Loading Now

ਬੇਅਦਬੀ ਕਾਨੂੰਨ ਬਾਰੇ ਅਕਾਲੀ ਦਲ ਦਾ ਦੋਹਰਾ ਮਾਪਦੰਡ : ਮਾਨ

ਬੇਅਦਬੀ ਕਾਨੂੰਨ ਬਾਰੇ ਅਕਾਲੀ ਦਲ ਦਾ ਦੋਹਰਾ ਮਾਪਦੰਡ : ਮਾਨ

ਹੁਸ਼ਿਆਰਪੁਰ, 16 ਜੁਲਾਈ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਕੇਰੀਆਂ ‘ਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ‘ਤੇ ਬੇਅਦਬੀ ਕਾਨੂੰਨ ਨੂੰ ਲੈ ਕੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ। ਉਨ੍ਹਾ ਕਿਹਾ ਕਿ ਅਕਾਲੀ ਦਲ ਅੱਜ ਕਾਨੂੰਨ ਦਾ ਵਿਰੋਧ ਕਰ ਰਿਹਾ ਹੈ, ਪਰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਜਦੋਂ ਉਹ ਪੰਜ ਵਾਰ ਮੁੱਖ ਮੰਤਰੀ ਦੇ ਨਾਲ ਸੱਤਾ ਵਿੱਚ ਸੀ ਤਾਂ ਉਸ ਨੇ ਅਜਿਹਾ ਕਾਨੂੰਨ ਕਿਉਂ ਨਹੀਂ ਬਣਾਇਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਤਨਜ਼ ਕਸਦਿਆਂ ਉਨ੍ਹਾ ਕਿਹਾ—ਅਕਾਲੀ ਆਗੂ ਲੋਕਾਂ ਵਿੱਚ ਆਪਣਾ ਆਧਾਰ ਗੁਆ ਚੁੱਕੇ ਹਨ। ਉਹ ਆਪਣੀਆਂ ਰੈਲੀਆਂ ਵਿੱਚ ਭੀੜ ਦਿਖਾਉਣ ਲਈ ਪੈਸੇ ਦੇ ਕੇ ਲਿਆਂਦੇ ਗਏ ਵਰਕਰਾਂ ਦੀ ਵਰਤੋਂ ਕਰ ਰਹੇ ਹਨ। ਹਰ ਅਕਾਲੀ ਰੈਲੀ ਵਿੱਚ ਉਹੀ ਭੀੜ ਨਜ਼ਰ ਆਉਂਦੀ ਹੈ।

ਇਹ ਲੋਕ ਕਦੇ ਦਾਅਵਾ ਕਰਦੇ ਸਨ ਕਿ ਉਹ ਪੰਜਾਬ ‘ਤੇ 25 ਸਾਲ ਰਾਜ ਕਰਨਗੇ, ਪਰ ਸੂਬੇ ਦੇ ਸੂਝਵਾਨ ਅਤੇ ਦਲੇਰ ਲੋਕਾਂ ਨੇ ਉਨ੍ਹਾਂ ਨੂੰ ਸਿਆਸੀ ਗੁੰਮਨਾਮੀ ਵਿੱਚ ਧੱਕ ਦਿੱਤਾ ਹੈ। ਇਹ ਮੌਕਾਪ੍ਰਸਤ ਆਗੂ ਆਪਣੀ ਸਹੂਲਤ ਅਤੇ ਨਿੱਜੀ ਸਿਆਸੀ ਹਿੱਤਾਂ ਮੁਤਾਬਕ ਰੰਗ ਅਤੇ ਆਪਣਾ ਸਟੈਂਡ ਬਦਲਦੇ ਹਨ। ਪੂਰਾ ਸੂਬਾ ਇਨ੍ਹਾਂ ਦਾ ਅਸਲੀ ਚਿਹਰਾ ਜਾਣਦਾ ਹੈ, ਕਿਉਂਕਿ ਇਨ੍ਹਾਂ ਹਮੇਸ਼ਾ ਸਿਆਸੀ ਡਰਾਮੇਬਾਜ਼ੀ ਰਾਹੀਂ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਪੰਜਾਬ ਦੇ ਅਸਲ ਗੱਦਾਰ ਹਨ, ਕਿਉਂਕਿ ਉਨ੍ਹਾਂ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਧਰਮ ਦੀ ਦੁਰਵਰਤੋਂ ਕੀਤੀ। ਉਹ ਆਮ ਲੋਕਾਂ ਲਈ ਬਣੀਆਂ ਸਹੂਲਤਾਂ ਹੜੱਪ ਕੇ ਅਮੀਰ ਬਣ ਗਏ। ਉਨ੍ਹਾਂ ਦੇ ਲੰਮੇ ਸ਼ਾਸਨ ਦੌਰਾਨ ਸੂਬਾ ਬਦਹਾਲ ਹੋ ਗਿਆ ਅਤੇ ਮਾਫੀਆ ਦਾ ਰਾਜ ਰਿਹਾ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸੁਖਬੀਰ ਸਿੰਘ ਬਾਦਲ ਨੂੰ ਸੂਬੇ ਦਾ ਮੁਖੀ ਨਹੀਂ ਬਣਾਇਆ, ਕਿਉਂਕਿ ਉਹ ਜਾਣਦੇ ਸਨ ਕਿ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੂੰ ਬਰਬਾਦੀ ਦੇ ਕੰਢੇ ‘ਤੇ ਲੈ ਜਾਣਗੇ। ਮਾਨ ਨੇ ਦੋਸ਼ ਲਾਇਆ ਕਿ ਜੇ ਕਾਂਗਰਸ, ਭਾਜਪਾ ਜਾਂ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਵਾਪਸ ਆਉਂਦੇ ਹਨ, ਤਾਂ ਉਹ ਸਭ ਤੋਂ ਪਹਿਲਾ ਕਦਮ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਭਲਾਈ ਸਕੀਮਾਂ ਅਤੇ ਜਨਤਕ ਲਾਭਾਂ ਨੂੰ ਬੰਦ ਕਰਨ ਦਾ ਚੁੱਕਣਗੇ।

ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵਾ ਪੇਸ਼ ਕਰਨ ਵਾਲੇ ਵਿਰੋਧੀ ਨੇਤਾਵਾਂ ‘ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਘੱਟੋ-ਘੱਟ 60 ਵਿਧਾਨ ਸਭਾ ਸੀਟਾਂ ਜਿੱਤ ਕੇ ਆਪਣੀ ਤਾਕਤ ਸਾਬਤ ਕਰਨੀ ਚਾਹੀਦੀ ਹੈ। ਉਨ੍ਹਾ ਸਵਾਲ ਕੀਤਾ-ਉਨ੍ਹਾਂ ਨੂੰ ਇੰਨੀਆਂ ਸੀਟਾਂ ਕਿੱਥੋਂ ਮਿਲਣਗੀਆਂ? ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਦੇ ਲੋਕ-ਪੱਖੀ ਕੰਮਾਂ ਦੇ ਆਧਾਰ ‘ਤੇ ਪਾਰਟੀ ਨੂੰ ਏਨਾ ਵੱਡਾ ਫਤਵਾ ਦੇਣ ਕਿ ਇਨ੍ਹਾਂ ਮੌਕਾਪ੍ਰਸਤ ਆਗੂਆਂ ਨੂੰ ਸਰਕਾਰ ਬਣਾਉਣ ਅਤੇ ਮੁੱਖ ਮੰਤਰੀ ਦੀ ਕੁਰਸੀ ਲਈ ਲੜਨ ਦਾ ਮੌਕਾ ਹੀ ਨਾ ਮਿਲੇ। ਰਾਹੁਲ ਗਾਂਧੀ ਦੇ ਪ੍ਰਸਤਾਵਿਤ ਪੰਜਾਬ ਦੌਰੇ ਦਾ ਹਵਾਲਾ ਦਿੰਦਿਆਂ ਮਾਨ ਨੇ ਟਿੱਪਣੀ ਕੀਤੀ ਕਿ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਸਾਰੇ ਆਗੂਆਂ ਨੂੰ ਇੱਕ ਬੱਸ ਵਿੱਚ ਇਕੱਠੇ ਲੈ ਕੇ ਜਾਣਗੇ। ਉਨ੍ਹਾ ਵਿਅੰਗ ਕਰਦਿਆਂ ਕਿਹਾ, ”ਉਹ ਬੱਸ ਵਿੱਚ ਇਕੱਠੇ ਤਾਂ ਚੜ੍ਹ ਸਕਦੇ ਹਨ, ਪਰ ਆਪਸ ਵਿੱਚ ਲੜ ਕੇ ਉਤਰਨਗੇ। ਮੁੱਖ ਮੰਤਰੀ ਨੇ ਵਾਸੀਆਂ ਨੂੰ ਮੁਕੇਰੀਆਂ ਵਿੱਚ ਸਰਕਾਰੀ ਕਾਲਜ ਦੀ ਉਸਾਰੀ ਲਈ ਢੁੱਕਵੀਂ ਜ਼ਮੀਨ ਮੁਹੱਈਆ ਕਰਵਾਉਣ ਦੀ ਅਪੀਲ ਵੀ ਕੀਤੀ। ਉਨ੍ਹਾ ਭਰੋਸਾ ਦਿੱਤਾ ਕਿ ਇੱਕ ਵਾਰ ਜ਼ਮੀਨ ਉਪਲੱਬਧ ਹੋਣ ‘ਤੇ, ਸਰਕਾਰ ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਅੱਤ-ਆਧੁਨਿਕ ਸਰਕਾਰੀ ਕਾਲਜ ਸਥਾਪਤ ਕਰੇਗੀ।

Share this content:

Post Comment