Loading Now

ਸਿੱਖਣ ਸਿਖਾਉਣ ਸਹਾਇਕ ਸਮੱਗਰੀ ਰੌਚਿਕਤਾ,ਸੁਖਾਲਾਪਣ ਅਤੇ ਗਿਆਨ ਸਥਿਰਤਾ ਦਾ ਮੁੱਖ ਸਰੋਤ ਹਨ

ਸਿੱਖਣ ਸਿਖਾਉਣ ਸਹਾਇਕ ਸਮੱਗਰੀ ਰੌਚਿਕਤਾ,ਸੁਖਾਲਾਪਣ ਅਤੇ ਗਿਆਨ ਸਥਿਰਤਾ ਦਾ ਮੁੱਖ ਸਰੋਤ ਹਨ

ਬੱਚੇ ਦਾ ਸਿੱਖਣਾ ਅਤੇ ਵੱਧਣਾ ਕੁਦਰਤੀ ਵਰਤਾਰਿਆਂ ਦਾ ਹਿੱਸਾ ਹਨ।ਕੁਦਰਤੀ ਵਰਤਾਰਿਆਂ ਦੇ ਉਚੇਰੇ ਪੱਧਰ ਸਿਰਜਣ ਲਈ ਮਾਪਿਆਂ ਅਤੇ ਅਧਿਆਪਕਾਂ ਦੀ ਸੁੱਘੜਤਾ ਭਰੀ ਸੂਝ, ਬਾਲ ਮਨੋਵਿਗਿਆਨ ਅਤੇ ਵਿਗਿਆਨਿਕਤਾ ਭਰੇ ਨੱਜਰੀਏ ਦਾ ਹੋਣਾ ਬੱਚਿਆਂ ਦੇ ਸ਼ੁਰੂਆਤੀ ਸਿੱਖਣ ਦੌਰ ਦੀ ਸਡੋਲ ਤੇ ਪਰਪੱਕ ਨੀਂਹ ਵਜੋਂ ਕੰਮ ਕਰਦਾ ਹੈ।ਅੱਗੇ ਜਾ ਕੇ ਇਹ ਮਨੋਵਿਗਿਆਨ ਅਤੇ ਵਿਗਿਆਨਿਕਤਾ ਭਰੀ ਨੀਂਹ ਸਭਿਅਕ ਨਾਗਰਿਕ ਪੈਦਾ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ।ਸਡੋਲ ਤੇ ਪਰਪੱਕ ਨੀਂਹ ਵਾਲਾ ਵਿਦਿਆਰਥੀ ਹੀ ਅੱਗੇ ਜਾ ਕੇ ਆਤਮ ਬਲ ਦਾ ਧਾਰਨੀ ਬਣਦਾ ਹੈ ਅਤੇ ਆਪਣੀ ਸੱਭਿਅਕ ਜੀਵਨ-ਸ਼ੈਲੀ ਸਿਰਜਦਾ ਹੈ ਜੋ ਸੱਭਿਅਕ ਸਮਾਜ ਸਿਰਜਣ ਲਈ ਬਹੁਤ ਵੱਡਾ ਹਿੱਸਾ ਬਣਦੀ ਹੈ।ਸਿੱਖਿਆ ਅਤੇ ਸਕੂਲ ਬੱਚੇ ਦੇ ਇਹਨਾਂ ਕੁਦਰਤੀ ਵਰਤਾਰਿਆਂ ਨੂੰ ਘੜਨ ਤੇ ਰਫਤਾਰ ਦੇਣ ਵਿੱਚ ਉੱਚਾ ਸਥਾਨ ਰੱਖਦੇ ਹਨ।

ਪ੍ਰੀ-ਪ੍ਰਾਇਮਰੀ ਜਮਾਤਾਂ ਤੋਂ ਲੈ ਕੇ ਅੱਪਰ-ਪ੍ਰਾਇਮਰੀ ਜਮਾਤਾਂ ਤੱਕ ਅਧਿਆਪਕ ਸਿੱਖਣ ਸਿਖਾਉਣ ਸਮੱਗਰੀ ਰਾਹੀਂ ਵਿਦਿਆਰਥੀਆਂ ਦੀਆਂ ਰਚਨਾਤਮਿਕ ਅਤੇ ਸਿਰਜਣਾਤਮਿਕ ਪ੍ਰਵਿਰਤੀਆਂ ਦੇ ਵਿਕਾਸ ਦੀ ਸ਼ੁਰੂਆਤ ਕਰਦੇ ਹਨ।ਸਿੱਖਣ ਸਿਖਾਉਣ ਸਹਾਇਕ ਸਮੱਗਰੀ ਦੀ ਜਦੋਂ ਵਿਦਿਆਰਥੀ ਖੁਦ ਵਰਤੋਂ ਕਰਨੀ ਸ਼ੁਰੂ ਕਰਦਾ ਹੈ ਤਾਂ ਵਿਦਿਆਰਥੀ ਦੇ ਅੰਦਰ ਮਾਨਸਿਕ ਹੁਲਾਸ ਪਨਪਦਾ ਹੈ ਜੋ ਵਿਦਿਆਰਥੀ ਨੂੰ ਸਾਥੀਆਂ,ਅਧਿਆਪਕਾਂ ਅਤੇ ਸਕੂਲ ਪ੍ਰਤੀ ਨਿਵੇਕਲੀ ਮਨੋਵਿਗਿਆਨਿਕ ਸਮਝ ਤੇ ਸਿੱਖਣ ਸਮੱਰਥਾ ਦੀ ਸ਼ੁਰੂਆਤ ਕਰਦਾ ਹੈ।ਹੌਲੀ ਹੌਲੀ ਇਹ ਸੂਝ ਤੇ ਸਿੱਖਣ-ਸਮੱਰਥਾ ਆਤਮ ਵਿਸ਼ਵਾਸ਼ ਵਿੱਚ ਬਦਲਣੀ ਸ਼ੁਰੂ ਹੁੰਦੀ ਹੈ।ਇਹ ਸੂਝ ਤੇ ਸਿੱਖਣ ਸਮੱਰਥਾ ਹੀ ਸਿੱਖਣ ਪ੍ਰਕਿਰਿਆ ਦਾ ਮੁੱਖ ਆਧਾਰ ਬਣਦੇ ਹਨ।ਅੱਜ ਵਿਗਿਆਨ ਤੇ ਤਕਨਾਲੋਜੀ ਦਾ ਦੌਰ ਸਿਖਰਾਂ ਤੇ ਹੋਣ ਕਾਰਨ ਸਿੱਖਣ-ਸਿਖਾਉਣ ਸਹਾਇਕ ਸਮੱਗਰੀ ਵਿੱਚ ਵੀ ਵਿਗਿਆਨ ਤੇ ਤਕਨਾਲੋਜੀ ਦੀ ਵਰਤੋਂ ਸਿੱਧੇ ਰੂਪ ਵਿੱਚ ਨਜਰ ਆ ਰਹੀ ਹੈ।

ਕਲਾਸ ਰੂਮ ਵਿੱਚ ਜਦੋਂ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸਿੱਖਣ-ਸਿਖਾਉਣ ਸਹਾਇਕ ਸਮੱਗਰੀ ਦੀ ਵਰਤੋਂ ਖੁਦ ਕਰਨ ਦਿੰਦਾ ਹੈ ਤਾਂ ਵਿਦਿਆਰਥੀ ਆਪਣੀਆ ਗਿਆਨ ਇੰਦਰੀਆਂ ਰਾਹੀਂ ਛੂਹ ਕੇ,ਸੁੰਘ ਕੇ,ਚੱਟ ਕੇ, ਖੋਲ ਕੇ ਨਿੱਜੀ ਤਜਰਬਿਆਂ ਵਿੱਚੋਂ ਨਿੱਕਲਦਾ ਹੈ ਤਾਂ ਮਨੋਵਿਗਿਆਨਿਕ ਤੱਥਾਂ ਮੁਤਾਬਿਕ ਜਦੋ ਕੋਈ ਸਿਖਾਂਦਰੂ ਸਿੱਖਣ ਆਪਣੀਆਂ ਗਿਆਨ ਇੰਦਰੀਆਂ ਦੀ ਵਰਤੋਂ ਤਾਂ ਉਹ ਗਿਆਨ ਬਹੁਤ ਹੀ ਰੌਚਿਕ,ਸੁਖਾਲਾ ਅਤੇ ਚਿਰਸਥਾਈ ਹੋ ਜਾਂਦਾ ਹੈ। ਔਖੇ ਤੋਂ ਔਖੇ ਸੰਕਲਪ ਵੀ ਆਸਾਨੀ ਨਾਲ ਸਿੱਖਦੇ ਹਨ।ਅਜਿਹੇ ਢੰਗਾਂ ਨਾਲ ਸਿੱਖਿਆ ਗਿਆਨ ਸਦਾ ਲਈ ਜੀਵਨ-ਸ਼ੈਲੀ ਵਿੱਚ ਸਦਾ ਲਈ ਟਿੱਕ ਜਾਂਦੇ ਹਨ। ਸਿੱਖਿਆ ਖੇਤਰ ਵਿੱਚ ਵਰਤੀ ਜਾਂਦੀ ਸਿੱਖਣ-ਸਿਖਾਉਣ ਸਹਾਇਕ ਸਮੱਗਰੀ ਜਿਵੇਂ ਪਾਠ ਪੁਸਤਕ, ਬਲੈਕ ਬੋਰਡ, ਚਾਰਟ,ਮਾਡਲ, ਪ੍ਰੋਜੈਕਟਰ,ਟੀ.ਵੀ.,ਫਲੈਸ਼ ਕਾਰਡ,ਰੇਡਿਉ,ਟੇਪ ਰਿਕਾਰਡਰ,ਕੰਪਿਊਟਰ,ਸਮਾਰਟ ਬੋਰਡ,ਵਾਇਟ ਬੋਰਡ, ਮਾਰਕਰ, ਮੈਗਜੀਨ, ਪੀ.ਪੀ.ਟੀ., ਗਲੋਬ, ਨਕਸ਼ਾ, ਚਾਕ, ਰੰਗਦਾਰ ਤਸਵੀਰਾਂ ਆਦਿ ਦੀ ਵਰਤੋਂ ਹਮੇਸ਼ਾਂ ਖੁੱਲ ਕੇ ਕੀਤੀ ਜਾ ਰਹੀ ਹੈ।

ਜਿਹੜਾ ਅਧਿਆਪਕ ਜਿੰਨਾਂ ਜਿਆਦਾ ਸਿੱਖਣ-ਸਿਖਾਉਣ ਸਹਾਇਕ ਸਮੱਗਰੀ ਅਤੇ ਢੁੱਕਵੇਂ ਟੂਲਜ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਦੇ ਮੱਦੇਨਜਰ ਵਰਤੋਂ ਕਰੇਗਾ ਉਸਦੇ ਵਿਦਿਆਰਥੀਆ ਦਾ ਗਿਣਾਤਮਿਕ ਅਤੇ ਗੁਣਾਤਮਿਕ ਪੱਧਰ ਆਮ ਸਕੂਲਾਂ ਦੇ ਵਿਦਿਆਥੀਆਂ ਨਾਲੋਂ ਨਿਵੇਕਲਾ ਹੋਵੇਗਾ।ਸਿੱਖਣ ਸਿਖਾਉਣ ਸਹਾਇਕ ਸਮੱਗਰੀ ਵਿੱਚ ਕਈ ਵਾਰ ਵਿਦਿਆਰਥੀ ਸੁਣ ਕੇ ਸਿੱਖਦੇ ਹਨ,ਕਈ ਵਾਰ ਦੇਖ ਕੇ ਸਿੱਖਦੇ ਹਨ,ਕਈ ਵਾਰ ਸੁਣਕੇ ਦੇਖਕੇ ਸਿੱਖਦੇ ਹਨ ਪਰ ਤਿੰਨਾਂ ਵਿਧਾਵਾਂ ਦਾ ਪ੍ਰਭਾਵ ਵਿਦਿਆਰਤ ਿਸਿੱਖਣ ਪ੍ਰਕਿਰਿਆ ਨੂੰ ਰੌਚਿਕ,ਸੁਖਾਲਾ ਅਤੇ ਗਿਆਨ ਨੂੰ ਸਥਿਰਤਾ ਬਖਸ਼ਦਾ ਹੈ।ਆਉ ਹੁਣ ਕੁੱਝ ਸਿੱਖਣ ਸਿਖਾਉਣ ਸਹਾਇਕ ਸਮਗਰੀ ਦੇ ਅਮਿੱਟ ਪ੍ਰਭਾਵਾਂ ਦੀ ਗੱਲ ਕਰੀਏ।

1.ਵਿਦਿਆਰਥੀਆਂ ਅੰਦਰ ਖੁਦ ਕਰਨ ਦੀ ਜਿਗਿਆਸਾ ਸਿਖਰ ਤੇ ਹੁੰਦੀ ਹੈ ਜਦੋਂ ਵਿਦਿਆਰਥੀ ਸਹਾਇਕ ਸਮੱਗਰੀ ਖੁਦ ਵਰਤੋਂ ਕਰਦਾ ਹੈ ਤਾਂ ਉਸ ਦੀ ਖੁਦ ਕਰਕੇ ਸਿੱਖਣ ਦੀ ਜਿਗਿਆਸਾ ਤ੍ਰਿਪਤ ਹੁੰਦੀ ਹੈ ਜੋ ਵਿਦਿਆਰਥੀ ਅੰਦਰ ਬਹੁਤ ਮਾਨਸਿਕ ਬਲ ਪੈਦਾ ਕਰਦਾ ਹੈ।

2. ਸਿੱਖਣ ਸਿਖਾਉਣ ਸਹਾਇਕ ਸਮਗਰੀ ਦੀ ਵਰਤੋਂ ਉਪਰੰਤ ਵਿਦਿਆਰਥੀਆਂ ਅੰਦਰ ਗਿਆਨ ਤੇ ਸਕੰਲ਼ਪਾਂ ਦਾ ਸਹੀ ਅਕਸ ਸਦੀਵੀ ਹੋ ਜਾਂਦਾ ਹੈ।

3. ਸਿੱਖਣ ਸਿਖਾਉਣ ਸਹਾਇਕ ਸਮਗਰੀ ਦੀ ਲਗਾਤਾਰ ਵਰਤੋਂ ਕਰਦੇ ਰਹਿਣ ਨਾਲ ਜਿੱਥੇ ਵਿਦਿਆਰਥੀਆ ਦੇ ਗਿਆਨ ਭੰਡਾਰ ਵਿੱਚ ਵਾਧਾ ਹੁੰਦਾ ਹੈ ਉੱਥੇ ਸਭਦ ਭੰਡਾਰ ਵਿੱਚ ਵੀ ਆਥਾਹ ਵਾਧਾ ਹੁੰਦਾ ਹੈ।

4.ਪੜਨ ਪ੍ਰਕਿਰਿਆ ਦੀਆਂ ਵਿਧਾਵਾਂ ਅਧੀਨ ਵਿਦਿਆਰਥੀ ਅਕਸਰ ਪੜ੍ਹੇ ਗਏ ਸਿਲੇਬਸ ਦਾ ਬੁਹਤਾ ਹਿੱਸਾ ਭੁੱਲ ਜਾਂਦੇ ਹਨ ਪਰ ਸਹਾਇਕ ਸਮੱਗਰੀ ਭੁੱਲਣ ਪ੍ਰਤੀਸ਼ਤ ਦਰ ਨੂੰ ਬਹੁਤ ਘਟਾ ਕੇ ਗਿਆਨ ਨੂੰ ਪਕੇਰਾ ਕਰਨ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੀ ਹੈ।

5. ਸਿੱਖਣ ਸਿਖਾਉਣ ਸਹਾਇਕ ਸਮਗਰੀ ਦੀ ਵਰਤੋਂ ਨਾਲ ਪੜਾਏ ਗਏ ਵਿਸ਼ਿਆਂ ਨੂੰ ਹੁਸ਼ਿਆਰ ਵਿਦਿਆਰਥੀ.ਔਸਤ ਵਿਦਿਆਰਥੀ, ਮੰਦ ਬੁੱਧੀ ਵਿਦਿਆਰਥੀ ਭਾਵ ਹਰ ਬੁੱਧੀ ਅਵਸਥਾ ਵਾਲੇ ਵਿਦਿਆਰਥੀ ਗਿਆਨ ਤੇ ਆਪਣੀ ਪਕੜ ਬਣਾ ਲ਼ੂਂਦੇ ਹਨ।

6. ਸਿੱਖਣ ਸਿਖਾਉਣ ਸਹਾਇਕ ਸਮਗਰੀ ਦੀ ਵਰਤੋਂ ਸਮੇਂ ਜਮਾਤ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਸਿੱਧੇ ਰੂਪ ਵਿੱਚ ਬਹੁਤ ਵੱਧ ਜਾਂਦੀ ਹੈ ਜੋ ਵਿਦਿਆਰਥੀਆਂ ਵਿੱਚ ਹੌਸਲਾ ਅਤੇ ਜੁੰਮੇਵਾਰੀ ਨੂੰ ਵਧਾਉਂਦੀ ਹੇ।

7. ਸਿੱਖਣ ਸਿਖਾਉਣ ਸਹਾਇਕ ਸਮਗਰੀ ਪਚੀਦਾ ਤੋਂ ਪਚੀਦਾ ਸਕੰਲਪਾਂ ਨੂੰ ਸਪਸ਼ਟ ਅਤੇ ਆਸਾਨ ਲਹਿਜੇ ਵਿੱਚ ਪੇਸ਼ ਕਰਕੇ ਵਿਦਿਆਰਥੀਆਂ ਦੇ ਗਿਆਨ ਦਾ ਹਿੱਸਾ ਬਣਾਉਂਦੀ ਹੈ।

8. ਸਿੱਖਣ ਸਿਖਾਉਣ ਸਹਾਇਕ ਸਮਗਰੀ ਦੀ ਵਰਤੋਂ ਸਮੇਂ ਅਧਿਆਪਕ ਤੇ ਵਿਦਿਆਰਥੀ ਰੁੱਝੇ ਹੋਣ ਕਾਰਨ ਅਨੁਸ਼ਾਸ਼ਨ ਆਪ-ਮੁਹਾਰੇ ਸਿਖਰ ਛੋਹ ਜਾਂਦਾ ਹੈ।

9. ਸਿੱਖਣ ਸਿਖਾਉਣ ਸਹਾਇਕ ਸਮਗਰੀ ਦੀ ਵਰਤੋਂ ਉਪਰੰਤ ਜਦੋਂ ਹਰ ਤਰਾਂ ਦੇ ਵਿਦਿਆਰਥੀ ਦਾ ਪੜ੍ਹਨ ਪੱਧਰ ਤੇ ਮਾਨਸਿਕ ਪੱਧਰ ਸਿਖਰ ਵੱਲ ਵੱਧਦਾ ਹੈ ਤਾਂ ਮਾਪਿਆ ਅਤੇ ਸਮਾਜ ਵਿੱਚ ਅਧਿਆਪਕ ਦਾ ਸਤਿਕਾਰ ਅਤੇ ਨੇੜਤਾ ਵੱਧਦੀ ਹੈ।

10. ਸਿੱਖਣ ਸਿਖਾਉਣ ਸਹਾਇਕ ਸਮਗਰੀ ਦੀ ਵਰਤੋਂ ਅਧਿਆਪਕ ਤੇ ਵਿਦਿਆਰਥੀਆਂ ਦੇ ਸਮੇਂ ਅਤੇ ਊਰਜਾ ਦੀ ਵਰਤੋਂ ਕਰਦੀ ਹੈ।

11. ਸਿੱਖਣ ਸਿਖਾਉਣ ਸਹਾਇਕ ਸਮਗਰੀ ਦੀ ਵਰਤੋਂ ਅਧਿਆਪਕ ਵਿਦਿਆਰਥੀ ਸਬੰਧਾਂ ਵਿੱਚ ਨੇੜਤਾ ਪੈਦਾ ਕਰਦੀ ਹੈ।

12. ਸਿੱਖਣ ਸਿਖਾਉਣ ਸਹਾਇਕ ਸਮਗਰੀ ਦੀ ਵਿਦਿਆਰਥੀਆ ਅੰਦਰ ਸਵੈ-ਪੜ੍ਹਨ ਪ੍ਰਕਿਰਿਆ ਨੂੰ ਉਭਾਰ ਦਿੰਦੀ ਹੈ।

ਬਲਦੇਵ ਰਾਮ
ਸੈਂਟਰ ਹੈਡ ਟੀਚਰ
ਸਰਕਾਰੀ ਪ੍ਰਾਇਮਰੀ ਸਕੂਲ
ਖੋਸਾ ਰਣਧੀਰ (ਮੋਗਾ)
ਮੋਬਾਈਲ ਨੰ: 88472-49278

Share this content:

Post Comment