿਐਨ ਕਰਨ, ਰਾਜਨੀਤਕ ਸਿੱਖਿਆ, ਜਥੇਬੰਦੀ ਅਤੇ ਲੋਕਾਂ ਨਾਲ ਜੁੜੇ ਰਹਿਣ ਦੇ ਸਬਰ ਭਰੇ ਕੰਮ ਵੱਲ ਦਿੰਦਾ ਹੈ। ਉਸ ਦੀ ਸਮਝ ਵਿਚਲਾ ਹੌਸਲਾ ਮੁਜ਼ਾਹਰੇ ਦੇ ਮੁੱਕ ਜਾਣ ਨਾਲ ਆਪਣੀ ਤਾਕਤ ਨਹੀਂ ਗੁਆਉਂਦਾ।
ਜੋ ਕੁਝ ਸਿੱਖਿਆ, ਸਾਂਭਿਆ ਅਤੇ ਅੱਗੇ ਲਿਜਾਇਆ ਗਿਆ ਹੋਵੇ, ਉਸ ਰਾਹੀਂ ਉਸ ਨੂੰ ਦਿਸ਼ਾ ਮਿਲਦੀ ਹੈ। ਅਸੀਂ ਅਜੋਕੇ ਵਿਰੋਧ ਨੂੰ ਵੀ ਇਸੇ ਨਜ਼ਰੀਏ ਤੋਂ ਦੇਖਦੇ ਹਾਂ। ਨੌਜਵਾਨਾਂ ਨੂੰ ਕਿਸੇ ਉਧਾਰੇ ਲਏ ਵੱਡੇ ਪ੍ਰੋਗਰਾਮ ਦੀ ਖਾਤਰ ਆਪਣੀ ਫੌਰੀ ਸਮੱਸਿਆ ਛੱਡਣ ਦੀ ਲੋੜ ਨਹੀਂ ਪਰ ਹਰ ਉਭਾਰ ਨੂੰ ਆਪਣੇ ਆਪ ਵਿੱਚ ਸੰਪੂਰਨ ਵੀ ਨਹੀਂ ਮੰਨਿਆ ਜਾ ਸਕਦਾ। ਉਸ ਦੀ ਡੂੰਘੀ ਸਾਰਥਿਕਤਾ ਇਸ ਗੱਲ ਵਿੱਚ ਹੈ ਕਿ ਕੀ ਉਹ ਸਮਝ ਦਾ ਘੇਰਾ ਵਧਾਉਂਦਾ ਹੈ, ਨਵੇਂ ਰਿਸ਼ਤਿਆਂ ਨੂੰ ਸਾਂਭਦਾ ਹੈ ਅਤੇ ਅਗਲੀ ਬੇਇਨਸਾਫ਼ੀ ਦਾ ਸਾਹਮਣਾ ਕਰਨ ਲਈ ਸਮਾਜ ਨੂੰ ਪਹਿਲਾਂ ਨਾਲੋਂ ਵਧੇਰੇ ਤਿਆਰ ਕਰਦਾ ਹੈ। ਭੀੜ, ਨਾਅਰੇ ਅਤੇ ਤਸਵੀਰ ਦੀ ਆਪਣੀ ਤਾਕਤ ਹੁੰਦੀ ਹੈ।
Share this content:



Post Comment