ਸਾਡੀ ਭਾਸ਼ਾ-ਸਾਡਾ ਮਾਣ ; ਹਾਕਸ ਬੇਅ ’ਚ ਪੰਜਾਬੀ ਭਾਸ਼ਾ ਹਫ਼ਤੇ ਦੀਆਂ ਰੌਣਕਾਂ, ਭਾਈਚਾਰੇ ਅਤੇ ਅਮੀਰ ਸੱਭਿਆਚਾਰ ਦਾ ਰਚਾਇਆ ਜਾਵੇਗਾ ਜਸ਼ਨ
-ਲਾਇਬ੍ਰੇਰੀਆਂ ’ਚ ਵੱਖ-ਵੱਖ ਗਤੀਵਿਧੀਆਂ ਅਤੇ ਟੋਈਟੋਈ ਸੈਂਟਰ ਵਿਖੇ ਹੋਵੇਗਾ ਵਿਸ਼ੇਸ਼ ਮੁਫ਼ਤ ਸਮਾਗਮ
ਔਕਲੈਂਡ, 02 ਨਵੰਬਰ 2026 (ਹਰਜਿੰਦਰ ਸਿੰਘ ਬਸਿਆਲਾ) – ਇਸ ਮਹੀਨੇ ਪੂਰੇ ਹਾਕਸ ਬੇਅ ਖੇਤਰ ਵਿੱਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦਾ ਜਸ਼ਨ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਲਾਇਬ੍ਰੇਰੀ ਗਤੀਵਿਧੀਆਂ ਅਤੇ ਟੋਈਟੋਈ – ਹਾਕਸ ਬੇਅ ਆਰਟਸ ਐਂਡ ਈਵੈਂਟਸ ਸੈਂਟਰ ਵਿਖੇ ਇੱਕ ਵਧੀਆ ਮੁਫ਼ਤ ਭਾਈਚਾਰਕ ਸਮਾਗਮ ਸ਼ਾਮਲ ਹੈ। ਪੰਜਾਬੀ ਭਾਸ਼ਾ ਹਫ਼ਤਾ 2026 ‘ਸਾਡੀ ਭਾਸ਼ਾ, ਸਾਡਾ ਮਾਣ’ ਦੇ ਉਦੇਸ਼ ਹੇਠ 9 ਤੋਂ 15 ਨਵੰਬਰ ਤੱਕ ਪੂਰੇ ਦੇਸ਼ ਵਿਚ ਚੱਲੇਗਾ। ਇਸ ਤੋਂ ਬਾਅਦ ਐਤਵਾਰ 22 ਨਵੰਬਰ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੇਸਟਿੰਗਜ਼ ਦੇ ਟੋਈਟੋਈ ਵਿਖੇ ਇੱਕ ਵੱਡਾ ਸਮਾਗਮ ਕਰਵਾਇਆ ਜਾਵੇਗਾ। ਇਸ ਮੁਫ਼ਤ ਦਾਖਲੇ ਵਾਲੇ ਸਮਾਗਮ ਵਿੱਚ ਬੱਚਿਆਂ ਅਤੇ ਵਡੇਰਿਆਂ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ, ਪੰਜਾਬੀ ਭਾਸ਼ਾ ਦੀਆਂ ਪ੍ਰਸਤੁਤੀਆਂ, ਭਾਰਤੀ ਮਿਠਾਈਆਂ ਅਤੇ ਚਾਹ-ਪਾਣੀ ਦਾ ਖਾਸ ਪ੍ਰਬੰਧ ਹੋਵੇਗਾ।

ਹੇਰੇਟੌਂਗਾ ਹੇਸਟਿੰਗਜ਼ ਲਾਇਬ੍ਰੇਰੀਆਂ ਅਤੇ ਨੇਪੀਅਰ ਸਿਟੀ ਲਾਇਬ੍ਰੇਰੀਆਂ ਵੀ ਪੰਜਾਬੀ ਭਾਸ਼ਾ ਹਫ਼ਤੇ ਦੌਰਾਨ ਕਈ ਗਤੀਵਿਧੀਆਂ ਦੀ ਮੇਜ਼ਬਾਨੀ ਕਰਨਗੀਆਂ, ਜਿਨ੍ਹਾਂ ਵਿੱਚ ਪੰਜਾਬੀ ਕਹਾਣੀ ਸੁਣਾਉਣਾ, ਸੱਭਿਆਚਾਰਕ ਪ੍ਰਦਰਸ਼ਨੀਆਂ, ਰੰਗ ਭਰਨ ਦੇ ਮੁਕਾਬਲੇ, ਨਵੇਂ ਸਿੱਖਣ ਵਾਲਿਆਂ ਲਈ ਭਾਸ਼ਾ ਕਲਾਸਾਂ ਅਤੇ ਇੱਕ ਖਾਸ ਉਦਘਾਟਨੀ ਸਮਾਗਮ ਸ਼ਾਮਲ ਹੈ। ਮਲਟੀਕਲਚਰਲ ਐਡਵਾਈਜ਼ਰੀ ਗਰੁੱਪ ਦੇ ਚੇਅਰਮੈਨ ਅਤੇ ਹੇਸਟਿੰਗਜ਼ ਜ਼ਿਲ੍ਹਾ ਕੌਂਸਲਰ ਨਿਕ ਰੈਟਕਲਿਫ ਨੇ ਕਿਹਾ ਕਿ ਇਹ ਜਸ਼ਨ ਜ਼ਿਲ੍ਹੇ ਦੇ ਪੰਜਾਬੀ ਭਾਈਚਾਰੇ ਦੀ ਅਮੀਰ ਵਿਰਾਸਤ ਅਤੇ ਰਵਾਇਤਾਂ ਨੂੰ ਮਾਣ ਦੇਣ ਅਤੇ ਇਸ ਦੇ ਸੱਭਿਆਚਾਰ ਨੂੰ ਹੋਰਾਂ ਨਾਲ ਸਾਂਝਾ ਕਰਨ ਦਾ ਇੱਕ ਸੁਨਹਿਰੀ ਮੌਕਾ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਭਾਸ਼ਾ ਹਫ਼ਤਾ ਸਾਡੇ ਜ਼ਿਲ੍ਹੇ ਦੀ ਵੰਨ-ਸੁਵੰਨਤਾ ਅਤੇ ਹੇਰੇਟੌਂਗਾ ਦੇ ਜੀਵਨ ਵਿੱਚ ਸਾਡੇ ਪੰਜਾਬੀ ਭਾਈਚਾਰੇ ਦੇ ਯੋਗਦਾਨ ਦਾ ਜਸ਼ਨ ਮਨਾਉਣ ਦਾ ਇੱਕ ਵਧੀਆ ਜ਼ਰੀਆ ਹੈ। ਸਾਡੀਆਂ ਲਾਇਬ੍ਰੇਰੀਆਂ ਅਜਿਹੀਆਂ ਥਾਵਾਂ ਹਨ ਜਿੱਥੇ ਲੋਕ ਇਕੱਠੇ ਹੋ ਸਕਦੇ ਹਨ, ਆਪਣੀਆਂ ਭਾਸ਼ਾਵਾਂ ਅਤੇ ਸੱਭਿਆਚਾਰਾਂ ਨੂੰ ਸਾਂਝਾ ਕਰ ਸਕਦੇ ਹਨ ਅਤੇ ਕੁਝ ਨਵਾਂ ਸਿੱਖ ਸਕਦੇ ਹਨ। ਇਹ ਗਤੀਵਿਧੀਆਂ ਹਰ ਉਮਰ ਦੇ ਲੋਕਾਂ ਲਈ ਸ਼ਾਮਲ ਹੋਣ ਦਾ ਇੱਕ ਵਧੀਆ ਤਰੀਕਾ ਹਨ। ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਦੇ ਚੇਅਰਮੈਨ ਸੁਖਦੀਪ ਸਿੰਘ ਨੇ ਕਿਹਾ ਕਿ ਇਸ ਹਫ਼ਤੇ ਦਾ ਮਨੋਰਥ ਪੰਜਾਬੀ ਭਾਸ਼ਾ ਅਤੇ ਰਵਾਇਤਾਂ ਨੂੰ ਜਿਉਂਦਾ ਰੱਖਣਾ ਹੈ ਅਤੇ ਨਾਲ ਹੀ ਇਨ੍ਹਾਂ ਨੂੰ ਵੱਡੇ ਭਾਈਚਾਰੇ ਨਾਲ ਸਾਂਝਾ ਕਰਨਾ ਹੈ।
ਉਨ੍ਹਾਂ ਕਿਹਾ ਕਿ ਭਾਸ਼ਾ ਪੀੜ੍ਹੀਆਂ ਨੂੰ ਜੋੜਦੀ ਹੈ, ਪਛਾਣ ਨੂੰ ਪੱਕਾ ਕਰਦੀ ਹੈ ਅਤੇ ਲੋਕਾਂ ਨੂੰ ਨੇੜੇ ਲਿਆਉਂਦੀ ਹੈ। ਜਦੋਂ ਅਸੀਂ ਆਪਣੀ ਭਾਸ਼ਾ ਦਾ ਜਸ਼ਨ ਮਨਾਉਂਦੇ ਹਾਂ, ਤਾਂ ਅਸੀਂ ਆਪਣੇ ਲੋਕਾਂ, ਸੱਭਿਆਚਾਰ, ਇਤਿਹਾਸ ਅਤੇ ਆਪਣੀ ਸਾਂਝ ਦਾ ਜਸ਼ਨ ਮਨਾਉਂਦੇ ਹਾਂ। ਉਨ੍ਹਾਂ ਨੇ ਹੇਸਟਿੰਗਜ਼ ਅਤੇ ਨੇਪੀਅਰ ਲਾਇਬ੍ਰੇਰੀਆਂ ਦਾ ਲਗਾਤਾਰ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਭਾਈਵਾਲੀ ਨੇ ਪੰਜਾਬੀ ਭਾਸ਼ਾ ਹਫ਼ਤੇ ਨੂੰ ਹਾਕਸ ਬੇਅ ਦੇ ਸਭ ਤੋਂ ਸਫਲ ਭਾਈਚਾਰਕ ਭਾਸ਼ਾ ਜਸ਼ਨਾਂ ਵਿੱਚੋਂ ਇੱਕ ਬਣਾਉਣ ਵਿੱਚ ਮਦਦ ਕੀਤੀ ਹੈ, ਜਿਸ ਨਾਲ ਹਰ ਪਿਛੋਕੜ ਦੇ ਲੋਕਾਂ ਨੂੰ ਸਿੱਖਣ ਅਤੇ ਹਿੱਸਾ ਲੈਣ ਦਾ ਮੌਕਾ ਮਿਲਦਾ ਹੈ। ਸਮਾਗਮਾਂ ਅਤੇ ਗਤੀਵਿਧੀਆਂ ਬਾਰੇ ਹੋਰ ਜਾਣਕਾਰੀ ਲਈ www.hastingslibraries.co.n੍ਰ ਜਾਂ www.napierlibraries.co.nz ਤੇ ਜਾਓ। ਇਨ੍ਹਾਂ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਸਭ ਦਾ ਨਿੱਘਾ ਸਵਾਗਤ ਹੈ। ਹਾਕਸ ਬੇਅ ਵਿੱਚ ਪੰਜਾਬੀ ਭਾਸ਼ਾ ਹਫ਼ਤਾ 2026 ਨੂੰ ਮਿਨਿਸਟਰੀ ਫਾਰ ਏਥਨਿਕ ਕਮਿਊਨਿਟੀਜ਼, ਈਸਟਰਨ ਐਂਡ ਸੈਂਟਰਲ ਕਮਿਊਨਿਟੀ ਟਰੱਸਟ, ਹੇਸਟਿੰਗਜ਼ ਕ੍ਰਿਏਟਿਵ ਕਮਿਊਨਿਟੀਜ਼ ਸਕੀਮ ਅਤੇ ਨੇਪੀਅਰ ਕ੍ਰਿਏਟਿਵ ਕਮਿਊਨਿਟੀਜ਼ ਸਕੀਮ ਵੱਲੋਂ ਸਹਿਯੋਗ ਦਿੱਤਾ ਗਿਆ ਹੈ।
Share this content:

Post Comment