ਖੇਡਾਂ ਦੇ ਮੈਦਾਨ ਵੱਲ ਪੰਜਾਬ ਦੇ ਕਦਮ
ਯੋਧਿਆਂ ਅਤੇ ਸੂਰਮਿਆਂ ਦੀ ਧਰਤੀ ਹੋਣ ਨਾਤੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਖੇਡਾਂ ਮੇਰੇ ਅਤੇ ਪੰਜਾਬ ਲਈ ਕੀ ਮਾਅਨੇ ਰੱਖਦੀਆਂ ਹਨ। ਅਸੀਂ ਅਜਿਹਾ ਸੂਬਾ ਹਾਂ ਜਿੱਥੇ ਕਿਰਤੀ ਕਿਸਾਨ ਅਤੇ ਸੂਰਮੇ ਬਰਾਬਰ ਵੱਸਦੇ ਹਨ। ਮਿਹਨਤ ਅਤੇ ਪਸੀਨਾ ਸਾਡੀ ਖੇਤੀ ਅਤੇ ਖੇਡਾਂ ਦੋਵਾਂ ਦਾ ਅਨਿੱਖੜਵਾਂ ਅੰਗ ਹਨ। ਇਹ ਸਾਡੇ ਸੁਭਾਅ ਦਾ ਹੀ ਇੱਕ ਵਿਸਥਾਰ ਹੈ। ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨਾ ਮੁੱਖ ਮੰਤਰੀ ਵਜੋਂ ਮੇਰੇ ਮੋਹਰੀ ਕੰਮਾਂ ਵਿੱਚੋਂ ਇੱਕ ਸੀ। ਇਹੀ ਮੁੱਖ ਕਾਰਨ ਸੀ ਕਿ ਮੈਂ ਖੇਡ ਮਹਿਕਮਾ ਖ਼ੁਦ ਆਪਣੇ ਕੋਲ (ਮੁੱਖ ਮੰਤਰੀ ਦਫ਼ਤਰ ਅਧੀਨ) ਰੱਖਣ ਦਾ ਫ਼ੈਸਲਾ ਕੀਤਾ। ਇਸ ਖੇਤਰ ਵਿੱਚ ਸਾਡੇ ਕੋਲ ਮਾਣ ਕਰਨ ਲਈ ਬਹੁਤ ਕੁਝ ਹੈ।
ਭਾਰਤ ਦੀ ਓਲੰਪਿਕ ਤਗ਼ਮਾ ਸੂਚੀ ਵਿੱਚ ਪੰਜਾਬ ਦਾ ਯੋਗਦਾਨ ਹੋਰ ਵਧਾਉਣ ਦੀਆਂ ਸਾਡੀਆਂ ਯੋਜਨਾਵਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਮੁਹਾਲੀ, ਪਟਿਆਲਾ ਅਤੇ ਬਠਿੰਡਾ ਦੇ ਵਸਨੀਕਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ, ਜੋ ਲਗਾਤਾਰ ਮੈਰਾਥਨ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੇ ਹਨ। ਬਠਿੰਡਾ ਵਿਖੇ ਹੋਈ ਆਖ਼ਰੀ ਦੌੜ ਵਿੱਚ ਵੱਖ-ਵੱਖ ਉਮਰ ਵਰਗਾਂ ਦੇ 20,000 ਤੋਂ ਵੱਧ ਦੌੜਾਕਾਂ ਨੇ ਸ਼ਿਰਕਤ ਕਰਕੇ ਆਪਣੇ ਸ਼ਹਿਰ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ। ਆਉਣ ਵਾਲੇ ਮਹੀਨਿਆਂ ਵਿੱਚ ਸੂਬੇ ਭਰ ਵਿੱਚ ਅਜਿਹੀਆਂ ਹੋਰ ਮੈਰਾਥਨ ਕਰਵਾਈਆਂ ਜਾਣਗੀਆਂ।
ਖੇਡ ਸੱਭਿਆਚਾਰ ਦੀ ਅਸਲ ਸ਼ੁਰੂਆਤ ਪਿੰਡਾਂ ਵਿੱਚੋਂ ਹੁੰਦੀ ਹੈ, ਜਿਸ ਦੀ ਮਿਸਾਲ ਸਾਡੀਆਂ ‘ਪੇਂਡੂ ਓਲੰਪਿਕ ਖੇਡਾਂ’ ਅਤੇ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਹਨ। ਇਹ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ 38 ਵੱਖ-ਵੱਖ ਖੇਡਾਂ ਵਿੱਚ ਖੇਡ ਪ੍ਰਤਿਭਾ ਨੂੰ ਤਰਾਸ਼ਣ ਅਤੇ ਉਤਸ਼ਾਹਿਤ ਕਰਨ ਦਾ ਸਾਡਾ ਨਿਵੇਕਲਾ ਯਤਨ ਹੈ। ਸਾਲ 2022 ਤੋਂ ਪਹਿਲਾਂ ਪੰਜਾਬ ਵਿੱਚ ਕਦੇ ਵੀ ਇੰਨੇ ਵੱਡੇ ਪੱਧਰ ’ਤੇ ਅਜਿਹਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਸਾਡੇ ਪਿੰਡਾਂ ਅਤੇ ਕਸਬਿਆਂ ਵਿੱਚ ਲੁਕੇ ਹੋਏ ਖੇਡ ਹੁਨਰ ਨੂੰ ਨਿਖਾਰਨ ਲਈ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਸਹਿਯੋਗ ਪ੍ਰਣਾਲੀ ਕਦੇ ਤਿਆਰ ਨਹੀਂ ਕੀਤੀ ਸੀ।
ਪੰਜਾਬ ਕੋਲ ਪਹਿਲਾਂ ਹੀ ਮਾਣ ਕਰਨ ਲਈ ਬਹੁਤ ਕੁਝ ਹੈ। ਸੂਬੇ ਦੇ ਚਾਰ ਖਿਡਾਰੀ ਇਸ ਸਮੇਂ ਕ੍ਰਿਕਟ, ਹਾਕੀ ਅਤੇ ਬਾਸਕਟਬਾਲ ਵਿੱਚ ਭਾਰਤ ਦੀਆਂ ਕੌਮੀ ਟੀਮਾਂ ਦੀ ਕਪਤਾਨੀ ਕਰ ਰਹੇ ਹਨ, ਜਦੋਂ ਕਿ ਬੀਤੇ ਸਮੇਂ ਵਿੱਚ ਇੱਕ ਪੰਜਾਬੀ ਫੁੱਟਬਾਲ ਖਿਡਾਰੀ ਨੂੰ ਵੀ ਕੌਮੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਹਾਸਲ ਹੋ ਚੁੱਕਿਆ ਹੈ। ਚੀਨ ਦੇ ਹਾਂਗਜ਼ੂ ਵਿਖੇ ਹੋਈਆਂ 2023 ਦੀਆਂ ਏਸ਼ਿਆਈ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਭਾਰਤ ਲਈ 19 ਤਗ਼ਮੇ ਅੱਠ ਸੋਨੇ, ਛੇ ਚਾਂਦੀ ਅਤੇ ਪੰਜ ਕਾਂਸੀ ਦੇ ਤਗ਼ਮੇ ਜਿੱਤੇ ਸਨ। ਇਹ ਪ੍ਰਾਪਤੀਆਂ ਪੰਜਾਬ ਦੀ ਖੇਡ ਪ੍ਰਤਿਭਾ ਨੂੰ ਬਿਆਨ ਕਰਦੀਆਂ ਹਨ। ਸਾਡਾ ਮੁੱਖ ਟੀਚਾ ਹੁਣ ਅਜਿਹੇ ਮਾਹੌਲ, ਕੋਚਿੰਗ ਅਤੇ ਮੌਕਿਆਂ ਦੀ ਸਿਰਜਣਾ ਕਰਨਾ ਹੈ ਜੋ ਇਸ ਪ੍ਰਤਿਭਾ ਨੂੰ ਹੋਰ ਅੱਗੇ ਲੈ ਕੇ ਜਾਣ।
ਸਾਲ 2022 ਤੋਂ ਲੈ ਕੇ ਅਸੀਂ ਖੇਡਾਂ ਦੇ ਬੁਨਿਆਦੀ ਢਾਂਚੇ ਵਿੱਚ ਵੱਡੇ ਨਿਵੇਸ਼ ਕੀਤੇ ਹਨ ਤਾਂ ਜੋ ਵਧੀਆ ਸਟੇਡੀਅਮ, ਖੇਡ ਸਹੂਲਤਾਂ ਅਤੇ ਮੈਦਾਨ ਨਾ ਸਿਰਫ਼ ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ, ਸਗੋਂ ਜ਼ਿਲ੍ਹਾ ਅਤੇ ਪਿੰਡ ਪੱਧਰ ’ਤੇ ਵੀ ਆਸਾਨੀ ਨਾਲ ਉਪਲਬਧ ਹੋ ਸਕਣ। ਅਸੀਂ ਲੇਜ਼ਰ-ਗਾਈਡਡ ਸਿਸਟਮ, ਚੇਨ-ਲਿੰਕ ਫੈਂਸਿੰਗ ਵਾਲੀ ਚਾਰਦੀਵਾਰੀ, ਫਲੱਡ ਲਾਈਟਾਂ, ਜੌਗਿੰਗ ਟਰੈਕਾਂ ਅਤੇ ਵੱਖ-ਵੱਖ ਖੇਡਾਂ ਦੀਆਂ ਸਹੂਲਤਾਂ ਨਾਲ ਲੈਸ 3,000 ਆਧੁਨਿਕ ਪੇਂਡੂ ਖੇਡ ਮੈਦਾਨ ਤਿਆਰ ਕਰ ਰਹੇ ਹਾਂ। ਇਸ ਦੇ ਨਾਲ ਹੀ ਅਸੀਂ ਫੁੱਟਬਾਲ, ਵਾਲੀਬਾਲ, ਕ੍ਰਿਕਟ ਅਤੇ ਹੋਰ ਖੇਡਾਂ ਲਈ ਮਿਆਰੀ ਖੇਡ ਕਿੱਟਾਂ ਵੀ ਮੁਹੱਈਆ ਕਰਵਾ ਰਹੇ ਹਾਂ ਤਾਂ ਜੋ ਸਾਡੇ ਨੌਜਵਾਨਾਂ ਕੋਲ ਸਿਖਲਾਈ ਲਈ ਲੋੜੀਂਦਾ ਸਾਰਾ ਸਾਜ਼ੋ-ਸਾਮਾਨ ਮੌਜੂਦ ਹੋਵੇ। ਅਸੀਂ ਪੰਜਾਬ ਭਰ ਦੇ ਪਿੰਡਾਂ ਵਿੱਚ ਇਨਡੋਰ ਜਿਮ ਵੀ ਬਣਾ ਰਹੇ ਹਾਂ ਤਾਂ ਜੋ ਵੱਖ-ਵੱਖ ਉਮਰ ਵਰਗਾਂ ਦੇ ਲੋਕਾਂ ਵਿੱਚ ਤੰਦਰੁਸਤੀ ਅਤੇ ਖੇਡ ਸਿਖਲਾਈ ਨਾਲ਼ੋ-ਨਾਲ਼ ਚੱਲ ਸਕੇ। ਜਿਉਂ ਹੀ ਅਸੀਂ ਇਨ੍ਹਾਂ ਖੇਡ ਮੈਦਾਨਾਂ ਅਤੇ ਜਿਮਾਂ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਵਾਂਗੇ, ਅਸੀਂ ਅਗਲੇ 3,000 ਪਿੰਡਾਂ ਵੱਲ ਕਦਮ ਵਧਾਵਾਂਗੇ ਅਤੇ ਇਹ ਸਿਲਸਿਲਾ ਪੰਜਾਬ ਦੇ ਹਰ ਪਿੰਡ ਦੇ ਕਵਰ ਹੋਣ ਤੱਕ ਜਾਰੀ ਰਹੇਗਾ। ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਸਾਡੇ ਸਾਲਾਨਾ ਖੇਡ ਮੁਕਾਬਲੇ ਵੀ ਇਸੇ ਲਈ ਅਹਿਮ ਹਨ। ਪਿੰਡ ਵਿੱਚ ਖੇਡਣ ਵਾਲੇ ਕਿਸੇ ਵੀ ਬੱਚੇ ਨੂੰ ਅੱਗੇ ਵਧਣ, ਆਪਣੀ ਪ੍ਰਤਿਭਾ ਨੂੰ ਮਾਨਤਾ ਦਿਵਾਉਣ ਅਤੇ ਇਹ ਦੇਖਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ ਕਿ ਉਸ ਦੀ ਪ੍ਰਤਿਭਾ ਉਸ ਨੂੰ ਕਿੱਥੋਂ ਤੱਕ ਲੈ ਕੇ ਜਾ ਸਕਦੀ ਹੈ। ‘ਪੇਂਡੂ ਓਲੰਪਿਕ’ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਪੰਜਾਬ ਵਿੱਚ ਖੇਡਾਂ ਅਤੇ ਖੇਡ ਸੱਭਿਆਚਾਰ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਸ਼ੁਰੂਆਤੀ ਕੜੀਆਂ ਹਨ।
ਅਸੀਂ ਖੇਡਾਂ ਨੂੰ ਨਸ਼ਿਆਂ ਦੀ ਅਲਾਮਤ ਵਿਰੁੱਧ ਪੰਜਾਬ ਦੀ ਲੜਾਈ ਦੇ ਇੱਕ ਅਹਿਮ ਹਿੱਸੇ ਵਜੋਂ ਵੀ ਦੇਖਦੇ ਹਾਂ। ਖੇਡ ਸਰਗਰਮੀਆਂ ਵਿੱਚ ਹਿੱਸਾ ਲੈਣ ਨਾਲ ਸਾਡੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਅਤੇ ਉਸਾਰੂ ਦਿਸ਼ਾ ਮਿਲਦੀ ਹੈ। ਖੇਡ ਮੈਦਾਨ ਸਿਰਫ਼ ਸਿਖਲਾਈ ਅਤੇ ਮੁਕਾਬਲੇ ਦੀਆਂ ਥਾਵਾਂ ਹੀ ਨਹੀਂ ਹਨ, ਸਗੋਂ ਇਹ ਅਜਿਹੀ ਸਾਂਝੀ ਥਾਂ ਹੈ ਜਿੱਥੇ ਨੌਜਵਾਨ ਇਕੱਠੇ ਹੋ ਕੇ ਸਰਗਰਮ ਰਹਿ ਸਕਦੇ ਹਨ ਅਤੇ ਆਪਣੇ ਵਿੱਚ ਅਨੁਸ਼ਾਸਨ ਦੀ ਭਾਵਨਾ ਪੈਦਾ ਕਰ ਸਕਦੇ ਹਨ। ਮੁਕਾਬਲੇ ਦੀ ਭਾਵਨਾ ਉਨ੍ਹਾਂ ਨੂੰ ਸਥਾਨਕ ਅਤੇ ਸੂਬਾ ਪੱਧਰ ’ਤੇ ਮੱਲਾਂ ਮਾਰਨ ਲਈ ਉਤਸ਼ਾਹਿਤ ਕਰਦੀ ਹੈ। ਪੰਜਾਬ ਲੰਮੇ ਸਮੇਂ ਤੋਂ ਦੇਸ਼ ਦੀ ‘ਖੇਡਾਂ ਦੀ ਨਰਸਰੀ’ ਵਜੋਂ ਜਾਣਿਆ ਜਾਂਦਾ ਰਿਹਾ ਹੈ। ਸਾਡੇ ਨੌਜਵਾਨਾਂ ਵਿੱਚ ਇਸ ਮਾਣਮੱਤੇ ਵਿਰਸੇ ਨੂੰ ਹੋਰ ਅੱਗੇ ਲਿਜਾਣ ਲਈ ਲੋੜੀਂਦੀ ਊਰਜਾ ਅਤੇ ਪ੍ਰਤਿਭਾ ਦੋਵੇਂ ਮੌਜੂਦ ਹਨ। ਸਾਨੂੰ ਬਸ ਉਨ੍ਹਾਂ ਨੂੰ ਢੁਕਵਾਂ ਬੁਨਿਆਦੀ ਢਾਂਚਾ, ਕੋਚਿੰਗ ਅਤੇ ਮੌਕੇ ਮੁਹੱਈਆ ਕਰਵਾਉਣ ਦੀ ਲੋੜ ਹੈ।
ਇਹ ਸਭ ਕੁਝ ਸਿਰਫ਼ ਨੌਜਵਾਨਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਪੰਜਾਬ ਦੇ ਹਰ ਨਾਗਰਿਕ ਲਈ ਇੱਕ ਸੁਨੇਹਾ ਹੈ। ਮਾਪਿਆਂ ਅਤੇ ਘਰ ਦੇ ਬਜ਼ੁਰਗਾਂ ਤੋਂ ਲੈ ਕੇ ਅਧਿਆਪਕਾਂ ਅਤੇ ਕੋਚਾਂ ਤੱਕ, ਹਰ ਵਿਅਕਤੀ ਦਾ ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਵਿੱਚ ਅਹਿਮ ਯੋਗਦਾਨ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਇਸ ਸਾਲ 5 ਸਤੰਬਰ ਨੂੰ ਹੋਈ, ਜਿਸ ਨੂੰ ਅਸੀਂ ‘ਅਧਿਆਪਕ ਦਿਵਸ’ ਵਜੋਂ ਮਨਾਉਂਦੇ ਹਾਂ। ਇਸ ਲਈ ਇਹ ਸਿਰਫ਼ ਸਾਡੀਆਂ ਜਮਾਤਾਂ ਦੇ ਅਧਿਆਪਕਾਂ ਨੂੰ ਹੀ ਨਹੀਂ, ਸਗੋਂ ਖੇਡ ਮੈਦਾਨਾਂ ਅਤੇ ਸਟੇਡੀਅਮ ਦੇ ਕੋਚਾਂ ਤੇ ਟ੍ਰੇਨਰਾਂ ਨੂੰ ਵੀ ਸਿਜਦਾ ਹੈ। ਤੁਸੀਂ ਹੀ ਉਹ ਅਧਿਆਪਕ ਹੋ, ਜੋ ਖੇਡ ਮੈਦਾਨਾਂ ਵਿੱਚ ਨੌਜਵਾਨਾਂ ਨੂੰ ਤਰਾਸ਼ਦੇ ਹੋ। ਤੁਹਾਡਾ ਗਿਆਨ, ਤਜਰਬਾ ਅਤੇ ਮੁਹਾਰਤ ਖਿਡਾਰੀਆਂ ਦੀ ਅਗਲੀ ਪੀੜ੍ਹੀ ਨੂੰ ਅੱਗੇ ਵਧਾਉਣ ਅਤੇ ਉਨ੍ਹਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਅਹਿਮ ਰੋਲ ਅਦਾ ਕਰੇਗੀ। ਕੇਵਲ ਸਰਕਾਰ ਆਪਣੇ ਬਲਬੂਤੇ ’ਤੇ ਮਜ਼ਬੂਤ ਖੇਡ ਸੱਭਿਆਚਾਰ ਨਹੀਂ ਸਿਰਜ ਸਕਦੀ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਪਵੇਗਾ, ਕੋਚਾਂ ਨੂੰ ਪ੍ਰਤਿਭਾ ਨੂੰ ਪਛਾਣ ਕੇ ਉਸ ਨੂੰ ਤਰਾਸ਼ਣਾ ਪਵੇਗਾ ਅਤੇ ਪਿੰਡਾਂ ਤੇ ਭਾਈਚਾਰਿਆਂ ਨੂੰ ਆਪਣੇ ਖਿਡਾਰੀਆਂ ’ਤੇ ਮਾਣ ਮਹਿਸੂਸ ਕਰਨਾ ਪਵੇਗਾ।
ਅਸੀਂ ਸਭ ਮਿਲ ਕੇ ਹੀ ਇਸ ਨੂੰ ਹਕੀਕਤ ਵਿੱਚ ਬਦਲ ਸਕਦੇ ਹਾਂ। ਅਸੀਂ ਸਭ ਮਿਲ ਕੇ ਹੀ ਪੰਜਾਬ ਹਾਂ ਅਤੇ ਅਸੀਂ ਸਾਰੇ ਮਿਲ ਕੇ ਹੀ ‘ਪੰਜਾਬੀਅਤ’ ਦੀ ਅਸਲ ਰੂਹ ਨੂੰ ਦਰਸਾਉਂਦੇ ਹਾਂ। ‘ਖੇਡਾਂ ਵਤਨ ਪੰਜਾਬ ਦੀਆਂ’ ਸਿਰਫ਼ ਖੇਡਾਂ ਅਤੇ ਖੇਡ ਸੱਭਿਆਚਾਰ ਦਾ ਜਸ਼ਨ ਨਹੀਂ ਹੈ, ਸਗੋਂ ਇਹ ਪੰਜਾਬੀਅਤ ਦਾ ਜਸ਼ਨ ਹੈ। ਇਹ ਪੰਜਾਬ ਦਾ ਆਪਣਾ ਨਿਵੇਕਲਾ ਖੇਤਰੀ ਉਪਰਾਲਾ ਹੈ, ਜਿਸ ਦਾ ਰੰਗ ਪੰਜਾਬੀ ਹੈ, ਪਰ ਇਸ ਦਾ ਪ੍ਰਭਾਵ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪੈ ਰਿਹਾ ਹੈ।
Share this content:



Post Comment