ਸੁਤੰਤਰਤਾ ਦਿਵਸ ਮੌਕੇ ਸਕੇਪ ਸਾਹਿਤਕ ਸੰਸਥਾ ਵੱਲੋਂ ਨਰਪਾਲ ਸਿੰਘ ਸ਼ੇਰਗਿੱਲ ਦਾ ‘ਇੰਡੀਅਨਜ਼ ਅਬਰੋਡ ਐਂਡ ਪੰਜਾਬ ਇੰਪੈਕਟ–2026’ ਲੋਕ ਅਰਪਣ
ਫਗਵਾੜਾ, 15 ਅਗਸਤ (ਏ.ਡੀ.ਪੀ ਨਿਊਜ਼) – ਸੁਤੰਤਰਤਾ ਦਿਵਸ ਦੇ ਮੌਕੇ ’ਤੇ ਸਕੇਪ ਸਾਹਿਤਕ ਸੰਸਥਾ, ਫਗਵਾੜਾ ਵੱਲੋਂ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਕਾਲਮਨਵੀਸ, ਲੇਖਕ ਅਤੇ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦੇ ਮੈਗਜ਼ੀਨ ‘ਇੰਡੀਅਨਜ਼ ਅਬਰੋਡ ਐਂਡ ਪੰਜਾਬ ਇੰਪੈਕਟ–2026’ ਦਾ ਪਰਚਾ ਬਲੱਡ ਸੈਂਟਰ ਹਾਲ ਹਰਿਗੋਬਿੰਦ ਨਗਰ ਵਿਖੇ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸੁਤੰਤਰਤਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕਵੀ ਦਰਬਾਰ ਵੀ ਕਰਵਾਇਆ ਗਿਆ।
ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਸਰਪ੍ਰਸਤ ਪ੍ਰਿੰ. ਗੁਰਮੀਤ ਸਿੰਘ ਪਲਾਹੀ, ਪ੍ਰਧਾਨ ਪਰਵਿੰਦਰਜੀਤ ਸਿੰਘ, ਮੀਤ ਪ੍ਰਧਾਨ ਰਵਿੰਦਰ ਚੋਟ ਅਤੇ ਮੈਗਜ਼ੀਨ ਦੇ ਸੰਪਾਦਕ ਨਰਪਾਲ ਸਿੰਘ ਸ਼ੇਰਗਿੱਲ ਸ਼ਾਮਲ ਹੋਏ।
ਮੈਗਜ਼ੀਨ ਲੋਕ ਅਰਪਣ ਕਰਦਿਆਂ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਨਰਪਾਲ ਸਿੰਘ ਸ਼ੇਰਗਿੱਲ ਨੇ ਲੰਮੇ ਸਮੇਂ ਤੋਂ ਦੇਸ਼-ਵਿਦੇਸ਼ ਦੇ ਪੰਜਾਬੀ ਅਖ਼ਬਾਰਾਂ ਅਤੇ ਮੈਗਜ਼ੀਨਾਂ ਰਾਹੀਂ ਪ੍ਰਵਾਸੀਆਂ ਨਾਲ ਹੁੰਦੇ ਨਸਲੀ ਵਿਤਕਰੇ, ਅੰਤਰਰਾਸ਼ਟਰੀ ਪੱਧਰ ’ਤੇ ਮੀਡੀਆ ਕਰਮੀਆਂ ਨੂੰ ਦਰਪੇਸ਼ ਚੁਣੌਤੀਆਂ, ਜੰਗਾਂ ਅਤੇ ਸਮਾਜਿਕ ਟਕਰਾਵਾਂ ਦੌਰਾਨ ਪੱਤਰਕਾਰਾਂ ਦੇ ਕਤਲ, ਤਾਨਾਸ਼ਾਹੀ ਨਿਜ਼ਾਮਾਂ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਹੋਰ ਅਨੇਕਾਂ ਸਮਾਜਿਕ ਤੇ ਅੰਤਰਰਾਸ਼ਟਰੀ ਮੁੱਦਿਆਂ ਨੂੰ ਆਪਣੀ ਲਿਖਤ ਦਾ ਵਿਸ਼ਾ ਬਣਾਇਆ ਹੈ। ਉਨ੍ਹਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰਚਾਰ-ਪ੍ਰਸਾਰ ਲਈ ਵੀ ਲਗਾਤਾਰ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਮੌਕੇ ਸੰਸਥਾ ਦੇ ਮੈਂਬਰਾਂ ਵੱਲੋਂ ਨਰਪਾਲ ਸਿੰਘ ਸ਼ੇਰਗਿੱਲ ਨੂੰ ਉਨ੍ਹਾਂ ਦੇ ਮੈਗਜ਼ੀਨ ਦੇ ਲੋਕ ਅਰਪਣ ਲਈ ਵਧਾਈ ਦਿੱਤੀ ਗਈ।
ਸੁਤੰਤਰਤਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਰਵਿੰਦਰ ਸਿੰਘ ਰਾਏ, ਬਲਬੀਰ ਕੌਰ ਬੱਬੂ ਸੈਣੀ, ਹਰਜਿੰਦਰ ਨਿਆਣਾ, ਲਸ਼ਕਰ ਢੰਡਵਾੜਵੀ, ਬਲਦੇਵ ਰਾਜ ਕੋਮਲ ਅਤੇ ਕਮਲੇਸ਼ ਸੰਧੂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਪਰਵਿੰਦਰਜੀਤ ਸਿੰਘ ਨੇ ਕਿਹਾ ਕਿ ਆਜ਼ਾਦੀ ਦਾ ਅਸਲ ਅਰਥ ਤਾਂ ਹੀ ਸਾਰਥਕ ਹੋ ਸਕਦਾ ਹੈ, ਜਦੋਂ ਦੇਸ਼ ਦੇ ਹਰ ਨਾਗਰਿਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ, ਲਿਖਣ ਅਤੇ ਬੋਲਣ ਦੀ ਅਸਲ ਆਜ਼ਾਦੀ ਪ੍ਰਾਪਤ ਹੋਵੇ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਵਿਚਾਰਾਂ ਦੀ ਆਜ਼ਾਦੀ ਅਤੇ ਸਵਾਲ ਕਰਨ ਦਾ ਹੱਕ ਬਹੁਤ ਜ਼ਰੂਰੀ ਹੈ।
ਮੀਤ ਪ੍ਰਧਾਨ ਰਵਿੰਦਰ ਚੋਟ ਨੇ ਕਿਹਾ ਕਿ ਬੇਅੰਤ ਕੁਰਬਾਨੀਆਂ ਤੋਂ ਬਾਅਦ ਪ੍ਰਾਪਤ ਕੀਤੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਲੋਕਾਂ ਦਾ ਜਾਗਰੂਕ ਹੋਣਾ ਅਤੇ ਅਸਲ ਆਜ਼ਾਦੀ ਦੇ ਅਰਥਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਦੇਸ਼ ਵਿੱਚ ਵਧ ਰਹੀਆਂ ਸਮਾਜਿਕ ਅਤੇ ਆਰਥਿਕ ਅਸਮਾਨਤਾਵਾਂ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਇੱਕ ਅਜਿਹੀ ਘਟਨਾ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਭੁੱਖ ਅਤੇ ਗਰੀਬੀ ਦੇ ਮਾਰੇ ਇੱਕ ਮਾਂ ਵੱਲੋਂ ਆਪਣੇ ਬੱਚੇ ਦੀ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਲਈ ਕੇਵਲ ਵਿਅਕਤੀ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਉਸ ਸਮਾਜਿਕ ਅਤੇ ਆਰਥਿਕ ਵਿਵਸਥਾ ’ਤੇ ਵੀ ਸਵਾਲ ਉਠਾਉਣਾ ਚਾਹੀਦਾ ਹੈ, ਜਿਸ ਵਿੱਚ ਲੋਕਾਂ ਨੂੰ ਰੋਟੀ ਵਰਗੀ ਮੁੱਢਲੀ ਲੋੜ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ।
ਰਵਿੰਦਰ ਚੋਟ ਨੇ ਦੇਸ਼ ਵਿੱਚ ਵਧ ਰਹੇ ਭਗਵਾਂਕਰਨ ’ਤੇ ਵੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਦੇਸ਼ ਦੀ ਵਿਭਿੰਨਤਾ, ਧਰਮ-ਨਿਰਪੱਖਤਾ ਅਤੇ ਬਹੁ-ਸੱਭਿਆਚਾਰਕ ਪਹਿਚਾਣ ਨੂੰ ਕਾਇਮ ਰੱਖਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਖੇਡਾਂ ਅਤੇ ਖਿਡਾਰੀਆਂ ਦੀ ਵਰਦੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਧਾਰਮਿਕ ਰੰਗਤ ਦੇ ਵਧਦੇ ਪ੍ਰਭਾਵ ਨੂੰ ਵੀ ਚਿੰਤਾਜਨਕ ਦੱਸਿਆ।
ਉਨ੍ਹਾਂ ਇਸ ਮੌਕੇ ਪੰਜਾਬ ਦੇ ਮਹਾਨ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕਰਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਨੂੰ ਇੱਕ ਮਜ਼ਬੂਤ ਅਤੇ ਇਕਜੁੱਟ ਰਾਜ ਦੇ ਰੂਪ ਵਿੱਚ ਸਥਾਪਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਅੰਦਰੂਨੀ ਗੱਦਾਰੀਆਂ ਅਤੇ ਰਾਜਨੀਤਿਕ ਕਮਜ਼ੋਰੀਆਂ ਨੇ ਬਾਅਦ ਵਿੱਚ ਪੰਜਾਬ ਦੀ ਆਜ਼ਾਦੀ ਅਤੇ ਖ਼ੁਦਮੁਖ਼ਤਿਆਰੀ ਨੂੰ ਵੱਡਾ ਨੁਕਸਾਨ ਪਹੁੰਚਾਇਆ।
ਸੰਸਥਾ ਦੇ ਸਰਪ੍ਰਸਤ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਆਪਣੇ ਸੰਬੋਧਨ ਵਿੱਚ ਦੇਸ਼ ਦੇ ਮੌਜੂਦਾ ਰਾਜਨੀਤਕ ਅਤੇ ਸਮਾਜਿਕ ਹਾਲਾਤਾਂ ’ਤੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਦਾ ਜਾਗਰੂਕ ਹੋਣਾ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਆਪਣੇ ਮੁੱਦਿਆਂ ਨੂੰ ਲੈ ਕੇ ਜੰਤਰ-ਮੰਤਰ ਸਮੇਤ ਵੱਖ-ਵੱਖ ਮੰਚਾਂ ’ਤੇ ਆਵਾਜ਼ ਉਠਾਉਣਾ ਇਸ ਗੱਲ ਦੀ ਉਮੀਦ ਜਗਾਉਂਦਾ ਹੈ ਕਿ ਨਵੀਂ ਪੀੜ੍ਹੀ ਆਪਣੇ ਹੱਕਾਂ ਅਤੇ ਲੋਕਤੰਤਰੀ ਅਧਿਕਾਰਾਂ ਪ੍ਰਤੀ ਸੁਚੇਤ ਹੋ ਰਹੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਲੋਕਤੰਤਰ ਵਿੱਚ ਸੱਤਾ ਤੋਂ ਸਵਾਲ ਪੁੱਛਣ ਅਤੇ ਆਪਣੀ ਅਸਹਿਮਤੀ ਦਰਜ ਕਰਵਾਉਣ ਦਾ ਹੱਕ ਲੋਕਾਂ ਕੋਲ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਆਜ਼ਾਦੀ ਸਿਰਫ਼ ਬਾਹਰੀ ਗੁਲਾਮੀ ਤੋਂ ਮੁਕਤੀ ਦਾ ਨਾਮ ਨਹੀਂ, ਸਗੋਂ ਇਹ ਸਮਾਜਿਕ, ਆਰਥਿਕ, ਵਿਚਾਰਕ ਅਤੇ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਨਾਲ ਵੀ ਜੁੜੀ ਹੋਈ ਹੈ। ਅਸਲ ਆਜ਼ਾਦੀ ਉਹ ਹੈ ਜਿੱਥੇ ਹਰ ਮਨੁੱਖ ਨੂੰ ਸਨਮਾਨ ਨਾਲ ਜੀਣ, ਆਪਣੇ ਵਿਚਾਰ ਪ੍ਰਗਟ ਕਰਨ ਅਤੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਦਾ ਮੌਕਾ ਮਿਲੇ।
ਸਮਾਗਮ ਦੇ ਅੰਤ ਵਿੱਚ ਹਾਜ਼ਰ ਸਾਹਿਤਕਾਰਾਂ, ਲੇਖਕਾਂ ਅਤੇ ਸੰਸਥਾ ਦੇ ਮੈਂਬਰਾਂ ਨੇ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ਅਤੇ ਦੇਸ਼ ਵਿੱਚ ਲੋਕਤੰਤਰ, ਭਾਈਚਾਰਕ ਸਾਂਝ, ਮਨੁੱਖੀ ਅਧਿਕਾਰਾਂ ਅਤੇ ਵਿਚਾਰਾਂ ਦੀ ਆਜ਼ਾਦੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਪ੍ਰੋਗਰਾਮ ਦਾ ਸਮੁੱਚਾ ਪ੍ਰਬੰਧ ਮਨਦੀਪ ਸਿੰਘ, ਬਬੀਤਾ ਅਤੇ ਅਨਮੋਲ ਵੱਲੋਂ ਕੀਤਾ ਗਿਆ। ਸਮਾਗਮ ਸਾਹਿਤ, ਸਮਾਜਿਕ ਸਰੋਕਾਰਾਂ ਅਤੇ ਆਜ਼ਾਦੀ ਦੇ ਅਸਲ ਅਰਥਾਂ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਉਪਰਾਲਾ ਹੋ ਨਿਬੜਿਆ।
Share this content:

Post Comment