Loading Now

ਕਾਦੀਆਂ-ਬਿਆਸ ਰੇਲ ਪ੍ਰੋਜੈਕਟ ਨੂੰ ਮਿਲੀ ਹਰੀ ਝੰਡੀ

ਕਾਦੀਆਂ-ਬਿਆਸ ਰੇਲ ਪ੍ਰੋਜੈਕਟ ਨੂੰ ਮਿਲੀ ਹਰੀ ਝੰਡੀ

ਨਵੀਂ ਦਿੱਲੀ, 19 ਜੂਨ – ਕੇਂਦਰੀ ਰੇਲਵੇ ਤੇ ਖ਼ੁਰਾਕ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਾਦੀਆਂ-ਬਿਆਸ ਰੇਲ ਪ੍ਰਾਜੈਕਟ ’ਤੇ 1400 ਕਰੋੜ ਰੁਪਏ ਖ਼ਰਚ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਝਾ ਖੇਤਰ ਲਈ ਇਤਿਹਾਸਕ ਉਪਲੱਬਧੀ ਵਜੋਂ ਕੇਂਦਰ ਸਰਕਾਰ ਨੇ ਲੰਬੇ ਸਮੇਂ ਤੋਂ ਲਟਕ ਰਹੇ ਕਾਦੀਆਂ-ਬਿਆਸ ਨਵੇਂ ਰੇਲ ਲਾਈਨ ਪ੍ਰਾਜੈਕਟ ਨੂੰ ਮੁੜ ਜੀਵੰਤ ਕੀਤਾ ਹੈ। ਉਨ੍ਹਾਂ ਇੱਥੇ ਰੇਲ ਭਵਨ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਇਸ ਪ੍ਰਾਜੈਕਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਦੇ ਕਾਦੀਆਂ ਨੂੰ ਅੰਮ੍ਰਿਤਸਰ ਦੇ ਬਿਆਸ ਨਾਲ ਜੋੜਨ ਵਾਲੀ ਇਹ ਨਵੀਂ ਵਿਆਪਕ ਗੇਜ ਰੇਲ ਲਾਈਨ ਲਗਪਗ 39.68 ਕਿਲੋਮੀਟਰ ਲੰਬੀ ਹੋਵੇਗੀ, ਜਿਸ ’ਤੇ ਲਗਪਗ 1,400 ਕਰੋੜ ਖ਼ਰਚ ਹੋਣਗੇ।

ਇਸ ਰੂਟ ’ਤੇ ਦੋ ਕਰਾਸਿੰਗ ਸਟੇਸ਼ਨ (ਘੁਮਾਣ ਅਤੇ ਬੁਟਾਲਾ), 11 ਵੱਡੇ ਪੁਲ, 121 ਛੋਟੇ ਪੁਲ, 54 ਰੋਡ ਅੰਡਰਬ੍ਰਿਜ ਅਤੇ ਰੇਲ ਹਾਦਸੇ ਰੋਕੂ ਪ੍ਰਣਾਲੀ ‘ਕਵਚ’ ਵਰਗੀਆਂ ਆਧੁਨਿਕ ਸਹੂਲਤਾਂ ਸ਼ਾਮਲ ਹੋਣਗੀਆਂ। ਉਨ੍ਹਾਂ ਕਿਹਾ ਕਿ ਤਜਵੀਜ਼ਤ ਰੇਲ ਮਾਰਗ ਕਾਦੀਆਂ, ਧਪਾਈ, ਘੁਮਾਣ, ਬੁਟਾਲਾ, ਸਠਿਆਲਾ ਅਤੇ ਬਿਆਸ ਵਰਗੇ ਮਹੱਤਵਪੂਰਨ ਕਸਬਿਆਂ ਅਤੇ ਪਿੰਡਾਂ ਵਿੱਚੋਂ ਲੰਘੇਗਾ। ਉਨ੍ਹਾਂ ਕਿਹਾ ਕਿ ਇਹ ਰੇਲ ਲਾਈਨ ਐਮਰਜੈਂਸੀ ਸਥਿਤੀਆਂ ਵਿੱਚ ਅੰਮ੍ਰਿਤਸਰ-ਪਠਾਨਕੋਟ ਸੈਕਸ਼ਨ ਦੇ ਬਦਲਵੇਂ ਰੂਟ ਵਜੋਂ ਕੰਮ ਕਰੇਗੀ। ਇਸ ਨਾਲ ਕਿਸਾਨਾਂ ਨੂੰ ਬਿਹਤਰ ਬਾਜ਼ਾਰ ਮਿਲਣਗੇ ਅਤੇ ਵਪਾਰ ਵਧੇਗਾ। ਇਸ ਤੋਂ ਇਲਾਵਾ ਇਹ ਅਹਿਮਦੀਆ ਮੁਸਲਿਮ ਭਾਈਚਾਰੇ ਦੇ ਕੇਂਦਰ ਕਾਦੀਆਂ, ਡੇਰਾ ਬਾਬਾ ਜੈਮਲ ਸਿੰਘ (ਬਿਆਸ), ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਅਤੇ ਗੁਰਦੁਆਰਾ ਭਗਤ ਨਾਮਦੇਵ ਜੀ (ਘੁਮਾਣ) ਵਰਗੇ ਅਹਿਮ ਧਾਰਮਿਕ ਸਥਾਨਾਂ ਤੱਕ ਸ਼ਰਧਾਲੂਆਂ ਦੀ ਪਹੁੰਚ ਨੂੰ ਬੇਹੱਦ ਆਸਾਨ ਬਣਾਏਗੀ।

Share this content:

Post Comment