Loading Now

ਪਰਵਾਸੀਆਂ ਨੂੰ ਉੱਚ ਸਿੱਖਿਆ ਅਨੁਸਾਰ ਨਹੀਂ ਮਿਲ ਰਿਹੈ ਕੰਮ

ਪਰਵਾਸੀਆਂ ਨੂੰ ਉੱਚ ਸਿੱਖਿਆ ਅਨੁਸਾਰ ਨਹੀਂ ਮਿਲ ਰਿਹੈ ਕੰਮ

ਵਿੱਨੀਪੈਗ, 26 ਨਵੰਬਰ – ਕੈਨੇਡਾ ਵਿੱਚ ਸੁਨਹਿਰੀ ਭਵਿੱਖ ਅਤੇ ਬਿਹਤਰ ਜੀਵਨ ਦੀ ਉਮੀਦ ਲੈ ਕੇ ਜਾਣ ਵਾਲੇ ਹਜ਼ਾਰਾਂ ਪੜ੍ਹੇ-ਲਿਖੇ ਨੌਜਵਾਨਾਂ ਨੂੰ ਨਵੀਂ ਰਿਪੋਰਟ ਨੇ ਚਿੰਤਾ ਵਿਚ ਪਾ ਦਿੱਤਾ ਹੈ। ਇੰਸਟੀਚਿਊਟ ਫ਼ਾਰ ਕੈਨੇਡੀਅਨ ਸਿਟੀਜ਼ਨਸ਼ਿਪ (ICC) ਦੀ ਤਾਜ਼ਾ ਰਿਪੋਰਟ ‘Selected but Neglected’ ਨੇ ਕੌੜਾ ਸੱਚ ਸਾਹਮਣੇ ਲਿਆਂਦਾ ਹੈ ਕਿ ਦੇਸ਼ ਵਿੱਚ ਆਉਣ ਵਾਲੇ ਉੱਚ-ਸਿੱਖਿਆ ਪ੍ਰਾਪਤ ਪਰਵਾਸੀਆਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਰੁਜ਼ਗਾਰ ਨਹੀਂ ਮਿਲ ਰਿਹਾ। ਨਤੀਜੇ ਵਜੋਂ, ਵੱਡੀ ਗਿਣਤੀ ਵਿੱਚ ਡਿਗਰੀਧਾਰਕ ਪੇਸ਼ੇਵਾਰ ਅਜਿਹੇ ਕੰਮ ਕਰਨ ਲਈ ਮਜਬੂਰ ਹਨ, ਜਿਨ੍ਹਾਂ ਦਾ ਉਨ੍ਹਾਂ ਦੀ ਪੜ੍ਹਾਈ ਜਾਂ ਮੁਹਾਰਤ ਨਾਲ ਕੋਈ ਸਬੰਧ ਨਹੀਂ ਹੈ। ਰਿਪੋਰਟ ਵਿੱਚ 2027 ਦੌਰਾਨ ਆਉਣ ਵਾਲੇ 25 ਤੋਂ 64 ਸਾਲ ਦੇ ਉੱਚ-ਸਿੱਖਿਆ ਪ੍ਰਾਪਤ ਪਰਵਾਸੀਆਂ ਦੇ ਰੁਝਾਨਾਂ ਦਾ ਅਧਿਐਨ ਕੀਤਾ ਗਿਆ ਹੈ। ਅਨੁਮਾਨ ਹੈ ਕਿ ਉਸ ਸਾਲ ਆਉਣ ਵਾਲੇ ਲਗਭਗ 3.80 ਲੱਖ ਪਰਮਾਨੈਂਟ ਰੈਜ਼ੀਡੈਂਟਸ ਵਿੱਚੋਂ ਅੱਧੇ ਦੇ ਕਰੀਬ ਯੂਨੀਵਰਸਿਟੀ ਡਿਗਰੀਧਾਰਕ ਹੋਣਗੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਸਿਰਫ਼ 35.9 ਫ਼ੀਸਦੀ ਲੋਕ ਹੀ ਅਗਲੇ 20 ਸਾਲਾਂ ਵਿੱਚ ਆਪਣੀ ਯੋਗਤਾ ਦੇ ਅਨੁਕੂਲ ਨੌਕਰੀਆਂ ਕਰ ਪਾਉਣਗੇ। ਲਗਭਗ 47 ਫ਼ੀਸਦੀ ਲੋਕਾਂ ਨੂੰ ਆਪਣੀ ਡਿਗਰੀ ਤੋਂ ਹੇਠਲੇ ਪੱਧਰ ਦੀਆਂ ਨੌਕਰੀਆਂ ਕਰਨੀਆਂ ਪੈ ਸਕਦੀਆਂ ਹਨ।

ਇਹ ਸਥਿਤੀ ਖ਼ਾਸ ਤੌਰ ‘ਤੇ ਉਨ੍ਹਾਂ ਡਾਕਟਰਾਂ, ਇੰਜਨੀਅਰਾਂ ਅਤੇ ਹੋਰ ਪੇਸ਼ੇਵਰਾਂ ਲਈ ਦੁਖਦਾਈ ਹੈ, ਜੋ ਆਪਣੇ ਦੇਸ਼ਾਂ ਵਿੱਚ ਉੱਚੇ ਅਹੁਦਿਆਂ ‘ਤੇ ਸਨ ਪਰ ਕੈਨੇਡਾ ਵਿੱਚ ਲਾਇਸੈਂਸ ਦੀਆਂ ਸਖ਼ਤ ਸ਼ਰਤਾਂ, ਵਿਦੇਸ਼ੀ ਡਿਗਰੀਆਂ ਦੀ ਮਾਨਤਾ ਨਾ ਮਿਲਣ ਅਤੇ ਸਥਾਨਕ ਤਜਰਬੇ ਦੀ ਮੰਗ ਕਾਰਨ ਘੱਟ ਤਨਖ਼ਾਹ ਵਾਲੀਆਂ ਨੌਕਰੀਆਂ ਕਰਨ ਲਈ ਮਜਬੂਰ ਹਨ। ਇਸ ਨਿਰਾਸ਼ਾ ਦਾ ਸਭ ਤੋਂ ਵੱਡਾ ਪ੍ਰਭਾਵ ਇਹ ਹੈ ਕਿ ਹਰ ਪੰਜਵਾਂ ਉੱਚ-ਸਿੱਖਿਆ ਪ੍ਰਾਪਤ ਪਰਵਾਸੀ ਕੈਨੇਡਾ ਛੱਡ ਕੇ ਜਾ ਸਕਦਾ ਹੈ। ਰਿਪੋਰਟ ਅਨੁਸਾਰ, ਲਗਪਗ 17.4 ਤੋਂ 20 ਫ਼ੀਸਦੀ ਪਰਵਾਸੀਆਂ ਦੇ 20 ਸਾਲਾਂ ਦੇ ਅੰਦਰ ਦੇਸ਼ ਛੱਡਣ ਦਾ ਅਨੁਮਾਨ ਹੈ। ਜਦੋਂ ਅਸੀਂ ਤੁਲਨਾ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਕੈਨੇਡਾ ਵਿੱਚ ਜਨਮੇ 88 ਫ਼ੀਸਦੀ ਲੋਕ ਆਪਣੀ ਪੜ੍ਹਾਈ ਮੁਤਾਬਕ ਕੰਮ ਕਰ ਰਹੇ ਹਨ, ਜਦਕਿ ਪਰਵਾਸੀਆਂ ਲਈ ਇਹ ਦਰ ਸਿਰਫ਼ 62 ਫ਼ੀਸਦੀ ਹੈ। ਰੌਇਲ ਬੈਂਕ ਆਫ਼ ਕੈਨੇਡਾ (RBC) ਦੀ ਇੱਕ ਪੁਰਾਣੀ ਰਿਪੋਰਟ ਮੁਤਾਬਕ, ਜੇਕਰ ਇਹ ਪਾੜਾ ਖ਼ਤਮ ਹੋ ਜਾਵੇ ਤਾਂ ਦੇਸ਼ ਦੀ ਜੀ ਡੀ ਪੀ ਵਿੱਚ ਲਗਪਗ 50 ਅਰਬ ਡਾਲਰ ਦਾ ਵਾਧਾ ਹੋ ਸਕਦਾ ਸੀ। ਇਸ ਦਾ ਮਤਲਬ ਹੈ ਕਿ ਕੈਨੇਡਾ ਨਾ ਸਿਰਫ਼ ਪਰਵਾਸੀਆਂ ਦਾ ਸਗੋਂ ਆਪਣੀ ਆਰਥਿਕਤਾ ਦਾ ਵੀ ਨੁਕਸਾਨ ਕਰ ਰਿਹਾ ਹੈ।

Share this content:

Post Comment