ਸਾਲ ’ਚ ਦੋ ਵਾਰ ਹੋਣ ਪ੍ਰਵੇਸ਼ ਪ੍ਰੀਖਿਆਵਾਂ, ਅਧਿਆਪਕਾਂ ਨੂੰ ਮਿਲੇ ਸਿਖਲਾਈ
ਨਵੀਂ ਦਿੱਲੀ, 29 ਸਤੰਬਰ – ਜੇਈਈ, ਨੀਟ ਤੇ ਸੀਯੂਈਟੀ ਵਰਗੀਆਂ ਪ੍ਰਵੇਸ਼ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਕੋਚਿੰਗ ’ਤੇ ਨਿਰਭਰਤਾ ਘਟਾਉਣ ਦੇ ਯਤਨਾਂ ਵਿਚ ਲੱਗੇ ਸਿੱਖਿਆ ਮੰਤਰਾਲੇ ਨੇ ਖਰੜਾ ਤਿਆਰ ਕੀਤਾ ਹੈ। ਇਸ ਵਿਚ ਇਹ ਤਜਵੀਜ਼ ਦਿੱਤੀ ਗਈ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਨੂੰ ਸਾਲ ਵਿਚ ਘੱਟੋ-ਘੱਟ ਦੋ ਵਾਰ ਕਰਵਾਇਆ ਜਾਵੇ ਅਤੇ ਸਕੂਲੀ ਅਧਿਆਪਕਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਹਿਸਾਬ ਨਾਲ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਖ਼ਾਸ ਸਿਖਲਾਈ ਦਿੱਤੀ ਜਾਵੇ। ਜੇਈਈ ਮੇਨਜ਼ ਦੀ ਪ੍ਰੀਖਿਆਵਾਂ ਨੂੰ ਛੱਡ ਕੇ, ਨੀਟ ਤੇ ਸੀਯੂਈਟੀ ਸਾਲ ਵਿਚ ਸਿਰਫ਼ ਇਕ ਵਾਰ ਹੀ ਕਰਵਾਈ ਜਾਂਦੀ ਹੈ।
ਕਮੇਟੀ ਨੇ ਆਪਣੇ ਖਰੜੇ ਵਿਚ ਇਸ ਦੇ ਨਾਲ ਹੀ ਪ੍ਰਸ਼ਨ-ਪੱਤਰਾਂ ਨੂੰ ਸਿਰਫ਼ ਐੱਨਸੀਈਆਰਟੀ ਦੇ ਸਿਲੇਬਸ ਤੋਂ ਤਿਆਰ ਕਰਨ ਦੀ ਬਜਾਏ ਉਨ੍ਹਾਂ ਨੂੰ ਹੋਰ ਬੋਰਡਾਂ ਦੇ ਸਿਲੇਬਸ ਮੁਤਾਬਕ ਤਿਆਰ ਕਰਨ ਦਾ ਸੁਝਾਅ ਦਿੱਤਾ ਹੈ। ਕਮੇਟੀ ਦਾ ਮੰਨਣਾ ਹੈ ਕਿ ਪ੍ਰੀਖਿਆਵਾਂ ਵਿਚ ਵੱਡੀ ਗਿਣਤੀ ਵਿਚ ਕੇਂਦਰੀ ਬੋਰਡਾਂ ਦੇ ਇਲਾਵਾ ਸੂਬਿਆਂ ਦੇ ਪ੍ਰੀਖਿਆ ਬੋਰਡ ਵੀ ਹੁੰਦੇ ਹਨ। ਇਸ ਨਾਲ ਪਿੰਡਾਂ ਅਤੇ ਰਾਜਾਂ ਦੇ ਪ੍ਰੀਖਿਆ ਬੋਰਡਾਂ ਦੇ ਵਿਦਿਆਰਥੀਆਂ ਨੂੰ ਵੀ ਬਰਾਬਰੀ ਦਾ ਮੌਕਾ ਮਿਲੇਗਾ। ਯਾਦ ਰਹੇ ਕਿ ਕੋਚਿੰਗ ‘ਤੇ ਵਿਦਿਆਰਥੀਆਂ ਦੀ ਨਿਰਭਰਤਾ ਘਟਾਉਣ ਲਈ ਪਿਛਲੇ ਦਿਨਾਂ ਵਿਚ ਸਰਕਾਰ ਨੇ ਡਮੀ ਸਕੂਲਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਸੀ।
Share this content:



Post Comment