ਫਰਜ਼ੀ ਵੀਡੀਓ ਦੀ ਜਾਂਚ ਲਈ ਡੀ ਜੀ ਪੀ ਨੂੰ ਨਿਰਦੇਸ਼
ਚੰਡੀਗੜ੍ਹ, 19 ਜੂਨ – ਇੱਕ ਕਥਿਤ ਵੀਡੀਓ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਗੁਰੂ ਦੋਖੀ’ ਅਤੇ ‘ਪੰਥ ਵਿਰੋਧੀ’ ਕਰਾਰ ਦਿੱਤੇ ਜਾਣ ਤੋਂ ਕੁਝ ਦਿਨਾਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਇਸ ‘ਤੇ ਆਪਣਾ ਪੱਖ ਸਾਹਮਣੇ ਰੱਖਿਆ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੂਬੇ ਤੋਂ ਬਾਹਰਲੀਆਂ ਪ੍ਰਮੁੱਖ ਲੈਬਾਰਟਰੀਆਂ ਤੋਂ ਕਰਵਾਈ ਗਈ ਫ਼ੋਰੈਂਸਿਕ ਜਾਂਚ ਵਿੱਚ ਇਹ ਸਾਬਤ ਹੋ ਗਿਆ ਹੈ ਕਿ ਉਕਤ ਵੀਡੀਓ ਪੂਰੀ ਤਰ੍ਹਾਂ ਨਕਲੀ ਅਤੇ ਫ਼ਰਜ਼ੀ ਹੈ। ਮੁੱਖ ਮੰਤਰੀ ਨੇ ਖ਼ੁਲਾਸਾ ਕੀਤਾ ਕਿ ਉਨ੍ਹਾ ਦੀ ਸਿਆਸੀ ਅਤੇ ਸਮਾਜਿਕ ਦਿੱਖ ਨੂੰ ਖ਼ਰਾਬ ਕਰਨ ਲਈ ਕਿਸੇ ਅਦਾਕਾਰ ਦਾ ਸਹਾਰਾ ਲੈ ਕੇ ਇਹ ਸਾਰਾ ਸਵਾਂਗ ਰਚਿਆ ਗਿਆ ਅਤੇ ਵੀਡੀਓ ਰਿਕਾਰਡ ਕੀਤੀ ਗਈ। ਉਨ੍ਹਾ ਕਿਹਾ, ‘ਮੈਂ ਡੀ ਜੀ ਪੀ ਪੰਜਾਬ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਦੋਸ਼ੀਆਂ ਨੂੰ ਤੁਰੰਤ ਟਰੈਕ ਕਰਕੇ ਜਨਤਾ ਦੇ ਸਾਹਮਣੇ ਬੇਨਕਾਬ ਕੀਤਾ ਜਾਵੇ।’ ਉਨ੍ਹਾ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀ ਜੀ ਪੀ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਵੀਡੀਓ ਕਿਸ ਨੇ ਬਣਵਾਈ, ਕਿਸ ਨੇ ਪੈਸੇ ਦਿੱਤੇ ਅਤੇ ਇਹ ਕਿੱਥੇ ਸ਼ੂਟ ਕੀਤੀ ਗਈ।
ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਫੜ ਕੇ ਜਲਦ ਹੀ ਨਾਨਕ-ਲੇਵਾ ਸੰਗਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਧਰਮ ਦੇ ਕਥਿਤ ਠੇਕੇਦਾਰਾਂ ਵੱਲੋਂ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ। ਉਨ੍ਹਾ ਕਿਹਾ ਕਿ ਐੱਸ ਜੀ ਪੀ ਸੀ ਪ੍ਰਧਾਨ ਖੁਦ ਨੂੰ ਸੁਖਬੀਰ ਸਿੰਘ ਬਾਦਲ ਦਾ ਵਫ਼ਾਦਾਰ ਸਿਪਾਹੀ ਦੱਸਦੇ ਹਨ, ਜਦੋਂ ਕਿ ਉਨ੍ਹਾ ਨੂੰ ਗੁਰੂ ਸਾਹਿਬ ਦਾ ਸਿਪਾਹੀ ਹੋਣਾ ਚਾਹੀਦਾ ਸੀ। ਮੁੱਖ ਮੰਤਰੀ ਨੇ ਕਿਹਾ, ”ਵੀਡੀਓ ਦੇ ‘ਫਰੇਮ-ਦਰ-ਫਰੇਮ’ ਕੀਤੇ ਗਏ ਤਕਨੀਕੀ ਵਿਸ਼ਲੇਸ਼ਣ ਨੇ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਆਸੀ ਮਨਸੂਬਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਮੈਨੂੰ ਬਦਨਾਮ ਕਰਨ ਦੀ ਇਹ ਸਾਜ਼ਿਸ਼ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ।”ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਲੋਕਾਂ ਨੇ ਉਨ੍ਹਾ ਨੂੰ ਸੇਵਾ ਦਾ ਮੌਕਾ ਦਿੱਤਾ ਹੈ, ਉਨ੍ਹਾ ਦੀ ਸਰਕਾਰ ਨੇ ਅਜਿਹੇ ਫੈਸਲੇ ਲਏ ਹਨ, ਜੋ ਪੰਜਾਬ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਏ। ਉਨ੍ਹਾ ਸੰਸਦ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿਵਾਉਣ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਵਾਲੀਆਂ ਗੱਡੀਆਂ ਦਾ ਟੈਕਸ ਮੁਆਫ਼ ਕਰਨ, ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਅਤੇ ਤਿੰਨ ਤਖ਼ਤ ਸਾਹਿਬਾਨ ਵਾਲੇ ਸ਼ਹਿਰਾਂ (ਸ੍ਰੀ ਅਨੰਦਪੁਰ ਸਾਹਿਬ, ਤਲਵੰਡੀ ਸਾਬੋ ਅਤੇ ਅੰਮ੍ਰਿਤਸਰ ਸਾਹਿਬ) ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਵਰਗੇ ਕਾਰਜਾਂ ਦਾ ਜ਼ਿਕਰ ਕੀਤਾ।
Share this content:


Post Comment