Loading Now

ਕਹਾਣੀ ਪੁਸਤਕ – ਯੁੱਧਵੀਰ/ ਲੇਖਕ- ਲਾਲ ਸਿੰਘ ਦਸੂਹਾ /ਬੂਟਾ ਰਾਮ ਆਜ਼ਾਦ

ਕਹਾਣੀ ਪੁਸਤਕ – ਯੁੱਧਵੀਰ/ ਲੇਖਕ- ਲਾਲ ਸਿੰਘ ਦਸੂਹਾ /ਬੂਟਾ ਰਾਮ ਆਜ਼ਾਦ

Book-ਯੁਧਵੀਰ-1-1024x741 ਕਹਾਣੀ ਪੁਸਤਕ - ਯੁੱਧਵੀਰ/ ਲੇਖਕ- ਲਾਲ ਸਿੰਘ ਦਸੂਹਾ /ਬੂਟਾ ਰਾਮ ਆਜ਼ਾਦ

ਗਿਲਾਸ ਅੱਧਾ ਵੀ ਕਿੳਂ ਨਾ ਹੋਵੇ ਪਰ ਵੱਡਾ ਹੋਣਾ ਚਾਹੀਦੈ ਤਾਂ ਜੋ ਉਸ ਵਿਚਲਾ ਦੁੱਧ ਜਾਂ ਪਾਣੀ ਇਸ ਨੂੰ ਪੀਣ ਵਾਲੇ ਦੀ ਭੁੱਖ ਜਾਂ ਪਿਆਸ ਮਿਟਾ ਸਕੇ। ਕੀ ਫਰਕ ਪੈਂਦੈ ਕਿ ਕਿਸੇ ਦੇ ਚੁਬਾਰੇ ਦੇ ਕਿੰਨੇ ਕਮਰੇ ਹਨ ਪਰ ਮੇਰਾ ਸਿਰ ਲੁਕਾਉਣ ਲਈ ਕੋਈ ਕੋਈ ਠਾਹਰ ਵੀ ਤਾਂ ਹੋਵੇ। ਕੁਝ ਇਹੋ ਜਿਹੀ ਬੇਚੈਨੀ ਵਿਰਾਸਤ ਵਿਚ ਲੈ ਕੇ ਜੰਮਿਆ ਲਾਲ ਸਿੰਘ ਦਸੂਹਾ ਜਦੋਂ ਕਹਾਣੀ ਲਿਖੇਗਾ ਤਾਂ ਉਸ ਵਿਚ ਆਰਥਕ ਪਾੜੇ ਤੋਂ ਉਪਜੀਆਂ ਸਮਾਜਕ ਸਮੱਸਿਆਵਾਂ ਦਾ ਜਿਕਰ ਤਾਂ ਆਵੇਗਾ ਹੀ। ਸਿਰਫ ਜਿਕਰ ਹੀ ਕਿਉਂ, ਉਨ੍ਹਾਂ ਦੇ ਕਾਰਨ, ਨਿਵਾਰਣ ਦੀ ਲੋੜ, ਢੰਗ ਅਤੇ ਅਮਲ ਦੇ ਪੜਾਅ ਆਦਿ ਸਭ ਕੁਝ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਦਿਆਂ ਰਸਤੇ ਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਵੀ ਚਰਚਾ ਹੋਵੇਗੀ। ਇਹ ਕਿਵੇਂ ਹੋ ਸਕਦੈ ਕਿ ਜਦੋਂ ਸਾਹਮਣੇ ਗੋਦਾਮ ਚੋਂ ਸੜਦੇ ਹੋਏ ਅਨਾਜ ਦੀ ਗੰਧ ਆ ਰਹੀ ਹੋਵੇ ਅਤੇ ਭੁੱਖਾ ਨੰਗਾ ਕੋਈ ਇਨਸਾਨ ਕੂੜੇ ਚੋਂ ਰੋਟੀ ਲੱਭ ਰਿਹਾ ਹੋਵੇ ਪਰ ਲੇਖਕ ਦੀ ਸੰਵੇਦਨਾ ਸੁੱਤੀ ਹੀ ਰਹੇ! ਲਾਲ ਸਿੰਘ ਦਸੂਹਾ ਨੇ ਜ਼ਿੰਦਗੀ ਦੀਆਂ ਤੰਗੀਆਂ ਅਤੇ ਚੁਣੌਤੀਆਂ ਨੂੰ ਪਿੰਡੇ ‘ਤੇ ਹੰਢਾਇਆ ਹੈ ਅਤੇ ਇਸੇ ਕਰਕੇ ਉਸ ਦੀਆਂ ਕਹਾਣੀਆਂ ਚ ਇਨ੍ਹਾਂ ਦਾ ਪ੍ਰਤੀਬਿੰਬ ਦਿਖਾਈ ਦਿੰਦਾ ਹੈ।

ਹੋਲੀ ਪੁਸਤਕ ਦੇ ਮੁੱਖਬੰਧ ਜਿਸ ਦਾ ਸਿਰਲੇਖ ‘ਦੋ ਸ਼ਬਦ ‘ ਹੈ ਵਿਚ ਲੇਖਕ ਆਪਣੇ ਵਰਗੇ ਉਨ੍ਹਾਂ ਸਾਰਿਆਂ ਦੇ ਅੰਗ ਸੰਗ ਖੜਾ ਨਜ਼ਰ ਆਉਂਦਾ ਹੈ ਜਿਨ੍ਹਾਂ ਨੂੰ ਜ਼ਿੰਦਗੀ ਦਾ ਗਿਲਾਸ ਕਦੇ ਵੀ ਭਰਿਆ ਹੋਇਆ ਨਹੀਂ ਮਿਲਿਆ। ਇਸ ਕਿਤਾਬ ਵਿਚ ਕੁੱਲ ਮਿਲਾ ਕੇ ਸੱਤ ਕਹਾਣੀਆਂ ਦਰਜ ਕੀਤੀਆਂ ਗਈਆਂ ਹਨ ਜਿਹੜੀਆਂ ਵਿਸ਼ਾ ਵਸਤੂ ਪੱਖੋਂ ਵਿਲੱਖਣ ਹਨ। ਇਹ ਕਹਾਣੀਆਂ ਸਿਰਫ਼ ਘਟਨਾਵਾਂ ਦੀ ਤਰਤੀਬ ਦਾ ਸਿੱਧਾ ਵਰਣਨ ਮਾਤਰ ਨਾ ਹੋ ਕੇ ਇਨ੍ਹਾਂ ਦੇ ਵੱਖੋ-ਵੱਖ ਪਸਾਰਾਂ ਨੂੰ ਵੀ ਖੂਬਸੂਰਤੀ ਨਾਲ ਬਿਆਨ ਕਰਦੀਆਂ ਹੋਈਆਂ ਆਪਣੇ ਮਕਸਦ ਨੂੰ ਅੱਪੜਦੀਆਂ ਹਨ।

ਹੁਣ ਕੁਝ ਕੁਝ ਕਹਾਣੀਆਂ ਬਾਰੇ:
ਪਹਿਲੀ ਕਹਾਣੀ ‘ਮਹਾਂਮਾਰੀ’ ਧਾਰਮਕ ਸਹਿਹੋਂਦ ਭਰਪੂਰ ਸ਼ਾਂਤਮਈ ਜ਼ਿੰਦਗੀ ਜੀ ਰਹੇ ਇੱਕ ਪਿੰਡ ਦੇ ਵਾਸੀਆਂ ਦੀ ਕਥਾ ਹੈ। ਉਨ੍ਹਾਂ ਦੀ ਜ਼ਿੰਦਗੀ ਚ ਉਦੋਂ ਬੇਚੈਨੀ ਦਾ ਭੂਚਾਲ ਆਉਂਦਾ ਹੈ ਜਦੋਂ ਸਿਆਸਤ ਉਨ੍ਹਾਂ ਦੇ ਧਾਰਮਕ ਅਕੀਦਿਆਂ,ਰਸਮਾਂ, ਆਪਸੀ ਤਾਲਮੇਲ, ਵਿਸ਼ਵਾਸ ਅਤੇ ਸਮਾਜਕ ਸਦਭਾਵ ਨੂੰ ਪ੍ਰਭਾਵਤ ਕਰਕੇ ਆਪਣੇ ਹਿੱਤਾਂ ਵਾਸਤੇ ਵਰਤਣ ਦੀ ਸਾਜਿਸ਼ ਰਚਣ ਦੀ ਕੋਸ਼ਿਸ਼ ਕਰਦੀ ਹੈ। ਕਹਾਣੀ ਦਾ ਸਾਕਾਰਾਤਮਕ ਪੱਖ ਇਹ ਹੈ ਕਿ ਕੁਝ ਦਿਨਾਂ ਦੇ ਤਨਾਅ ਤੋਂ ਬਾਅਦ ਆਖਰ ਪਿੰਡ ਵਾਸੀ ਆਪਸੀ ਸੂਝਬੂਝ ਅਤੇ ਤਾਲਮੇਲ ਸਦਕਾ ਸੰਪਰਦਾਇਕ ਮਹਾਂਮਾਰੀ ਨੂੰ ਹਰਾਉਣ ਚ ਕਾਮਯਾਬ ਹੁੰਦੇ ਹਨ।
ਦੂਸਰੀ ਕਹਾਣੀ ‘ਯੁੱਧਵੀਰ’ ਜੋ ਇਸ ਕਿਤਾਬ ਦਾ ਸਿਰਲੇਖ ਵੀ ਹੈ ਵਿਚਲਾ ਸਿਆਣੀ ਉਮਰ ਦਾ ਇੱਕ ਅੱਖੜ ਸੁਭਾਅ ਵਾਲਾ ਪਾਤਰ ਆਪਣੇ ਸਾਰੇ ਪਰਿਵਾਰ, ਪਿੰਡ ਅਤੇ ਆਪਣੇ ਨਾਲ ਕੰਮ ਕਰਦੇ ਸਾਰੇ ਲੋਕਾਂ ਵਾਸਤੇ ਸਿਰਦਰਦ ਬਣਿਆ ਹੋਇਆ ਹੈ ਪਰ ਉਸ ਦੇ ਸਾਹਮਣੇ ਕੁਸਕਦਾ ਕੋਈ ਨਹੀਂ। ਉਸ ਦਾ ਸਤਾਇਆ ਹੋਇਆ ਉਸ ਦਾ ਪੁੱਤਰ ਵਿਦੇਸ਼ ਚਲਿਆ ਜਾਂਦਾ ਹੈ ਅਤੇ ਦੋ ਬੱਚਿਆਂ ਦੀ ਮਾਂ ਉਸ ਦੀ ਨੂੰਹ ਦੁਖੀ ਹੋ ਕੇ ਆਤਮਹੱਤਿਆ ਕਰ ਲੈਂਦੀ ਹੈ।ਉਹ ਬੜੀ ਚਲਾਕੀ ਨਾਲ ਫਟਾਫਟ ਉਸ ਦਾ ਸਸਕਾਰ ਕਰ ਕੇ ਸਬੂਤ ਮਿਟਾ ਦਿੰਦਾ ਹੈ ਪਰ ਪਿੰਡ ਦੇ ਕਿਸੇ ਵੀ ਵਿਅਕਤੀ ਦੀ ਇਹ ਹਿੰਮਤ ਨਹੀਂ ਹੁੰਦੀ ਕਿ ਕੋਈ ਉਸ ਵਿਰੁੱਧ ਕੋਈ ਕਾਰਵਾਈ ਕਰਵਾਉਣ ਦੀ ਕੋਸ਼ਿਸ਼ ਵੀ ਕਰੇ। ਉਸ ਦੀ ਦਹਿਸ਼ਤ ਅਤੇ ਦਬਾਅ ਵਿੱਚੋਂ ਹੀ ਅੰਤ ਲਾਵਾ ਫੁੱਟਦਾ ਹੈ ਅਤੇ ਸਭ ਤੋਂ ਕਮਜੋਰ ਸਮਝਿਆ ਜਾਣ ਵਾਲਾ ਤਬਕਾ(ਉਸ ਦੀ ਨੂੰਹ ਦੀ ਨਿੱਕੀ ਛੁੱਟੜ ਭੈਣ ਅਤੇ ਉਸ ਦੇ ਆਪਣੇ ਹੀ ਪੋਤਾ ਪੋਤੀ) ਉਸ ਦੇ ਵਿਰੁੱਧ ਯੁੱਧਵੀਰ ਬਣ ਕੇ ਉੱਠ ਖੜਾ ਹੁੰਦਾ ਹੈ।

ਤੀਸਰੀ ਕਹਾਣੀ ‘ਕਾਲੀ ਕਿਤਾਬ’ ਸਿਰਲੇਖ ਅਧੀਨ ਹੈ। ਇਹ ਕਹਾਣੀ ਜਿਸ ਔਰਤ ਪਾਤਰ ਦੇ ਦੁਆਲੇ ਘੁੰਮਦੀ ਹੈ ਉਹ ਇੱਕ ਦਫਤਰ ਦੀ ਕਰਮਚਾਰੀ ਹੈ। ਉਹ ਚੰਗੀ ਭਲੀ ਇੱਕ ਨਿਮਨ ਮੱਧ ਵਰਗੀ ਲੋਕਾਂ ਦੇ ਮੁਹੱਲੇ ਚ ਆਪਣੇ ਜੱਦੀ ਘਰ ਰਹਿ ਰਹੀ ਹੈ ਜਿੱਥੇ ਉਸ ਨੂੰ ਪਿਆਰ, ਸਹਿਯੋਗ ਅਤੇ ਆਪਣਾਪਨ ਮਿਲ ਰਿਹਾ ਹੈ ਪਰ ਆਪਣੇ ਵਰਗੇ ਲੋਕਾਂ ਦੀ ਸੋਸਾਇਟੀ ਚ ਰਹਿਣ ਦੀ ਸੋਚ ਲੈ ਕੇ ਉਸ ਦਾ ਪਰਿਵਾਰ ਨੇੜੇ ਦੀ ਹੀ ਇੱਕ ਆਧੁਨਿਕ ਕਲੋਨੀ ਚ ਮਕਾਨ ਬਣਾ ਕੇ ਰਹਿਣ ਲੱਗਦਾ ਹੈ। ਉਸ ਦਾ ਪਤੀ ਜੋ ਬਹੁਤ ਈਮਾਨਦਾਰ ਹੈ ਨੂੰ ਸਾਜਿਸ਼ ਅਧੀਨ ਉਸ ਦੇ ਅਫਸਰ ਵੱਲੋਂ ਕਿਸੇ ਅਣਚਾਹੀ ਥਾਂ ‘ਤੇ ਬਦਲ ਦਿੱਤਾ ਜਾਂਦਾ ਹੈ ਅਤੇ ਇੱਥੋਂ ਸ਼ੁਰੂ ਹੁੰਦਾ ਹੈ ਉਸ ਦੇ ਪਰਿਵਾਰ ਦੀ ਬਰਬਾਦੀ ਦਾ ਸਿਲਸਿਲਾ। ਬੇਇੱਜ਼ਤ ਹੋਇਆ ਉਸ ਦਾ ਪਤੀ ਕਈ ਦਿਨ ਕੰਮ ‘ਤੇ ਨਹੀਂ ਜਾਂਦਾ ਅਤੇ ਮਾਨਸਕ ਤਨਾਅ ਦੇ ਚਲਦਿਆਂ ਇੱਕ ਦਿਨ ਆਤਮਘਾਤ ਕਰ ਲੈਂਦਾ ਹੈ। ਉਹ ਇਸ ਸਾਰੇ ਵਰਤਾਰੇ ਦਾ ਕਾਰਨ ਨਵੇਂ ਮਕਾਨ ਨੂੰ ਹੀ ਸਮਝ ਲੈਂਦੀ ਹੈ ਅਤੇ ਮਾਨਸਕ ਸੰਤੁਲਨ ਗੁਆ ਦਿੰਦੀ ਹੈ। ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਉਸ ਨਾਲ ਕੰਮ ਕਰਨ ਵਾਲਾ ਇੱਕ ਹੋਰ ਕਰਮਚਾਰੀ ਵੀ ਇਹੋ ਜਿਹੀ ਸਾਜਿਸ਼ ਕਰਕੇ ਬਰਖਾਸਤ ਕਰ ਦਿੱਤਾ ਜਾਂਦਾ ਹੈ। ਇਹ ਸਭ ਕੁੱਝ ਉਸ ਦੇ ਸਾਹਮਣੇ ਵਾਪਰਦਾ ਹੈ।ਉਸ ਨੂੰ ਲੱਗਦਾ ਹੈ ਕਿ ਕਿਤੇ ਇਹ ਵੀ ਉਸ ਤਰ੍ਹਾਂ ਦੇ ਦੁਖਾਂਤ ਦਾ ਸ਼ਿਕਾਰ ਨਾ ਹੋ ਜਾਵੇ ਜਿਸ ਤਰ੍ਹਾਂ ਉਸ ਦਾ ਪਤੀ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਸਮੇਂ ਦੇ ਨਾਲ ਉਹ ਕਮਰਚਾਰੀ ਬੇਗੁਨਾਹ ਸਾਬਤ ਹੁੰਦਾ ਹੈ ਅਤੇ ਬਹਾਲ ਵੀ ਹੋ ਜਾਂਦਾ ਹੈ ਪਰ ਉਹ ਔਰਤ ਇਸ ਸਦਮੇ ਚੋਂ ਨਿਕਲ ਨਹੀਂ ਸਕਦੀ।ਬਾਕੀ ਦੀ ਕਹਾਣੀ ਉਸ ਨੂੰ ਇਸ ਸਦਮੇ ਚੋਂ ਕੱਢਣ ਦੀ ਕੋਸ਼ਿਸ਼ ਦਾ ਹਿੱਸਾ ਹੈ।ਕਿਸੇ ਸੰਵੇਦਨਸ਼ੀਲ ਵਿਅਕਤੀ ਦੇ ਮਨੋਵਿਗਿਆਨ ਦੀਆਂ ਪਰਤਾਂ ਖੋਲਦੀ ਹੋਈ ਕਹਾਣੀ ਕਲਾ ਦਾ ਖੂਬਸੂਰਤ ਦਸਤਾਵੇਜ ਹੋ ਨਿੱਬੜਦੀ ਹੈ ਇਹ ਕਹਾਣੀ। ਇਹ ਕਹਾਣੀ ਲਾਲ ਸਿੰਘ ਦਸੂਹਾ ਦੀ ਕਹਾਣੀ ਕਲਾ ਦਾ ਸ਼ਿਖਰ ਆਖੀ ਜਾ ਸਕਦੀ ਹੈ।

 

Lal-Singh-300x297 ਕਹਾਣੀ ਪੁਸਤਕ - ਯੁੱਧਵੀਰ/ ਲੇਖਕ- ਲਾਲ ਸਿੰਘ ਦਸੂਹਾ /ਬੂਟਾ ਰਾਮ ਆਜ਼ਾਦ

ਚੌਥੀ ਕਹਾਣੀ ‘ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ-1(ਮੈਂ) ਦੇ ਸਿਰਲੇਖ ਨਾਲ ਹੈ। ਇਹ ਕਹਾਣੀ ਇੱਕ ਪਿੰਡ ਦੇ ਸ਼ਹਿਰੀਕਰਣ ਦੀ ਯਾਤਰਾ ਕਰਵਾਉਂਦੀ ਹੈ।ਸ਼ਹਿਰੀਕਰਣ ਨਾਲ ਪਿੰਡ ਦੀ ਸਿਰਫ਼ ਸਭਿਅਤਾ ਹੀ ਨਹੀਂ ਬਦਲਦੀ,ਪੂਰੇ ਦਾ ਪੂਰਾ ਸਭਿਆਚਾਰ ਹੀ ਇਸ ਦੁਆਰਾ ਨਿਗਲ ਲਿਆ ਜਾਂਦਾ ਹੈ। ਇਹ ਸਾਰਾ ਬਦਲਾਅ ਇਸ ਕਹਾਣੀ ਦੇ ਮੁੱਖ ਪਾਤਰ ‘ਤਾਰੀ’ ਦੀ ਪਿੰਡ ਤੋਂ ਅਠਾਰਾਂ ਕੁ ਸਾਲ ਦੀ ਦੂਰੀ ਦੇ ਸਮੇਂ ਚ ਵਾਪਰਦਾ ਹੈ। ਪਿੰਡ ਚ ਹੋਏ ਕਤਲ ਦੇ ਸਿਲਸਿਲੇ ਚ ਹੋਣ ਵਾਲੀ ਸੰਭਾਵੀ ਪੁੱਛਗਿੱਛ ਤੋਂ ਡਰਦਿਆਂ ਉਸ ਦਾ ਬਾਪ ਉਸ ਨੂੰ ਕੁਝ ਸਮਾਂ ਦੂਰ ਕਿਤੇ ਚਲੇ ਜਾਣ ਦੀ ਸਲਾਹ ਦਿੰਦਾ ਹੈ ਪਰ ਇਹ ਦੂਰੀ ਕੁਝ ਦਿਨਾਂ ਜਾਂ ਮਹੀਨਿਆਂ ਦੀ ਨਾ ਹੋ ਕੇ ਕਈ ਸਾਲਾਂ ਦੀ ਹੋ ਜਾਂਦੀ ਹੈ ਅਤੇ ਜਦੋਂ ਉਹ ਵਾਪਸ ਪਰਤਦਾ ਹੈ ਉਦੋਂ ਤਕ ਉਹ ਜਵਾਨੀ ਵਿਹਾਅ ਚੁਕਿਆ ਹੁੰਦਾ ਹੈ।ਉਹ ਗੁਨਾਹ ਜਿਹੜਾ ਉਸ ਨੇ ਕੀਤਾ ਹੀ ਨਹੀਂ ਹੈ ਦੀ ਸਜਾ ਭੁਗਤ ਕੇ ਜਦੋਂ ਉਹ ਵਾਪਸ ਪਰਤਦਾ ਹੈ ਤਾਂ ਪਿੰਡ ਵਾਸੀ ਉਸ ਨੂੰ ਕਤਲ ਦੀ ਸਾਜਿਸ਼ ‘ਚ ਸ਼ਾਮਲ ਹੋਣ ਦੇ ਸ਼ੱਕ ਕਰਕੇ ਉਸ ਤੋਂ ਦੂਰੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਭਟਕਦਾ ਹੋਇਆ ਅੰਤ ਉਹ ਆਪਣੇ ਬਚਪਨ ਦੇ ਇੱਕ ਦੋਸਤ ਕੋਲ ਪੁੱਜਦਾ ਹੈ ਜਿਹੜਾ ਕਿੱਤੇ ਵਜੋਂ ਅਧਿਆਪਕ ਹੈ ਅਤੇ ਨਰੋਏ ਸਾਹਿਤ ਦੀ ਸੂਝ ਰੱਖਦਾ ਹੈ। ਉਸ ਦੋਸਤ ਦੀ ਪ੍ਰੇਰਣਾ ਸਦਕਾ ਉਸ ਦੀ ਜ਼ਿੰਦਗੀ ‘ਚ ਨਵਾਂ ਮੋੜ ਆਉਂਦਾ ਹੈ ਅਤੇ ਉਹ ਨਵੇਂ ਸਿਰਿਓਂ ਜ਼ਿੰਦਗੀ ਨੂੰ ਸ਼ੁਰੂਆਤ ਕਰਨ ਬਾਰੇ ਸੋਚਣ ਲੱਗਦਾ ਹੈ।

ਪੰਜਵੀਂ ਕਹਾਣੀ ‘ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ-2(ਤਾਰੀ) ਚੌਥੀ ਕਹਾਣੀ ਦਾ ਪਸਾਰ ਹੀ ਆਖੀ ਜਾ ਸਕਦੀ ਹੈ।ਇਹ ਕਹਾਣੀ ਇਸ ਦੇ ਮੁੱਖ ਪਾਤਰ ਤਾਰੀ ਨੂੰ ਨਵੇਂ ਸਿਰਿਓਂ ਸਮਾਜ,ਇਸ ਦੀਆਂ ਕਮੀਆਂ,ਆਰਥਕ ਬਣਤਰ,ਡੇਰਾਵਾਦ,ਇਸ ਦੇ ਪਿੱਛੇ ਲੁਕੇ ਰਾਜਨੀਤਕ ਅਤੇ ਆਰਥਕ ਮਾਫੀਆ, ਇਸ ਦੀਆਂ ਸਾਜਿਸ਼ਾਂ ਅਤੇ ਇਨ੍ਹਾਂ ਚੁਣੌਤੀਆਂ ਨੂੰ ਸਮਝ ਕੇ ਸਾਹਿਤਕ ਅਤੇ ਰਾਜਨੀਤਕ ਪੱਧਰ ‘ਤੇ ਸੰਗਠਨ ਬਣਾਉਣ ਦਾ ਰਸਤਾ ਚੁਣਨ ਦੀ ਪ੍ਰੇਰਣਾ ਦਿੰਦੀ ਹੈ।

ਛੇਵੀਂ ਕਹਾਣੀ ‘ਰੂ-ਬ-ਰੂ’ ਲੇਖਕ ਦੇ ਕਿਸੇ ਸਕੂਲ ਵਿਚ ਵਿਦਿਆਰਥੀਆਂ ਸਾਹਮਣੇ ਆਯੋਜਤ ਆਪਣੇ ਹੀ  ਰੂ-ਬ-ਰੂ ‘ਤੇ ਅਧਾਰਤ ਹੈ। ਅਸਲ ਚ ਇਹ ਕਹਾਣੀ ਨਾ ਹੋ ਕੇ ਕਹਾਣੀ ਰੂਪ ਵਿਚ ਲਿਖੇ ਹੋਏ ਆਯੋਜਤ ਰੂ-ਬ-ਰੂ ਦਾ ਖੂਬਸੂਰਤ ਵਰਣਨ ਹੈ ਜਿਸ ਵਿਚ ਲੇਖਕ ਦੀ ਸਮੁੱਚੀ ਜ਼ਿੰਦਗੀ ਦੀ ਝਲਕ ਦਿਖਾਈ ਦਿੰਦੀ ਹੈ। ਇਸ ਵਿਚ ਲੇਖਕ ਦਾ ਬਚਪਨ, ਪੜ੍ਹਾਈ, ਰੁਜ਼ਗਾਰ ਲਈ ਸੰਘਰਸ਼, ਪਰਿਵਾਰ, ਸਮਾਜਕ ਚੇਤਨਾ,ਸਾਹਿਤਕ ਸਰਗਰਮੀਆਂ, ਰਾਜਨੀਤਕ ਚੇਤਨਾ,ਰਾਜਨੀਤਕ ਸਰਗਰਮੀਆਂ, ਨੌਕਰੀ ਦੇ ਦੌਰਾਨ ਆਉਣ ਵਾਲੀਆਂ ਚੁਣੌਤੀਆਂ, ਸਮਾਜਕ ਵਖਰੇਵੇਂ ਅਤੇ ਪੱਖਪਾਤ ਦੀਆਂ ਚੁਣੌਤੀਆਂ, ਆਰਥਕ ਅਤੇ ਵਸੇਬੇ ਦੀਆਂ ਸਮੱਸਿਆਵਾਂ ਆਦਿ ਬਹੁਤ ਕੁਝ ਜਾਨਣ ਨੂੰ ਮਿਲਦਾ ਹੈ। ਇਸ ਨੂੰ ਪੜ੍ਹਿਆਂ ਲੇਖਕ ਦੀ ਸਮਾਜ ਪ੍ਰਤੀ ਜਿੰਮੇਦਾਰੀ ਅਤੇ ਜਵਾਬਦੇਹੀ ਸਮਝਣ ਦੀ ਸੂਝ ਪ੍ਰਾਪਤ ਹੁੰਦੀ ਹੈ। ਕਿਸੇ ਵੀ ਨਵੇਂ ਜਾਂ ਸੰਭਾਵਤ ਲੇਖਕ ਦੇ ਪੜ੍ਹਨ ਵਾਸਤੇ ਇਹ ਇੱਕ ਮਹੱਤਵਪੂਰਨ ਦਸਤਾਵੇਜ ਹੈ।

ਸੱਤਵੀਂ ਅਤੇ ਅੰਤਮ ਕਹਾਣੀ ‘ਸੱਥ’ ਦੇ ਸਿਰਲੇਖ ਅਧੀਨ ਹੈ। ਉਂਝ ਤਾਂ ਇਹ ਇੱਕ ਅਧਿਆਪਕ ਦੀ ਪਤਨੀ ਦੀ ਮੌਤ ਅਤੇ ਉਸ ਦੇ ਸਸਕਾਰ ਤੋਂ ਬਾਅਦ ਘਰ ਚ ਵਿਛੇ ਸੱਥਰ ਭਾਵ ਸੋਗ ਦਰੀ ਤੋਂ ਸ਼ੁਰੂ ਹੁੰਦੀ ਹੈ ਜਿਥੇ ਉਸ ਅਧਿਆਪਕ ਦੇ ਕੁਝ ਸਾਥੀ ਉਸ ਨਾਲ ਹਿਰਖ ਕਰਨ ਆਏ ਹਨ ਪਰ ਰਸਮੀ ਗੱਲਬਾਤ, ਮਰਨ ਵਾਲੀ ਦੇ ਸੁਭਾਅ ਦੀ ਸਮੀਖਿਆ, ਇਲਾਜ ਦੀ ਪ੍ਰਕਿਰਿਆ ਅਤੇ ਖੇਚਲ ਦੀ ਗੱਲਬਾਤ ਕਰਦਿਆਂ ਹੋਇਆ ਸਮਾਜਕ, ਰਾਜਨੀਤਕ ਅਤੇ ਆਰਥਕ ਮੁੱਦਿਆਂ ਬਾਰੇ ਵਿਚਾਰ ਕਰਦੀ ਹੋਈ ਇਨ੍ਹਾਂ ਚ ਮੂਲ ਚੂਲ ਪਰਿਵਰਤਨ ਵਾਸਤੇ ਕੰਮ ਕਰਨ ਦੀ ਲੋੜ ਬਾਰੇ ਚਰਚਾ ਦੀ ਸੱਥ ਵਿਚ ਬਦਲ ਜਾਂਦੀ ਹੈ।
ਕੁੱਲ ਮਿਲਾ ਕੇ ਇਸ ਕਿਤਾਬ ਵਿਚ ਸ਼ਾਮਲ ਕਹਾਣੀਆਂ ਪਾਠਕ ਨੂੰ ਨਾ ਸਿਰਫ ਆਪਣੇ ਵਹਿਣ ਚ ਵਹਾਅ ਕੇ ਲੈ ਜਾਣ ਦੀ ਸਮਰੱਥਾ ਹੀ ਰੱਖਦੀਆਂ ਹਨ ਸਗੋਂ ਜੀਵਨ ਜਾਚ ਵਾਸਤੇ ਪ੍ਰੇਰਣਾ ਸਰੋਤ ਵੀ ਸਿੱਧ ਹੁੰਦੀਆਂ ਹਨ।

Buta-Ram-Azad-225x300 ਕਹਾਣੀ ਪੁਸਤਕ - ਯੁੱਧਵੀਰ/ ਲੇਖਕ- ਲਾਲ ਸਿੰਘ ਦਸੂਹਾ /ਬੂਟਾ ਰਾਮ ਆਜ਼ਾਦ
ਬੂਟਾ ਰਾਮ ਆਜ਼ਾਦ
ਮਕਾਨ ਨੰਬਰ 102,ਵਾਰਡ ਨੰਬਰ 4,
ਆਦਰਸ਼ ਨਗਰ, ਮੰਡੀ ਗੁਰਦਾਸਪੁਰ।
ਪਿਨ 143521
ਮੋਬਾਈਲ ਨੰਬਰ 9988615451 

Share this content:

Post Comment