ਅੰਬੇਡਕਰ ਦੀ ਚਿਤਾਵਨੀ ਅੱਜ ਵੀ ਸਾਰਥਿਕ
ਡਾ. ਬੀ ਆਰ ਅੰਬੇਡਕਰ ਨੇ 25 ਨਵੰਬਰ 1949 ਨੂੰ ਸੰਵਿਧਾਨ ਸਭਾ ਵਿੱਚ ਆਪਣਾ ਆਖ਼ਰੀ ਇਤਿਹਾਸਕ ਭਾਸ਼ਣ ਦਿੱਤਾ ਸੀ। ਇਸ ਮੌਕੇ ਉਨ੍ਹਾਂ ਨੇ ਪ੍ਰਾਪਤੀਆਂ ਦੇ ਸੋਹਲੇ ਗਾਉਣ ਦੀ ਬਜਾਏ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਆਜ਼ਾਦੀ ਨੇ ਭਾਰਤੀਆਂ ਤੋਂ ਇੱਕ ਪੁਰਾਣਾ ਬਹਾਨਾ ਖੋਹ ਲਿਆ ਹੈ ਮਤਲਬ ‘ਹੁਣ ਅਸੀਂ ਕਿਸੇ ਵੀ ਗ਼ਲਤ ਕੰਮ ਲਈ ਅੰਗਰੇਜ਼ਾਂ ਸਿਰ ਦੋਸ਼ ਮੜ੍ਹਨ ਦਾ ਬਹਾਨਾ ਗੁਆ ਚੁੱਕੇ ਹਾਂ।’ ਫਿਰ ਉਨ੍ਹਾਂ ਨੇ ਇੱਕ ਅਜਿਹਾ ਸਵਾਲ ਪੁੱਛਿਆ ਜੋ ਅੱਜ ਵੀ ਅੰਦਰ ਤੱਕ ਝੰਜੋੜਦਾ ਹੈ “ਕੀ ਭਾਰਤੀ ਆਪਣੇ ਫ਼ਿਰਕੇ ਨਾਲੋਂ ਦੇਸ਼ ਨੂੰ ਉੱਪਰ ਰੱਖਣਗੇ ਜਾਂ ਫਿਰ ਦੇਸ਼ ਨਾਲੋਂ ਆਪਣੇ ਫ਼ਿਰਕੇ ਨੂੰ ਤਰਜੀਹ ਦੇਣਗੇ?” 77 ਵਰ੍ਹਿਆਂ ਬਾਅਦ ਇਹ ਸਾਡੇ ਦੌਰ ਦਾ ਸਭ ਤੋਂ ਵੱਡਾ ਸਵਾਲ ਬਣਿਆ ਹੋਇਆ ਹੈ। ਇਸ ਦਾ ਜਵਾਬ ਅਜੇ ਸਾਡੇ ਖ਼ਿਲਾਫ਼ ਨਹੀਂ ਗਿਆ। ਪਰ ਹੁਣ ਇਹ ਸਾਡੀਆਂ ਸੰਸਥਾਵਾਂ ਨਾਲੋਂ ਵੱਧ ਉਨ੍ਹਾਂ ਨਾਗਰਿਕਾਂ ’ਤੇ ਨਿਰਭਰ ਕਰਦਾ ਹੈ ਜੋ ਇਨ੍ਹਾਂ ਸੰਸਥਾਵਾਂ ਦੀ ਕਾਰਗੁਜ਼ਾਰੀ ’ਤੇ ਤਿੱਖੀ ਨਜ਼ਰ ਰੱਖਣਾ ਸਿੱਖ ਰਹੇ ਹਨ।
ਸੰਵਿਧਾਨ ਦੇ ਜਨਮ ਵੇਲੇ ਤੋਂ ਹੀ ਇਸ ਦੇ ਵਿਰੋਧੀ ਮੌਜੂਦ ਸਨ। ਇਸ ਨੂੰ ਅਪਣਾਏ ਜਾਣ ਤੋਂ ਮਹਿਜ਼ ਚਾਰ ਦਿਨ ਬਾਅਦ, ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਦੇ ਹਫ਼ਤਾਵਾਰੀ ਪਰਚੇ ‘ਆਰਗੇਨਾਈਜ਼ਰ’ ਨੇ ਸ਼ਿਕਾਇਤ ਕੀਤੀ ਕਿ ਇਸ ਵਿੱਚ ਭਾਰਤੀਅਤਾ ਵਰਗਾ ਕੁਝ ਵੀ ਨਹੀਂ ਹੈ ਅਤੇ ਇਸ ਵਿੱਚ ਮਨੂ ਦੇ ਕਾਨੂੰਨਾਂ ਨੂੰ ਅਣਗੌਲਿਆ ਕੀਤਾ ਗਿਆ ਹੈ। ਐੱਮ ਐੱਸ ਗੋਲਵਲਕਰ ਨੇ ਇਸ ਨੂੰ ਪੱਛਮੀ ਦੇਸ਼ਾਂ ਤੋਂ ਉਧਾਰ ਲਏ ਗਏ ਟੋਟਿਆਂ ਦਾ ਜੋੜ ਕਹਿ ਕੇ ਰੱਦ ਕਰ ਦਿੱਤਾ ਸੀ। ਆਰ ਐੱਸ ਐੱਸ ਨੇ ਪੰਜ ਦਹਾਕਿਆਂ ਤੱਕ ਨਾਗਪੁਰ ਸਥਿਤ ਆਪਣੇ ਮੁੱਖ ਦਫ਼ਤਰ ’ਤੇ ਤਿਰੰਗਾ ਨਹੀਂ ਲਹਿਰਾਇਆ। ਇਹ ਬੇਚੈਨੀ ਸਿਰਫ਼ ਆਰ ਐੱਸ ਐੱਸ ਤੱਕ ਹੀ ਸੀਮਤ ਨਹੀਂ ਸੀ। ਮੈਸੂਰ ਤੋਂ 17 ਨਵੰਬਰ 1949 ਨੂੰ ਗਾਂਧੀਵਾਦੀ ਕਾਂਗਰਸੀ ਆਗੂ ਕੇਂਗਲ ਹਨੂਮੰਥਾਇਆ ਨੇ ਸਭਾ ਵਿੱਚ ਕਿਹਾ ਸੀ, “ਅਸੀਂ ਵੀਣਾ ਜਾਂ ਸਿਤਾਰ ਦੀਆਂ ਧੁਨਾਂ ਚਾਹੁੰਦੇ ਸਾਂ, ਪਰ ਇੱਥੇ ਸਾਨੂੰ ਅੰਗਰੇਜ਼ੀ ਬੈਂਡ ਦਾ ਸੰਗੀਤ ਮਿਲਿਆ ਹੈ।” ਇਹ ਅਸਲ ਵਿੱਚ ‘ਭਾਰਤ ਦੇ ਸੰਕਲਪ’ ਨੂੰ ਲੈ ਕੇ ਝਗੜਾ ਸੀ ਕਿ ਫ਼ਿਰਕਾ ਵੱਡਾ ਹੈ ਜਾਂ ਦੇਸ਼।
‘ਅਸੀਂ, ਭਾਰਤ ਦੇ ਲੋਕਾਂ’ ਨੇ ਇੱਕ ਅਜਿਹੇ ਗਣਰਾਜ ਦੀ ਚੋਣ ਕੀਤੀ ਹੈ ਜਿੱਥੇ ਨਾਗਰਿਕਤਾ ਕਿਸੇ ਧਰਮ ਜਾਂ ਆਸਥਾ ’ਤੇ ਨਿਰਭਰ ਨਹੀਂ ਸੀ। ਧਰਮ ਨਿਰਪੱਖਤਾ ਸ਼ੁਰੂ ਤੋਂ ਹੀ ਇਸ ਦਾ ਹਿੱਸਾ ਸੀ, ਜੋ ਧਾਰਾ 14, 15 ਅਤੇ 25 ਤੋਂ 28 ਵਿੱਚ ਦਰਜ ਹੈ। ਹਿੰਦੂਤਵ ਦਾ ਏਜੰਡਾ ਇੱਕ ਅਜਿਹਾ ਰਾਸ਼ਟਰ ਚਾਹੁੰਦਾ ਸੀ ਜਿੱਥੇ ਸਿਰਫ਼ ਇੱਕ ਹੀ ਸੱਭਿਆਚਾਰ ਹੋਵੇ ਅਤੇ ਬਾਕੀ ਸਾਰੇ ਸਿਰਫ਼ ਉਨ੍ਹਾਂ ਦੀ ਰਹਿਮਤ ’ਤੇ ਰਹਿਣ। ਇਸ ਦੇ ਵਾਰਿਸਾਂ ਨੇ ਆਪਣਾ ਉਹ ਟੀਚਾ ਛੱਡਿਆ ਨਹੀਂ, ਸਗੋਂ ਆਪਣਾ ਤਰੀਕਾ ਬਦਲ ਲਿਆ ਹੈ। ਕਿਸੇ ਸੰਵਿਧਾਨ ਨੂੰ ਹਰਾਉਣ ਲਈ ਉਸ ਨੂੰ ਪਾੜਨ ਦੀ ਲੋੜ ਨਹੀਂ ਹੁੰਦੀ, ਸਗੋਂ ਉਸ ’ਤੇ ਕਬਜ਼ਾ ਕਰ ਕੇ ਵੀ ਅਜਿਹਾ ਕੀਤਾ ਜਾ ਸਕਦਾ ਹੈ।
ਮੰਦਰ ਵਿੱਚ ਵੜਿਆ ਸ਼ੈਤਾਨ
ਅੰਬੇਡਕਰ ਨੇ ਇੱਕ ਵਾਰ ਸੰਵਿਧਾਨ ਸਾੜ ਦੇਣ ਦੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਦੇ ਆਲੋਚਕ ਉਨ੍ਹਾਂ ਦੇ ਕਥਨ ਨੂੰ ਸ਼ਾਇਦ ਹੀ ਕਦੇ ਪੂਰਾ ਪੇਸ਼ ਕਰਦੇ ਹਨ। ਸਤੰਬਰ 1953 ਵਿੱਚ ਰਾਜ ਸਭਾ ਦੌਰਾਨ, ਇਸ ਡਰੋਂ ਕਿ ਬਹੁਗਿਣਤੀ ਛੋਟੇ ਭਾਈਚਾਰਿਆਂ ਨੂੰ ਕੁਚਲ ਦੇਵੇਗੀ, ਉਨ੍ਹਾਂ ਨੇ ਕਿਹਾ ਸੀ, “ਮੈਂ ਸਭ ਤੋਂ ਪਹਿਲਾਂ ਇਸ ਨੂੰ ਸਾੜਨ ਵਾਲਾ ਵਿਅਕਤੀ ਹੋਵਾਂਗਾ। ਮੈਨੂੰ ਇਹ ਨਹੀਂ ਚਾਹੀਦਾ। ਇਹ ਕਿਸੇ ਦੇ ਵੀ ਅਨੁਕੂਲ ਨਹੀਂ ਹੈ।” ਮਾਰਚ 1955 ਵਿੱਚ ਜਦੋਂ ਉਨ੍ਹਾਂ ਨੂੰ ਇਸ ਗੱਲ ਦੀ ਯਾਦ ਕਰਵਾਈ ਗਈ ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ, “ਅਸੀਂ ਕਿਸੇ ਦੇਵਤੇ ਦੇ ਆ ਕੇ ਵਸਣ ਲਈ ਮੰਦਰ ਬਣਾਇਆ ਸੀ, ਪਰ ਦੇਵਤੇ ਦੀ ਸਥਾਪਨਾ ਹੋਣ ਤੋਂ ਪਹਿਲਾਂ ਹੀ ਜੇਕਰ ਉਸ ’ਤੇ ਸ਼ੈਤਾਨ ਨੇ ਕਬਜ਼ਾ ਕਰ ਲਿਆ ਤਾਂ ਮੰਦਰ ਨੂੰ ਢਾਹੁਣ ਤੋਂ ਬਿਨਾਂ ਸਾਡੇ ਕੋਲ ਹੋਰ ਕਿਹੜਾ ਚਾਰਾ ਬਚਦਾ ਹੈ?”
ਇਹ ਇੱਕ ਅਜਿਹੇ ਆਰਕੀਟੈਕਟ ਦੀ ਗੱਲ ਹੈ ਜਿਸ ਨੂੰ ਆਪਣੇ ਬਣਾਏ ਢਾਂਚੇ ਵਿੱਚ ਨਾਜਾਇਜ਼ ਕਬਜ਼ਾਧਾਰੀ ਦਿਸ ਰਹੇ ਸਨ। ਉਨ੍ਹਾਂ ਨੂੰ ਸੰਵਿਧਾਨ ਦੇ ਸ਼ਬਦਾਂ ਤੋਂ ਨਹੀਂ, ਸਗੋਂ ਉਸ ’ਤੇ ਕਾਬਜ਼ ਹੋਣ ਵਾਲਿਆਂ ਤੋਂ ਡਰ ਸੀ। ਉਨ੍ਹਾਂ ਨੇ 1948 ਵਿੱਚ ਚਿਤਾਵਨੀ ਦਿੱਤੀ ਸੀ, “ਸੰਵਿਧਾਨ ਦਾ ਰੂਪ ਬਦਲੇ ਬਿਨਾਂ ਸਿਰਫ਼ ਪ੍ਰਸ਼ਾਸਨ ਦਾ ਢੰਗ ਬਦਲ ਕੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਵਿਗਾੜਨਾ ਸੰਭਵ ਹੈ।” ਸ਼ੈਤਾਨ ਨੂੰ ਮੰਦਰ ਢਾਹੁਣ ਦੀ ਲੋੜ ਨਹੀਂ ਹੁੰਦੀ, ਉਸ ਨੇ ਬੱਸ ਅੰਦਰ ਜਾ ਕੇ ਵਸਣਾ ਹੀ ਹੁੰਦਾ ਹੈ।
ਬਿਨਾਂ ਤਖ਼ਤਾ ਪਲਟ ਦੇ ਕਬਜ਼ਾ
ਭਾਰਤ ਵਿੱਚ ਕੋਈ ਤਖ਼ਤਾ ਪਲਟ ਨਹੀਂ ਹੋਇਆ। ਸੰਸਥਾਵਾਂ ਦੇ ਨਾਂ ਅਤੇ ਲੈਟਰਹੈੱਡ ਉਹੀ ਕਾਇਮ ਹਨ। ਬਦਲਿਆ ਸਿਰਫ਼ ਇਹ ਹੈ ਕਿ ਉਨ੍ਹਾਂ ਵਿੱਚ ਬੈਠਦਾ ਕੌਣ ਹੈ ਅਤੇ ਉਹ ਕਿਸ ਦੀ ਸੇਵਾ ਕਰਦੇ ਹਨ। 2023 ਵਿੱਚ ਸੁਪਰੀਮ ਕੋਰਟ ਨੇ ਚੋਣ ਕਮਿਸ਼ਨਰਾਂ ਦੀ ਚੋਣ ਕਰਨ ਵਾਲੇ ਪੈਨਲ ਵਿੱਚ ਭਾਰਤ ਦੇ ਚੀਫ਼ ਜਸਟਿਸ ਨੂੰ ਸ਼ਾਮਲ ਕੀਤਾ ਸੀ। ਸੰਸਦ ਨੇ ਉਨ੍ਹਾਂ ਦੀ ਥਾਂ ਕੇਂਦਰੀ ਮੰਤਰੀ ਨੂੰ ਬਿਠਾ ਦਿੱਤਾ। ਚੋਣ ਬਾਂਡਾਂ ਰਾਹੀਂ ਗੁਮਨਾਮ ਪੈਸਾ ਆਉਂਦਾ ਰਿਹਾ, ਜਿਸ ਦਾ ਵੱਡਾ ਹਿੱਸਾ ਸੱਤਾਧਾਰੀ ਪਾਰਟੀ ਨੂੰ ਗਿਆ ਜਦੋਂ ਤੱਕ ਅਦਾਲਤ ਨੇ ਇਨ੍ਹਾਂ ਨੂੰ ਰੱਦ ਨਹੀਂ ਕਰ ਦਿੱਤਾ। ਬਿੱਲ ਰਾਜ ਭਵਨਾਂ ਵਿੱਚ ਬਿਨਾਂ ਕਿਸੇ ਸਮਾਂ-ਸੀਮਾ ਦੇ ਲਟਕੇ ਪਏ ਹਨ। ਦਸੰਬਰ 2023 ਵਿੱਚ ਸੰਸਦ ਨੇ ਵਿਰੋਧੀ ਧਿਰ ਦੇ 146 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਅਤੇ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਨਵੇਂ ਫ਼ੌਜਦਾਰੀ ਕਾਨੂੰਨ ਪਾਸ ਕਰ ਦਿੱਤੇ। ਕੋਈ ਇੱਕ ਕਦਮ ਜਮਹੂਰੀਅਤ ਨੂੰ ਖ਼ਤਮ ਨਹੀਂ ਕਰਦਾ। ਹਰ ਕਦਮ ਕਾਨੂੰਨ ਦੀ ਭਾਸ਼ਾ ਅਖ਼ਤਿਆਰ ਕਰ ਕੇ ਆਉਂਦਾ ਹੈ। ਇਹੀ ਅਸਲ ਮੁੱਦਾ ਹੈ। ਸੰਸਥਾਵਾਂ ਨੂੰ ਸਮਝ ਆ ਜਾਂਦੀ ਹੈ ਕਿ ਸੱਤਾ ਅੱਗੇ ਝੁਕ ਕੇ ਚੱਲਣ ਵਿੱਚ ਹੀ ਸੁਰੱਖਿਆ ਹੈ ਅਤੇ ਆਜ਼ਾਦ ਰਹਿਣ ਦੀ ਕੀਮਤ ਚੁਕਾਉਣੀ ਪੈਂਦੀ ਹੈ।
ਫਿਰ ਛੇਤੀ ਹੀ ਅਜਿਹਾ ਦੌਰ ਆ ਜਾਂਦਾ ਹੈ ਜਦੋਂ ਕਿਸੇ ਨੂੰ ਉੱਪਰੋਂ ਹੁਕਮ ਦੇਣ ਦੀ ਲੋੜ ਵੀ ਨਹੀਂ ਪੈਂਦੀ। ਅੰਬੇਡਕਰ ਨੇ ਇਸ ਦਾ ਇਲਾਜ ਵੀ ਦੱਸਿਆ ਸੀ, ਸੰਵਿਧਾਨਕ ਨੈਤਿਕਤਾ। ਉਨ੍ਹਾਂ ਕਿਹਾ ਸੀ,“ਇਸ ਨੂੰ ਸਮੇਂ ਅਤੇ ਮਿਹਨਤ ਨਾਲ ਪਾਲਣਾ-ਪੋਸਣਾ ਪੈਂਦਾ ਹੈ।” ਉਨ੍ਹਾਂ ਮੁਤਾਬਿਕ ਭਾਰਤ ਵਿੱਚ ਜਮਹੂਰੀਅਤ “ਅਜਿਹੀ ਭਾਰਤੀ ਧਰਤੀ ’ਤੇ ਸਿਰਫ਼ ਉੱਪਰੋਂ ਵਿਛਾਈ ਗਈ ਇੱਕ ਪਤਲੀ ਜਿਹੀ ਪਰਤ ਹੈ, ਜੋ ਅੰਦਰੋਂ ਗ਼ੈਰ-ਜਮਹੂਰੀ ਹੈ।” ਜਦੋਂ ਕੋਈ ਇਸ ਮਿੱਟੀ ਦੀ ਸੰਭਾਲ ਨਹੀਂ ਕਰਦਾ, ਤਾਂ ਉੱਥੇ ਜਮਹੂਰੀਅਤ ਦੀ ਥਾਂ ਸਿਰਫ਼ ਸੱਤਾ ਅੱਗੇ ਝੁਕਣ ਜਾਂ ਜੀ-ਹਜ਼ੂਰੀ ਕਰਨ ਦੀ ਬਿਰਤੀ ਹੀ ਪਨਪਦੀ ਹੈ। ਫਿਰ ਵੀ, ਇਹ ਮਿੱਟੀ ਅਜੇ ਪੂਰੀ ਤਰ੍ਹਾਂ ਬੰਜਰ ਨਹੀਂ ਹੋਈ। 2024 ਦੀਆਂ ਚੋਣਾਂ ਦੌਰਾਨ ਵੋਟਰਾਂ ਨੇ ਰੈਲੀਆਂ ਵਿੱਚ ਸੰਵਿਧਾਨ ਦੀਆਂ ਛੋਟੀਆਂ ਲਾਲ ਕਾਪੀਆਂ ਲਹਿਰਾਈਆਂ। ਚੋਣ ਨਤੀਜਿਆਂ ਨੇ ਸੱਤਾਧਾਰੀ ਧਿਰ ਨੂੰ ਆਪਣੇ ਦਮ ’ਤੇ ਬਹੁਮਤ ਹਾਸਲ ਕਰਨ ਤੋਂ ਰੋਕ ਦਿੱਤਾ। ਅੰਬੇਡਕਰ ਨੇ ਚਿਤਾਵਨੀ ਦਿੱਤੀ ਸੀ ਕਿ ਭਾਰਤ ‘ਵਿਰੋਧਾਭਾਸਾਂ ਭਰੇ ਦੌਰ’ ਵਿੱਚ ਦਾਖ਼ਲ ਹੋਵੇਗਾ, ਜਿੱਥੇ ਸਿਆਸਤ ਵਿੱਚ ਤਾਂ ਬਰਾਬਰੀ ਹੋਵੇਗੀ, ਪਰ ਸਮਾਜਿਕ ਅਤੇ ਆਰਥਿਕ ਜੀਵਨ ਵਿੱਚ ਨਾ-ਬਰਾਬਰੀ ਬਣੀ ਰਹੇਗੀ। ਕਰੋੜਾਂ ਲੋਕਾਂ ਲਈ ਵੋਟ ਦਾ ਹੱਕ ਹੀ ਇੱਕੋ-ਇੱਕ ਅਜਿਹੀ ਬਰਾਬਰੀ ਹੈ, ਜਿਸ ’ਤੇ ਉਹ ਭਰੋਸਾ ਕਰ ਸਕਦੇ ਹਨ। ਜਦੋਂ ਉਨ੍ਹਾਂ ਨੂੰ ਆਪਣਾ ਇਹ ਹੱਕ ਖ਼ਤਰੇ ਵਿੱਚ ਜਾਪਿਆ ਤਾਂ ਉਹ ਡਟ ਕੇ ਖੜ੍ਹੇ ਹੋ ਗਏ।
ਹੁਣ ਇਹ ਲੜਾਈ ਵੋਟਰ ਸੂਚੀਆਂ ਤੱਕ ਪਹੁੰਚ ਗਈ ਹੈ। ‘ਵਿਸ਼ੇਸ਼ ਵਿਆਪਕ ਸੋਧ’ (ਐੱਸ ਆਈ ਆਰ) ਮੁਹਿੰਮ ਰਾਹੀਂ ਕਰੋੜਾਂ ਲੋਕਾਂ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਂ-ਥਾਂ ਕਾਇਮ ਰੱਖਣ ਲਈ ਸਬੂਤ ਦੇਣ ਵਾਸਤੇ ਕਿਹਾ ਗਿਆ। ਲੋਕ ਅਦਾਲਤਾਂ ਵਿੱਚ ਪਹੁੰਚੇ। ਅਦਾਲਤ ਨੇ ਇਸ ਸੋਧ ਨੂੰ ਤਾਂ ਬਰਕਰਾਰ ਰੱਖਿਆ ਪਰ ਆਪਣੇ ਨਵੇਂ ਫਾਰਮ-6 ਨੂੰ ਮਨਜ਼ੂਰੀ ਮਿਲਣ ਦਾ ਦਾਅਵਾ ਕਰਨ ’ਤੇ ਚੋਣ ਕਮਿਸ਼ਨ ਨੂੰ ਝਾੜ ਪਾਈ। ਨਾਗਰਿਕਾਂ ਨੇ ਭੁੱਖ ਹੜਤਾਲਾਂ ਕੀਤੀਆਂ, ਰੈਲੀਆਂ ਕੱਢੀਆਂ ਅਤੇ ਲਾਠੀਚਾਰਜ, ਅੱਥਰੂ ਗੈਸ ਤੇ ਪੈਲੇਟ ਗੰਨਾਂ ਦੀ ਮਾਰ ਵੀ ਝੱਲੀ। ਇੰਝ ਲੱਗਦਾ ਹੈ ਜਿਵੇਂ ਮਾਮੂਲੀ ਸਮਝੇ ਜਾਣ ਵਾਲੇ ਆਮ ਲੋਕਾਂ ਨੇ ਤਾਕਤਵਰ ਸੰਸਥਾਵਾਂ ਦੇ ਗੱਠਜੋੜ ਨੂੰ ਚੁਣੌਤੀ ਦੇ ਦਿੱਤੀ ਹੋਵੇ। ਅੰਬੇਡਕਰ ਨੇ ਭਾਰਤੀਆਂ ਨੂੰ ‘ਅਰਾਜਕਤਾ ਦੇ ਵਿਆਕਰਨ’ (ਗ਼ੈਰ-ਸੰਵਿਧਾਨਕ ਤਰੀਕਿਆਂ) ਤੋਂ ਦੂਰ ਰਹਿਣ ਦੀ ਤਾਕੀਦ ਕੀਤੀ ਸੀ। ਪਰ ਉਨ੍ਹਾਂ ਨੇ ਅਜਿਹੇ ਰਾਹ ਦੀ ਗੁੰਜਾਇਸ਼ ਸਿਰਫ਼ ਉੱਥੇ ਹੀ ਮੰਨੀ ਸੀ ਜਿੱਥੇ ਸੰਵਿਧਾਨਕ ਤੌਰ ’ਤੇ ਕੋਈ ਰਾਹ ਖੁੱਲ੍ਹਾ ਨਾ ਬਚਿਆ ਹੋਵੇ। ਇਨ੍ਹਾਂ ਲੋਕਾਂ ਨੇ ਸੰਵਿਧਾਨਕ ਰਾਹ ਹੀ ਅਪਣਾਇਆ, ਉਹ ਅਦਾਲਤਾਂ ਵਿੱਚ ਗਏ, ਵੋਟਰ ਸੂਚੀਆਂ ਦੀ ਰਾਖੀ ਲਈ ਖੜ੍ਹੇ ਹੋਏ ਅਤੇ ਵੋਟ ਦੀ ਤਾਕਤ ਵਰਤੀ। ਅੰਪਾਇਰ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਕਹਿਣਾ ਕੋਈ ਅਰਾਜਕਤਾ ਨਹੀਂ ਹੁੰਦੀ। ਜਿਹੜਾ ਚੋਣ ਕਮਿਸ਼ਨ ਕਦੇ ਉੱਚੀ ਕੁਰਸੀ ’ਤੇ ਬੈਠ ਕੇ ਸਿੱਧੇ ਫ਼ਰਮਾਨ ਜਾਰੀ ਕਰਦਾ ਸੀ, ਅੱਜ ਉਸ ਨੂੰ ਹਲਫ਼ਨਾਮੇ ਦਾਖ਼ਲ ਕਰ ਕੇ ਆਪਣਾ ਪੱਖ ਸਪੱਸ਼ਟ ਕਰਨਾ ਪੈ ਰਿਹਾ ਹੈ।
ਭਰੋਸਾ ਕਰੋ, ਪਰ ਪਰਖ ਵੀ ਜ਼ਰੂਰੀ
ਸਵਾਲ ਪੁੱਛਣਾ ਸਿਰਫ਼ ਇੱਕ ਸ਼ੁਰੂਆਤ ਹੈ, ਆਪਣੇ ਆਪ ਵਿੱਚ ਕੋਈ ਪੂਰਾ ਪ੍ਰਬੰਧ ਨਹੀਂ। ਸੰਵਿਧਾਨ ਘਾੜਿਆਂ ਨੇ ਸ਼ਕਤੀਆਂ ਦੀ ਵੰਡ ਇਸ ਕਰਕੇ ਕੀਤੀ ਸੀ ਤਾਂ ਜੋ ਰਾਜ ਦੇ ਹਰ ਅੰਗ ’ਤੇ ਦੂਜੇ ਅੰਗ ਦੀ ਨਜ਼ਰ ਰਹੇ ਅਤੇ ਸੰਤੁਲਨ ਬਣਿਆ ਰਹੇ। ਇੱਥੇ ਸਾਨੂੰ ਵਕੀਲਾਂ ਨੂੰ ਵੀ ਆਪਣੀ ਇੱਕ ਕਮੀ ਮੰਨਣੀ ਪਵੇਗੀ। ਕਿਸੇ ਕਾਨੂੰਨ ਨੂੰ ਪਹਿਲੀ ਨਜ਼ਰੇ ਸੰਵਿਧਾਨਕ ਮੰਨਣ ਦਾ ਅਸੂਲ ਆਪਣੀ ਥਾਂ ਠੀਕ ਹੈ ਪਰ ਹੁਣ ਇਹ ਨਿਆਂਪਾਲਿਕਾ ਵੱਲੋਂ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟਣ ਦਾ ਬਹਾਨਾ ਬਣ ਗਿਆ ਹੈ, ਜਿਵੇਂ ਕਿ ਸੀਲਬੰਦ ਲਿਫ਼ਾਫ਼ੇ, ਕੌਮੀ ਸੁਰੱਖਿਆ ਦੇ ਸਿਰਫ਼ ਦਾਅਵੇ ਅਤੇ ਨਿੱਜੀ ਆਜ਼ਾਦੀ ਦੀਆਂ ਪਟੀਸ਼ਨਾਂ ਦਾ ਲੰਮੇ ਸਮੇਂ ਤੱਕ ਲਟਕਦੇ ਰਹਿਣਾ। ਚੋਣ ਬਾਂਡਾਂ ਦਾ ਮਾਮਲਾ ਛੇ ਸਾਲ ਲਟਕਦਾ ਰਿਹਾ, ਜਦੋਂ ਕਿ ਇਸ ਦੌਰਾਨ ਇਹ ਸਕੀਮ ਚੱਲਦੀ ਰਹੀ। ਫ਼ੈਸਲੇ ਵਿੱਚ ਦੇਰੀ ਕਰਨਾ ਨਿਰਪੱਖਤਾ ਨਹੀਂ ਹੈ। ਜਿੱਥੇ ਕੋਈ ਕਾਨੂੰਨ ਵੋਟ ਦੇ ਹੱਕ, ਪ੍ਰੈੱਸ ਦੀ ਆਜ਼ਾਦੀ, ਨਿੱਜੀ ਸੁਤੰਤਰਤਾ ਜਾਂ ਘੱਟ-ਗਿਣਤੀਆਂ ਨੂੰ ਪ੍ਰਭਾਵਿਤ ਕਰਦਾ ਹੋਵੇ, ਉੱਥੇ ਉਸ ਕਾਨੂੰਨ ਨੂੰ ਜਾਇਜ਼ ਸਾਬਤ ਕਰਨ ਦੀ ਵੱਡੀ ਜ਼ਿੰਮੇਵਾਰੀ ਸਰਕਾਰ ਦੀ ਹੋਣੀ ਚਾਹੀਦੀ ਹੈ।
ਅੰਬੇਡਕਰ ਦੀ ਸਭ ਤੋਂ ਤਿੱਖੀ ਚਿਤਾਵਨੀ ਜੌਹਨ ਸਟੂਅਰਟ ਮਿੱਲ ਤੋਂ ਆਈ ਸੀ ਕਿ ਲੋਕਾਂ ਨੂੰ ‘ਕਿਸੇ ਮਹਾਨ ਵਿਅਕਤੀ ਦੇ ਪੈਰਾਂ ਵਿੱਚ ਵੀ ਆਪਣੀਆਂ ਆਜ਼ਾਦੀਆਂ ਨਹੀਂ ਰੱਖ ਦੇਣੀਆਂ ਚਾਹੀਦੀਆਂ।’ ਸਿਆਸਤ ਬਾਰੇ ਅੰਬੇਡਕਰ ਨੇ ਅੱਗੇ ਕਿਹਾ ਸੀ, “ਭਗਤੀ ਜਾਂ ਨਾਇਕ-ਪੂਜਾ ਨਿਘਾਰ ਅਤੇ ਅਖੀਰ ਨੂੰ ਤਾਨਾਸ਼ਾਹੀ ਵੱਲ ਜਾਣ ਵਾਲਾ ਪੱਕਾ ਰਾਹ ਹੈ।” ਇਹ ਚਿਤਾਵਨੀ ਦੋਵਾਂ ਪਾਸਿਆਂ ’ਤੇ ਬਰਾਬਰ ਲਾਗੂ ਹੁੰਦੀ ਹੈ। ਕੋਈ ਵੀ ਆਗੂ ਦੇਸ਼ ਦਾ ਪੈਮਾਨਾ ਨਹੀਂ ਬਣਨਾ ਚਾਹੀਦਾ ਅਤੇ ਨਾ ਹੀ ਸਾਨੂੰ ਖੋਖਲੀਆਂ ਹੋ ਚੁੱਕੀਆਂ ਸੰਸਥਾਵਾਂ ਦੀ ਪੂਜਾ ਕਰਨੀ ਚਾਹੀਦੀ ਹੈ। ਸੰਸਥਾਵਾਂ ਵਰਤਣ ਵਾਲੇ ਸੰਦ ਹਨ, ਪੂਜਾ-ਸਥਾਨ ਨਹੀਂ ਅਤੇ ਸੰਦਾਂ ਨੂੰ ਸੰਭਾਲ ਕੇ ਰੱਖਣਾ ਪੈਂਦਾ ਹੈ।
ਆਪਣੇ ਉਸ ਆਖ਼ਰੀ ਭਾਸ਼ਣ ਦੇ ਸ਼ੁਰੂ ਵਿੱਚ ਅੰਬੇਡਕਰ ਨੇ ਕਿਹਾ ਸੀ “ਸੰਵਿਧਾਨ ਭਾਵੇਂ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਉਹ ਮਾੜਾ ਹੀ ਸਾਬਤ ਹੋਵੇਗਾ ਜੇ ਇਸ ਨੂੰ ਚਲਾਉਣ ਵਾਲੇ ਲੋਕ ਮਾੜੇ ਨਿਕਲ ਜਾਣ। ਸੰਵਿਧਾਨ ਭਾਵੇਂ ਕਿੰਨਾ ਵੀ ਮਾੜਾ ਕਿਉਂ ਨਾ ਹੋਵੇ, ਉਹ ਚੰਗਾ ਸਾਬਤ ਹੋ ਸਕਦਾ ਹੈ ਜੇ ਇਸ ਨੂੰ ਚਲਾਉਣ ਵਾਲੇ ਲੋਕ ਚੰਗੇ ਨਿਕਲ ਜਾਣ।” ਸੰਵਿਧਾਨ ਆਪਣੇ ਆਪ ਨਹੀਂ ਚੱਲਦਾ। ਹਰ ਉਹ ਨਾਗਰਿਕ ਇਸ ਨੂੰ ਚਲਾਉਂਦਾ ਹੈ ਜੋ ਵੋਟਰ ਸੂਚੀ ਵਿੱਚ ਆਪਣਾ ਨਾਂ ਫ਼ਰੋਲਦਾ ਹੈ। ਇਵੇਂ ਹੀ ਹਰ ਉਹ ਵਕੀਲ ਵੀ ਚਲਾਉਂਦਾ ਹੈ ਜੋ ਪਟੀਸ਼ਨ ਦਾਖ਼ਲ ਕਰਦਾ ਅਤੇ ਬਹਿਸ ਕਰਦਾ ਹੈ, ਹਰ ਉਹ ਪੱਤਰਕਾਰ ਜੋ ਗੱਲ ਦੀ ਤਹਿ ਤੱਕ ਜਾਣ ਲਈ ਅਗਲਾ ਸਵਾਲ ਪੁੱਛਦਾ ਹੈ ਅਤੇ ਹਰ ਉਹ ਅਧਿਕਾਰੀ ਜੋ ਅਣਕਹੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ।
Share this content:


Post Comment