ਪੰਜਾਬ ਵਿਚ ਸਵੇਰੇ ਸ਼ਾਮ ਦੀ ਠੰਢ ਨੇ ਠਾਰੇ ਲੋਕ, ਇਕ ਹਫ਼ਤਾ ਖੁਸ਼ਕ ਰਹੇਗਾ ਮੌਸਮ
2 ਨਵੰਬਰ ਪੰਜਾਬ ਅਤੇ ਚੰਡੀਗੜ੍ਹ ਵਿਚ 2 ਤੋਂ 7 ਨਵੰਬਰ ਤੱਕ ਮੌਸਮ ਖੁਸ਼ਕ ਰਹੇਗਾ। ਇਸ ਦੌਰਾਨ ਦਿਨ ਵੇਲੇ ਧੁੱਪ ਖਿੜੀ ਰਹੇਗੀ ਅਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਫਿਲਹਾਲ, ਪੂਰੇ ਖੇਤਰ ਵਿੱਚ ਖੁਸ਼ਕ ਹਵਾਵਾਂ ਚੱਲ ਰਹੀਆਂ ਹਨ। ਨਤੀਜੇ ਵਜੋਂ, ਦਿਨ ਵੇਲੇ ਮੌਸਮ ਕੁਝ ਗਰਮ ਰਹੇਗਾ, ਜਦਕਿ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਉਣ ਕਾਰਨ ਠੰਢ ਵਧ ਜਾਵੇਗੀ।
ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿਚ 0.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਹੁਣ ਲਗਭਗ ਆਮ ਪੱਧਰ ਦੇ ਨੇੜੇ ਪਹੁੰਚ ਗਿਆ ਹੈ। ਸਭ ਤੋਂ ਵੱਧ ਤਾਪਮਾਨ, 32.5 ਡਿਗਰੀ, ਬਠਿੰਡਾ ਵਿੱਚ ਦਰਜ ਕੀਤਾ ਗਿਆ। ਇਸ ਦੌਰਾਨ, ਪੰਜਾਬ ਅਤੇ ਚੰਡੀਗੜ੍ਹ ਵਿੱਚ ਸਕੂਲਾਂ ਦੇ ਸਮੇਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ, ਜੋ ਅੱਜ ਤੋਂ ਲਾਗੂ ਹੋ ਗਿਆ ਹੈ। ਸੂਬੇ ਵਿਚ ਸਕੂਲ ਸਵੇਰੇ 9:00 ਵਜੇ ਸ਼ੁਰੂ ਹੋਣਗੇ। ਚੰਡੀਗੜ੍ਹ ਵਿੱਚ, ਸਕੂਲ ਦਾ ਸਮਾਂ ਸਵੇਰੇ 8:20 ਵਜੇ ਤੋਂ ਦੁਪਹਿਰ 2:20 ਵਜੇ ਤੱਕ ਹੋਵੇਗਾ। ਇਹ ਨਵੇਂ ਹੁਕਮ ਫਰਵਰੀ ਤੱਕ ਲਾਗੂ ਰਹਿਣਗੇ।
ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਠੰਢ ਦਾ ਅਸਰ ਵਧੇਰੇ ਮਹਿਸੂਸ ਹੋਣ ਲੱਗਾ ਹੈ। ਹੁਸ਼ਿਆਰਪੁਰ ਅਤੇ ਪਠਾਨਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 29.1°C ਦਰਜ ਕੀਤਾ ਗਿਆ, ਜਦਕਿ ਗੁਰਦਾਸਪੁਰ ਵਿੱਚ ਇਹ 28.5°C ਅਤੇ ਅੰਮ੍ਰਿਤਸਰ ਵਿੱਚ 28.6°C ਰਿਹਾ। ਰੂਪਨਗਰ ਵਿੱਚ ਤਾਪਮਾਨ 29.8°C ਅਤੇ ਨਵਾਂਸ਼ਹਿਰ ਵਿੱਚ 29.1°C ਦਰਜ ਕੀਤਾ ਗਿਆ।
ਹੋਰ ਜ਼ਿਲ੍ਹਿਆਂ ਦੇ ਮੁਕਾਬਲੇ, ਇਨ੍ਹਾਂ ਇਲਾਕਿਆਂ ਵਿੱਚ ਤਾਪਮਾਨ ਘੱਟ ਹੁੰਦਾ ਹੈ, ਜਿਸ ਕਾਰਨ ਮੌਸਮ ਵਿੱਚ ਠੰਢ ਵਧ ਜਾਂਦੀ ਹੈ। ਇਸ ਦੇ ਉਲਟ, ਮੈਦਾਨੀ ਇਲਾਕਿਆਂ ਵਿੱਚ ਦਿਨ ਵੇਲੇ ਤਾਪਮਾਨ ਮੁਕਾਬਲਤਨ ਵੱਧ ਰਹਿੰਦਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, ਇਸ ਸਾਲ ਅਕਤੂਬਰ ਵਿੱਚ ਹੀ ਹਲਕੀ ਠੰਢ ਸ਼ੁਰੂ ਹੋ ਗਈ ਸੀ। ਨਵੰਬਰ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਵਿੱਚ ਤਬਦੀਲੀਆਂ ਆਉਣ ਦੀ ਸੰਭਾਵਨਾ ਹੈ।
ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ, ਜਦੋਂ ਕਿ ਦਿਨ ਦਾ ਤਾਪਮਾਨ ਆਮ ਦੇ ਨੇੜੇ ਜਾਂ ਆਮ ਨਾਲੋਂ ਥੋੜ੍ਹਾ ਵੱਧ ਰਹਿ ਸਕਦਾ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਮੌਸਮ ਵਿਚ ਆਉਣ ਵਾਲੇ ਇਨ੍ਹਾਂ ਬਦਲਾਅ ਪਿੱਛੇ ‘ਅਲ ਨੀਨੋ’ (El Niño) ਸਮੇਤ ਕਈ ਮੌਸਮੀ ਕਾਰਕ ਜ਼ਿੰਮੇਵਾਰ ਹੋ ਸਕਦੇ ਹਨ। ਫਿਰ ਵੀ, ਪੂਰੇ ਨਵੰਬਰ ਮਹੀਨੇ ਦੌਰਾਨ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਹਿਣ ਦਾ ਅਨੁਮਾਨ ਹੈ।
ਉੱਤਰੀ ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ, ਜਿਸ ਵਿੱਚ ਪੰਜਾਬ ਵੀ ਸ਼ਾਮਲ ਹੈ, ਮੌਸਮ ਸਾਫ਼ ਹੋਣਾ ਸ਼ੁਰੂ ਹੋ ਗਿਆ ਹੈ। ਮੌਸਮੀ ਪ੍ਰਣਾਲੀਆਂ ਵਿੱਚ ਆਈ ਤਬਦੀਲੀ ਕਾਰਨ ਹਵਾਵਾਂ ਦੇ ਵਹਾਅ ਦੇ ਪੈਟਰਨ ਵਿੱਚ ਵੀ ਬਦਲਾਅ ਆਇਆ ਹੈ। ਨਤੀਜੇ ਵਜੋਂ, ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਮੈਦਾਨੀ ਇਲਾਕਿਆਂ ਵਿੱਚ ਮੌਸਮ ਖੁਸ਼ਕ ਬਣਿਆ ਹੋਇਆ ਹੈ।
Share this content:



Post Comment