Loading Now

ਈਪੀਐੱਫਓ ਦੀਆਂ ਸੇਵਾਵਾਂ ਹੁਣ ਵਟਸਐਪ ’ਤੇ ਵੀ ਹੋਣਗੀਆਂ ਉਪਲਬਧ

ਈਪੀਐੱਫਓ ਦੀਆਂ ਸੇਵਾਵਾਂ ਹੁਣ ਵਟਸਐਪ ’ਤੇ ਵੀ ਹੋਣਗੀਆਂ ਉਪਲਬਧ

ਨਵੀਂ ਦਿੱਲੀ – 2 ਨਵੰਬਰ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੀਆਂ ਸੇਵਾਵਾਂ ਵਟਸਐਪ ਰਾਹੀਂ ਮੁਹੱਈਆ ਕਰਵਾਉਣ ਦੀ ਸਹੂਲਤ ਸ਼ੁਰੂ ਕੀਤੀ। ਇਸ ਨਾਲ ਹੁਣ ਪੀ ਐੱਫ ਖਾਤਾਧਾਰਕ ਆਪਣੇ ਮੋਬਾਈਲ ਫੋਨ ਰਾਹੀਂ ਪੀ ਐੱਫ ਦੇ ਬਕਾਏ, ਪਾਸਬੁੱਕ ਅਤੇ ਪਿਛਲੇ ਪੰਜ ਲੈਣ-ਦੇਣ ਦੀ ਜਾਣਕਾਰੀ ਹਾਸਲ ਕਰ ਸਕਣਗੇ।

ਕਿਰਤ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਈਪੀਐੱਫਓ ਦੀ ਪ੍ਰਮਾਣਿਤ ਵਟਸਐਪ ਸੇਵਾ ਰਾਹੀਂ ਖਾਤਾਧਾਰਕਾਂ ਨੂੰ ਇਹ ਸਾਰੀਆਂ ਸਹੂਲਤਾਂ ਮਿਲਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਨੂੰ ਨਿੱਜੀ ਲੋੜਾਂ ਅਨੁਸਾਰ ਮਾਰਗਦਰਸ਼ਨ ਅਤੇ ਪ੍ਰਧਾਨ ਮੰਤਰੀ ਵਿਕਸਤ ਭਾਰਤ ਰੁਜ਼ਗਾਰ ਯੋਜਨਾ (ਪੀਐੱਮਵੀਬੀਆਰਵਾਈ) ਨਾਲ ਸਬੰਧਤ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰਨ ਵਿੱਚ ਵੀ ਮਦਦ ਦਿੱਤੀ ਜਾਵੇਗੀ।

ਮੰਤਰਾਲੇ ਨੇ ਕਿਹਾ ਕਿ ਇਸ ਸਹੂਲਤ ਨਾਲ ਰੋਜ਼ਾਨਾ ਦੀਆਂ ਆਮ ਸੇਵਾਵਾਂ ਮੋਬਾਈਲ ਦੇ ਜਾਣੇ-ਪਛਾਣੇ ਮੰਚ ਰਾਹੀਂ ਆਸਾਨੀ ਨਾਲ ਮਿਲ ਸਕਣਗੀਆਂ ਅਤੇ ਖਾਤਾਧਾਰਕਾਂ ਨੂੰ ਈਪੀਐੱਫਓ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ।

ਇੱਕ ਹਜ਼ਾਰ ਰੁਪਏ ਤੱਕ ਬਕਾਇਆ ਵਾਲੇ ਬੰਦ ਖਾਤਿਆਂ ਦਾ ਆਪਣੇ ਆਪ ਹੋਵੇਗਾ ਨਿਪਟਾਰਾ

ਈਪੀਐੱਫਓ ਦੇ 74ਵੇਂ ਸਥਾਪਨਾ ਦਿਵਸ ਸਮਾਗਮ ਮੌਕੇ ਮੰਤਰੀ ਨੇ ਬੰਦ ਪਏ ਯੋਗ ਪੀ ਐੱਫ ਖਾਤਿਆਂ ਦਾ ਆਪਣੇ ਆਪ ਨਿਪਟਾਰਾ ਕਰਨ ਦੀ ਸਹੂਲਤ ਵੀ ਸ਼ੁਰੂ ਕੀਤੀ। ਇਸ ਤਹਿਤ ਆਧਾਰ ਨਾਲ ਤਸਦੀਕ ਕੀਤੇ ਅਜਿਹੇ ਬੰਦ ਪੀ ਐੱਫ ਖਾਤੇ, ਜਿਨ੍ਹਾਂ ਵਿੱਚ ਇੱਕ ਹਜ਼ਾਰ ਰੁਪਏ ਤੱਕ ਦੀ ਰਕਮ ਜਮ੍ਹਾਂ ਹੈ, ਦੇ ਖਾਤਾਧਾਰਕਾਂ ਨੂੰ ਰਕਮ ਕਢਵਾਉਣ ਲਈ ਵੱਖਰੇ ਤੌਰ ’ਤੇ ਦਾਅਵਾ ਪੇਸ਼ ਨਹੀਂ ਕਰਨਾ ਪਵੇਗਾ।

ਈਪੀਐੱਫਓ ਵੱਲੋਂ ਪਛਾਣ ਅਤੇ ਬੈਂਕ ਖਾਤੇ ਦੀ ਨਿਰਧਾਰਤ ਤਸਦੀਕ ਪੂਰੀ ਹੋਣ ਤੋਂ ਬਾਅਦ ਨਿਪਟਾਰੇ ਦੀ ਪ੍ਰਕਿਰਿਆ ਆਪਣੇ ਆਪ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਨਾਲ ਯੋਗ ਖਾਤਾਧਾਰਕਾਂ ਨੂੰ ਉਨ੍ਹਾਂ ਦੀ ਬਣਦੀ ਰਕਮ ਸਿੱਧੀ ਮਿਲ ਸਕੇਗੀ। ਇਸ ਸਹੂਲਤ ਨਾਲ ਕਰੀਬ ਇੱਕ ਲੱਖ ਖਾਤਿਆਂ ਨੂੰ ਲਾਭ ਮਿਲਣ ਦੀ ਉਮੀਦ ਹੈ ਅਤੇ ਇਨ੍ਹਾਂ ਖਾਤਿਆਂ ਵਿੱਚ ਲਗਪਗ ਪੰਜ ਕਰੋੜ ਰੁਪਏ ਜਮ੍ਹਾਂ ਹਨ।

ਇਸ ਮੌਕੇ ਸੱਤ ਪ੍ਰਕਾਸ਼ਨ ਵੀ ਜਾਰੀ ਕੀਤੇ ਗਏ। ਇਨ੍ਹਾਂ ਰਾਹੀਂ ਗਿਆਨ ਦੀ ਸਿਰਜਣਾ, ਸੰਸਥਾਗਤ ਸਿੱਖਿਆ, ਕਾਨੂੰਨੀ ਜਾਗਰੂਕਤਾ ਅਤੇ ਲੋਕਾਂ ਪ੍ਰਤੀ ਸੰਵੇਦਨਸ਼ੀਲ ਪ੍ਰਸ਼ਾਸਨ ਪ੍ਰਤੀ ਈਪੀਐੱਫਓ ਦੀ ਵਚਨਬੱਧਤਾ ਨੂੰ ਦਰਸਾਇਆ ਗਿਆ।

74 ਸਾਲਾਂ ਵਿੱਚ ਭਰੋਸੇਯੋਗ ਸੰਸਥਾ ਬਣਿਆ ਈਪੀਐੱਫਓ: ਮਾਂਡਵੀਆ

ਸਮਾਗਮ ਨੂੰ ਸੰਬੋਧਨ ਕਰਦਿਆਂ ਮਾਂਡਵੀਆ ਨੇ ਕਿਹਾ ਕਿ 74 ਸਾਲਾਂ ਦੇ ਸਫ਼ਰ ਦੌਰਾਨ ਈਪੀਐੱਫਓ ਦੇਸ਼ ਦੇ ਮੁਲਾਜ਼ਮਾਂ ਲਈ ਇੱਕ ਭਰੋਸੇਯੋਗ ਸੰਸਥਾ ਬਣ ਕੇ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਪ੍ਰਤੀ ਲੋਕਾਂ ਦੇ ਭਰੋਸੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅੱਠ ਕਰੋੜ ਤੋਂ ਵੱਧ ਮੈਂਬਰਾਂ ਦੇ ਯੋਗਦਾਨ ਨਾਲ ਇਸ ਕੋਲ 32 ਲੱਖ ਕਰੋੜ ਰੁਪਏ ਦਾ ਫੰਡ ਇਕੱਠਾ ਹੋ ਚੁੱਕਾ ਹੈ। ਇਹ ਈਪੀਐੱਫਓ ਦੇ ਮੁਲਾਜ਼ਮਾਂ ਦੀ ਲਗਨ, ਸਖ਼ਤ ਮਿਹਨਤ ਅਤੇ ਵਚਨਬੱਧਤਾ ਸਦਕਾ ਸੰਭਵ ਹੋਇਆ ਹੈ।

ਕੇਂਦਰੀ ਮੰਤਰੀ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਈਪੀਐੱਫਓ ਦੇ 75ਵੇਂ ਸਾਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਮੁਲਾਜ਼ਮਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੀਆਂ ਸਹੂਲਤਾਂ ਅਤੇ ਸੁਧਾਰਾਂ ’ਤੇ ਧਿਆਨ ਦੇਣ। ਉਨ੍ਹਾਂ ਕਿਹਾ ਕਿ ਬਦਲਦੇ ਸਮੇਂ ਦੇ ਨਾਲ ਸੰਸਥਾ ਨੂੰ ਆਪਣੀਆਂ ਕਾਰਜ ਪ੍ਰਣਾਲੀਆਂ ਵਿੱਚ ਸੁਧਾਰ ਕਰਦੇ ਰਹਿਣਾ ਚਾਹੀਦਾ ਹੈ ਅਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

Share this content:

Post Comment