Loading Now

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ, ਸਾਹਿਤਕ ਸਮਾਗਮ ਤੇ ਕਵੀ ਦਵਿੰਦਰ ਜੱਸਲ ਨਾਲ ਰੂ-ਬ-ਰੂ ਦਾ ਆਯੋਜਨ

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ, ਸਾਹਿਤਕ ਸਮਾਗਮ ਤੇ ਕਵੀ ਦਵਿੰਦਰ ਜੱਸਲ ਨਾਲ ਰੂ-ਬ-ਰੂ ਦਾ ਆਯੋਜਨ

ph2-1-1024x257 ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ, ਸਾਹਿਤਕ ਸਮਾਗਮ ਤੇ ਕਵੀ ਦਵਿੰਦਰ ਜੱਸਲ ਨਾਲ ਰੂ-ਬ-ਰੂ ਦਾ ਆਯੋਜਨ
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ  ਕਵੀ ਦਰਬਾਰ  ’ਚ ਸ਼ਾਮਲ ਹੋਏ ਕਵੀ।

ਫਗਵਾੜਾ,22 ਜੂਨ (  ਏ.ਡੀ.ਪੀ. ਨਿਊਜ਼ ): ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਲੱਡ ਸੈਂਟਰ, ਫਗਵਾੜਾ ਵੱਲੋਂ ਸਕੇਪ ਸਾਹਿਤਕ ਸੰਸਥਾ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਗੁਰੂ ਰਵਿਦਾਸ ਜੀ ਦੇ ਉੱਚੇ ਆਦਰਸ਼ਾਂ, ਮਨੁੱਖਤਾ ਪ੍ਰਤੀ ਉਨ੍ਹਾਂ ਦੇ ਸੰਦੇਸ਼ ਅਤੇ ਸਮਾਜਿਕ ਬਰਾਬਰੀ ਦੇ ਸਿਧਾਂਤਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਸੀ।

ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ  ਵਿਦਵਾਨ ਡਾ. ਐੱਸ. ਐੱਲ. ਵਿਰਦੀ ਐਡਵੋਕੇਟ, ਬਲੱਡ ਸੈਂਟਰ, ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ, ਉੱਘੇ ਲੇਖਕ ਗੁਰਮੀਤ ਸਿੰਘ ਪਲਾਹੀ, ਸਮਾਜ ਸੇਵੀ ਤਾਰਾ ਚੰਦ ਚੁੰਬਰ ਅਤੇ ਸਕੇਪ ਸਾਹਿਤਕ ਸੰਸਥਾ ਦੇ ਪ੍ਰਧਾਨ ਪਰਵਿੰਦਰ ਜੀਤ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ। ਮੁੱਖ ਬੁਲਾਰੇ  ਡਾ. ਐਸ. ਐਲ. ਵਿਰਦੀ ਨੇ ਆਪਣੇ ਸੰਬੋਧਨ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਅਧਿਆਤਮਿਕ, ਸਮਾਜਿਕ ਅਤੇ ਨੈਤਿਕ ਪੱਖਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਮਨੁੱਖ ਨੂੰ ਸੱਚ, ਸੇਵਾ, ਸਮਾਨਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਅਪੀਲ ਕੀਤੀ।

ਉੱਘੇ ਸਾਹਿਤਕਾਰ ਗੁਰਮੀਤ ਸਿੰਘ ਪਲਾਹੀ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਜਾਤ-ਪਾਤ, ਊਚ-ਨੀਚ ,ਸਮਾਜਿਕ ਭੇਦਭਾਵ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਅਤੇ ਮਨੁੱਖੀ ਏਕਤਾ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਹੋਰ ਵੀ ਮਹੱਤਵਪੂਰਨ ਹੋ ਗਈਆਂ ਹਨ ਅਤੇ ਸਾਨੂੰ ਉਨ੍ਹਾਂ ਦੇ ਬਚਨਾਂ ਨੂੰ ਆਪਣੇ ਵਿਹਾਰ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

ਬਲੱਡ ਸੈਂਟਰ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਨੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਜੀਵਨ ਅਤੇ ਉਪਦੇਸ਼ ਸਮਾਜ ਨੂੰ ਨਵੀਂ ਦਿਸ਼ਾ ਦਿੰਦੇ ਹਨ ਅਤੇ ਸਾਨੂੰ ਉਨ੍ਹਾਂ ਵੱਲੋਂ ਦੱਸੇ ਸੱਚ, ਸੇਵਾ ਅਤੇ ਸਮਾਨਤਾ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ।

ਇਸ ਮੌਕੇ ਉੱਘੇ ਲੇਖਕ ਕੈਪਟਨ ਦਵਿੰਦਰ ਸਿੰਘ ਜੱਸਲ ਨਾਲ ਵਿਸ਼ੇਸ਼ ਰੂ-ਬ-ਰੂ ਵੀ ਕਰਵਾਇਆ ਗਿਆ ।ਉਨ੍ਹਾਂ ਨੇ ਆਪਣੇ ਜੀਵਨ ਸੰਘਰਸ਼ ,ਸਾਹਿਤਕ ਯਾਤਰਾ ਅਤੇ ਲੇਖਨ ਦੇ ਤਜਰਬਿਆਂ ਬਾਰੇ ਹਾਜ਼ਰੀਨ ਨਾਲ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਸਾਹਿਤ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਸਭਾ ਦੇ ਸਾਬਕਾ ਪ੍ਰਧਾਨ ਰਵਿੰਦਰ ਚੋਟ ਨੇ ਇਸ ਪ੍ਰਭਾਵਸ਼ਾਲੀ ਸਮਾਗਮ ਲਈ ਸੰਸਥਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਕੈਪਟਨ ਦਵਿੰਦਰ ਜੱਸਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਸੰਘਰਸ਼ ਸਭ ਲਈ ਪ੍ਰੇਰਨਾ ਦਾ ਇਕ ਹੈ।

ਸਮਾਗਮ ਦੌਰਾਨ ਆਯੋਜਿਤ ਕਵੀ ਦਰਬਾਰ ਵਿੱਚ ਵੱਖ-ਵੱਖ ਕਵੀਆਂ ਅਤੇ ਸਾਹਿਤਕਾਰਾਂ ਨੇ ਗੁਰੂ ਰਵਿਦਾਸ ਜੀ ਦੀ ਮਹਾਨਤਾ, ਉਨ੍ਹਾਂ ਦੀ ਬਾਣੀ ਅਤੇ ਸਮਾਜ ਨੂੰ ਦਿੱਤੇ ਅਮਰ ਸੰਦੇਸ਼ਾਂ ਨੂੰ ਆਪਣੀਆਂ ਕਵਿਤਾਵਾਂ, ਗੀਤਾਂ ਅਤੇ ਰਚਨਾਵਾਂ ਰਾਹੀਂ ਪੇਸ਼ ਕੀਤਾ। ਕਵੀ ਦਰਬਾਰ ਵਿੱਚ ਸੁਖਦੇਵ ਗੰਢਵਾਂ, ਨਾਨਕ ਚੰਦ ਵਸ਼ਿਸ਼ਟ, ਰਵਿੰਦਰ ਰਾਏ, ਸੋਢੀ ਸੱਤੋਵਾਲੀ, ਮਾ. ਅਵਤਾਰ ਸਿੰਘ ਗੋਬਿੰਦਵਾਲੀਆ, ਰਾਜ ਸੰਧੂ, ਕੁਲਵਿੰਦਰ ਸਿੰਘ, ਗੁਰਮੁੱਖ ਲੁਹਾਰ, ਦਲਜੀਤ ਮਹਿਮੀ, ਹਰਜਿੰਦਰ ਨਿਆਣਾ, ਅਜੀਤਪਾਲ ਕੋਛੜ, ਲਸ਼ਕਰ ਢੰਡਵਾੜਵੀ, ਅਸ਼ੋਕ ਟਾਂਡੀ, ਕੁਲਦੀਪ ਸਿੰਘ ਰਤਨ, ਬਲਜੀਤ ਸਿੰਘ, ਸਾਹਿਬਾ ਜੀਤਨ ਕੌਰ, ਪਰਮ ਦਾਸ ਹੀਰ, ਮੋਹਨ ਆਰਟਿਸਟ, ਸੁਬੇਗ ਸਿੰਘ ਹਜ਼ਾਰਾ, ਮਹਿੰਦਰ ਸੂਦ ਵਿਰਕ, ਦਲਜੀਤ ਕੌਰ ਚਾਨਾ, ਨਗੀਨਾ ਸਿੰਘ ਬਲੱਗਣ, ਕੀਮਤੀ ਕੇਸਰ ਅਤੇ ਆਰ. ਐੱਲ. ਜੱਸੀ ਸਮੇਤ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਗਮ ਨੂੰ ਰੰਗਤ ਬਖ਼ਸ਼ੀ।

ਸਮਾਗਮ ਦਾ ਸਫਲ ਮੰਚ ਸੰਚਾਲਨ ਪ੍ਰਸਿੱਧ ਸਾਹਿਤਕਾਰ ਬਲਦੇਵ ਰਾਜ ਕੋਮਲ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਉਨ੍ਹਾਂ ਨੇ ਵੱਖ-ਵੱਖ ਬੁਲਾਰਿਆਂ ਅਤੇ ਕਵੀਆਂ ਦੀ ਜਾਣ-ਪਛਾਣ ਕਰਵਾਉਂਦੇ ਹੋਏ ਸਮਾਗਮ ਨੂੰ ਰੁਚਿਕਰ ਬਣਾਈ ਰੱਖਿਆ।

ph2-2-1024x265 ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ, ਸਾਹਿਤਕ ਸਮਾਗਮ ਤੇ ਕਵੀ ਦਵਿੰਦਰ ਜੱਸਲ ਨਾਲ ਰੂ-ਬ-ਰੂ ਦਾ ਆਯੋਜਨ

ਅੰਤ ਵਿੱਚ ਸਕੇਪ ਸਾਹਿਤਕ ਸੰਸਥਾ ਦੇ ਪ੍ਰਧਾਨ ਪਰਵਿੰਦਰ ਜੀਤ ਸਿੰਘ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਮਹਿਮਾਨਾਂ, ਸਾਹਿਤਕਾਰਾਂ, ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਾਹਿਤਕ ਅਤੇ ਧਾਰਮਿਕ ਸਮਾਗਮ ਸਮਾਜ ਵਿੱਚ ਸਦਭਾਵਨਾ, ਭਾਈਚਾਰੇ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦਾ ਸਮਾਪਨ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਮਲ ਕਰਨ ਦੇ ਸੰਕਲਪ ਨਾਲ ਕੀਤਾ ਗਿਆ। ਸ੍ਰੋਤਿਆਂ ਵਿੱਚ ਮਨਦੀਪ ਸਿੰਘ, ਲਸ਼ਕਰ ਢੰਡਵਾੜਵੀ, ਹਰਜਿੰਦਰ ਨਿਆਣਾ, ਜਪਜੀਤ ਸਿੰਘ, ਬੰਸੋ ਦੇਵੀ ਆਦਿ ਹਾਜ਼ਰ ਸਨ।

ਕੈਪਸ਼ਨ :

Share this content:

Post Comment