Loading Now

ਹਲਕੇ ਬਸਤੇ

ਹਲਕੇ ਬਸਤੇ

ਕੇਰਲਾ ਸਰਕਾਰ ਦੇ ਜਨਰਲ ਸਿੱਖਿਆ ਵਿਭਾਗ ਨੇ ਸਕੂਲੀ ਬਸਤਿਆਂ ਦਾ ਭਾਰ ਘਟਾਉਣ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਹੱਲ ਕਰਨ ਵੱਲ ਪਹਿਲਾ ਕਦਮ ਚੁੱਕਿਆ ਹੈ | ਸਿੱਖਿਆ ਮੰਤਰੀ ਐੱਨ ਸ਼ਮਸੂਦੀਨ ਨੇ ਮੰਗਲਵਾਰ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਸਕੂਲੀ ਬਸਤਿਆਂ ਦਾ ਭਾਰ ਘਟਾਉਣ ਲਈ ਇੱਕ ਮੁਢਲਾ ਖਰੜਾ ਪੇਸ਼ ਕੀਤਾ | ਜੇ ਇਹ ਲਾਗੂ ਕੀਤਾ ਜਾਂਦਾ ਹੈ ਤਾਂ ਅਗਲੇ ਅਕਾਦਮਿਕ ਸਾਲ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਪੜਾਅ ਵਿੱਚ ਹੇਠਲੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ | ਸੀ ਪੀ ਆਈ ਵਿਧਾਇਕ ਕੇ ਕੇ ਵਾਲਸਰਾਜ ਨੇ ਅਕਤੂਬਰ ਵਿੱਚ ਵਿਧਾਨ ਸਭਾ ਵਿੱਚ ਇਸ ਮੁੱਦੇ ਨੂੰ ਉਠਾ ਕੇ ਅਤੇ ਵਿਦਿਆਰਥੀਆਂ ਨੂੰ ਮੋਢਿਆਂ ‘ਤੇ ਭਾਰੀ ਬਸਤੇ ਢੋਣ ਵਿੱਚ ਦਰਪੇਸ਼ ਮੁਸ਼ਕਲਾਂ ਨੂੰ ਉਜਾਗਰ ਕਰਕੇ ਬਹਿਸ ਸ਼ੁਰੂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ | ਸ਼ਮਸੂਦੀਨ ਨੂੰ ਦੋ ਅਧਿਐਨ ਰਿਪੋਰਟਾਂ ਪ੍ਰਾਪਤ ਹੋਈਆਂ : ਇੱਕ ਪਿਛਲੀ ਖੱਬੇ-ਪੱਖੀ ਸਰਕਾਰ ਦੇ ਕਾਰਜਕਾਲ ਦੌਰਾਨ ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਸ ਸੀ ਈ ਆਰ ਟੂ) ਵੱਲੋਂ ਤਿਆਰ ਕੀਤੀ ਗਈ ਸੀ ਅਤੇ ਦੂਜੀ ਕੇਰਲਾ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੀ ਤਾਜ਼ਾ ਰਿਪੋਰਟ ਹੈ | ਦੋਵਾਂ ਕਮੇਟੀਆਂ ਵੱਲੋਂ ਮਨਜ਼ੂਰ ਕੀਤੀਆਂ ਗਈਆਂ ਸਿਫਾਰਸ਼ਾਂ ਵਿੱਚੋਂ ਇੱਕ ਸਮਾਂ-ਸਾਰਣੀ ਨੂੰ ਸੋਧਣਾ ਹੈ |

ਇਸ ਵੇਲੇ ਦਿਨ ਵਿੱਚ ਅੱਠ ਪੀਰੀਅਡਾਂ ਵਿੱਚ ਸੱਤ ਤੋਂ ਅੱਠ ਵਿਸ਼ੇ ਪੜ੍ਹਾਏ ਜਾਂਦੇ ਹਨ | ਰਾਜ ਨੇ ਇਸ ਦੀ ਬਜਾਏ ਸਮਾਂ-ਸਾਰਣੀ ਨੂੰ ਮੁੜ ਵਿਵਸਥਤ ਕਰਨ ਦੀ ਯੋਜਨਾ ਬਣਾਈ ਹੈ, ਤਾਂ ਜੋ ਇੱਕ ਦਿਨ ਵਿੱਚ ਸਿਰਫ ਤਿੰਨ ਤੋਂ ਚਾਰ ਵਿਸ਼ਿਆਂ ਨੂੰ ਹੀ ਕਵਰ ਕੀਤਾ ਜਾ ਸਕੇ, ਜਿਸ ਨਾਲ ਬਸਤਿਆਂ ਦਾ ਅੱਧਾ ਭਾਰ ਘਟਾਉਣ ਵਿੱਚ ਮਦਦ ਮਿਲੇਗੀ | ਸ਼ਮਸੂਦੀਨ ਨੇ ਕਿਹਾ ਕਿ ਇਹ ਪਹਿਲ ਸ਼ੁਰੂ ਵਿੱਚ ਚੁਣੇ ਹੋਏ ਸਕੂਲਾਂ ਵਿੱਚ ਮਾਪੇ-ਅਧਿਆਪਕ ਐਸੋਸੀਏਸ਼ਨਾਂ ਅਤੇ ਸਕੂਲ ਪ੍ਰਬੰਧਨ ਕਮੇਟੀਆਂ ਦੇ ਸਹਿਯੋਗ ਨਾਲ ਲਾਗੂ ਕੀਤੀ ਜਾਵੇਗੀ | ਅਗਲੇ ਚਾਰ ਸਾਲਾਂ ਵਿੱਚ ਰਾਜ ਦੇ ਸਾਰੇ ਹੇਠਲੇ ਪ੍ਰਾਇਮਰੀ ਅਤੇ ਉੱਚ ਪ੍ਰਾਇਮਰੀ ਸਕੂਲਾਂ ਵਿੱਚ ਲਾਗੂ ਕੀਤੀ ਜਾਵੇਗੀ | ਇਹ ਕਦਮ ਬੱਚਿਆਂ ਦੀ ਸਿਹਤ ਅਤੇ ਸਿੱਖਿਆ ‘ਤੇ ਇਸ ਦੇ ਪ੍ਰਭਾਵਾਂ ਨੂੰ ਵਿਚਾਰਨ ਤੋਂ ਬਾਅਦ ਚੁੱਕਿਆ ਜਾ ਰਿਹਾ ਹੈ | ਇਸ ਕਦਮ ਦਾ ਉਦੇਸ਼ ਬਸਤੇ ਦਾ ਭਾਰ ਬੱਚੇ ਦੇ ਸਰੀਰ ਦੇ ਭਾਰ ਦੇ 10 ਪ੍ਰਤੀਸ਼ਤ ਤੋਂ ਘੱਟ ਕਰਨਾ ਹੈ | ਸਕੂਲਾਂ ਵਿੱਚ ਪੀਣ ਵਾਲਾ ਪਾਣੀ ਅਤੇ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾਵੇਗਾ | ਨਵੀਂ ਵਿਵਸਥਾ ਇੱਕ ਦਿਨ ਵਿੱਚ ਸਿਰਫ ਚਾਰ ਵਿਸ਼ੇ ਪੜ੍ਹਾਉਣ ਦੀ ਹੋਵੇਗੀ | ਪਾਠ-ਪੁਸਤਕਾਂ ਦੇ ਦੋ ਸੈੱਟ ਰੱਖਣ ਦੀ ਇੱਕ ਪ੍ਰਣਾਲੀ-ਇੱਕ ਘਰ ਵਿੱਚ ਅਤੇ ਇੱਕ ਸਕੂਲ ਵਿੱਚ-ਲਾਗੂ ਕੀਤੀ ਜਾਵੇਗੀ | ਡਿਜੀਟਲ ਸਿਖਲਾਈ ਨੂੰ ਹੁਲਾਰਾ ਦੇਣ ਦੀਆਂ ਵੀ ਯੋਜਨਾਵਾਂ ਹਨ |

Share this content:

Post Comment