ਕੈਨੇਡਾ ’ਚ ਜੰਗਲੀ ਅੱਗ ਕਾਰਨ 20 ਹਜ਼ਾਰ ਲੋਕ ਬੇਘਰ
ਕੈਨੇਡਾ, 14 ਅਗਸਤ – ਪੱਛਮੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਜੰਗਲਾਂ ਨੂੰ ਲੱਗੀ ਭਿਆਨਕ ਅੱਗ ਕਾਰਨ 20 ਹਜ਼ਾਰ ਤੋਂ ਵੱਧ ਲੋਕ ਆਪਣੇ ਘਰ-ਬਾਰ ਛੱਡਣ ਲਈ ਮਜਬੂਰ ਹੋ ਗਏ ਹਨ। ਗਰਮੀ ਅਤੇ ਸੋਕੇ ਕਾਰਨ ਇਹ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਅੱਗ ਬੁਝਾਊ ਦਸਤੇ ਅੱਗ ’ਤੇ ਕਾਬੂ ਪਾਉਣ ਦੀ ਬਜਾਏ ਲੋਕਾਂ ਨੂੰ ਸੁਰੱਖਿਅਤ ਕੱਢਣ ਦੀਆਂ ਕੋਸ਼ਿਸ਼ਾਂ ’ਚ ਲੱਗੇ ਹੋਏ ਹਨ। ਸਮਰਲੈਂਡ ਨੇੜੇ ਸ਼ੁੱਕਰਵਾਰ ਨੂੰ ਭੜਕੀ ਅੱਗ ਹੁਣ ਤੱਕ 184 ਵਰਗ ਕਿਲੋਮੀਟਰ (71 ਵਰਗ ਮੀਲ) ਦੇ ਖੇਤਰ ’ਚ ਫੈਲ ਚੁੱਕੀ ਹੈ। ਅੱਗ ਕਾਰਨ 80 ਸਾਲਾ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਅਤੇ ਕਈ ਘਰ ਸੜ ਕੇ ਸੁਆਹ ਹੋ ਗਏ ਹਨ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਹਾਲਾਤ ਇੰਜ ਹੀ ਬਣੇ ਰਹੇ ਤਾਂ ਭਵਿੱਖ ’ਚ ਜੰਗਲਾਂ ਦੀ ਅੱਗ ਆਮ ਵਰਤਾਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜੰਗਲਾਂ ਦੀ ਅੱਗ ਨਾਲ ਸਿੱਝਣ ਲਈ ਯੋਜਨਾਬੰਦੀ, ਬਿਲਡਿੰਗ ਮਿਆਰਾਂ ਅਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰੇਗੀ। ਅਧਿਕਾਰੀਆਂ ਮੁਤਾਬਕ ਹਾਲੇ ਤੱਕ ਪ੍ਰਭਾਵਿਤ ਖੇਤਰ ਸੁਰੱਖਿਅਤ ਨਹੀਂ ਹੈ ਅਤੇ ਲੋਕਾਂ ਦੇ ਵਾਪਸ ਪਰਤਣ ਬਾਰੇ ਕੋਈ ਮਿਆਦ ਤੈਅ ਨਹੀਂ ਕੀਤੀ ਗਈ। ਮੌਸਮ ’ਚ ਤਬਦੀਲੀ ਅਤੇ ਤੂਫ਼ਾਨੀ ਹਵਾਵਾਂ ਕਾਰਨ ਅੱਗ ਦੇ ਹੋਰ ਭੜਕਣ ਦਾ ਖ਼ਤਰਾ ਬਣਿਆ ਹੋਇਆ ਹੈ। ਕੈਨੇਡਾ ’ਚ ਬੀਤੇ ਕੁਝ ਸਾਲਾਂ ਦੌਰਾਨ ਜੰਗਲਾਂ ’ਚ ਅੱਗ ਦੀਆਂ ਘਟਨਾਵਾਂ ਵਿੱਚ ਵੱਡਾ ਵਾਧਾ ਹੋਇਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਆਲਮੀ ਤਪਸ਼ ਅਤੇ ਜਲਵਾਯੂ ਪਰਿਵਰਤਨ ਕਾਰਨ ਮੁਲਕ ’ਚ ਅਜਿਹੀਆਂ ਕੁਦਰਤੀ ਆਫ਼ਤਾਂ ਹੋਰ ਗੰਭੀਰ ਰੂਪ ਧਾਰ ਰਹੀਆਂ ਹਨ।
Share this content:



Post Comment