Loading Now

ਚੇਤਿਆਂ ’ਚ ਖੜਕਦੀ ਡਾਕੀਏ ਦੇ ਸਾਈਕਲ ਦੀ ਘੰਟੀ

ਚੇਤਿਆਂ ’ਚ ਖੜਕਦੀ ਡਾਕੀਏ ਦੇ ਸਾਈਕਲ ਦੀ ਘੰਟੀ

ਸੂਚਨਾ ਤਕਨਾਲੋਜੀ ਦੇ ਕ੍ਰਾਂਤੀਕਾਰੀ ਯੁੱਗ ’ਚ ਸੁਨੇਹਿਆਂ ਦੇ ਆਦਾਨ ਪ੍ਰਦਾਨ ਲਈ ਬੇਸ਼ੁਮਾਰ ਤੇਜ਼ ਤਰਾਰ ਸਾਧਨ ਮੌਜੂਦ ਹਨ। ਸੋਸ਼ਲ ਮੀਡੀਆ ਦੇ ਤਮਾਮ ਸਾਧਨਾਂ ਦੇ ਨਾਲ ਨਾਲ ਈ-ਮੇਲ ਆਦਿ ਜ਼ਰੀਏ ਅੱਖ ਝਪਕਣ ਦੇ ਸਮੇਂ ’ਚ ਸੁਨੇਹਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚ ਜਾਂਦਾ ਹੈ। ਸੂਚਨਾ ਤਕਨੀਕ ਦੇ ਇਨ੍ਹਾਂ ਆਧੁਨਿਕ ਸਾਧਨਾਂ ਲਈ ਦੂਰੀ ਦੇ ਕੋਈ ਮਾਅਨੇ ਨਹੀਂ ਹਨ। ਲੱਖਾਂ ਕਿਲੋਮੀਟਰ ਦੀ ਦੂਰੀ ’ਤੇ ਵੀ ਅੱਖ ਦੇ ਫੋਰ ’ਚ ਸੁਨੇਹਾ ਪਹੁੰਚਾ ਜਾਂਦਾ ਹੈ।

ਕੋਈ ਸਮਾਂ ਸੀ ਜਦੋਂ ਸੁਨੇਹਿਆਂ ਦਾ ਆਦਾਨ ਪ੍ਰਦਾਨ ਪੰਛੀਆਂ ਦੇ ਸਹਾਰੇ ਕੀਤਾ ਜਾਂਦਾ ਸੀ। ਪੰਛੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਿੱਠੀਆਂ ਪਹੁੰਚਾਇਆ ਕਰਦੇ ਸਨ। ਫਿਰ ਸੁਨੇਹਿਆਂ ਦੇ ਆਦਾਨ ਪ੍ਰਦਾਨ ਲਈ ਡਾਕ ਵਿਭਾਗ ਦੀ ਸਥਾਪਨਾ ਹੋਈ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਫ਼ਰ ਕਰਦੀ ਚਿੱਠੀ ਨੂੰ ਟਿਕਾਣੇ ’ਤੇ ਪਹੁੰਚਾਉਣ ਵਾਲੇ ਕਰਮਚਾਰੀ ਨੂੰ ਡਾਕੀਆ ਕਿਹਾ ਜਾਣ ਲੱਗਿਆ। ਡਾਕੀਏ ਵੱਲੋਂ ਚਿੱਠੀਆਂ ਪਹੁੰਚਾਉਣ ਬਾਬਤ ਬਹੁਤ ਸਾਰੇ ਗੀਤਾਂ ਦੀ ਰਚਨਾ ਵੀ ਹੋਈ। ਡਾਕੀਆ ਆਮ ਤੌਰ ’ਤੇ ਸਾਈਕਲ ’ਤੇ ਸਵਾਰ ਹੋ ਕੇ ਚਿੱਠੀਆਂ ਨੂੰ ਮੰਜ਼ਿਲ ’ਤੇ ਪਹੁੰਚਾਉਂਦਾ ਹੁੰਦਾ ਸੀ। ਚਿੱਠੀ ਦੇ ਮੰਜ਼ਿਲ ਸਥਾਨ ’ਤੇ ਪਹੁੰਚ ਡਾਕੀਆ ਸਾਈਕਲ ’ਤੇ ਲੱਗੀ ਘੰਟੀ ਜਿਸ ਨੂੰ ਟੱਲੀ ਵੀ ਕਹਿੰਦੇ ਹਨ, ਵਜਾ ਕੇ ਆਪਣੀ ਆਮਦ ਦੀ ਸੂਚਨਾ ਦਿਆ ਕਰਦਾ ਸੀ। ਚਿੱਠੀ ਦੀ ਉਡੀਕ ਕਰਦੇ ਵਿਅਕਤੀ ਜਾਂ ਪਰਿਵਾਰ ਨੂੰ ਡਾਕੀਏ ਦੇ ਸਾਈਕਲ ਦੀ ਘੰਟੀ ਦੀ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਸੀ। ਪਹਿਲਾਂ ਪਹਿਲ ਪਰਿਵਾਰਾਂ ਵਿੱਚ ਪੜ੍ਹੇ ਲਿਖੇ ਮੈਂਬਰਾਂ ਦੀ ਗਿਣਤੀ ਘੱਟ ਹੁੰਦੀ ਸੀ। ਅਨਪੜ੍ਹ ਪਰਿਵਾਰ ਡਾਕੀਏ ਤੋਂ ਜਾਂ ਕਿਸੇ ਪੜ੍ਹੇ ਲਿਖੇ ਵਿਅਕਤੀ ਤੋਂ ਚਿੱਠੀ ਲਿਖਵਾਇਆ ਕਰਦੇ ਸਨ। ਅਨਪੜ੍ਹ ਪਰਿਵਾਰ ਡਾਕੀਏ ਤੋਂ ਹੀ ਚਿੱਠੀ ਪੜ੍ਹਾ ਲਿਆ ਕਰਦੇ ਸਨ।

ਤਿਉਹਾਰਾਂ ਦੇ ਦਿਨਾਂ ਦੌਰਾਨ ਡਾਕੀਏ ਦਾ ਕੰਮ ਬਹੁਤ ਵਧ ਜਾਂਦਾ ਸੀ ਕਿਉਂਕਿ ਪੜ੍ਹੇ ਲਿਖੇ ਲੋਕ ਇੱਕ-ਦੂਜੇ ਨੂੰ ਗ੍ਰੀਟਿੰਗ ਕਾਰਡ ਭੇਜ ਕੇ ਸ਼ੁਭਕਾਮਨਾਵਾਂ ਦਿਆ ਕਰਦੇ ਸਨ। ਮੈਨੂੰ ਯਾਦ ਹੈ ਕਿ ਜਦੋਂ ਅਸੀਂ ਟ੍ਰੇਨਿੰਗ ਪੂਰੀ ਕਰਕੇ ਵਾਪਸ ਆਏ ਤਾਂ ਇੱਕ-ਦੂਜੇ ਨੂੰ ਚਿੱਠੀਆਂ ਪਾਉਣ ਅਤੇ ਤਿਉਹਾਰਾਂ ਮੌਕੇ ਗ੍ਰੀਟਿੰਗ ਕਾਰਡ ਭੇਜਣ ਦਾ ਸਿਲਸਿਲਾ ਬੜੀ ਤੇਜ਼ੀ ਨਾਲ ਚੱਲਿਆ। ਦੋਸਤਾਂ ਮਿੱਤਰਾਂ ਦੇ ਪੱਤਰਾਂ ਅਤੇ ਗ੍ਰੀਟਿੰਗ ਕਾਰਡਾਂ ਦੀ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ। ਪੱਤਰਾਂ ਦੀ ਆਮਦ ਵੱਧ ਹੋਣ ਕਾਰਨ ਸਾਡੇ ਪਿੰਡ ਵਾਲਾ ਡਾਕੀਆ ਨਿਰੰਜਨ ਦਾਸ ਮੇਰੇ ਨਾਲ ਕਾਫ਼ੀ ਵਾਕਫ਼ੀਅਤ ਰੱਖਣ ਲੱਗ ਪਿਆ ਸੀ। ਪਹਿਲਾਂ ਪਹਿਲ ਅਖ਼ਬਾਰਾਂ ਨੂੰ ਰਚਨਾਵਾਂ ਵੀ ਡਾਕ ਰਾਹੀਂ ਹੀ ਭੇਜੀਆਂ ਜਾਂਦੀਆਂ ਸਨ। ਲਿਫ਼ਾਫ਼ੇ ਉੱਪਰ ਜਿਸ ਨੂੰ ਪੱਤਰ ਭੇਜਣਾ ਹੁੰਦਾ, ਉਸ ਦਾ ਪਤਾ ਲਿਖਣ ਦੇ ਨਾਲ ਨਾਲ ਭੇਜਣ ਵਾਲੇ ਦਾ ਪਤਾ ਵੀ ਲਿਖਿਆ ਜਾਂਦਾ ਸੀ। ਮੇਰੀ ਲੇਖਣੀ ਦਾ ਨਵਾਂ ਨਵਾਂ ਸਫ਼ਰ ਸ਼ੁਰੂ ਹੋਇਆ ਸੀ।
ਮੇਰੇ ਵੱਲੋਂ ਅਕਸਰ ਅਖ਼ਬਾਰਾਂ ਨੂੰ ਡਾਕ ਰਾਹੀਂ ਆਰਟੀਕਲ ਭੇਜਣ ਕਰਕੇ ਡਾਕੀਆ ਮੇਰਾ ਵਧੀਆ ਜਾਣਕਾਰ ਬਣ ਗਿਆ ਸੀ। ਡਾਕੀਏ ਕੋਲ ਚੌਕੀਦਾਰ ਵਾਂਗ ਪਿੰਡ ਦੀ ਸਾਰੀ ਜਾਣਕਾਰੀ ਹੁੰਦੀ ਸੀ, ਪਰ ਫਿਰ ਵੀ ਕਈ ਨਵੀਂ ਉਮਰ ਦੇ ਮੁੰਡੇ-ਕੁੜੀਆਂ ਦੇ ਨਾਮ ਆਈਆਂ ਚਿੱਠੀਆਂ ਨੂੰ ਪਹੁੰਚਾਉਣਾ ਡਾਕੀਏ ਲਈ ਮੁਸ਼ਕਿਲ ਹੋ ਜਾਂਦਾ ਸੀ। ਸਾਡੇ ਪਿੰਡ ਦਾ ਡਾਕੀਆ ਨਿਰੰਜਨ ਦਾਸ ਅਕਸਰ ਮੇਰੇ ਤੋਂ ਅਜਿਹੇ ਪਤਿਆਂ ਵਾਲੀਆਂ ਚਿੱਠੀਆਂ ਦੀ ਜਾਣਕਾਰੀ ਮੰਗ ਲੈਂਦਾ ਸੀ। ਇਹ ਉਸ ਦੀ ਕੰਮ ਪ੍ਰਤੀ ਸੁਹਿਰਦਤਾ ਸੀ ਕਿ ਉਹ ਚਿੱਠੀ ਪਹੁੰਚਾਉਣ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਹੀਂ ਸੀ ਕਰਦਾ। ਕਈ ਡਾਕੀਏ ਅਜਿਹੇ ਪੱਤਰ ਵਾਪਸ ਕਰ ਦਿੰਦੇ ਸਨ, ਪਰ ਨਿਰੰਜਨ ਦਾਸ ਅਜਿਹੇ ਪੱਤਰਾਂ ਵਾਲੇ ਪਤਿਆਂ ਦੀ ਕਈ ਕਈ ਦਿਨ ਤਲਾਸ਼ ਕਰਦਾ ਰਹਿੰਦਾ। ਡਾਕੀਏ ਆਮ ਤੌਰ ’ਤੇ ਬਾਅਦ ਦੁਪਹਿਰ ਤਿੰਨ ਕੁ ਵਜੇ ਤੱਕ ਡਾਕ ਵੰਡਣ ਦਾ ਕੰਮ ਨਿਪਟਾਇਆ ਕਰਦੇ ਸਨ। ਅਸੀਂ ਵੀ ਆਪਣੀ ਚਿੱਠੀ ਦੀ ਉਡੀਕ ਵਿੱਚ ਡਾਕੀਏ ਨੂੰ ਉਡੀਕਦੇ ਰਹਿਣਾ, ਪਰ ਤਿੰਨ ਵਜੇ ਤੋਂ ਬਾਅਦ ਉਡੀਕ ਖ਼ਤਮ ਹੋ ਜਾਣੀ। ਅਗਲੇ ਦਿਨ ਫਿਰ ਉਡੀਕ ਦਾ ਸਿਲਸਿਲਾ ਸ਼ੁਰੂ ਹੋ ਜਾਣਾ।
ਉਸ ਦਿਨ ਦੀ ਡਾਕੀਏ ਦੇ ਸਾਈਕਲ ਦੀ ਘੰਟੀ ਦੀ ਆਵਾਜ਼ ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਜਿਸ ਦਿਨ ਉਹ ਮੇਰਾ ਸਰਕਾਰੀ ਨੌਕਰੀ ਦਾ ਖ਼ਾਕੀ ਲਿਫ਼ਾਫ਼ੇ ਵਾਲਾ ਪੱਤਰ ਲੈ ਕੇ ਆਇਆ ਸੀ। ਪੱਤਰ ਫੜਾਉਂਦਿਆਂ ਉਸ ਵੱਲੋਂ ਦਿੱਤੀਆਂ ਵਧਾਈਆਂ ਵੀ ਅੱਜ ਤੱਕ ਯਾਦ ਹਨ। ਇਸ ਤਰ੍ਹਾਂ ਡਾਕੀਏ ਕੋਲ ਪਿੰਡ ਵਿੱਚ ਨੌਜਵਾਨਾਂ ਨੂੰ ਮਿਲਣ ਵਾਲੀਆਂ ਸਰਕਾਰੀ ਨੌਕਰੀਆਂ ਦੀ ਵੀ ਪੂਰੀ ਜਾਣਕਾਰੀ ਹੁੰਦੀ ਸੀ ਕਿਉਂਕਿ ਹਰ ਨਿਯੁਕਤੀ ਪੱਤਰ ਡਾਕੀਏ ਰਾਹੀਂ ਹੀ ਸਬੰਧਿਤ ਤੱਕ ਪਹੁੰਚਦਾ ਸੀ। ਸ਼ੁਰੂ ਸ਼ੁਰੂ ਵਿੱਚ ਡਾਕ ਦੀ ਲੇਟ ਲਤੀਫੀ ਨਾਲ ਨਿਪਟਣ ਲਈ ਕੁਰੀਅਰ ਦੀ ਸੇਵਾ ਆਈ। ਕਈ ਕਈ ਦਿਨਾਂ ਉਪਰੰਤ ਆਪਣੀ ਮੰਜ਼ਿਲ ’ਤੇ ਪਹੁੰਚਣ ਵਾਲੇ ਪੱਤਰ ਦੂਜੇ ਜਾਂ ਤੀਜੇ ਦਿਨ ਆਪਣੀ ਮੰਜ਼ਿਲ ’ਤੇ ਪਹੁੰਚਣ ਲੱਗੇ। ਅੱਜਕੱਲ੍ਹ ਡਾਕ ਵਿਭਾਗ ਰਾਹੀਂ ਪੱਤਰ ਭੇਜਣ ਦੀ ਗਿਣਤੀ ਨਾਂਹ ਦੇ ਬਰਾਬਰ ਹੈ। ਹੁਣ ਡਾਕ ਵਿਭਾਗ ਕੋਲ ਪੱਤਰਾਂ ਦੀ ਵੰਡ ਦੀ ਬਜਾਏ ਬੈਂਕਾਂ ਵਾਂਗ ਪੈਸੇ ਦਾ ਕੰਮ ਜ਼ਿਆਦਾ ਹੈ। ਸਮੇਂ ਦੀ ਮੰਗ ਅਨੁਸਾਰ ਡਾਕ ਵਿਭਾਗ ਵੱਲੋਂ ਵੀ ਸਪੀਡ ਪੋਸਟ ਅਤੇ ਕੁਰੀਅਰ ਸੇਵਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ।

ਸੂਚਨਾ ਤਕਨੀਕ ਦੀ ਕ੍ਰਾਂਤੀ ’ਚ ਡਾਕੀਏ ਦੇ ਸਾਈਕਲ ਦੀ ਘੰਟੀ ਦੀ ਆਵਾਜ਼ ਕਿਧਰੇ ਗੁੰਮ ਗਈ ਹੈ। ਅੱਜਕੱਲ੍ਹ ਦੇ ਬੱਚਿਆਂ ਨੂੰ ਤਾਂ ਸ਼ਾਇਦ ਇਹ ਪਤਾ ਵੀ ਨਾ ਹੋਵੇ ਕਿ ਕਿਸੇ ਸਮੇਂ ਪੱਤਰਾਂ ਦੇ ਆਦਾਨ ਪ੍ਰਦਾਨ ਦਾ ਕੰਮ ਡਾਕੀਆ ਕਰਦਾ ਸੀ। ਪੱਤਰ ਰਾਹੀਂ ਕਿਸੇ ਸੁਨੇਹੇ ਨੂੰ ਪਹੁੰਚਣ ਵਿੱਚ ਕਈ ਕਈ ਦਿਨਾਂ ਦਾ ਸਮਾਂ ਲੱਗਣਾ ਆਧੁਨਿਕ ਪੀੜ੍ਹੀ ਲਈ ਕਿਸੇ ਅਚੰਭੇ ਤੋਂ ਘੱਟ ਨਹੀਂ, ਪਰ ਜਿਨ੍ਹਾਂ ਨੇ ਪੱਤਰਾਂ ਦਾ ਉਹ ਦੌਰ ਹੰਢਾਇਆ ਹੈ ਉਨ੍ਹਾਂ ਦੇ ਚੇਤਿਆਂ ’ਚ ਅੱਜ ਵੀ ਡਾਕੀਏ ਦੇ ਸਾਈਕਲ ਦੀ ਘੰਟੀ ਦੀ ਆਵਾਜ਼ ਵਸੀ ਹੋਈ ਹੈ।

Share this content:

Post Comment